ਰਹਿਮਤ .......... ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)

ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ, ਅੱਜ ਤਰਦੇ ਤਰਦੇ ਪਾਰ ਹੋਏ
ਕੋਈ ਦੱਸੋ ਮੇਰੀ ਅੰਮੜੀ ਨੂੰ, ਤੇਰੀ ਕਿਰਪਾ ਦੁੱਖ ਸੰਘਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ।

ਜਦੋਂ ਚੜ੍ਹਿਆ ਪਹਿਲੀ ਪੌੜੀ ਮੈਂ, ਕਈ ਦਿਲ ਵਿੱਚ ਡਰ ਸਵਾਰ ਹੋਏ
ਤੂੰ ਫੜਿਆ ਹੱਥ ਮੇਰਾ ਡਿੱਗਦੇ ਦਾ, ਹਰ ਮੰਜ਼ਿਲ ਜੈ-ਜੈਕਾਰ ਹੋਏ
ਤੇਰੀ ਪੈੜ ‘ਤੇ ਚੱਲ ਕੇ ਅੱਜ ਮੈਂ ਮਾਂ, ਸੱਭ ਸੋਚੇ ਸੁਪਨ ਸਾਕਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ

ਤੇਰੇ ਹੋਸ਼ ਨੇ ਭਰਿਆ ਜੋਸ਼ ਮੇਰਾ, ਜਿਸ ਕਰਕੇ ਇਹ ਉਪਕਾਰ ਹੋਏ
ਮੈਂ ਪੁੱਤ ਕਪੁੱਤ ਹਾਂ ਜਨਮਾਂ ਤੋਂ, ਤੇਰੇ ਦੁੱਧ ਵਿਚ ਨਾ ਹੰਕਾਰ ਹੋਏ
ਮੈਂ ਕਰਜ਼ਦਾਰ ਤੇ ਰਿਣੀ ਤੇਰਾ, ਨਾ ਚਾਹ ਕੇ ਕਰਜ਼ ਉਤਾਰ ਹੋਏ
ਬੱਸ ਹੱਥ ਜੋੜ ਇਹ ਬੰਦਗ਼ੀ ਹੈ, ਨਾਂ ਪੁੱਤਾਂ ‘ਤੇ ਮਾਂ ਭਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ।

****

ਮਜਬੂਰ ਕੁੜੀ ਦੇ ਨਾਂ.......... ਨਜ਼ਮ/ਕਵਿਤਾ / ਚਰਨਜੀਤ ਕੌਰ ਧਾਲੀਵਾਲ (ਸੈਦੋਕੇ)

ਭੁੱਲ-ਭੁਲੇਖਾ ਪਾ ਕੇ
ਕੁੰਡੀ ਲਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਵਿਚ ਪਿੰਜਰੇ ਦੇ
ਪਾ ਲਈ ਜ਼ਾਲਮਾਂ ਨੇ...

ਮੈ ਚਹਿਕ-ਚਹਿਕ ਕੇ ਗਾਉਂਦੀ
ਖਾਂਦੀ ਵਤਨਾਂ ਦੇ ਮੇਵੇ
ਹੁਣ ਚੀਕ-ਚੀਕ ਕੇ ਮਰਜਾਂ
ਕੋਈ ਘੁੱਟ ਪਾਣੀ ਨਾ ਦੇਵੇ
ਇਹ ਮੁਲਕ ਨਹੀ ਮੇਰਾ
ਪਰਾਈ ਅਖਵਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਨਿੱਤ ਆਉਂਦੇ-ਜਾਂਦੇ ਕਾਂ
ਕਰਦੇ ਮਨ-ਆਈਆਂ ਵੇ ਲੋਕੋ
ਕੋਈ ਤਰਸ ਕਰੇ ਨਾ ਮੇਰਾ
ਦੇਵਾਂ ਦੁਹਾਈਆ ਵੇ ਲੋਕੋ
ਮਾਰ-ਮਾਰ ਕੇ ਚੁੰਝਾਂ
ਚਮੜੀ ਖਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਰੋਜ ਸਿ਼ਕਾਰੀ ਆਉਂਦੇ
ਅੱਗੇ ਦੀ ਅੱਗੇ ਲੈ ਜਾਂਦੇ ਉਹ
ਦੁੱਗਣਾ-ਤਿੱਗਣਾ ਹੁਸਨ ਮੇਰੇ ਦਾ
ਮੁੱਲ ਪਾ ਜਾਂਦੇ ਉਹ
ਮੋਹਰ "ਲੰਡਨ" ਦੀ ਹਿੱਕ ਮੇਰੀ 'ਤੇ
ਲਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਜਿਹੜੇ ਪਿੰਜਰੇ ਵਿਚ ਮੈ ਫ਼ਸ ਗਈ
ਮੈਥੋ ਖੁੱਲ੍ਹਦਾ ਨਹੀ ਸੱਜਣਾਂ
ਦਿਲ ਮਾਰ ਉਡਾਰੀ ਚਾਹੁੰਦਾ
ਵਤਨ ਨੂੰ ਭੱਜਣਾ ਵੇ ਸੱਜਣਾਂ
ਤੂੰਹੀਉਂ ਆਣ ਛੁਡਾ ਲੈ
ਬੜੀ ਤੜਫ਼ਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਉੱਡਣ ਨੂੰ ਦਿਲ ਕਰਦਾ
ਕਿਹੜੇ ਰਾਹ ਉਡਾਰੀ ਜਾਹ
ਹਰ ਮੋੜ 'ਤੇ ਖ਼ਤਰਾ
ਦੇਣ ਸਿ਼ਕਾਰੀ ਮਾਰ ਮੁਕਾ!
ਦੂਰ-ਦੂਰ ਤੱਕ ਪਾਸੇ
ਜਾਲ ਵਿਛਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਝੂਠੇ ਜੇ ਬੁੱਲ੍ਹ ਫ਼ਰਕਣ
ਦਿਲ ਤੋ ਹੱਸਿਆ ਨਹੀ ਜਾਂਦਾ
ਨਾ ਜੋਤ ਅੱਖਾਂ ਦੀ ਪੂਰੀ
ਹੁਣ ਤਾਂ ਤੱਕਿਆ ਨਹੀ ਜਾਂਦਾ
ਫੜਕੇ ਰਹਿਣ ਘੁੰਮਾਉਂਦੇ
ਇਹ ਸਿ਼ਕਾਰੀ ਜ਼ਾਲਮਾਂ ਵੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

