ਅਸੀਂ ਇਕਰਾਰ ਹਾਂ.......... ਗ਼ਜ਼ਲ / ਰਾਬਿੰਦਰ ਮਸਰੂਰ

ਅਸੀਂ ਇਕਰਾਰ ਹਾਂ ਉਸ ਪਾਰ ਬੇੜੀ ਨਾਲ਼ ਜਾਵਾਂਗੇ
ਤੇਰਾ ਲਾਰਾ ਨਹੀਂ ਮੰਝਧਾਰ ‘ਚੋਂ ਜੋ ਪਰਤ ਜਾਵਾਂਗੇ

ਬੜੇ ਘਰ ਨੇ ਨਗਰ ਅੰਦਰ ਪਰ ਨਹੀਂ ਕੋਈ ਵੀ ਦਰਵਾਜ਼ਾ
ਨਗਰ ਵਿਚ ਜੇ ਕਿਸੇ ਦੇ ਘਰ ਗਏ ਕੀ ਖਟਖਟਾਵਾਂਗੇ?


ਹਜ਼ਾਰਾਂ ਵੈਣ ਤਰਲੇ ਕੀਰਨੇ ਕੰਧਾਂ ‘ਤੇ ਉਕਰੇ ਨੇ
ਕੋਈ ਆਇਆ ਤਾਂ ਕੰਧਾਂ ਘਰ ਦੀ ਕਿਸ ਨੁਕਰੇ ਲੁਕਾਵਾਂਗੇ

ਚਲੋ ਉਹ ਤਖਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ

ਕਿਸੇ ਵੀ ਮੋੜ ਤੋਂ ਆਵਾਜ਼ ਦੇ ਦੇਵੀਂ ਤੇ ਫਿਰ ਦੇਖੀਂ
ਤੇਰੀ ਮੁਸ਼ਕਿਲ ਦਾ ਹਲ ਬਣ ਕੇ ਖਲੋਤੇ ਨਜ਼ਰ ਆਵਾਂਗੇ

ਸਿਰਾਂ ਦੀ ਭੀੜ ਸੀ ਇਕ ਹਾਰ ਸੀ ਤੇ ਕਹਿ ਰਹੇ ਸਨ ਉਹ
ਝੁਕੇਗਾ ਸੀਸ ਜਿਹੜਾ, ਹਾਰ ਉਹਦੇ ਗਲ਼ ‘ਚ ਪਾਵਾਂਗੇ

ਜਵਾਨੀ ਦੇ ਰੰਗ.......... ਗੀਤ / ਰਾਕੇਸ਼ ਵਰਮਾ

ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥

ਮੇਰੀ ਮਾਂ ਸੀ ਕਰਦੀ ਨੌਕਰੀ, ਮੈਨੂੰ ਕਰੈੱਚਾਂ ਨੇ ਪਾਲਿਆ,
ਪਾਊਡਰ ਵਾਲਾ ਦੁੱਧ ਘੋਲ ਕੇ, ਬੋਤਲ ਨੂੰ ਮੂੰਹ ਮੈਂ ਲਾ ਲਿਆ,

