ਪ੍ਰਸ਼ਨ ਕਾਵਿ.........ਨਜ਼ਮ/ਕਵਿਤਾ / ਦਰਸ਼ਨ ਬੁੱਟਰ

? ਕਿੰਨਾਂ ਕੁ ਚਾਨਣ
ਪੂਰਾ ਚੰਨ
ਹੈ ਵੀ
ਕਿੰਨੀਆਂ ਕੁ ਰਾਤਾਂ ਕੋਲ

ਪੂਰੀ ਰਾਤ
ਹੈ ਵੀ
ਕਿੰਨੀਆਂ ਕੁ ਮੁਲਾਕਾਤਾਂ ਕੋਲ


? ਸ਼ੁਹਰਤ
ਪਿਆਸ
ਇਹ ਨਹੀਂ ਵੇਖਦੀ
ਪਾਣੀ ਝੀਲ ਦਾ
ਛੱਪੜ ਦਾ

ਪਾਣੀ
ਇਹ ਨਹੀਂ ਸੋਚਦਾ
ਪੀਣ ਵਾਲਾ
ਰਾਜਾ ਕਿ ਫ਼ਕੀਰ

? ਸਿਜਦਾ
ਫੁੱਲਾਂ ਨੂੰ ਤੋੜ ਕੇ
ਪੱਥਰਾਂ ਨੂੰ
ਮੱਥਾ ਨਹੀਂ ਟੇਕਦਾ

ਟਾਹਣੀ ਤੇ
ਖਿੜਿਆਂ ਨੂੰ
ਸਲਾਮ ਆਖਦਾ ਹਾਂ

? ਜਗਤ ਲੀਲ੍ਹਾ
ਕੋਈ
ਚਾਂਬਲ ਚਾਂਬਲ ਕੇ
ਖਰਚ ਲੈਂਦਾ ਹੈ ਜਿੰਦਗੀ
ਕੋਈ
ਸੰਭਲ ਸੰਭਲ ਕੇ
ਮੌਤੋਂ ਸੰਭਲ ਲੈਂਦਾ ਹੈ

? ਕਰਮ-ਧਰਮ
ਤੇਰਾ ਕਰਮ
ਸਮੁੰਦਰ ਦੇ ਸੁਭਾਅ ਤੇ
ਤਬਸਰੇ ਕਰਨੇ

ਮੇਰਾ ਧਰਮ
ਸਮੁੰਦਰ ‘ਚ ਡੁੱਬਕੇ
ਮੋਤੀ ਲੱਭਣੇ

ਤੂੰ ਪਿੰਜਰਾ ਖੋਲ......... ਗ਼ਜ਼ਲ / ਸੁਰਜੀਤ ਜੱਜ

ਤੂੰ ਪਿੰਜਰਾ ਖੋਲ ਦੇ ਤੇ ਇਸ ਪਰਿੰਦੇ ਨੂੰ ਸਜਾ ਦੇ ਦੇ
ਇਹ ਉਡਣਾ ਭੁੱਲ ਚੁੱਕੈ, ਇਸਨੂੰ ਅੰਬਰ ਮੋਕਲਾ ਦੇ ਦੇ

ਤੇਰੇ ਇਸ ਸਹਿਰ ਦੀ ਸੀਸਾਗਰੀ ਤੋਂ ਸਹਿਮਿਆ ਫਿਰਦੈ
ਇਹ ਮੇਰੇ ਸਬਰ ਦਾ ਭੱਥਰ ਹੈ, ਇਸਨੂੰ ਹੌਸਲਾ ਦੇ ਦੇ


ਮੈਂ ਤੇਰੇ ਦਨ ਦੇ ਚਸ਼ਮੇਂ ਤੋਂ ਪਿਆਸਾ ਪਰਤ ਆਇਆ ਹਾਂ
ਮੈਂ ਸਾਗਰ ਪੀ ਸਕਾਂ ਮੈਨੂੰ, ਬਦਨ ਦੀ ਕਰਬਲਾ ਦੇ ਦੇ

ਤੂੰ ਐਨਾ ਪਾਰਦਰਸ਼ੀ ਹੈਂ ਕਿ ਇਕ ਖੋਖਾ ਜਿਹਾ ਲੱਗਦੈ
ਮੈਂ ਤੇਰਾ ਸੱਚ ਤੱਕਣਾ ਏਂ, ਜਰਾ ਕੁਝ ਧੁੰਦਲਕਾ ਦੇ ਦੇ

ਮੇਰੇ ਹੱਥਾਂ ਦੀ ਆਦਤ ਹੈ, ਅਗਨ ਤੇ ਦਸਤਖਤ ਕਰਨਾ
ਅਗਰ ਸੂਰਜ ਨਹੀਂ ਤਾਂ ਨਾ ਸਹੀ, ਆਪਣਾ ਪਤਾ ਦੇ ਦੇ

ਮੈਂ ਪਿੱਪਲ ਨੂੰ ਮਸਾਂ ਕੈਕਟਸ ਦੀ ਕਰਨੀ ਪਿਉਂਦ ਸਿੱਖੀ ਹੈ
ਤੂੰ ਸ਼ਹਿਰੀਪਣ ਦਾ ਹੱਕ ਥੋੜਾ ਜਿਹਾ, ਮੈਨੂੰ ਜਰਾ ਦੇ ਦੇ

ਮੇਰੀ ਖਾਹਿਸ਼ ਹੈ ਕਿ ਆਪਣੀ ਰਾਖ ‘ਚੋਂ ਸੁਰਜੀਤ ਹੋਣਾ ਹੈ
ਤੂੰ ਆਪਣੀ ਛੋਹ ਦੀ, ਕੁਕਨੂਸ ਨੂੰ ਸੰਧਿਆ ਦੇ ਦੇ

ਮੇਰੀ ਵੀ ਲੋਹੜੀ ਪਾ ਮਾਏ……… ਗੀਤ / ਰਾਕੇਸ਼ ਵਰਮਾ

ਦਿਨ ਲੋਹੜੀ ਵਾਲਾ ਆਇਆ ਨੀ, ਚਾਅ ਚੜ੍ਹਿਆ ਦੂਣ ਸਵਾਇਆ ਨੀ,
ਕੀ ਹੋਇਆ ਜੇ ਮੈਂ ਜੰਮ ਪਈ ਆਂ, ਤੂੰ ਕਾਹਤੋਂ ਮੂੰਹ ਲਟਕਾਇਆ ਨੀ,
ਜਿਵੇਂ ਵੀਰ ਦੀ ਖੁਸ਼ੀ ਮਨਾਉਣੀ ਸੀ, ਮੇਰੇ ਵੀ ਕਰ ਲੈ ਚਾਅ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!