"ਸੈਦੋ" ਕਿਆ ਦੀ ਦਿਸਦੀ ਨਾ ਕਦੇ
ਆਪਣੀ ਰੂਹ ਮੈਨੂੰ
ਕੋਈ ਰਾਹੀ ਆ ਸਮਝਾਂਦੇ
ਮੇਰੇ ਪਿੰਡ ਦੀ ਜੂਹ ਮੈਨੂੰ
"ਧਾਲੀਵਾਲ" ਤਾ ਏਥੇ ਹੀ
ਮਾਰ-ਮੁਕਾ ਲਈ ਜ਼ਾਲਮਾਂ ਨੇ...
ਬੁਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...
****

ਰੁੱਖ ਦੀ ਕਹਾਣੀ.......... ਨਜ਼ਮ/ਕਵਿਤਾ / ਨਿਸ਼ਾਨ ਸਿੰਘ ਰਾਠੌਰ

ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕਦੇ ਧਰਤੀ ਤੇ ਹਰਿਆਲੀ ਸੀ
ਸੂਰਜ ਦੀ ਮੱਠੀ ਲਾਲੀ ਸੀ
ਜਦ ਜੰਗਲਾਂ ਵਿੱਚ ਤੂੰ ਆ ਵੜਿਆ
ਤੇ’ਹੱਥ ਕੁਹਾੜਾ ਤੂੰ ਫੜਿਆ
ਅੱਖੀਆਂ ਤੋਂ ਅੱਥਰੂ ਵਹਿੰਦੇ ਨੇ
ਜਦ ਕੋਈ ਵੀ ਸਾਥੀ ਮਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕਦੇ ਪੰਛੀ ਪਾਉਂਦੇ ਬਾਤਾਂ ਸੀ
ਕਦੇ ਲੰਮੀਆਂ ਹੁੰਦੀਆਂ ਰਾਤਾਂ ਸੀ
ਕੀ ਗੱਲ ਕਰਾਂ ਮੈਂ ਰਾਤਾਂ ਦੀ
ਮੁੱਕ ਗਈ ਕਹਾਣੀ ਬਾਤਾਂ ਦੀ
ਚੰਨ ਵੀ ਦੁਹਾਈ ਪਾਉਂਦਾ ਏ
ਤੂੰ ਕੀ ਕਰਦੈਂ ਤੂੰ ਕੀ ਕਰਦੈਂ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕੱਟ ਕੱਟ ਵਿਛਾਈਆਂ ਲਾਸ਼ਾਂ ਨੇ
ਪਰ ਦਿਲ ਵਿੱਚ ਸਾਡੇ ਆਸਾਂ ਨੇ
ਆਸਾਂ ਨਾ ਕਿੱਧਰੇ ਟੁੱਟ ਜਾਵਣ
ਇਹੋ ਰੱਬ ਅੱਗੇ ਅਰਦਾਸਾਂ ਨੇ
ਕਿਤੇ ਤੈਨੂੰ ਵੀ ਸੋਝੀ ਆ ਜਾਵੇ
ਅਰਦਾਸ ਕਰਾਂ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਮੈਂ ਰੱਬ ਬਣਿਆ.......... ਨਜ਼ਮ/ਕਵਿਤਾ / ਇੰਦਰਜੀਤ ਪੁਰੇਵਾਲ,ਨਿਊਯਾਰਕ

