ਕੁਝਨਾ ਨੂੰ ਮਨਫੀ ਕਰਾਂਗੇ.......... ਗ਼ਜ਼ਲ / ਰਾਜਿੰਦਰ ਜਿੰਦ

ਕੁਝਨਾ ਨੂੰ ਮਨਫੀ ਕਰਾਂਗੇ ਕੁਝਨਾ ਨੂੰ ਥੋੜ੍ਹਾ ਗੁਣਾਂਗੇ।
ਬਹੁਤਾ ਰਲਾ ਕੇ ਝੂਠ ਨੂੰ ਕੋਈ ਕਹਾਣੀ ਬੁਣਾਂਗੇ।

ਦੁਸ਼ਮਣਾਂ ਨੂੰ ਕੀ ਪਤਾ ਕੇਹੋ ਜਿਹਾ ਉਹ ਆਦਮੀ,
ਦੋਸਤਾਂ ਤੋਂ ਓਸਦੀ ਕੋਈ ਕਹਾਣੀ ਸੁਣਾਂਗੇ।

ਆਪ ਬੇਸ਼ਕ ਹਰ ਕੋਈ ਹੈ ਪਾਸਕਾਂ ਵਿਚ ਤੁਲ ਰਿਹਾ,
ਓਸ ਨੂੰ ਪਰ ਰੱਤੀਆਂ ਤੇ ਮਾਸਿਆਂ ਵਿਚ ਪੁਣਾਂਗੇ।

ਜੇ ਕਦੇ ਕਿਸੇ ਮੋੜ ‘ਤੇ ਝੂਠ ਤੇ ਸੱਚ ਮਿਲ ਪਏ,
ਥਕ ਗਏ ਹਾਂ ਸੋਚ ਕੇ ਦੋਹਾਂ ਚੋਂ ਕਿਸਨੂੰ ਚੁਣਾਂਗੇ।

ਅੱਜ ਕੱਲ੍ਹ ਤਾਂ ਹਰ ਕੋਈ ਹੀ ਸਾਜਿਸ਼ਾਂ ਵਿਚ ਜੀਅ ਰਿਹਾ,
ਉਸ ਨੂੰ ਕਿਵੇਂ ਉਲਝਾਵਣਾ ਕੋਈ ਜਾਲ ਐਸਾ ਉਣਾਂਗੇ।

‘ਜਿੰਦ’ ਵਰਗੇ ਹੋਰਨਾਂ ਵਿਚ ਐਬ ਹੀ ਤਕਦੇ ਰਹੇ,
ਔਗੁਣਾਂ ਦੇ ਭਰੇ ਕਦ ਸੋਭਾ ਕਿਸੇ ਦੀ ਸੁਣਾਂਗੇ।

****

ਪਿੱਠ ਦੇ ਵਿਚ ਖੋਭਿਆ .......... ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਪਿੱਠ ਦੇ ਵਿਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ।
ਦੁਸ਼ਮਣੀ ਸੋਚਾਂ ‘ਚ ਪਾ ਤੀ ਦੋਸਤੀ ਦੇ ਵਾਰ ਨੇ।

ਦਿਲ ਆਦੀ ਹੋ ਗਿਐ ਨਿੱਤ ਨਵੀਂਆਂ ਚੋਟਾਂ ਖਾਣ ਦਾ,
ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ।

ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ,
ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ ਨੇ।

ਐ ਖੁਦਾ ਜਿੱਥੇ ਵੀ ਹੈਂ ਲੁਕਿਆ ਰਹਿ ਮਹਿਫੂਜ਼ ਏਂ,
ਥੱਲੇ ਨਾ ਆਵੀਂ ਭੁੱਲ ਕੇ ਏਥੇ ਘਰ-ਘਰ ਵਿਚ ਅਵਤਾਰ ਨੇ।

ਉਹ ਕੁਲਹਿਣੀ ਘੜੀ ਮੈਨੂੰ ਅੱਜ ਵੀ ਨਹੀਂ ਭੁੱਲਦੀ,
ਗੈਰ ਦੀ ਬੁੱਕਲ ‘ਚ ਬਹਿ ਕੇ ਤੱਕਿਆ ਜਦ ਯਾਰ ਨੇ।

ਮੈਂ ਰੋਜ਼ ਸੂਲੀ ਚੜ੍ਹ ਰਿਹਾ ਏਨੀ ਸਜ਼ਾ ਹੀ ਬਹੁਤ ਏ,
ਮਰੇ ਨੂੰ ਕੀ ਮਾਰਨਾ ਏ ‘ਪੁਰੇਵਾਲ’ ਨੂੰ ਤਲਵਾਰ ਨੇ।