ਮੈਨੂੰ ਜੰਮਣ ਤੋਂ ਰੋਕਣ ਲਈ, ਤੂੰ ਛੱਤੀ ਟੈਸਟ ਕਰਾਏ ਸੀ,
ਕਈ ਦਰਾਂ ਤੇ ਮੱਥੇ ਟੇਕੇ ਸੀ, ਇੰਜੈਕਸ਼ਨ ਕਈ ਲਵਾਏ ਸੀ,
ਮੇਰਾ ਆਉਣਾ ਰੱਬ ਦਾ ਭਾਣਾ ਐ, ਤੂੰ ਰੱਬ ਦਾ ਸ਼ੁਕਰ ਮਨਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਮੈਨੂੰ ਪਤੈ ਕਿ ਮੇਰੇ ਜੰਮਣ ਤੇ, ਦਾਦੀ ਤੋਂ ਝਿੜਕਾਂ ਖਾਂ ਰਹੀ ਐ,
ਭੂਆ-ਚਾਚੀ ਦੇ ਤਾਅਨੇ ਸੁਣ, ਅੰਦਰੋ-ਅੰਦਰੀ ਘਬਰਾ ਰਹੀ ਐ,
ਉਹ ਵੀ ਤਾਂ ਕਿਸੇ ਦੀਆਂ ਧੀਆਂ ਨੇ, ਜਾ ਕੇ ਇਹ ਗੱਲ ਸਮਝਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਭੂਆ ਨੂੰ ਫੁੱਫੜ ਕੁੱਟਦਾ ਹੈ, ਤਾਹੀਓ ਤਾਂ ਪੇਕੇ ਰਹਿੰਦੀ ਐ,
ਚਾਚੀ ਦੇ ਪੁੱਤਰ ਵੈਲੀ ਨੇ, ਦਿਨ-ਰਾਤ ਕਲਪਦੀ ਰਹਿੰਦੀ ਐ,
ਕੀ ਕਰਨਾ ਐਹੋ ਜਿਹੇ ਪੁੱਤਾਂ ਨੂੰ, ਪੁੱਛ ਉਹਨਾਂ ਨੂੰ ਕੋਲ ਬਿਠਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਉਹ ਕਿਹੜਾ ਕੰਮ ਐ ਇਸ ਜੱਗ ਤੇ, ਜੋ ਤੂੰ ਸੋਚੇਂ ਮੈਥੋਂ ਹੋਣਾ ਨਹੀਂ,
ਕੀ ਉੱਚ-ਵਿੱਦਿਆ ਮੈਂ ਲੈਣੀ ਨਹੀਂ, ਜਾਂ ਪੈਰਾਂ ੳੁੱਤੇ ਖਲੋਣਾ ਨਹੀਂ ?
ਤੂੰ ਫਿਕਰ ਨਾ ਭੋਰਾ ਕਰ ਅੰਮੀਏ, ਦੇਊਂ ਕੁੱਲ ਦਾ ਨਾ ਰੁਸ਼ਨਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਮੈਥੋਂ ਪਹਿਲਾਂ ਵੀ ਕਈ ਧੀਆਂ ਨੇ, ਇਸ ਜੱਗ ਤੇ ਨਾਮ ਕਮਾਇਆ ਐ,
ਮਰਦਾਂ ਦੀ ਝੋਲ ਪਏ ਹਰ ਕੰਮ ਨੂੰ, ਕਰ ਉਹਨਾਂ ਵੀ ਦਿਖਲਾਇਆ ਐ,
ਅੱਜ ਅੰਬਰ, ਧਰਤੀ, ਚੰਨ, ਤਾਰੇ, ਗੁਣ ਰਹੇ ਉਹਨਾਂ ਦਾ ਗਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਆਏ ਗਲੀ ਦੇ ਵਿੱਚ ਨਿਆਣੇ ਨੀ, ਪਾ ਬੋਝੇ ਰਿਉੜੀਆਂ-ਦਾਣੇ ਨੀ,
ਕੋਈ ਝੁੰਡਾ ਗੀਠੇ ਧਰ ਲੈ ਨੀ, ਕੁੱਝ ਲੱਕੜਾਂ ਕੱਠੀਆਂ ਕਰ ਲੈ ਨੀ,
ਅੱਜ ਸਾੜ ਪੁਰਾਣੀਆਂ ਰਸਮਾ ਨੂੰ, ਤੂੰ ਰੀਤ ਕੋਈ ਨਵੀਂ ਚਲਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਪੈੜਾਂ ’ਤੇ ਕੀ ਤੁਰਨਾ......... ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ।)