ਵਾਂਗ ਸ਼ਿਕਾਰੀ ਦੂਹਰਾ ਹੋ ਹੋ ਝੁੱਕਦਾ ਹਾਂ।
ਪਾਪਾਂ ਦੀ ਪੰਡ ਲੈ ਤੇਰੇ ਦਰ ਢੁੱਕਦਾ ਹਾਂ।

ਤੂੰ ਘਟ ਘਟ ਦੀ ਜਾਣੇ ਤੈਥੋਂ ਕੀ ਓਹਲਾ,
ਆਪਣੇ ਆਪ ਦੇ ਕੋਲੋਂ ਫਿਰਦਾ ਲੁੱਕਦਾ ਹਾਂ।

ਖੁਦ ਨੂੰ ਧੋਖਾ ਦੇ ਰਿਹਾ ਸ਼ਾਮ ਸਵੇਰੇ ਮੈਂ,
ਸ਼ਰਮ ‘ਚ ਡੁੱਬਾ ਅੱਖ ਉਤਾਂਹ ਨਾ ਚੁੱਕਦਾ ਹਾਂ।

ਦੁੱਖ ਵੇਲੇ ਹੀ ਮੈਂ ਬਸ ਤੈਨੂੰ ਯਾਦ ਕਰਾਂ,
ਸੁੱਖ ਵੇਲੇ ਨਾ ਤੇਰੇ ਨੇੜੇ ਢੁੱਕਦਾ ਹਾਂ।

ਮੱਥਾ ਟੇਕ ਦਵਾਨੀ ਲੱਖਾਂ ਮੰਗਦਾ ਹਾਂ,
ਝੋਲੀ ਅੱਡਣ ਲੱਗਾ ਰਤਾ ਨਾ ਉੱਕਦਾ ਹਾਂ।

ਭੋਲਿਆ ਰੱਬਾ ਤੂੰ ਵੀ ਦੁਨੀਆ ਵਰਗਾ ਹੋ,
ਨੇਕ ਸਲਾਹ ਦੇਣੋ ਨਾ ਤੈਨੂੰ ਉੱਕਦਾ ਹਾਂ।

ਤੂੰ ਕਾਹਤੋਂ ਨਾ ਬਦਲਿਆ ਨਾਲ ਜ਼ਮਾਨੇ ਦੇ,
ਇਹਨਾਂ ਸੋਚਾਂ ਵਿੱਚ ਮੈਂ ਜਾਂਦਾ ਸੁੱਕਦਾ ਹਾਂ।

ਬਹੁਤ ਪੁਰਾਣੀ ਗੱਲ ਜਦੋਂ ਤੂੰ ‘ਕੱਲਾ ਸੈਂ,
ਮੈਂ ਅੱਧੋਂ ਵੱਧ ਭਾਰ ਤੇਰਾ ਹੁਣ ਚੁੱਕਦਾ ਹਾਂ।

ਮੌਕਾ ਮਿਲਿਆ ਥੱਲੇ ਆ ਕੇ ਵੇਖੀਂ ਤੂੰ,
ਮੈਂ ਰੱਬ ਬਣਿਆ ਕਿੱਦਾਂ ਏਥੇ ਬੁੱਕਦਾ ਹਾਂ।

ਹਨੇਰਾ.......... ਗ਼ਜ਼ਲ / ਧਰਮਿੰਦਰ ਭੰਗੂ ਕਾਲੇਮਾਜਰਾ

ਹਨੇਰਾ ਕਾਹਤੋਂ ਘਰ ਤੇਰੇ, ਸਵੇਰੇ ਸ਼ਾਮ ਰਹਿੰਦਾ ਹੈ।
ਸੱਚ ਦੇ ਸਿਰ ਹਮੇਸ਼ਾ, ਝੂਠ ਦਾ ਇਲਜ਼ਾਮ ਰਹਿੰਦਾ ਹੈ।
ਦੁਨੀਆਂ ਲੰਘ ਗਈ ਅੱਗੇ ਜਾਂ ਮੈਂ ਹੀ ਰਹਿ ਗਿਆ ਪਿੱਛੇ,
ਉਂਝ ਲੋਕੀ ਆਖਦੇ ਨੇ, ਇਹ ਬੜਾ ਉਪਰਾਮ ਰਹਿੰਦਾ ਹੈ।
ਸਿਆਸਤ,ਪਿਆਰ ਤੇ ਵਪਾਰ, ਸਾਰੇ ਇਸ ਕਦਰ ਬਦਲੇ,
ਖੁਸ਼ਾਮਦਾਂ ਦਾ ਅੱਜਕੱਲ੍ਹ ਵੱਧ, ਵਫਾ ਤੋਂ ਦਾਮ ਰਹਿੰਦਾ ਹੈ।
ਪੈਸੇ ਦੇ ਮੱਕੜ ਜਾਲ ਵਿੱਚ, ਰਿਸ਼ਤੇ ਵੇਖ ਕੇ ਉਲਝੇ,
ਇਹ ਮਨ ਜਦੋਂ ਤੜਪੇ, ਤਾਂ ਹੱਥ ਵਿੱਚ ਜਾਮ ਰਹਿੰਦਾ ਹੈ।
ਦਿਲ ਦੇ ਵਲਵਲੇ ਜਦ, ਸਿ਼ਅਰਾਂ ਦੇ ਵਿੱਚ ਢਲ਼ਦੇ ਨੇ
ਸਮਾਂ ਥੋੜਾ ਸਹੀ, ਪਰ ਮਨ ਨੂੰ ਕੁਝ ਆਰਾਮ ਰਹਿੰਦਾ ਹੈ।