****

ਹੁਸਨ ਵੀ ਤਾਂ.......... ਗ਼ਜ਼ਲ / ਜਰਨੈਲ ਸਿੰਘ ਨਿਰਮਲ

ਹੁਸਨ ਵੀ ਤਾਂ ਦਿਨ-ਬਦਿਨ ਮਗਰੂਰ ਹੁੰਦਾ ਜਾ ਰਿਹੈ
ਇਸ਼ਕ ਤੋਂ ਬੇਅੰਤ ਕੋਹਾਂ ਦੂਰ ਹੁੰਦਾ ਜਾ ਰਿਹੈ

ਕੌਣ ਦਿੰਦਾ ਹੈ ਬਲੀ ਅੱਜ ਜਿ਼ੰਦਗੀ ਦੀ ਪਿਆਰ ਨੂੰ
ਧੋਖਿਆਂ ਦਾ ਪਿਆਰ ਵਿਚ ਦਸਤੂਰ ਹੁੰਦਾ ਜਾ ਰਿਹੈ

ਕੁਝ ਜ਼ਮਾਨੇ ਦੀ ਹਵਾ ਹੀ ਹੋ ਗਈ ਹੈ ਇਸ ਤਰ੍ਹਾਂ
ਹਰ ਕੋਈ ਚੁੱਪ ਰਹਿਣ ਲਈ ਮਜਬੂਰ ਹੁੰਦਾ ਜਾ ਰਿਹੈ

ਰੌਸ਼ਨੀ ਮੂਸੇ ਨੂੰ ਕਿੱਦਾਂ ਮਿਲੇਗੀ ਕੋਹਤੂਰ ਤੋਂ
ਆਪ ਜਦ ਕਾਲ਼ਾ ਸਿਆਹ ਕੋਹ-ਤੂਰ ਹੁੰਦਾ ਜਾ ਰਿਹੈ

ਪਿਆਰ ਪੂੰਜੀ ਸਾਂਭ ਕੇ ਰੱਖੀ ਨਹੀਂ ‘ਨਿਰਮਲ’ ਰਤਾ
ਨਫ਼ਰਤਾਂ ਦੇ ਨਾਲ਼ ਦਿਲ ਭਰਪੂਰ ਹੁੰਦਾ ਜਾ ਰਿਹੈ

****


ਸੰਮੋਹਨ.......... ਨਜ਼ਮ/ਕਵਿਤਾ / ਹਰੀ ਸਿੰਘ ਮੋਹੀ

ਲਿਖਦੇ ਕਾਹਦਾ ਓ
ਸੰਮੋਹਿਤ ਕਰ ਲੈਂਦੇ ਓ
ਅਰਥਾਂ ਦੀਆਂ ਤਹਿਆਂ
ਦੇ ਵਿਚ ਲਹਿ ਜਾਂਦੇ ਹਾਂ…
ਅਸਲੀ ਅਰਥ ਨੂੰ
ਫੜ੍ਹਨ ਤੋਂ
ਫਿਰ ਵੀ ਰਹਿ ਜਾਂਦੇ ਹਾਂ…
ਕਿਤੇ ਕੋਈ ਵਿਸ਼ਰਾਮ ਚਿੰਨ੍ਹ
ਡੰਡੀ-ਵਿਸਮਿਕ ਜਾਂ ਪ੍ਰਸ਼ਨ ਚਿੰਨ੍ਹ ਨਹੀਂ
ਅੱਧੇ ਸ਼ਬਦ- ਅਧੂਰੀਆਂ ਸਤਰਾਂ
ਭਾਵਾਂ ਦੇ ਕੋਲਾਜ ‘ਚ
ਅੱਖ ਚਿਪਕ ਜਾਂਦੀ ਹੈ…
ਅੱਧ ਵਿਚਾਲ਼ੇ ਪੁੱਜਦੇ ਪੁੱਜਦੇ
ਮੁੱਢਲੀ ਕੜੀ ਖਿਸਕ ਜਾਂਦੀ ਹੈ
ਤਿਲਮਿਲਾਂਵਦੇ
ਰਹਿ ਜਾਂਦੇ ਹਾਂ
ਬੱਸ
ਸੰਮੋਹਿਤ ਕਰ ਲੈਂਦੇ ਓ…


ਜਿੱਤ.......... ਨਜ਼ਮ/ਕਵਿਤਾ / ਸੀਮਾ ਚਾਵਲਾ

ਸਭ ਤੋਂ ਔਖਾ ਹੁੰਦਾ ਏ
ਕਿਸੇ ਦੀ ਰੂਹ ਨੂੰ ਸਰ ਕਰ ਲੈਣਾ
ਤੇ
ਤੈਨੂੰ ਤਾਂ ਖ਼ੁਦ ਪਤਾ ਨਾ ਲੱਗਿਆ
ਤੂੰ ਇਹ ਕੰਮ ਕਦੋਂ ਕਰ ਲਿਆ



ਆਜ਼ਾਦੀ

ਤੇਰੀ ਕੈਦ ਚੋਂ
ਆਜ਼ਾਦ ਹੋ ਕੇ
ਬਹੁਤ ਉਦਾਸ ਹਾਂ ਮੈਂ
ਇਹ ਕੇਹੀ ਆਜ਼ਾਦੀ ਹੈ
ਨਾ ਤੇਰੇ ਕਰੀਬ
ਨਾ ਆਪਣੇ ਪਾਸ ਹਾਂ ਮੈਂ