ਪੈੜਾਂ ਤੇ ਕੀ ਤੁਰਨਾ
ਹਿੱਕ ਦੀ ਚੀਕ ’ਤੇ ਤੁਰੀਏ
ਜਿਹੜੀ ਆਸ ਬਲ ਰਹੇ ਬਿਰਖ
ਓਸ ਉਡੀਕ ’ਤੇ ਤੁਰੀਏ


ਮੇਰੀ ਨਜ਼ਮ ਰਹੇਗੀ ਸਦਾ
ਇਕ ਪੈਗਾਮ ਜੇਹਾ ਬਣਕੇ
ਓਸੇ ਉਮੀਦ ਦੇ ਸਦਕੇ
ਪਾਣੀ ਦੀ ਲੀਕ ’ਤੇ ਤੁਰੀਏ

ਮੈਂ ਹਾਂ ਬੰਸਰੀ ਨੀਲੀ
ਸੀਨੇ ਚ ਛੇਕ ਨੇ ਮੇਰੇ
ਹੋਂਟਾਂ ਦੀ ਛੁਹ ਚੋਂ ਜੋ ਜਨਮੇ
ਚੱਲ ਉਸ ਚੀਕ ’ਤੇ ਤੁਰੀਏ

ਜੋ ਮਾਂ ਦਰ ਤੇ ਬੈਠੀ ਹੈ
ਤੋਰ ਕੇ ਪੁੱਤ ਪ੍ਰਦੇਸਾਂ ਨੂੰ
ਆ ਪਲ ਦੋ ਪਲ
ਓਹਦੀ ਵੱਟੀ ਕਸੀਸ ’ਤੇ ਤੁਰੀਏ

ਤੁਰਨਾ ਕੀ ਰਾਹਾਂ ਤੇ
ਤੇ ਉਡਣਾਂ ਅਸਮਾਨਾਂ ਤੇ
ਪੱਬ ਰੱਖ ਹਿੱਕ ਤੇ ਦੋਨੋਂ
ਪੌਣ ਸ਼ਰੀਕ ’ਤੇ ਤੁਰੀਏ

ਜਜੀਰਾ ਹਾਂ ਚੁਫੇਰੇ ਕੈਦ ਹੈ......... ਗ਼ਜ਼ਲ / ਜਸਵਿੰਦਰ

ਜਜੀਰਾ ਹਾਂ ਚੁਫੇਰੇ ਕੈਦ ਹੈ ਬਿਫਰੇ ਸਮੁੰਦਰ ਦੀ
ਚਲੋ ਕੋਈ ਤਾਂ ਖਿੜਕੀ ਸਾਹਮਣੇ ਖੁੱਲੀ, ਹੈ ਅੰਬਰ ਦੀ

ਮੇਰੇ ਮਾਸੂਮ ਜਜ਼ਬੇ ਰੋਜ਼ ਹੀ ਇਸ ਅੰਦਰ ਚਿਣੇ ਜਾਂਦੇ
ਮੇਰੇ ਸੀਨੇ ‘ਚ ਨਿੱਤ ਸਰਹਿੰਦ ਦੀ ਦੀਵਾਰ ਉਸਰਦੀ


ਜ਼ਹਿਨ ਦੇ ਆਲ੍ਹਣੇ ਵਿਚ ਦੇਰ ਤੋਂ ਜੋ ਫੜਫੜਾਉਂਦਾ ਹੈ
ਜਗਾਉਂਦੀ ਰਾਤ ਭਰ ਮੈਨੂੰ ਗੁਟਰਗੂੰ ਉਸ ਕਬੂਤਰ ਦੀ

ਘਰੋਂ ਤਾਂ ਤੁਰ ਪਿਆ ਸਾਂ, ਮੈਂ ਵੀ ਬਣ ਜਾਣਾ ਸੀ ਪੈਗੰਬਰ
ਲਿਆਉਂਦੀ ਮੋੜ ਕੇ ਮੈਨੂੰ ਨਾ ਜੇ ਆਵਾਜ਼ ਝਾਂਜਰ ਦੀ

ਘਟਾਵਾਂ ਕਾਲੀਆਂ, ਨਦੀਆਂ, ਸਮੁੰਦਰ ਰੋਜ਼ ਹੀ ਚਿਤਰੇ
ਪਤਾ ਨਹੀਂ ਪਿਆਸ ਕਿਥੋਂ ਤੀਕ ਫੈਲੀ ਹੈ ਮੁਸਵਰ ਦੀ

ਬਰੂਹਾਂ ਤੇ ਖੁਸ਼ੀ ਤੇ ਫਿਕਰ ਨਾਲੋ ਨਾਲ ਆਉਂਦੇ ਨੇ
ਜਦੋਂ ਗਮਲੇ ਦੇ ਵਿਚ ਕੋਈ ਪੱਤੀ ਹੈ ਪੁੰਗਰਦੀ

ਘਰਾਂ ਦਾ ਰਾਜ਼ ਇਹ ਗਲੀਆਂ ‘ਚ ਫਿਰ ਕੇ ਨਸ਼ਰ ਕਰ ਦੇਵੇ
ਹਵਾ ਜਾਸੂਸ ਹੈ ਕਿਹੜੀ ਖਬਰ ਰੱਖਦੀ ਘਰ ਘਰ ਦੀ

ਦਫ਼ਨ ਹੋ ਕੇ ਵੀ ਉਹ ਬੇਚੈਨ ਹੈ ਲੋਕਾਂ ‘ਚ ਆ ਬਹਿੰਦੈ
ਅਜੇ ਸੱਥਾਂ ‘ਚ ਲਗਦੀ ਹਾਜ਼ਰੀ ਉਸ ਗੈਰਹਾਜ਼ਰ ਦੀ

ਜੇ ਤਿਤਲੀ ਦੋਸਤੀ ਦੀ ਮਰ ਗਈ.......... ਗ਼ਜ਼ਲ / ਸੁਲੱਖਣ ਸਰਹੱਦੀ

ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾ ਕਹਿਣਾ
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ ਨਾ ਕਹਿਣਾ