ਪਿਆਸੀ ਰੇਤ………. ਗ਼ਜ਼ਲ / ਗੁਰਮੀਤ ਖੋਖਰ

ਪਿਆਸੀ ਰੇਤ ਦਾ ਉਹ ਦਰਦ ਦਿਲ ਚੋਂ ਧੋਣ ਲੱਗੀ ਸੀ
ਨਦੀ ਅਪਣੇ ਕਿਨਾਰੇ ਦੇ ਗਲੇ ਲੱਗ ਕੇ ਰੋਣ ਲੱਗੀ ਸੀ
ਸਿਆਹੀ ਰਾਤ ਦੀ ਡੁੱਲ੍ਹੀ ਜਦੋਂ ਮੇਰੇ ਨਗਰ ਉੱਤੇ
ਬਨੇਰਿਉਂ ਲਾਹ ਕੇ ਸੂਰਜ ਸ਼ਾਮ ਬੂਹਾ ਢੋਣ ਲੱਗੀ ਸੀ
ਚਮਕ ਆਏ ਸੀ ਰਾਹਾਂ ਵਿੱਚ ਬੜੇ ਚੰਨ ਤਾਰਿਆਂ ਦੇ ਰੁੱਖ
ਜਦੋਂ ਡੁੱਬਿਆ ਸੀ ਸੁਰਜ ਰਾਤ ਕਾਲੀ ਹੋਣ ਲੱਗੀ ਸੀ
ਮੈਂ ਸਭ ਤੇਹਾਂ ਦੇ ਨਾਂ ਬਸ ਕੁੱਝ ਕੁ ਬੂੰਦਾਂ ਲਿਖਕੇ ਆਇਆ ਸੀ
ਮੇਰੀ ਗਿਣਤੀ ਵੀ ਫਿਰ ਤਾਂ ਰਹਿਬਰਾਂ ਵਿੱਚ ਹੋਣ ਲੱਗੀ ਸੀ
ਜਦੋਂ ਉਸਨੂੰ ਕਿਹਾ ਮੈਂ ਝਰਨਿਆਂ ਦੇ ਗੀਤ ਗਾਉਂਦਾ ਹਾਂ
ਮੇਰੀ ਹਰ ਸੁਰ ਦੇ ਦਰ ‘ਤੇ ਰੇਤ ਹੰਝੂ ਚੋਣ ਲੱਗੀ ਸੀ
ਸਫਰ ਵਿੱਚ ਧੁੰਦਲੇ ਰਸਤੇ ਤੇ ਮੈਲੀ ਸ਼ਾਮ ਢਲ ਆਈ
ਕਿਸੇ ਦੀ ਯਾਦ ਚੰਨ ਬਣਕੇ ਨੁਮਾਇਆ ਹੋਣ ਲੱਗੀ ਸੀ
ਹਜ਼ਾਰਾਂ ਅੱਥਰੂ ਸਨ ਕਲਮ ਦੇ ਨੈਣਾਂ ਚ ਉਸ ਵੇਲੇ
ਉਦਾਸੇ ਵਕਤ ਦੀ ਜਦ ਵੀ ਇਹ ਗਾਥਾ ਛੋਣ੍ਹ ਲੱਗੀ ਸੀ

ਇਲਜ਼ਾਮ ਕਿਉਂ........ ਨਜ਼ਮ/ਕਵਿਤਾ / ਜਸਵੀਰ ਫਰੀਦਕੋਟ

ਤੂੰ ਪੱਥਰਾਂ ਨੂੰ ਰੱਬ ਬਣਾਇਆ ਏ,
ਅੱਖੀਂਆਂ ‘ਚ ਝੂਠਾ ਖ਼ਾਬ ਸਜਾਇਆ ਏ,
ਇਹ ਝੂਠ ਕਹਾਣੀ ਤੂੰ ਆਪ ਸਹੇੜੀ ਆ...
ਫਿਰ ਬੁੱਤਾਂ ਸਿਰ ਇਲਜ਼ਾਮ ਕਿਉਂ...?
ਖੁੱਲ੍ਹ ਕੇ ਬੱਚਿਆਂ ਨਾਲ਼ ਹੱਸਿਆ ਨਾਂ,
ਕੀਮਤੀ ਵਿਰਸੇ ਬਾਰੇ ਦੱਸਿਆ ਨਾਂ,
ਚੋਰ ਦੇ ਨਾਲੋਂ ਪੰਡ ਬਹੁਤੀ ਕਾਹਲੀ ਆ...
ਫਿਰ ਪੁੱਤਾਂ ਸਿਰ ਇਲਜ਼ਾਮ ਕਿਉਂ...?
ਜਿਸ ਠੰਡੜੀ ਛਾਂ ਦੇਣੀ ਸੀ,
ਤਪਦੇ ਨੂੰ ਪਨਾਹ ਦੇਣੀ ਸੀ,
ਉਹ ਟਾਹਣੀ ਤੂੰ ਆਪ ਹੀ ਕੱਟੀ ਆ...
ਫਿਰ ਰੁੱਖਾਂ ਸਿਰ ਇਲਜ਼ਾਮ ਕਿਉਂ...?
ਸਿਰਜਿਆ ਕੋਈ ਨਿਸ਼ਾਨਾ ਨਾਂ,
ਛੇੜਿਆ ਕੋਈ ਤਰਾਨਾ ਨਾਂ,
ਕਿੰਝ ਮੰਜਿ਼ਲ ਪੈਂਦੀ ਤੇਰੇ ਪੈਰੀ ਆ...?
ਫਿਰ ਰਾਹਾਂ ਸਿਰ ਇਲਜ਼ਾਮ ਕਿੳਂੁ...?
ਬਣ ਰੱਬ ਤੂੰ ਖੜਿਆ ਏਂ,
ਕੁਦਰਤ ਸਾਹਵੇਂ ਅੜਿਆ ਏਂ,
ਕੁਦਰਤ ਨਾਲ਼ੋਂ ਤੇਰੀ ਹਿੱਸੇਦਾਰੀ ਬਾਹਲੀ ਆ...
ਫਿਰ ਰੁੱਤਾਂ ਸਿਰ ਇਲਜ਼ਾਮ ਕਿਉਂ...?
ਜਿਸ ਵਿੱਚ ਤੂੰ ਸੜਿਆ ਏਂ,
ਮਾਘ ਮਹੀਨੇ ਰੜਿਆ ਏਂ,
ਇਹ ਅੱਗ ਤੂੰ ਆਪ ਹੀ ਬਾਲੀ ਆ...
ਫਿਰ ਧੁੱਪਾਂ ਸਿਰ ਇਲਜ਼ਾਮ ਕਿਉਂ...?