ਚਾਕਲੇਟਾਂ ਖਾ-ਖਾ ਪਲਿਆ ਹਾਂ, ਖਾਧੇ ਬਿਸਕੁਟ ਨਮਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਫਿਲਮਾਂ ਮੈਂ ਕਈ ਵੇਖੀਆਂ ਸਕੂਲੋਂ ਭੱਜ-ਭੱਜ ਕੇ,
ਟਿਊਸ਼ਨ ਪੜ੍ਹਨ ਸੀ ਜਾਂਵਦਾ, ਮੈਂ ਸ਼ਾਮੀ ਸੱਜ-ਧਜ ਕੇ,
ਪਾਸ ਹੋਇਆਂ ਨਕਲਾਂ ਮਾਰ ਕੇ, ਮੈਨੂੰ ਕਹਿੰਦੇ ਜ਼ਹੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਕਾਲਜ ਦੇ ਵਿੱਚ ਮੈਂ ਆ ਗਿਆ, ਚਿਹਰੇ ਤੇ ਮੁੱਛਾਂ ਫੁੱਟੀਆਂ,
ਕੋਈ ਰੋਕ-ਟੋਕ ਨਾ ਰਹੀ, ਸਭ ਬੰਦਿਸ਼ਾਂ ਸਨ ਟੁੱਟੀਆਂ,
ਫਿਕਰੇ ਮੈਂ ਕੱਸਾਂ ੳਸ ਤੇ, ਜਿਹੜੀ ਲੱਗਦੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਧੋਨੀ ਸਟਾਇਲ ਕੱਟ ਤੇ, ਤੇਲ ਨਹੀਂ, ਜੈਲੱ ਲਾਈਦੈ,
ਮੁਰਕੀ ਦਾ ਫੈਸ਼ਨ ਨਹੀਂ ਰਿਹਾ, ਹੁਣ ਕੰਨੀਂ ਕੋਕਾ ਪਾਈਦੈ,
ਲੱਕ ਭਾਵੇਂ ਹੈ ਸੁੱਕਾ ਜਿਹਾ, ਪਰ ਪਾਈਦੀ ਜੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਕਾਲਜ ਦਾ ਬਹੁਤਾ ਵਕਤ, ਕੰਟੀਨ ਵਿੱਚ ਬਿਤਾਉਂਦਾ ਹਾਂ,
ਸਿਗਰਟ ਜੇ ਭਰ ਕੇ ਪੀ ਲਵਾਂ, ਫੇਰ ਗੁਟਖਾ ਖਾਂਦਾ ਹਾਂ,
ਫੈਂਸੀ ਜੇ ਕਿਤੋਂ ਨਾ ਮਿਲੇ, ਖਾਣੀ ਪੈਂਦੀ ਫੀਮ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਵਿਸਕੀ ਜੇ ਪੀਣੀ ਪੈ ਜਵੇ, ਘਰੇ ਮੁਸ਼ਕ ਆ ਜਾਂਦੈ,
ਗੋਲੀ ਜਾਂ ਕੈਪਸੂਲ ਖਾ ਕੇ ਵੀ, ਸਰੂਰ ਚੰਗਾ ਛਾ ਜਾਂਦੈ,
ਭੋਰਾ ਸਮੈਕ ਜੇ ਸੁੰਘ ਲਵਾਂ, ਕੰਨੀ ਵੱਜਦੀ ਬੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਪਾਕਿਟ-ਮਨੀ ਦੀ ਥੋੜ੍ਹ ਨਹੀਂ, ਆਪਾਂ ਖੂਬ-ਖੁੱਲ੍ਹਾ ਖਾਈਦੈ,
ਮੰਮੀ-ਪਾਪਾ ਦੇ ਪਰਸ 'ਚੋਂ, ਨੋਟ ਇੱਕੋ ਖਿਸਕਾਈਦੈ,
ਧਰਿਤਰਾਸ਼ਟਰ ਵਾਂਗ ਉਹਨਾਂ ਨੂੰ, ਮੇਰੇ ਉੱਤੇ ਯਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਮੰਮੀ ਨੂੰ ਵਿਹਲ ਨਹੀਂ ਕਿੱਟੀਆਂ ਤੋਂ, ਪਾਪਾ ਰੋਜ਼ਾਨਾ ਕਲੱਬ ਜਾਂਦੇ,
ਕੱਠੇ ਕਿਤੇ ਹੋ ਜਾਣ ਤਾਂ, ਦੋਹਾਂ ਦੇ ਅਹਿਮ ਨੇ ਟਕਰਾਉਂਦੇ,
ਹੋਟਲਾਂ ਤੋਂ ਖਾਣਾ ਮੰਗਵਾਉਣ ਦਾ, ਹੁਣ ਬਣਿਆ ਰੁਟੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਨਸ਼ਿਆਂ ਨੂੰ ਗਲ ਨਾ ਲਾਂਵਦਾ, ਜੇ ਮਾਂ ਨੇ ਗਲ ਲਾ ਲਿਆ ਹੁੰਦਾ,
ਸ਼ਾਇਦ ਸਰਵਣ ਬਣ ਢੁੱਕਦਾ, ਜੇ ਉਨ੍ਹਾਂ ਨੇ ਆਪਣਾ ਲਿਆ ਹੁੰਦਾ,
ਪਰ ਪੈਸਾ-ਧਰਮ ਮੇਰੇ ਮਾਂ ਬਾਪ ਦਾ, ਪੈਸਾ ਹੀ ਉਨ੍ਹਾਂ ਦਾ ਦੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਵਿਗੜੀ ਸੰਵਾਰ ਲਓ,
ਔਲਾਦ ਨੂੰ-ਉਪਦੇਸ਼ ਨਹੀਂ, ਪੈਸਾ ਨਹੀਂ, ਬੱਸ ਪਿਆਰ ਦਿਓ,
ਪੈਸੇ ਦੇ ਪਿੱਛੇ ਨਾ ਭੱਜੋ, ਇਹ ਦੌੜ ਅੰਤ-ਹੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਘਾਟ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥

ਜਗਿਆਸਾ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਅਤ੍ਰਿਪਤੀ

ਹੇ ਗੁਰੂਦੇਵ!
ਮੈਂ ਆਪਣੀਆਂ ਅਤ੍ਰਿਪਤੀਆਂ ਦਾ ਕਾਸਾ ਲੈ ਕੇ
ਖੜ੍ਹੀ ਹਾਂ ਤੇਰੇ ਦੁਆਰ

ਤੂੰ ਗਿਆਨ ਦਾ ਮਹਾਂਸਾਗਰ

ਮੇਰੀ ਤਪਦੀ ਰੂਹ ਨੂੰ
ਜ਼ਰਾ ਕੁ ਨਮੀ ਬਖ਼ਸ਼
ਸਿਰ ‘ਤੇ ਛਾਈਆਂ ਕਾਲੀ਼ਆਂ ਘਟਾਵਾਂ
ਲੰਘ ਗਈਆਂ ਤੇਹਾਂ ਜਗਾ ਕੇ

ਮੇਰੇ ਮੱਥੇ ਦੀ ਠੀਕਰੀ ਤੇ ਉਕਰਿਆ
ਯੁਗਾਂ ਦਾ ਸੰਤਾਪ
ਮੇਰੀ ਦੇਹੀ ਦੀ ਜਿਲਦ ‘ਤੇ ਲਿਖੀ
ਪੀੜ੍ਹੀਆਂ ਦੀ ਭਟਕਣ