ਮੈਂ ਸਾਰੇ ਰੰਜ ਦੇ ਅੰਗਿਆਰ ਦਿਲ ਵਿਚ ਦੱਬਕੇ ਆਇਆਂ
ਹਵਾ ਜੇ ਕੋਈ ਕਾਰਾ ਕਰ ਗਈ ਤਾਂ ਫਿਰ ਨਾ ਕਹਿਣਾ


ਤੂੰ ਆਪਣੀ ਜਿੱਤ ਦੇ ਹਰ ਹਾਰ ਵਿੱਚ ਮੈਨੂੰ ਪਰੋਨਾ ਏਂ
ਇਵੇਂ ਜੇ ਮੇਰੀ ਖੁਸ਼ਬੂ ਮਰ ਗਈ ਤਾਂ ਫੇਰ ਨਾ ਕਹਿਣਾ

ਸਦਾ ਦਿਲ ਤੇ ਖੰਜਰ ਲਾਉਣ ਦੀ ਤੇਰੀ ਜੋ ਆਦਤ ਹੈ
ਮੇਰਾ ਜੇ ਦਿਲ ਹੀ ਪੱਥਰ ਕਰ ਗਈ ਤਾਂ ਫੇਰ ਨਾ ਕਹਿਣਾ

ਤੂੰ ਆਪਣੇ ਸੁਪਨਿਆਂ ਦੀ ਲਾਸ਼ ਉਤੇ ਕਿਸ ਤਰ ਸੌਨੈਂ
ਜੇ ਕੱਲ ਨੂੰ ਨੀਂਦ ਤੇਰੀ ਮਰ ਗਈ ਤਾਂ ਫੇਰ ਨਾ ਕਹਿਣਾ

ਮੈਂ ਤੇਰੇ ਸਾਹਮਣੇ ਤਾਂ ਆਪਣੇ ਮਨ ਨੂੰ ਮਾਰ ਆਊਂ
ਪਰੰਤੂ ਦਰਦ ਅੱਖੀਂ ਤਰ ਗਈ ਤਾਂ ਫੇਰ ਨਾ ਕਹਿਣਾ

ਬਦਲਦੇ ਨੇ ਜਦੋਂ ਅਹਿਸਾਸ, ਮੌਸਮ ਬਦਲ ਜਾਂਦੇ ਨੇ
ਜੇ ਬਲ ਪਈ ਚਾਨਣੀ, ਧੁੱਪ ਠਰ ਗਈ ਤਾਂ ਫੇਰ ਨਾ ਕਹਿਣਾ

ਜਿੰਨੇ ਗੀਤਾਂ ਦੀ ਖਾਤਰ ਹੀ ਕਰਾਏ ਛੇਕ ਸੀਨੇ ਵਿਚ
ਉਹ ਵੰਝਲੀ ਚੁੱਪ ਰਹਿਣਾ ਜਰ ਗਈ ਤਾਂ ਫੇਰ ਨਾ ਕਹਿਣਾ