ਧੀ-ਧਿਆਣੀ.......... ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)


ਕੁਝ ਹਫ਼ਤੇ ਹੋਏ, ਬੇਟੀ ਤਨੀਸ਼ਾ ਸਾਨੂੰ ਮਿਲਣ ਲਈ ਪੰਜਾਬ ਤੋਂ ਐਡੀਲੇਡ ਆਈ ਹੋਈ ਹੈ . ਅੱਜ ਮੇਰਾ ਮਿੱਤਰ ਸੁਮਿਤ ਟੰਡਨ ਉਸਨੂੰ ਮਿਲਣ ਲਈ ਘਰ ਆਇਆ ਹੋਇਆ ਸੀ . ਉਸਨੂੰ ਗਿਆਂ ਕਰੀਬ ਘੰਟਾ ਕੁ ਹੀ ਹੋਇਆ ਹੈ ਕਿ ਉਸਨੇ ਇਹ ਕਵਿਤਾ ਲਿਖ ਕੇ ਈ-ਮੇਲ ਕੀਤੀ ਹੈ . ਦਿਲ ਨੂੰ ਛੋਹ ਲੈਣ ਵਾਲੀ ਇਹ ਕਵਿਤਾ “ਸ਼ਬਦ ਸਾਂਝ” ਦੇ ਸੰਪਾਦਕ ਦੇ ਤੌਰ ‘ਤੇ ਨਹੀਂ ,ਤਨੀਸ਼ਾ ਦੇ ਪਾਪਾ ਤੇ ਸੁਮਿਤ ਦੇ ਦੋਸਤ ਦੇ ਤੌਰ ‘ਤੇ ਆਪ ਜੀ ਨਾਲ਼ ਸਾਂਝੀ ਕਰ ਰਿਹਾ ਹਾਂ . ਸੁਮਿਤ... ਧੰਨਵਾਦ ਇਸ ਪਿਆਰੀ ਕਵਿਤਾ ਲਈ...


ਰਿਸ਼ੀ ਗੁਲਾਟੀ

ਅੱਜ ਮਿਲੀ ਇੱਕ ਧੀ ਧਿਆਣੀ, ਲੱਗੀ ਦਿਲ ਨੂੰ ਬੜੀ ਸਿਆਣੀ
ਪੋਲਾ ਪੋਲਾ ਹੱਸਦੀ ਐਦਾਂ, ਅੰਬਰ ਵਰ੍ਹਿਆ ਸਾਉਣ ਦਾ ਪਾਣੀ।
ਸ਼ਕਲ ਸੂਰਤ ਤੋਂ ਮਰੀਅਮ ਵਰਗੀ, ਨਟਖਟ ਚੰਚਲ ਪਰੀਆਂ ਵਰਗੀ
ਬੋਲ ਉਹਦੇ ਸੀ ਬੜੇ ਪਿਆਰੇ, ਘਿਓ ਸੱਕਰ ਵਿੱਚ ਗੁੰਨ੍ਹੇ ਸਾਰੇ
ਠੁਮਕ ਠੁਮਕ ਉਹ ਚੱਲਦੀ ਐਦਾਂ, ਗਿੜਦੇ ਹਲਟ ਜਿਊਂ ਬਲ੍ਹਦਾਂ ਥਾਣੀ।
ਅੱਜ ਮਿਲੀ ਇੱਕ ਧੀ ਧਿਆਣੀ…

ਆਈ ਵਤਨ ਤੋਂ ਮਿਲਣ ਸੀ ਮਾਪੇ, ਖੁਸ਼ੀਆਂ ਦੇ ਵਿੱਚ ਫੁੱਲੀ ਜਾਪੇ
ਅੱਖਾਂ ਵਿਚਲੇ ਕੋਏ ਦੱਸਦੇ, ਘੜੀ-ਮੁੜੀ ਜਿਸ ਰਸਤੇ ਨਾਪੇ।
ਮੰਮੀ ਪਾਪਾ ਨਾਲ ਜੋ ਬਹਿੰਦੀ, ਹਰ ਦਮ ਹੱਸਦੀ ਟੱਪਦੀ ਰਹਿੰਦੀ
ਗੁੱਡੇ ਗੁੱਡੀਆਂ ਨੂੰ ਜੋ ਕਹਿੰਦੀ, ਬਣੋ ਮੇਰੇ ਸੱਭ ਹਾਣੀ
ਮਿਲੀ ਸੀ ਇੱਕ ਨਿਆਣੀ…