ਮੇਰੇ ਸਖਣੇ ਕਾਸੇ ਵਿਚ
ਦੋ ਧੜਕਦੇ ਹਰਫ਼ ਪਾ
ਜੋ ਪਾਰ ਲੈ ਜਾਣ ਮੈਨੂੰ
ਫੈਲਦੀ ਸਿਮਟਦੀ ਪਿਆਸ ਤੋਂ

ਪੈਰਾਂ ਹੇਠਲੀ ਬਰਫ਼ ਉਤੇ
ਚੇਤਨਾ ਦੇ ਅੰਗਿਆਰ ਵਿਛਾ
ਅੰਧਕਾਰ ਦੀ ਸਲਤਨਤ ਵਿਚ
ਕੋਈ ਦੀਵਾ ਜਗਾ

ਮੇਰੇ ਗਿਰਦ ਝੁਰਮਟ ਹੈ
ਪਾਗਲ ਸ਼ੰਕਾਵਾਂ ਦਾ
ਮੇਰੇ ਸੁਪਨਿਆਂ ਵਿਚ ਸ਼ੋਰ ਹੈ
ਬਿਫਰੇ ਦਰਿਆਵਾਂ ਦਾ

ਕਿਸ ਬਿਧ ਸਹਿਜ ਹੋ ਕੇ
ਆਪਣੀ ਹੋਂਦ ਦਾ ਮਕਸਦ ਤਲਾਸ਼ਾਂ
ਕਿਸ ਬਿਧ ਤਰਲ ਹੋ ਕੇ
ਵਗਾਂ ਅਪਣੇ ਧਰਾਤਲ ‘ਤੇ

ਤੂੰ ਮੈਨੂੰ ‘ਊੜੇ’ ਦੀ ਉਂਗਲ਼ ਫੜਾ
ੜਾੜੇ ਦੀ ਪੈੜ
ਮੈਂ ਆਪ ਤਲਾਸ਼ ਲਵਾਂਗੀ

ਗੁਰੂਦੇਵ

ਹੇ ਸਖੀ!
ਅਤ੍ਰਿਪਤੀਆਂ ਹੀ ਜਾਮਨ ਹੁੰਦੀਆਂ
ਰਗਾਂ ਵਿਚ ਦੌੜਦੇ ਲਹੂ ਦੀਆਂ
ਪਿਆਸ ਮਿਟ ਜਾਵੇ
ਤਲਾਸ਼ ਦਾ ਸਿਲਸਿਲਾ ਹੀ ਰੁਕ ਜਾਂਦਾ

ਫੇਰ ਵੀ
ਖੁਸ਼ਕ ਬੁੱਲ੍ਹਾਂ ‘ਤੇ ਦੋ ਬੂੰਦਾਂ ਡੋਲ੍ਹ ਕੇ
ਜ਼ਰੂਰੀ ਹੈ ਪਿਆਸ ਜਿਉਂਦੀ ਰੱਖਣੀ
ਪਾਟੇ ਪੈਰਾਂ ਉਤੇ ਮਹਿੰਦੀ ਲਾਈਏ
ਤਾਂ ਰੰਗ ਹੋਰ ਗੂੜ੍ਹਾ ਉਘੜਦਾ

ਅਣੀਆਂ ਦੀ ਕਸ਼ਮਕਸ਼ ਦੇ ਬੇਰੋਕ ਵੇਗ ਨੂੰ
ਅਸੀਂ ਸੰਤਾਪ ਆਖੀਏ ਜਾਂ ਹੋਣੀ
ਭਟਕਣ ਜਾਂ ਤਲਾਸ਼
ਬਸ ਇਹੀ ਹੈ ਅਧਾਰ ਸਾਡੀ ਹੋਂਦ ਦਾ

ਹਰ ਸ਼ੰਕਾ ਦਾ ਜਨਮ
ਤਰਲ ਕਰ ਦਿੰਦਾ ਸਾਨੂੰ
ਗਹਿਰਾਈਆਂ ‘ਚ ਵਗਣ ਲਈ
ਹਰ ਸ਼ੰਕਾ ਦੀ ਮੌਤ
ਪਥਰਾਅ ਦਿੰਦੀ
ਮਨ ਵਿਚ ਲਰਜ਼ਦੇ ਪਾਰੇ ਨੂੰ

ਚਿਤ ਵਿਚ ਖੌਰੂ ਹੋਵੇ
ਤਾਂ ਜ਼ਰੂਰੀ ਹੈ
ਉਸਨੂੰ ਪੌਣ ਦੇ ਹਵਾਲੇ ਕਰਨਾ
ਅੰਦਰਲੀ ਝੀਲ ਮੂਰਛਤ ਹੋਵੇ
ਤਾਂ ਜ਼ਰੂਰੀ ਹੈ ਉਸਨੂੰ ਤਰੰਗਤ ਕਰਨਾ

ਤੈਨੂੰ ਮੁਬਾਰਕ ਹੋਵੇ ਇਹ ਭਟਕਣ
ਤੇਰੀ ਪਾਜੇਬ ਦੇ ਜ਼ਖ਼ਮ
ਫੁੱਲ ਬਣ ਕੇ ਖਿੜਨਗੇ ਇਕ ਦਿਨ

ਮੈਂ ਜੋ
ਬੂੰਦ ਮਾਤਰ ਹਾਂ ਮਹਾਂਸਾਗਰ ਦੀ
ਆਪਣੇ ਵਜੂਦ ਦੇ ਸੱਤੇ ਰੰਗ ਵਿਛਾਉਂਦਾ ਹਾਂ
ਤੇਰੇ ਮੁਬਾਰਕ ਪੈਰਾਂ ਹੇਠ.............