ਦੋਹੇ.........ਨਜ਼ਮ/ਕਵਿਤਾ / ਪ੍ਰਮਿੰਦਰਜੀਤ

ਮੂੰਹ ਉੱਤੇ ਦਰਵੇਸੀਆਂ ਅੰਦਰ ਕੂੜ ਫਰੇਬ
ਅੱਖਰ ਇੱਕ ਨਾ ਬੁੱਝਿਆ ਸੰਘਾ ਪਾੜੇ ਕਤੇਬ

ਤਨ ਦਾ ਪੈਂਡਾ ਗਾਹ ਲਿਆ ਮਨ ਦੀ ਲੰਮੀ ਵਾਟ
ਔਝੜ ਰਾਹੇ ਤੁਰਦਿਆਂ ਤਾਂ ਸੁਰਤੀ ਰਹੇ ਉਚਾਟ


ਕੁਝ ਧੁੰਦਲੇ ਕੁਝ ਲਰਜ਼ਦੇ ਚਿਹਰੇ ਜਾਗ ਪਏ
ਜਗਮਤਾ ਪੈੜਾਂ ਬੋਲੀਆਂ ਰਾਹੀ ਗੁਜ਼ਰ ਗਏ

ਤਨ ਪਰਛਾਵੇਂ ਹੋ ਗਏ, ਪਰਛਾਵੇਂ ਤਨ ਮਾਸ
ਮਨ ਦੀ ਵੇਦਨ ਅਣਸੁਣੀ, ਕੌਣ ਦਵੇ ਧਰਵਾਸ

ਪੀ ਲਏ ਫੁੱਲ ਸੁਹੀਦੀਆਂ ਇਹ ਕੀ ਹੋਈ ਰੀਤ
ਮਹਿੰਗੀ ਹੋ ਗਈ ਦੁਸ਼ਮਣੀ ਸਸਤੀ ਹੋਈ ਪ੍ਰੀਤ

ਨਿਸਫਲ ਤਨ ਦੀ ਸਾਧਨਾ ਜੇ ਮਨ ਤਪੇ ਅੰਗਾਰ
ਮੋਹ ਤੋਂ ਮੂੰਹ ਨਾ ਮੋੜੀਏ ਤਨ ਮਨ ਦੇਵੇ ਠਾਰ

ਪਾਣੀ ਵਿਚ ਪਿਆਸ ਜਿਉਂ ਪਰਾ ਵਿਚ ਪਰਵਾਜ਼
ਇਉਂ ਸਰਗਮ ਨੂੰ ਸਾਂਭ ਕੇ ਰੱਖਦੇ ਹਰ ਸਾਜ਼

ਸੋਚ ਵਿਚ ਬਾਬਾ ਨਾਨਕ, ਚਿੰਤਨ ਵਿਚ ਫਰੀਦ
ਅੰਦਰ ਕੁਦਰਤ ਵੱਸਦੀ ਕਰ ਨਿੱਤ ਉਸਦੀ ਦੀਦ

ਦੁਨੀਆਂਦਾਰੀ ਦਾ ਮਤਲਬ.......... ਗ਼ਜ਼ਲ / ਰਾਮ ਸਿੰਘ

ਹੁਣ ਤਾਂ ਏਨਾ ਕੁ ਹੀ ਮਤਲਬ ਹੈ ਦੁਨੀਆਂਦਾਰੀ ਦਾ
ਕਿਤੋਂ ਚੁਗੀਦਾ ਹੈ ਚੋਗਾ ਤੇ ਕਿਤੇ ਖਿਲਾਰੀਦਾ

ਕਿਸੇ ਨੂੰ ਸੋਚ ਨਾ ਆਵੇ ਕਿ ਸੂਲੀਆਂ ਭੰਨਦੀ ਏਂ
ਬਸ ਇੰਤਜ਼ਾਰ ਹੀ ਕਰਦੇ ਨੇ ਆਪਣੀ ਵਾਰੀ ਦਾ


ਜਿੰਦਗੀ ਜੋੜ ਤੇ ਮਨਫੀ ਚ ਇਸ ਤਰ੍ਹਾਂ ਉਲਝੀ
ਨਾ ਹੀ ਵਸਲ ਦਾ ਮਜ਼ਾ ਹੈ ਨਾ ਬੇਕਰਾਰੀ ਦਾ

ਖੌਰੇ ਮੌਲਾ ਨੂੰ ਮੇਰੇ ਨਾਲ ਦੁਸ਼ਮਣੀ ਕੀ ਸੀ
ਰੂਹ ਦਰਵੇਸ਼ ਦੀ ਬਖ਼ਸ਼ੀ ਤੇ ਦਿਲ ਸਿ਼ਕਾਰੀ ਦਾ

ਦਿਖਾ ਬੈਠਾ ਮੈਂ.......... ਗ਼ਜ਼ਲ / ਜਗਵਿੰਦਰ ਯੋਧਾ (ਪ੍ਰੋ.)

ਦਿਖਾ ਬੈਠਾ ਮੈਂ ਉਸਨੂੰ ਆਰਜੂ ਮਜ਼ਬੂਰੀਆਂ ਡੰਗੀ
ਮੇਰੇ ਗਲ ਨਾਲ਼ ਲੱਗਕੇ ਰਾਤ ਭਰ ਰੋਈ ਹੈ ਸਾਰੰਗੀ

ਮੈਂ ਆਪਣੇ ਸਾਵੇ ਪੱਤੇ ਉਸਦੀ ਭੇਟਾ ਚੜ੍ਹਾ ਦਿੱਤੇ
ਉਨ੍ਹੇ, ਧੁੱਪੇ ਖਲੋ ਕੇ ਛਾਂ ਮੇਰੀ ਦੋ ਪਲ ਨਹੀਂ ਮੰਗੀ


ਸਿਥਲ ਖੰਭਾਂ ‘ਚ ਫਿਰ ਤੋਂ ਤਿਲਮਿਲਾਈ ਉੱਡਣ ਦੀ ਖਾਹਿਸ਼
ਮੇਰੇ ਪਿੰਜਰੇ ‘ਚ ਤੂੰ ਆਕਾਸ਼ ਦੀ ਤਸਵੀਰ ਕਿਉਂ ਟੰਗੀ

ਸਿਆਹ ਨੇਰ੍ਹੇ ਮਿਲੇ ਹਰ ਮੋੜ ਤੇ ਸਾਰੇ ਸਫ਼ਰ ‘ਚ
ਅਸੀਂ ਖਾਬਾਂ ‘ਚ ਚਿਤਰ ਕੇ ਤੁਰੇ ਸਾਂ ਪੀਂਘ ਸਤਰੰਗੀ

ਤੂੰ ਲੱਭਦੀ ਰਹੇਂ ਰਿਸ਼ਤੇ ਲਈ ਨਾਵਾਂ ਦਾ ਪਹਿਰਾਵਾ
ਜਿਨ੍ਹਾਂ ਨੇ ਤਬਸਰਾ ਕਰਨੈ, ਉਨ੍ਹਾਂ ਦੀ ਸੋਚ ਹੈ ਨੰਗੀ

ਮੇਰੇ ਸਾਹੇ ਖਲਾਵਾਂ, ਘਾਟਿਆਂ ਨੂੰ ਪੂਰਦੀ ਹੋਈ
ਅਧੂਰੀ ਤੋਂ ਅਰਪਣ ਹੋ ਗਈ ਹੈ ਮੇਰੀ ਅਰਧੰਗੀ

ਨਜ਼ਮਾਂ..........ਨਜ਼ਮ/ਕਵਿਤਾ / ਸੁਸ਼ੀਲ ਰਹੇਜਾ

ਮੁੱਲ

ਮੈਨੂੰ ਖਰੀਦਣਾ ਏਂ
ਤਾਂ ਪਹਿਲਾਂ
ਮੁਸਕਰਾ ਕੇ ਦੇਖ
ਮੈਂ ਮੁਫ਼ਤ ਨਹੀਂ ਹਾਂ


***
ਹਿੰਦੁਸਤਾਨ

ਬੇਟਾ
ਕੀ ਕਰ ਰਿਹਾ ਏਂ
ਹਿੰਦੁਸਤਾਨ ਗ਼ਲਤ ਬਣ ਗਿਆ ਸੀ
ਰਬੜ ਨਾਲ ਢਾਹ ਰਿਹਾ ਹਾਂ

***
ਸ਼ਹੀਦ

ਮੈਂ
ਕੱਚੇ ਘਰ ਦੀ
ਲਾਜ ਰੱਖਣ ਲਈ
ਕਿਸੇ ਦੀ ਹਿੱਕ ਤੇ
ਤਿਆਗ ਲਿਖ ਦਿੱਤਾ ਏ
ਸ਼ਹੀਦ ਕਈ ਤਰ੍ਹਾਂ ਦੇ ਹੁੰਦੇ ਨੇ