ਕੁਛ ਦਿਨਾਂ ਲਈ ਆਈ ਜਿਹੜੀ, ਮੁੜ ਕੇ ਹੋਊ ਪਰਾਈ ਜਿਹੜੀ
ਧੀ ਬਾਬੁਲ ਨੂੰ ਦਿਲ ਤੋਂ ਲੋਚੇ, ਅੰਮੀ ਦੇ ਘਰ ਜਾਈ ਜਿਹੜੀ।
ਮਾਪੇ ਹਿੱਕ ‘ਤੇ ਸਿੱਲ੍ਹ ਧਰਨਗੇ, ਧੀ ਨੂੰ ਜਿਸ ਦਿਨ ਵਿਦਾ ਕਰਨਗੇ
ਹੱਥੀਂ ਤੋਰ ਕੇ ਫਾਰਗ ਹੋਣਗੇ, ਜੱਗ ਦੀ ਰੀਤ ਪੁਰਾਣੀ
ਮਿਲੀ ਸੀ ਇੱਕ ਨਿਮਾਣੀ……॥

ਇਕ ਨਦੀ ਨੂੰ.......... ਗ਼ਜ਼ਲ / ਸ਼ਮਸ਼ੇਰ ਮੋਹੀ


ਇਕ ਨਦੀ ਨੂੰ ਪਹਾੜਾਂ ਦੀ ਢਲਵਾਨ ਤੋਂ
ਕੋਲ਼ ਸਾਗਰ ਦੇ ਪਹਿਲਾਂ ਬੁਲਾਇਆ ਗਿਆ
ਫੇਰ ਉਸਦੀ ਰਵਾਨੀ 'ਤੇ ਕਰ ਤਬਸਰੇ
ਹੁਕਮ ਪਰਤਣ ਦਾ ਪੜ੍ਹ ਕੇ ਸੁਣਾਇਆ ਗਿਆ

ਕੀ ਪਤਾ ਕਿਉਂ ਸੀ ਉਸਦਾ ਸ਼ੁਦਾ ਹੋ ਗਿਆ
ਉਹ ਜੋ ਸੁਪਨੇ ਜਿਹਾ ਸੀ ਜੁਦਾ ਹੋ ਗਿਆ
ਨਾਮ ਦਿਲ 'ਤੇ ਇਵੇਂ ਉਹਦਾ ਲਿਖਿਆ ਪਿਐ
ਜੀਕੂੰ ਪੱਥਰ 'ਤੇ ਹੋਵੇ ਲਿਖਾਇਆ ਗਿਆ

ਰਾਜ਼ ਖ਼ੁਦ ਤੋਂ ਵੀ ਅਪਣੇ ਛੁਪਾਉਂਦਾ ਰਿਹਾ
ਰੋਜ਼ ਚਿਹਰੇ 'ਤੇ ਚਿਹਰਾ ਲਗਾਉਂਦਾ ਰਿਹਾ
ਜੋ ਨਾ ਬਦਲੇ ਹਵਾਵਾਂ ਦਾ ਰੁਖ਼ ਵੇਖਕੇ
ਮੈਥੋਂ ਆਪਾ ਨਾ ਐਸਾ ਬਣਾਇਆ ਗਿਆ

ਕਿਉਂ ਮੈਂ ਪੰਛੀ ਦੇ ਨਾਂ ਸੀ ਉਡਾਰੀ ਲਿਖੀ
ਉਹਨਾਂ ਇਸਦੀ ਸਜ਼ਾ ਮੈਨੂੰ ਭਾਰੀ ਲਿਖੀ
ਭਾਵੇਂ ਚੁਪ ਹੋ ਗਿਆ ਮੈਂ ਘੜੀ ਦੀ ਘੜੀ
ਪਰ ਨਾ ਸੋਚਾਂ ਨੂੰ ਬੰਜਰ ਬਣਾਇਆ ਗਿਆ

ਸੁੱਤਿਆਂ ਨੂੰ ਜਗਾਉਂਦੇ ਮੇਰੇ ਗੀਤ ਨੇ
ਮੇਰੇ ਬੋਲਾਂ ਤੋਂ ਤਾਂ ਹੀ ਉਹ ਭੈਭੀਤ ਨੇ
ਮੈਂ ਨਾ ਭੇਜਾਂ ਹਵਾ ਹੱਥ ਸੁਨੇਹੇ ਕਿਤੇ
ਮੇਰੇ ਬੋਲਾਂ 'ਤੇ ਪਹਿਰਾ ਲਗਾਇਆ ਗਿਆ

ਸੋਨੇ ਦੀ ਚਿੜੀ.......... ਨਜ਼ਮ/ਕਵਿਤਾ / ਇੰਦਰਜੀਤ ਪੁਰੇਵਾਲ (ਨਿਊਯਾਰਕ)