ਸਮੁੰਦਰ ਵਿਚ ਵੀ.......... ਗ਼ਜ਼ਲ / ਜਸਵਿੰਦਰ

ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ਼ ਹੁੰਦੀ
ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ

ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ
ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ


ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ
ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ

ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜਰ ਜਾਂਦੀ ਹੈ ਜੋ ਬਦਲੀ
ਉਹ ਸਾਵੇਂ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ

ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ
ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ

ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸੀਦੇ ਦਰਦ ਲਿਖਦੇ ਹਾਂ
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।

ਮੇਰੇ ਸੂਰਜ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ


ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਮੌਲਾ ! ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

ਚੋਣਵੇਂ ਸਿ਼ਅਰ.......... ਸਿ਼ਅਰ / ਰਣਬੀਰ ਕੌਰ

ਚਲੋ ਉਹ ਤਖ਼ਤ 'ਤੇ ਬੈਠਾ ਹੈ ਕਰਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ
--ਰਾਬਿੰਦਰ ਮਸਰੂਰ


ਕਿਸੇ ਮੰਜਿ਼ਲ ਨੂੰ ਸਰ ਕਰਨਾ ਕਦੇ ਮੁਸ਼ਕਿਲ ਨਹੀਂ ਹੁੰਦਾ
ਹੈ ਲਾਜਿ਼ਮ ਸ਼ਰਤ ਇਹ ਪੈਰੀਂ ਇਕ ਸੁਲਘਦਾ ਸਫ਼ਰ ਹੋਵੇ
--ਸੁਸ਼ੀਲ ਦੁਸਾਂਝ

ਕੀ ਕਰਾਂ ਸੇਵਾ ਮੈਂ ਤੇਰੀ ਜਦ ਸਿਕੰਦਰ ਨੇ ਕਿਹਾ
ਧੁੱਪ ਛੱਡ ਕੇ ਲਾਂਭੇ ਹੋ ਅਗੋਂ ਕਲੰਦਰ ਨੇ ਕਿਹਾ
--ਹਿੰਮਤ ਸਿੰਘ ਸੋਢੀ

ਡੂੰਘਾਈ ਕੀ, ਉਹਨੂੰ ਤਾਂ ਮੇਰੇ ਸਾਗਰ ਹੋਣ 'ਤੇ ਸ਼ੱਕ ਹੈ
ਨਿਕੰਮਾ ਇੰਚ-ਸੈਂਟੀਮੀਟਰਾਂ ਵਿਚ ਮਾਪਦਾ ਮੈਨੂੰ
--ਸੁਨੀਲ ਚੰਦਿਆਣਵੀ

ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫਾਲਤੂ ਚੀਜ਼ਾਂ ਦਾ ਸਿਰ ਤੋਂ ਭਾਰ ਲਾਹ ਦੇਈਏ
--ਜਸਵਿੰਦਰ

ਭੁੱਖ ਦਾ ਹੈ ਆਪਣਾ ਤੇ ਪਿਆਸ ਦਾ ਅਪਣਾ ਮਜ਼ਾ
ਜਿ਼ੰਦਗੀ ਦੇ ਹਰ ਨਵੇਂ ਅਹਿਸਾਸ ਦਾ ਅਪਣਾ ਮਜ਼ਾ
--ਮਹੇਸ਼ਪਾਲ ਫਾਜਿ਼ਲ

ਉਹ ਵੀ ਦਿਨ ਸੀ ਢਾਬ ਤੀਕਰ ਆਪ ਸੀ ਆਈ ਨਦੀ
ਮਾਫ਼ ਕਰਨਾ ਪੰਛੀਓ ਅਜ ਆਪ ਤਿਰਹਾਈ ਨਦੀ
--ਜਸਵਿੰਦਰ

ਜਿਨ੍ਹਾਂ ਨੇ ਉੱਡਣਾ ਹੁੰਦੈ ਹਵਾ ਨਈਂ ਵੇਖਿਆ ਕਰਦੇ
ਜੋ ਸੂਰਜ ਵਾਂਗ ਚੜ੍ਹਦੇ ਨੇ ਘਟਾ ਨਈਂ ਵੇਖਿਆ ਕਰਦੇ
--ਬਲਬੀਰ ਸੈਣੀ

ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ
--ਜੀ.ਡੀ. ਚੌਧਰੀ

ਮੰਨਿਆ ਤੈਨੂੰ ਸੱਚ ਬੋਲਣ ਦੀ ਆਦਤ ਹੈ
ਸੋਨੇ ਦੇ ਵਿਚ ਕੁਝ ਤਾਂ ਖੋਟ ਰਲ਼ਾਇਆ ਕਰ
--ਸੁਭਾਸ਼ ਕਲਾਕਾਰ



ਜੇ ਤੂੰ ਜੱਗ ਦੀ ਰਜ਼ਾ.......... ਗ਼ਜ਼ਲ / ਚਮਨਦੀਪ ਦਿਓਲ

ਜੇ ਤੂੰ ਜੱਗ ਦੀ ਰਜ਼ਾ ‘ਚ ਰਹਿਣਾ ਸੀ॥
ਇਸ਼ਕ ਦੇ ਰਾਹ ਹੀ ਕਾਹਤੋਂ ਪੈਣਾ ਸੀ॥
ਬੁਝ ਗਿਆ ‘ਉਹ’ ਤੇ ਹੁਣ ਬੁਝੇਂਗਾ ਤੂੰ,
ਨਾਮ ਕਾਹਤੋਂ ਹਵਾ ਦਾ ਲੈਣਾ ਸੀ॥