***
ਮਾਂ

ਇੱਕ ਹਾਕ ਮਾਰ
ਨੰਗੇ ਪੈਰੀਂ ਭੱਜੀ ਆਵੇਗੀ
ਮਾਂ
ਰੱਬ ਤੋਂ ਵੱਡੀ ਹੁੰਦੀ ਏ

ਨਜ਼ਮਾਂ..........ਨਜ਼ਮ/ਕਵਿਤਾ / ਤਾਰਕ ਗੁੱਜਰ

ਧਰਮ

ਅਸੀਂ ਮੰਦਰ ਵਿਚ ਨਮਾਜ਼ ਪੜ੍ਹੀ
ਤੇ ਮਸਜਿਦ ਵਿਚ ਸਲੋਕ
ਅਸੀਂ ਰੱਬ ਸੱਚਾ ਨਾ ਵੰਡਿਆ
ਸਾਨੂੰ ਕਾਫ਼ਰ ਆਖਣ ਲੋਕ


***

1947

ਸਦੀਆਂ ਲੰਮੇ ਪੈਂਡੇ ਸਨ
ਸੂਲਾਂ ਭਰੀਆਂ ਰਾਹਵਾਂ ਸਨ
ਥੱਕੇ ਹਾਰੇ ਪ੍ਰਦੇਸੀ
ਹੱਥ ਵਿਚ ਆਸ ਦੇ ਦੀਵੇ ਲੈ ਕੇ
ਉਮਰਾਂ ਤੀਕਰ ਚਲਦੇ ਰਹੇ
ਅੰਨੀਆਂ ਕਾਲੀਆਂ ਰਾਤਾਂ ਦੇ ਵਿਚ
ਜਿੰਦੜੀ ਅੱਖ ਦਾ ਅੱਥਰੂ ਬਣ ਗਈ
ਝੱਲੇ ਫਿਰ ਵੀ ਹੱਸਦੇ ਰਹੇ

ਯਤਨ ਕਰਾਂਗਾ........... ਗ਼ਜ਼ਲ / ਗੁਰਭਜਨ ਗਿੱਲ

ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ
ਆਪਣੇ ਵਿਚਲਾ ਅੱਥਰਾ ਘੋੜਾ ਮਾਰ-ਮਾਰ ਕੇ ਮਾਰ ਦਿਆਂ

ਸਰਦੀ ਰੁੱਤੇ ਸੇਕ ਨਹੀਂ ਪਰ ਜੇਠ ਹਾੜ ਨੂੰ ਤਪਦਾ ਹੈ
ਰੋਜ਼ ਸੋਚਨਾ ਏਸ ਕਿਸਮ ਦੇ ਸੂਰਜ ਨੂੰ ਦਰਕਾਰ ਦਿਆਂ


ਕੋਰੇ ਕਾਗਜ਼ ਤੇ ਨਾ ਐਵੇਂ ਨਵੀਆਂ ਲੀਕਾਂ ਵਾਹ ਦੇਵੇ
ਪੁੱਤਰ ਕੋਲੋਂ ਕਾਪੀ ਖੋਹ ਕੇ ਰੱਦੀ ‘ਚ ਅਖਬਾਰ ਦਿਆਂ

ਵਖਰੇ ਵਖਰੇ ਮੋਰਚਿਆਂ ਤੇ ਵੰਨ ਸੁਵੰਨੇ ਦੁਸ਼ਮਣ ਨੇ
ਇਕ ਕੱਲਾ ਕਿਧਰ-ਕਿਧਰ ਕਿਸ-ਕਿਸ ਨੂੰ ਮੈਂ ਹਾਰ ਦਿਆਂ

ਪੱਥਰਾਂ ਦੀ ਬਰਸਾਤ ‘ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ
ਫਿਰ ਵੀ ਪੱਥਰ ਚਾਹੁੰਦੇ ਨੇ, ਮੈਂ ਪੱਥਰਾਂ ਨੂੰ ਸਤਿਕਾਰ ਦਿਆਂ

ਤਲਖ ਤਜ਼ਰਬੇ ਕੋਲ ਗਵਾਹ ਨੇ, ਨਾ ਲਿਖਿਆ ਨਾ ਪੜ੍ਹਿਆ ਹਾਂ
ਯਤਨ ਕਰਾਂਗਾ ਏਦਾਂ ਤਣ ਕੇ ਬਾਕੀ ਰਾਤ ਗੁਜ਼ਾਰ ਦਿਆਂ

ਨਾ ਖ਼ਤ ਆਵੇ ਨਾ ਖ਼ਤ ਜਜਵੇ ਫਿਰ ਵੀ ਸਾਂਝ ਅਜੇ ਬਾਕੀ
ਕੇਹੇ ਧਾਗੇ ਨਾਲ਼ ਜਕੜਿਆ ਸੱਜਣਾਂ ਹੱਦੋਂ ਪਾਰ ਦਿਆਂ

ਨੈਣ ਨਦੀ ਵੀ.......... ਗ਼ਜ਼ਲ / ਵਿਜੇ ਵਿਵੇਕ

ਨੈਣ ਨਦੀ ਵੀ, ਦਿਲ ਦਰਿਆ ਵੀ ਸਭ ਗੰਧਲੇ ਕਰ ਦੇਵਾਂਗੇ
ਲਗਦਾ ਹੈ ਇਕ ਦਿਨ ਜੰਗਲ ਦਾ ਖਾਲੀਪਣ ਭਰ ਦੇਵਾਂਗੇ

ਵੱਖਰੀ ਗੱਲ ਹੈ ਤੇਰੀ ਅੱਖ ਦੀ ਜੋਤ ਲਵਾਂਗੇ ਬਦਲੇ ਵਿਚ
ਪਰ ਸੂਰਜ ਨੂੰ ਲਾਹ ਕੇ ਤੇਰੇ ਟੇਬਲ ‘ਤੇ ਧਰ ਦੇਵਾਂਗੇ