ਜੀਣਾ ਮੁਹਾਲ ਹੋਇਆ ਮਰਨਾ ਮੁਹਾਲ ਹੋਇਆ।
ਅੱਜ ਸੋਨੇ ਦੀ ਚਿੜੀ ਦਾ ਵੇਖੋ ਕੀ ਹਾਲ ਹੋਇਆ।

ਰੋਟੀ ਨੂੰ ਤਰਸਦਾ ਏ ਪਾਣੀ ਨੂੰ ਵਿਲਕਦਾ ਏ,
ਅੰਨ ਦਾਤਾ ਦੇਸ਼ ਦਾ ਸੀ ਅੱਜ ਖੁਦ ਕੰਗਾਲ ਹੋਇਆ।

ਚਿੱਟੀ ਤੇ ਹਰੀ ਕ੍ਰਾਂਤੀ ਜਿੱਥੇ ਕਦੇ ਸੀ ਆਈ,
ਕਿਹੜੀ ਕ੍ਰਾਂਤੀ ਆਖਾਂ ਲਹੂ ਵਰਗਾ ਲਾਲ ਹੋਇਆ।

ਬੰਬ ਬਰੂਦ ਗੋਲੀ ਸਬ ਕੁਝ ਹੀ ਨਿਗਲ ਜਾਵੇ,
ਵੇਖੋ ਆਦਮੀ ਦਾ ਮਿਹਦਾ ਕਿੱਡਾ ਵਿਸ਼ਾਲ ਹੋਇਆ।

ਖੁਦ ਆਪ ਫਸਦੀ ਜਾਵੇ ਮੇਰੇ ਦੇਸ਼ ਦੀ ਜਵਾਨੀ,
ਕੈਸਾ ਕਿਸੇ ਦੋਖੀ ਦਾ ਬੁਣਿਆ ਇਹ ਜਾਲ ਹੋਇਆ।

ਕੁਝ ਅੱਤਵਾਦ ਨਿਗਲੀ ਕੁਝ ਨਸ਼ਿਆਂ ਨੇ ਖਾ ਲਈ,
ਭਰਿਆ ਨਾ ਢਿੱਡ ਅਜੇ ਵੀ ਇਹ ਕੀ ਕਮਾਲ ਹੋਇਆ।

ਕੰਨਾਂ ‘ਚ ਗੂੰਜਦੀਆਂ ਮਾਸੂਮਾਂ ਦੀਆਂ ਚੀਕਾਂ,
ਨਗਮਾ ਮੁਹੱਬਤ ਵਾਲਾ ਸੁਣਨਾ ਮੁਹਾਲ ਹੋਇਆ।

ਇਨਸਾਨ ਵਿਕ ਰਿਹਾ ਏ ਈਮਾਨ ਵਿਕ ਰਿਹਾ ਏ,
ਇਜ਼ੱਤ ਵੀ ਵੇਚ ਖਾਧੀ ਏਡਾ ਕੰਗਾਲ ਹੋਇਆ।

ਊਧਮ,ਭਗਤ,ਸਰਾਭੇ ਦੀ ਰੂਹ ਪਈ ਕੁਰਲਾਵੇ,
ਡੁੱਲੇ ਬੇਰਾਂ ਨੂੰ ਸੰਭਾਲੋ ਕੁਝ ਨਹੀਂ ਵਿਚਾਲ ਹੋਇਆ।

ਥਾਂ ਥਾਂ ਤੋਂ ਛਲਣੀ ਹੋਇਆ ਪੰਜਾਬ ਸਿੰਘ ਪੁਕਾਰੇ,
ਵੈਰੀ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਹੋਇਆ।

ਕਦੇ ਮੁਆਫ ਨਹੀਂ ਕਰਨਾ ਇਤਿਹਾਸ ਨੇ ਤੁਹਾਨੂੰ,
ਜੇ ਵੇਲੇ ਸਿਰ ਨਾ ਕਿਧਰੇ ਵੇਲਾ ਸੰਭਾਲ ਹੋਇਆ।

ਕਿੰਨਾ ਚਿਰ ਹੋਰ ਵਗਣੀ ਕਾਲੀ ਹਨੇਰੀ ਲੋਕੋ,
ਬੜਾ ਜ਼ੋਰ ਲਾਇਆ ਮੈਂ ਤਾਂ ਬੁੱਝ ਨਾ ਸਵਾਲ ਹੋਇਆ।

ਪਤਾ ਨਹੀਂ ਕਿੱਥੇ ਉੱਡ ਗਈ ਘੁੱਗੀ ਅਮਨ ਦੀ ਯਾਰੋ,
ਨੀਲੇ ਤੇ ਚਿੱਟੇ ਕਾਂਵਾਂ ਹੱਥੋਂ ਸੱਚ ਹਲਾਲ ਹੋਇਆ।