ਉਹ ਮੇਰਾ ਗਲ ਹੀ ਲੈ ਗਏ ਲਾਹ ਕੇ,
ਏਸ ਵਿੱਚ ਇੱਕ ਹੁਸੀਨ ਗਹਿਣਾ ਸੀ॥
ਇਸ਼ਕ ਚੜ੍ਹਿਆ ਸੀ ਤੈਨੂੰ ਮੈਅ ਵਾਂਗੂ,
ਤੇ ਚੜ੍ਹੇ ਨੇ ਕਦੀ ਤਾਂ ਲਹਿਣਾ ਸੀ॥
'ਦਿਓਲ' ਰਸਤਾ ਦਿਖਾ ਗਿਆ ਤੈਨੂੰ,
ਭਾਵੇਂ ਨਿੱਕਾ ਜਿਹਾ ਟਟਹਿਣਾ ਸੀ॥


ਮੈਂ ਛੱਡ ਦਿਆਂਗੀ ਤੈਨੂੰ......... ਨਜ਼ਮ/ਕਵਿਤਾ / ਉਕਤਾਮੋਏ ( ਉਜ਼ਬੇਕਿਸਤਾਨ )

ਇਹ ਰਾਤ ਜਦ ਚੰਨ ਇੱਕਲਾ ਹੈ ਅਸਮਾਨ ‘ਚ
ਇਸ ਰਾਤ ਜਦ ਮੁਹੱਬਤ ਦੇ ਆਵੇਗ ਦੀ ਬੇਅਦਬੀ ਹੋਈ
ਇਸ ਰਾਤ ਜਦ ਤਰਸਦੇ ਹੱਥ ਕਸਮਸਾ ਕੇ ਥੱਕ ਗਏ
ਮੈਂ ਛੱਡ ਦਿਆਂਗੀ ਤੈਨੂੰ


ਜਿਵੇਂ ਤਾਰਾ ਟੁੱਟਦਾ ਹੈ ਅਸਮਾਨ ‘ਚ
ਬਿਨਾਂ ਕੋਈ ਨਿਸ਼ਾਨ ਛੱਡਿਆਂ
ਸੰਤਾਪ ਦੀਆਂ ਅੱਖਾਂ ‘ਚ ਜਿਉਂ
ਖੂ਼ਨ ਉਬਲੇ
ਜਦ ਕਿਸੇ ਵੀ ਪਲ ਵਿਛੜਨਾ ਤਹਿ ਹੋਵੇ
ਮੈਂ ਛੱਡ ਦਿਆਂਗੀ ਤੈਨੂੰ

ਪਿਆਰ ਦੇ ਖ਼ਜ਼ਾਨੇ ਦੇ ਗੁੰਮ ਜਾਣ ‘ਤੇ
ਮੇਰੇ ਸੀਨੇ ‘ਚੋਂ ਉਡਦੇ ਪੰਛੀ ਮਰ ਗਏ
ਤੇਰੀ ਹੋਰ ਪ੍ਰਵਾਹ ਨਹੀਂ ਕਰਦੀ
ਮੈਂ ਛੱਡ ਦਿਆਂਗੀ ਤੈਨੂੰ

ਜੰਗਲੀ ਹਵਾ ਖੇਡਦੀ ਲੰਘ ਜਾਵੇਗੀ
ਜਾਲ਼ ਜੋ ਮੈਂ ਵਿਛਾਇਆ ਸੀ
ਉਸ ‘ਚ ਕੋਈ ਸ਼ੇਰ ਨਹੀਂ ਫਸਿਆ
ਕਿੰਨੇ ਬਦਕਿਸਮਤ ਨੇ ਸਾਡੇ ਦਿਲ
ਮੈਂ ਛੱਡ ਦਿਆਂਗੀ ਤੈਨੂੰ

ਨਜ਼ਰਾਂ ਸਿਆਹ ਹੋ ਗਈਆਂ ਨੇ
ਝਾੜੀਆਂ ‘ਚ ਖੂ਼ਬਸੂਰਤ ਗੁਨਾਹ ਸੁੱਕ ਗਏ
ਅਸਮਾਨ ‘ਚ ਦੁੱਖਾਂ ਦੇ ਬੱਦਲ ਗਰਜ ਰਹੇ ਹਨ
ਮੈਂ ਛੱਡ ਦਿਆਂਗੀ ਤੈਨੂੰ

ਬਗਲਿਆਂ ਦੀਆਂ ਡਾਰਾਂ
ਬਹਿਸਤ ਦੇ ਅਥਰੂ ਨੇ
ਇੱਕ ਸੂਫੈਦ ਸਾਂਤੀ ‘ਚ ਘਿਰ ਜਾਵਾਂਗੀ
ਮੇਰੇ ਬਿਨ੍ਹਾਂ ਗੁਨਾਹ ਤੇਰੇ ਦਿਨਾਂ ‘ਚ ਲਿਖ ਜਾਣਗੇ
ਮੈਂ ਛੱਡ ਦਿਆਂਗੀ ਤੈਨੂੰ
( ਲਿਪੀਅੰਤਰ - ਸਵਰਨਜੀਤ ਸਵੀ )

ਕਦੇ ਚਿੰਤਨ, ਕਦੇ ਚਰਚਾ.......... ਗ਼ਜ਼ਲ / ਜਸਪਾਲ ਘਈ

ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ

ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਹਿਦ ਮੇਰਾ ਹੀ ਨਾਮ ਦਰਿਆ ਹੈ


ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨ੍ਹੇਰਾ ਹੈ

ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਜ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ ਮਗਰ ਇਹ ਹੱਥ ਤੇ ਮੇਰਾ ਹੈ

ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜ਼ੁਲਫਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ

ਇਹ ਸੰਗਲ਼ ਸਾਜ਼ ਬਣ ਛਣਕਣ, ਇਹ ਸੂ਼ਲਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ,ਇਹ ਕਿਸ ਪਿੰਜਰੇ ਦਾ ਜੇਰਾ ਹੈ

ਝੀਲ ਕੀ ਭੀ.......... ਗ਼ਜ਼ਲ / ਰਾਜੇਸ਼ ਮੋਹਨ (ਪ੍ਰੋ.)