ਛੱਡ ਕੇ ਗੁੱਡੀਆਂ ਗੇਂਦਾਂ ਆ ਉਲਝਣਗੇ ਕਲਾਂ ਕਲਾਵਾਂ
ਚੌੜ ਚੜੀਤੇ ਬਾਲਾਂ ਨੂੰ ਕੁਝ ਏਦਾਂ ਦੇ ਡਰ ਦੇਵਾਂਗੇ

ਨਾ ਮਗਰਾਂ ਘੜਿਆਲਾਂ ਦਾ ਡਰ ਨਾ ਕੋਈ ਖਤਰਾ ਡੁਬੋਣ ਦਾ
ਕੁਸ਼ਲ ਤੈਰਾਕਾਂ ਨੂੰ ਏਦਾਂ ਦੇ ਸੁੱਕੇ ਸਰਵਰ ਦੇਵਾਂਗੇ

ਅਸਾਂ ਜਿਹਾ ਘਰ ਫੂਕ ਸੁਦਾਗਰ ਨਹੀਂ ਮਿਲਣਾ ਇਸ ਦੁਨੀਆਂ ਵਿਚ
ਬੇਹੇ ਫੁੱਲਾਂ ਦੇ ਬਦਲੇ ਵੀ ਤਾਜ਼ੇ ਪੱਥਰ ਦੇਵਾਂਗੇ

ਜਪ-ਤਪ ਤੇ ਰੀਝਣ ਵਾਲੇ ਨਹੀਂ ਪਹਿਲੇ ਭੋਲੇ ਨਾਥ ਅਸੀਂ
ਪਹਿਲਾਂ ਸਾਡਾ ਕਾਸਾ ਭਰਦੇ, ਫਿਰ ਤੈਨੂੰ ਵਰ ਦੇਵਾਂਗੇ

ਮੈਂ ਐਸੇ ਰਾਹ ਤਲਾਸ਼ੇ ਨੇ.......... ਗ਼ਜ਼ਲ / ਰਾਜਿੰਦਰਜੀਤ

ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ

ਬਿਗਾਨੇ ਸ਼ਹਿਰ ਵਿਚ ਖੁਸ਼ ਰਹਿਣ ਦਾ ਸਮਾਨ ਹੈ ਸਾਰੀ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ


ਲਿਹਾਜੀ ਆਖਦੇ ਮੈਨੂੰ ਕਿ ਆਪਣੇ ਘਰ ਦੇ ਬੂਹੇ ਤੇ
ਮੈਂ ਤਖ਼ਤੀ ਤਾਂ ਲਵਾਈ ਹੈ ਪਰ ਉਸ ਤੇ ਨਾ ਨਹੀਂ ਕੋਈ

ਸੁਰਾਹੀ ਸਮਝ ਕੇ ਖੁਦ ਨੂੰ ਨਦੀ, ਛੋਟਾ ਕਹੇ ਘਰ ਨੂੰ
ਤੇ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ

ਮੁਸਾਫਿਰ ਫਿਰ ਮੰਜਿਲਾਂ ਦੀ ਥਾਂ ਕਦੇ ਨਾ ਜਾਣ ਮਨਤਲ ਨੂੰ
ਮਨਾ ਵਿਚ ਧੁੱਪ ਹੈ ਪੱਸਰੀ, ਸਿਰਾਂ ਤੇ ਛਾਂ ਨਹੀਂ ਕੋਈ

ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ

ਕਾਹਤੋਂ ਝੁਕਾਵੇ ਨਜਰਾਂ .......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਕਾਹਤੋਂ ਝੁਕਾਵੇ ਨਜਰਾਂ ਕਿਉਂ ਸ਼ਰਮਸਾਰ ਹੋਵੇ
ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ

ਜੀਹਦੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ
ਕਿਉਂ ਉਸਦੇ ਨਾਮ ਮੇਰੀ ਹਰ ਇਕ ਬਹਾਰ ਹੋਵੇ


ਨਜਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ
ਹਰ ਮੋੜ ਤੇ ਉਸਦਾ ਇੰਤਜਾਰ ਹੋਵੇ

ਕੋਈ ਦੂਰ ਦੂਰ ਤੀਕਰ ਵਿਛ ਜਾਏ ਪਿਆਸ ਬਣਕੇ
ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ

ਉੱਠਾਂ ਮੈਂ ਚਿਣਗ ਭਾਲਾਂ ਕੋਈ ਚਿਰਾਗ ਬਾਲਾਂ
ਖ਼ਬਰੇ ਹਵਾ ਦਾ ਝੋਂਕਾ ਕੋਈ ਬੇਕਰਾਰ ਹੋਵੇ

ਆਵੇ ਉਹ ਮੇਰਾ ਪਿਆਰਾ, ਮੇਰੀ ਅੱਖ ਦਾ ਸਿਤਾਰਾ
ਮੇਰੀ ਨਿਗਾਹ ਤੋਂ ਪਾਸੇ ਇਹ ਅੰਧਕਾਰ ਹੋਵੇ

ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ
ਪਰ ਹਾਏ, ਪਿਆਸ ਦੀ ਨਾ ਸੂਰਤ ਉਤਾਰ ਹੋਵੇ

ਤੇਰਾ ਸੁਪਨਾ.......... ਗੀਤ / ਬਲਵਿੰਦਰ ਸੰਧੂ

ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ
ਕੋਈ ਹੰਸ ਜਿਉਂ ਪਹਿਲੇ ਪਹਿਰ ਵੇਲੇ
ਪਿਆ ਸਰਵਰ ਵਿਚ ਨਹਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........