ਦੇਸਾਂ ਚੋਂ ਦੇਸ ਸੋਹਣਾ ਮੇਰਾ ਪੰਜਾਬ ਯਾਰੋ,
ਫੁੱਲ ਵਾਂਗੂ ਟਹਿਕਦਾ ਸੀ ਹਾਲੋਂ ਬੇਹਾਲ ਹੋਇਆ।

ਸੋਚ.......... ਗ਼ਜ਼ਲ / ਜਸਵੀਰ ਫ਼ਰੀਦਕੋਟ

ਸੋਚ ਮਰ ਗਈ ਏ, ਜ਼ਮੀਰ ਮਰ ਗਈ ਏ,
ਅੱਜ ਜੰਮਣ ਤੋਂ ਪਹਿਲਾਂ ਹੀਰ ਮਰ ਗਈ ਏ।
ਲੱਕੜ ਦੀ ਸੀ ਜੋ ਡੁੱਬਦਿਆਂ ਅੱਖੀਂ ਦੇਖੀ,
ਪਰ ਸੁਣਿਆ ਏ ! ਲੋਹੇ ਦੀ ਤਰ ਗਈ ਏ।
ਸਾਹਵੇਂ ਹੋਇਆ ਸਭ ਕੁਝ ਅੱਖੀਂਆਂ ਦੇ,
ਕੁਝ ਕਹਿਣੋ ਰਹੇ ਜ਼ਮੀਰ ਜੋ ਜ਼ਰ ਗਈ ਏ।
ਆਏ ਦਿਨ ਬਾਰਸ਼ਾਂ ਦੇ ਉਮੀਦ ਸੀ ਬੜੀ,
ਪਰ ਬੱਦਲ਼ੀ ਤਾਂ ਜਾ ਹੋਰਾਂ ਦੇ ਵਰ ਗਈ ਏ।
ਮੈਂ ਰਿਹਾ ਲੋਚਦਾ ਦੋ ਸ਼ਬਦ ਸਤਿਕਾਰ ਭਰੇ,
ਪਰ ਉਸ ਦੀ ਕਹਿੰਦਿਆਂ ਜੀਭ ਠਰ ਗਈ ਏ।
ਹਵਾਵਾਂ ਦੇ ਸੰਗ ਲੜਦੀ ਆਈ ਜੋ ਲਾਟ ਬਣ,
ਤੇਰੇ ਹਉਂਕਿਆਂ ਸਾਹਵੇਂ ਆਣ ਹਰ ਗਈ ਏ ।
ਦਿਨ ਆਏ ਚੋਣਾਂ ਦੇ ਨੋਟਾਂ ਵਾਲੇ ਜਿੱਤ ਗਏ,
ਜਸਵੀਰ‘ ਜ਼ਮੀਰਾਂ ਵਿਕੀਆਂ,ਵੋਟ ਹਰ ਗਈ ਏ।

****

ਹਾਕੀ .......... ਨਜ਼ਮ/ਕਵਿਤਾ / ਸੁਮਿਤ ਟੰਡਨ

ਸੌਖੀ ਖੇਡ ਨਾ ਹਾਕੀ ਮਿੱਤਰਾ, ਦਸਦੇ ਖੇਡਣ ਜਿਹੜੇ,
ਧੜ੍ਹ ਦੀ ਬਾਜ਼ੀ ਲਾ ਕੇ ਜਿੱਤੀਏ ਮੈਚ ਯਾਰ ਦੇ ਵਿਹੜੇ।
ਇੱਕ ਖਿੱਦੋ ਨਾਲ ਪਿੜ ਨੂੰ ਮੱਲਣਾ, ਸੌਖੀ ਗੱਲ ਨਾ ਜਾਣੀ,
ਜਿੱਤ ਹਾਰ ਲਈ ਚੱਲਦੀ ਰੱਜ ਕੇ, ਆਪਸ ਖਿੱਚੋਤਾਣੀ।
ਗੋਲ ਬਣਾਉਂਦੇ ਉਹੀ ਮੁੱਢ ਤੋਂ, ਜੋ ਹਿੰਮਤਾਂ ਦੇ ਹਾਣੀ
ਬਾਕੀ ਤਾਂ ਫਿਰ ਫਾਡੀ ਰਹਿ ਕੇ, ਪਾਉਂਦੇ ਨੀਵੀਂ ਕਾਣੀ।
‘ਖਿੱਦੋ-ਖੁੰਡੀ’ ਨੂੰ ਲਿੱਪ ਕੇ ਭੋਰਾ, ਹਾਕੀ ਬਣੀ ਸਿਆਣੀ
ਚਿਰਾਂ ਤਾਈਂ ਜਿਸ ਧੂਮਾਂ ਪਾਈਆਂ, ਰੁਲ ਗਈ ਅੱਜ ਨਿਮਾਣੀ।
ਕਦੇ ਹਾਕੀ ਖੇਡ ਪੰਜਾਬ ਦੀ ਸੀ ਤੇ ਹਾਕੀ ਸੀ ਮਹਾਰਾਣੀ,
ਸਾਫ਼ ਸਫ਼ੇ ਤੇ ਧੁੰਦਲੀ ਪੈ ਗਈ, ਜਿਸਦੀ ਅੱਜ ਕਹਾਣੀ।
ਧਿਆਨ, ਪਿੱਲੇ ਤੇ ਪਰਗਟ ਕਹਿੰਦੇ ਭਰ ਗਏ ਇਸਦਾ ਪਾਣੀ
ਹੁਣ ਵੀ ਸੱਥ ਵਿੱਚ ਚਰਚਾ ਛਿੜਦੀ, ਜੁੜਦੀ ਜਦ ਕੋਈ ਢਾਣੀ।
ਸਿਆਸਤ ਦੇ ਇਸ ਕਾਲਚੱਕਰ ਵਿੱਚ, ਉਲਝੀ ਜਦ ਦੀ ਤਾਣੀ
ਬੈਟ ਬਾਲ ਦਾ ਵਧਿਆ ਰੌਲਾ, ਹਾਕੀ ਬਣੀ ਪ੍ਰਾਹੁਣੀ।
ਆਪਣਿਆਂ ਘਰ ਜਾਇਆਂ ਨੇ ਜਦੋਂ ਇਸਦੀ ਕਦਰ ਪਛਾਣੀ
ਮੁੜ ਕੇ ਜਿਊਂਦੀ ਕਰਨਗੇ ਇਸ ਨੂੰ, ਖੇਡ ਕੇ ਰੀਤ ਪੁਰਾਣੀ।
****