ਝੀਲ ਕੀ ਭੀ ਕਿਆ ਜਿ਼ੰਦਗਾਨੀ ਹੈ
ਪਥਰੋਂ ਮੇਂ ਬੇਚਾਰਾ ਪਾਨੀ ਹੈ

ਬਸ ਕਿਨਾਰੇ ਸੇ ਲੌਟ ਆਤੀ ਹੈਂ
ਕਸ਼ਤੀਓਂ ਕੀ ਯਹੀ ਕਹਾਨੀ ਹੈ


ਯਾਰ ਕਿਸ ਕਿਸ ਕਾ ਗ਼ਮ ਕਰੇਂ ਆਖਿ਼ਰ
ਸਾਰੀ ਦੁਨੀਆਂ ਕਾ ਹਸ਼ਰ ਫ਼ਾਨੀ ਹੈ

ਮੈਅਕਸ਼ੀ ਕੇ ਤੋ ਹਮ ਨਹੀਂ ਕਾਇਲ
ਦਰਦ ਸੇ ਰਾਤ ਭੀ ਬਚਾਨੀ ਹੈ

ਕਿਊਂ ਨਾ ਹੋ ਬਾਤ ਪੁਰਅਸਰ ਅਪਨੀ
ਦਿਲ ਕੀ ਹਰ ਬਾਤ ਹਮਨੇ ਮਾਨੀ ਹੈ

ਨਾਸਤਕ .......... ਨਜ਼ਮ/ਕਵਿਤਾ / ਨਵਜੀਤ

ਵਿਚਾਰਧਾਰਾ ਦੇ ਵਿਸਥਾਰ ਲਈ
ਖ਼ਾਸ ਨਕਸ਼ੇ ਵਾਲੇ ਮਕਾਨ ਦੀ ਲੋੜ ਨਹੀਂ ਪੈਂਦੀ
ਹਾਂ ਚਾਹੀਦਾ ਹੈ ਤਾਂ ਇੱਕ ਦਿਮਾਗ
ਜੋ ਜਾਣਦਾ ਹੈ ਕਿ ਦਿਮਾਗ ਕੇਵਲ

ਨਕਸ਼ੇ ਬਣਾਉਣ ਲਈ ਨਹੀਂ ਹੁੰਦੇ
ਕੌਂਮਾਂ ਦੇ ਸਿਰ ਤਾਣ ਕੇ
ਜਿਉਂ ਸਕਣ ਦੀ ਖ਼ਾਹਿਸ਼ ਰੱਖਣ
ਲਈ ਵੀ ਹੁੰਦੇ ਹਨ
ਪਰ ‘ਅਫ਼ਸੋਸ’
ਮੇਰੇ ਭਾਰਤ ਅੰਦਰ ‘ਵੇਦਾਂ’ਤੇ ‘ਗ੍ਰੰਥਾਂ’
ਨੂੰ ਭਾਰ ਬਣਾ ਕੇ
ਸਾਡੇ ਸਿਰਾਂ ਤੇ ਟਿਕਾ ਦਿੱਤਾ ਗਿਆ
ਇਸ ਭਾਰ ਨੂੰ ਹੋਲਾ ਕਰਨ ਤੁਰਿਆਂ ਦੀ
ਰੱਤ ਅਸੀਂ ਵਹਾ ਦਿੱਤੀ
ਵਜਾ ਦੀ ਵਜਾ ਬਣਿਆ ਕੇਵਲ ਇੱਕ ਸ਼ਬਦ
ਉਹ ਸੀ ‘ਨਾਸਤਿਕ’
ਸ਼ਬਦ ਜੋ ਭਾਰਤੀਆਂ ਲਈ ਅਸ਼ਲੀਲ ਹੈ
ਸ਼ਬਦ ਜੋ ਜਦੋਂ ਵੀ ਵਰਤਿਆ ਗਿਆ
ਕੇਵਲ ਉਹਨਾਂ ਲਈ
ਜੋ ਖ਼ਾਸ ਨਕਸ਼ਿਆਂ ਵਾਲੇ ਮਕਾਨ ਨਾ ਬਣਾ ਸਕੇ
ਜਿੰਨ੍ਹਾਂ ਕੋਲ ਪੂੰਜੀ ਦੇ ਨਾਂ ਤੇ ਸੀ
ਵਿਚਾਰਧਾਰਾ ਤੇ ਉਸਦਾ ਵਿਸਥਾਰ

ਆਉਣ ਵਾਲ਼ਾ ਕਹਿੰਦਾ ਸੀ.......... ਨਜ਼ਮ/ਕਵਿਤਾ / ਕੰਵਲਜੀਤ ਭੁੱਲਰ

ਆਉਣ ਵਾਲ਼ਾ ਕਹਿੰਦਾ ਸੀ
ਸਿਖਰ ਦੁਪਿਹਰੇ ਕਦੇ ਵੀ ਰਾਤ ਨਹੀਂ ਸੀ ਪੈਣੀ......।
ਜੇ ਅੱਗ ਦੀ ਲਾਟ ਸੂਰਜ ਨੂੰ ਨਾ ਲੂੰਹਦੀ.........।।
ਉਹਨੇ ਆਖਿਆ