ਮੈਂ ਤੱਕਦਾ ਵਾਂ ਚੰਨ ਚੌਥੇ ਦਾ
ਤੇਰੇ ਨਗਰ ‘ਚੋਂ ਨਿਵ-ਨਿਵ ਲੰਘਦਾ ਏ
ਕਰ ਝੋਲੀ ਤੇਰੇ ਦਰ ਉਤੋਂ
ਇਕ ਲੱਪ ਸੁਹੱਪਣ ਮੰਗਦਾ ਏ
ਇਕ ਲੱਪ ਨੂੰ ਤਨ ਤੇ ਮਨ ਅਪਣੇ
ਫਿਰ ਪੁੰਨਿਆ ਨੂੰ ਰੁਸ਼ਨਾਉਂਦਾ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਪੁਰ-ਹਵਾ ਇਹ ਆਥਣ ਉੱਗਣ ਦੀ
ਕੋਈ ਸ਼ਬਦ ਜਾਂ ਸੁੱਚੜਾ ਗਾਉਂਦੀ ਏ
ਇਕ ਖੁਸ਼ਬੋ ਤੇਰੇ ਸਾਹਾਂ ਦੀ
ਮੈਨੂੰ ਕਣ-ਕਣ ਵਿਚੋਂ ਆਉਂਦੀ ਏ
ਇਸ ਵਕਤ ਨੂੰ ਮੇਰਾ ਨਤਮਸਤਕ
ਮੈਥੋਂ ਗੀਤ ਜੋ ਨਵੇਂ ਲਿਖਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਰੁੱਤ ਹਰਮਲ ਤੋਂ ਰੁੱਤ ਪਤਝੜ ਤੱਕ
ਮੈਂ ਉਸ ਥਾਵੇਂ ਪਿਆ ਰੁਕਿਆ ਹਾਂ
ਜਿਸ ਥਾਵੇਂ ਅੱਲ੍ਹੜ ਉਮਰ ਸਮੇਂ
ਮੈਂ ਪ੍ਰਥਮ ਵਾਰ ਤੈਨੂੰ ਮਿਲਿਆ ਸਾਂ
ਉਸ ਜਗ੍ਹਾ, ਦੀ ਮਿੱਟੀ ਚੁੱਕ-ਚੁੱਕ ਕੇ
ਕੋਈ ਝੋਲ ਮੇਰੀ ਵਿਚ ਪਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਸਭ ਸਾਗਰ ਸਿਆਹੀ ਹੋ ਜਾਵਣ
ਜੇ ਗੀਤ ਲਿਖਾਂ ਤੇਰੀ ਸੂਰਤ ਦਾ
ਕੁਝ ਸਰਵਰ ਕਲਮਾਂ ਘੜ ਦੇਵਣ
ਜੇ ਜਿ਼ਕਰ ਕਰਾਂ ਤੇਰੀ ਸੀਰਤ ਦਾ
ਨਾ ਗੀਤ ਅਧੂਰਾ ਰਹਿ ਜਾਵੇ
ਡਰ ਏਹੋ ਰੋਜ਼ ਸਤਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਮਾਂ ਦਾ ਦਰਜਾ.......... ਗੀਤ / ਰਣਜੀਤ ਕਿੰਗਰਾ

ਰੱਬ ਤੋਂ ਉਚਾ ਮਾਂ ਦਾ ਦਰਜਾ
ਕਦੇ ਨਾ ਲਹਿੰਦਾ ਮਾਂ ਦਾ ਕਰਜਾ
ਵੱਖਰਾ ਹੀ ਨਿੱਘ ਹੁੰਦਾ ਮਾਂ ਦੀਆਂ ਬਾਹਵਾਂ ਦਾ
ਕਲੀਆਂ ਤੋਂ ਵੱਧ ਕੋਮਲ ਹਿਰਦਾ ਮਾਵਾਂ ਦਾ..........


ਬੱਚਿਆਂ ਦੇ ਸਾਹ ਵਿਚ ਸਾਹ ਲੈਂਦੀ
ਤੱਤੀ ਵਾ ਨਾ ਲੱਗੇ ਕਹਿੰਦੀ
ਮਾਂ ਮੈਂ ਚੁੰਮਦਾ ਰੇਤਾ ਤੇਰੀਆਂ ਰਾਹਵਾਂ ਦਾ..........

ਪੁੱਤਰਾਂ ਲਈ ਅਰਦਾਸਾਂ ਕਰਦੀ
ਜੱਗ ਦੀ ਭੈੜੀ ਨਜ਼ਰ ਤੋਂ ਡਰਦੀ
ਫ਼ਰਕ ਨਾ ਪੈ ਜੇ ਕਿਧਰੇ ਸਕੇ ਭਰਾਵਾਂ ਦਾ..........

ਓਏ ਦੁਨੀਆਂ ਦੇ ਲੋਕੋ ਸੋਚੋ
ਮਾਂ ਪੂਜੋ ਉਹਦੇ ਪਿਆਰ ਨੂੰ ਲੋਚੋ
ਕੋਈ ਭਰੋਸਾ ਹੁੰਦਾ ਨਹੀਂ ਜੇ ਸਾਹਵਾਂ ਦਾ..........

ਮਾਂ ਮਰਜੇ ਪਛਤਾਉਣਾ ਪੈਂਦਾ
ਅਰਥੀ ਮੋਢਾ ਲਾਉਣਾ ਪੈਂਦਾ
ਬੇੜੀ ਬਾਝੋਂ ਕਾਹਦਾ ਜ਼ੋਰ ਮਲਾਹਵਾਂ ਦਾ..........

ਪਿੰਡ ਚਕਰ ਜਦ ਕਿੰਗਰਾ ਆਵੇ
ਮਾਂ ਦੇ ਚਰਨਾਂ ਨੂੰ ਹੱਥ ਲਾਵੇ
ਵਰ੍ਹਦਾ ਦੇਖੋ ਛਮ-ਛਮ ਮੀਂਹ ਦੁਆਵਾਂ ਦਾ..........