ਰਾਤ ਦਾ ਹਨੇਰਾ ਏਨਾ ਚਿੱਟਾ ਨਹੀਂ ਸੀ ਹੋਣਾ
ਜੇ ਦਿਨ ਦੀ ਲੋਅ
ਚੰਦ 'ਚ ਨਾ ਸਮੋਂਦੀ.....।
ਉਹਨੇ ਆਖਿਆ
ਮੈਨੂੰ ਜੀਣ ਦਾ ਵੱਲ ਉਦੋਂ ਆਇਆ
ਜਦੋਂ ਮੈਨੂੰ ਮੌਤ ਦੀ ਸਜ਼ਾ ਦਿੱਤੀ ਗਈ
ਤੇ ਨਾਲ਼ੇ ਕਿਹਾ ਗਿਆ..... ਤੂੰ ਬੇਗੁਨਾਹ ਏਂ....।।
ਉਸ ਆਖਿਆ
ਮੈਂ ਮੌਤ ਵਰਗੀ ਜਿ਼ੰਦਗੀ ਨਹੀਂ ਜੀਣਾ ਚਾਹੁੰਦਾ ਹਾਂ
ਸਗੋਂ ਜਿ਼ੰਦਗੀ ਵਰਗੀ ਮੌਤ ਮਰਨਾ ਚਾਹੁੰਦਾ ਹਾਂ
ਮੈਂ ਆਖਿਆ ਆਮੀਨ.....।।
ਉਸ ਪੁੱਛਿਆ
ਤੂੰ ਕਿੰਜ ਜੀਣਾ ਚਾਹੇਂਗਾ ??
ਤੇ.......
ਮੈਂ ਮਰ ਚੁੱਕਾ ਸਾਂ.......

ਬਾਤਾਂ ਨੂੰ ਹਾਸਿਲ.......... ਗ਼ਜ਼ਲ / ਖੁਸ਼ਵੰਤ ਕੰਵਲ

ਬਾਤਾਂ ਨੂੰ ਹਾਸਿਲ ਹੁੰਗਾਰਾ ਹੋ ਜਾਂਦਾ
ਤਾਂ ਕਿੰਨਾ ਦਿਲਚਸਪ ਨਜ਼ਾਰਾ ਹੋ ਜਾਂਦਾ

ਏਧਰ ਤਾਂ ਇਕ ਪਲ ਵੀ ਔਖਾ ਲੰਘਦਾ ਹੈ
ਓਧਰ ਖੌਰੇ ਕਿਵੇਂ ਗੁਜ਼ਾਰਾ ਹੋ ਜਾਂਦਾ


ਇਸ਼ਕ 'ਚ ਬੰਦਾ ਬਣ ਜਾਂਦਾ ਹੈ ਕੁਝ ਨਾ ਕੁਝ
ਨਹੀਂ ਤਾਂ ਰੁਲ਼ ਜਾਂਦੈ ਆਵਾਰਾ ਹੋ ਜਾਂਦਾ

ਦਿਲ ਦਾ ਕੀ ਇਤਬਾਰ ਬੜਾ ਬੇ-ਇਤਬਾਰਾ
ਇਕ ਪਲ ਪੱਥਰ ਇਕ ਪਲ ਪਾਰਾ ਹੋ ਜਾਂਦਾ

ਤਪਦੇ ਥਲ ਵਿਚ ਯਾਰ ਜਦੋਂ ਆ ਮਿਲ ਪੈਂਦਾ
ਮਾਰੂਥਲ ਵੀ ਬਲਖ ਬੁਖਾਰਾ ਹੋ ਜਾਂਦਾ

ਓਦੋਂ ਅਪਣਾ ਆਪ ਹੀ ਹੁੰਦਾ ਹੈ ਅਪਣਾ
ਦੁਸ਼ਮਣ ਜਦੋਂ ਜ਼ਮਾਨਾ ਸਾਰਾ ਹੁੰਦਾ ਹੈ

ਦਸ ਦੇਂਦੇ ਕਿ ਆਉਣਾ ਮੱਸਿਆ ਦੀ ਰਾਤੇ
ਤਾਂ ਫਿਰ ਜੁਗਨੂੰ ਜਾਂ ਮੈਂ ਤਾਰਾ ਹੋ ਜਾਂਦਾ



ਇਹ ਸਦਾ ਉਡਦੇ.......... ਗ਼ਜ਼ਲ / ਬਰਜਿੰਦਰ ਚੌਹਾਨ

ਇਹ ਸਦਾ ਉਡਦੇ ਹੀ ਰਹਿੰਦੇ ਨੇ ਕਦੇ ਨਾ ਥੱਕਦੇ
ਖਾਹਿਸ਼ਾਂ ਦੇ ਸਭ ਪਰਿੰਦੇ ਪਿੰਜਰੇ ਵਿਚ ਡੱਕਦੇ

ਸੰਘਣੇ ਬ੍ਰਿਖਾਂ ਦੀ ਠੰਢੀ ਛਾਂ ਨਾ ਹੁਣ ਲੱਭਦੀ ਕਿਤੇ
ਹਰ ਕਦਮ ਹਰ ਮੋੜ 'ਤੇ ਮਿਲਦੇ ਨੇ ਬੂਟੇ ਅੱਕ ਦੇ


ਜੇ ਕਦੇ ਪੱਤਾ ਵੀ ਹਿੱਲੇ ਤਾਂ ਸਹਿਮ ਜਾਂਦੇ ਨੇ ਲੋਕ
ਹਰ ਕਿਸੇ ਦੇ ਜ਼ਹਿਨ ਵਿੱਚ ਉੱਗੇ ਨੇ ਜੰਗਲ ਸ਼ੱਕ ਦੇ

ਹੌਲ਼ੀ ਹੌਲ਼ੀ ਜਿਸਮ ਦੇ ਸਭ ਜ਼ਖ਼ਮ ਤਾਂ ਭਰ ਜਾਣਗੇ
ਪਰ ਨਹੀਂ ਸੌਖੇ ਨਿਬੇੜੇ ਰੂਹ 'ਤੇ ਲੱਗੇ ਟੱਕ ਦੇ

ਜ਼ਰਦ ਚਿਹਰਾ, ਦਰਦ ਗਹਿਰਾ, ਸੋਚ ਦਾ ਪਹਿਰਾ ਵੀ ਹੈ
ਰੋਜ਼ ਏਸੇ ਸ਼ਖ਼ਸ ਨੂੰ ਹਾਂ ਆਈਨੇ ਵਿਚ ਡੱਕਦੇ

ਜੇ ਬਦਲ ਸਕਦੇ ਦੁਆਵਾਂ ਨਾਲ਼ ਹੀ ਤਾਰੀਖ ਨੂੰ
ਸੋਚ ਤਾਂ ਲੋਕੀ ਭਲਾ ਤਲਵਾਰ ਫਿਰ ਕਿਉਂ ਚੱਕਦੇ


ਮੇਰੀ ਮਾਂ.......... ਨਜ਼ਮ/ਕਵਿਤਾ / ਸੱਤਪਾਲ ਬਰਾੜ

ਮੈਂ ਅਪਣੀ ਮਾਂ ਨੂੰ ਜਵਾਨ ਹੁੰਦੇ ਦੇਖਿਆ ਹੈ
ਮੈਂ ਅਪਣੀ ਨੂੰ ਕੁਰਬਾਨ ਹੁੰਦੇ ਦੇਖਿਆ ਹੈ

ਮੈਂ ਅਪਣੀ ਮਾਂ ਨੂੰ ਕਮਜੋਰ ਹੁੰਦੇ ਦੇਖਿਆ ਹੈ
ਮੈਂ ਅਪਣੀ ਮਾਂ ਨੂੰ ਬਲਵਾਨ ਹੁੰਦੇ ਦੇਖਿਆ ਹੈ


ਮੇਰੀ ਮਾਂ ਮੇਰੇ ਇਰਾਦੇ ਨਾਲੋਂ ਮਜਬੂਤ ਹੈ
ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ

ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ
ਮੇਰੀ ਮਾਂ ਮੇਰੇ ਸੁਪਨਿਆਂ ਨਾਲੋਂ ਹੁਸੀਨ ਹੈ

ਮੇਰੀ ਮਾਂ ਮੇਰੇ ਗਮਾਂ ਨਾਲੋਂ ਗਮਸੀਨ ਹੈ
ਮੇਰੀ ਮਾਂ ਹੀ ਮੇਰੀ ਮੰਜਿਲ਼ ਦਾ ਰਸਤਾ ਹੈ

ਮੇਰੀ ਮਾਂ, ਮੇਰੇ ਨਾਲੋਂ ਵੀ ਤਰੱਕੀ ਯਾਵਤਾ ਹੈ
ਮਾਂ ਬੋਲੀ, ਮੈਂ ਮਾਂ ਤੋਂ ਸਿੱਖੀ

ਮਾਂ ਹੀ ਮੇਰੀ ਕਵਿਤਾ, ਮਾਂ ਹੀ ਮੇਰੀ ਵਾਰਤਾ ਹੈ
ਮੇਰੀ ਮਾਂ ਮੇਰੇ ਨਾਲੋਂ ਜਿਆਦਾ ਜਾਣਦੀ ਹੈ

ਮੇਰੇ ਗੁਣ ਅਤੇ ਕਮਜੋਰੀਆਂ ਪਛਾਣਦੀ ਹੈ
ਮੈਂ ਆਪਣੀ ਮਾਂ ਸਾਹਵੇਂ ਨੰਗਾ ਹਾਂ

ਪ੍ਰਦੇਸੀ ਭਟਕਣ ਨਾਲੋਂ ਮੈਂ
ਮਾਂ ਦੇ ਪ੍ਰਛਾਵੇਂ ਹੇਠ ਹੀ ਚੰਗਾ ਹਾਂ

ਮਾਂ ਮੇਰੀ ਜਿੰਦਗੀ ਦਾ ਗਹਿਣਾ ਹੈ
ਅਫਸੋਸ! ਮੇਰੀ ਮਾਂ ਨੇ

ਜਿਆਦਾ ਚਿਰ ਨਹੀਂ ਰਹਿਣਾ ਹੈ
ਇਹੋ ਹੀ ਗੁਰੁ ਦਾ ਟਕਮ ਹੈ

ਜੋ ਮਿੱਠਾ ਕਰਕੇ ਸਹਿਣਾ ਹੈ
ਪਰ ਮਰ ਕੇ ਵੀ ਮੇਰੀ ਮਾਂ ਮਰ ਨਹੀਂ ਸਕਦੀ

ਕਿਉਂਕਿ

ਮੇਰੀ ਮਾਂ ਦੇ ਅਸੂਲ ਜਿੰਦਾ ਰਹਿਣਾ ਹੈ
ਉਹ ਸਚਮੁੱਚ ਹੀ ਇੱਕ ਮਹਾਨ ਜਨਨੀ ਹੈ