ਸੱਚ ਦਾ ਢੋਲ……… ਗ਼ਜ਼ਲ / ਗੋਬਿੰਦ ਰਾਮ ਲਹਿਰੀ

ਸੱਚ ਦਾ ਢੋਲ ਵਜਾਉਂਦਾ ਰਹਿਬਰ
ਝੂਠ ਤੇ ਪਰਦਾ ਪਾਉਂਦਾ ਰਹਿਬਰ

ਚੁੱਪ ਚਾਂਦ ਹੈ ਇਸ ਬਸਤੀ ਵਿਚ
ਲੋਕਾਂ ਨੂੰ ਭੜਕਾਉਂਦੈ ਰਹਿਬਰ

ਬਾਗ਼ ‘ਚ ਪੰਛੀ ਤਾਂ ਰੋਂਦੇ ਹਨ
ਬਾਗ਼ ਨੂੰ ਲਾਂਬੂ ਲਾਉਂਦੈ ਰਹਿਬਰ

ਜਰਬਾਂ ਤੇ ਤਕਸੀਮਾਂ ਦੇ ਵਿਚ
ਸਾਨੂੰ ਕਿਉਂ ਉਲ਼ਝਾਉਂਦੈ ਰਹਿਬਰ

ਪਾਟਕ ਪਾ ਕੇ ਖੂਸ਼ ਹੁੰਦਾ ਹੈ
ਉਤੋਂ ਪਿਆਰ ਜਤਾਉਂਦੈ ਰਹਿਬਰ

ਝੂਠ ਦਾ ਹੋਕਾ ਦਿੰਦੇ ਨੇ ਜੋ
ਉਸਦੇ ਸੋਹਲੇ ਗਾਉਂਦੈ ਰਹਿਬਰ

‘ਲਹਿਰੀ’ ਅਪਣੇ ਮਤਲਬ ਦੇ ਲਈ
ਅਪਣਾ ਸੀਸ ਝੁਕਾਉਂਦੈ ਰਹਿਬਰ

ਮੇਰਾ ਭਾਰਤ.......... ਗੀਤ / ਮਿੰਟਾ ਚਮੇਲੀ

ਘੁੱਗ ਵਸਦੇ ਭਾਰਤ ਦੇਸ਼ ਨੂੰ ਕੋਈ ਨਜ਼ਰ ਹੈ ਲੱਗੀ
ਹਰ ਬੰਦੇ ਦੀ ਕਾਮਨਾ ਉਹ ਮਾਰੇ ਠੱਗੀ
ਜਿੱਥੇ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ,ਮੇਰਾ ਭਾਰਤ ਬੜਾ ਮਹਾਨ

ਅੰਨਦਾਤਾ ਮੇਰੇ ਦੇਸ਼ ਦਾ ਹੈ ਰੁਲ਼ਦਾ ਫਿਰਦਾ
ਜਾਨੋਂ ਪਿਆਰੀਆਂ ਜਿਨਸਾਂ ਦਾ ਅੱਜ ਭਾਅ ਨਾ ਮਿਲਦਾ
ਪਰਵਾਰ ਸਮੇਤ ਖੁਦਕਸੀ਼ਆਂ ਕਰਕੇ ਦੇਵੇ ਜਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਮੇਰਾ ਭਾਰਤ ਬੜਾ ਮਹਾਨ…

ਜਿਥੇ ਨਿੱਕੀ ਵੱਡੀ ਨੌਕਰੀ ਲਈ ਪੈਸੇ ਚੱਲਦੇ
ਮਾਰ ਕੇ ਲੀਡਰ ਠੱਗੀਆਂ ਧਨ ਬਾਹਰ ਘੱਲਦੇ
ਵਾੜ ਖੇਤ ਨੂੰ ਲੱਗ ਪਈ ਏ ਯਾਰੋ ਖਾਣ
ਅਸੀਂ ਕਿਹੜੇ ਮੂੰਹ ਨਾ਼ਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਸੂਰਬੀਰਾਂ ਤੇ ਯੋਧਿਆਂ ਦੀ ਰਾਣੀ ਧਰਤੀ
ਅਣਜੰਮੀਆਂ ਦੀਆਂ ਲਾਸ਼ਾਂ ਨੇ ਅਜ ਗੰਦੀ ਕਰ’ਤੀ
ਜਿਥੇ ਪੁੱਤ ਲਈ ਧੀ ਮਾਰ ਕੇ ਮਾਂ ਸਮਝੇ ਸ਼ਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਜਿਥੇ ‘ਮਿੰਟੇ’ ਵਰਗੇ ਪਾਪੀਆਂ ਦੀ ਕਮੀ ਨਾ ਕੋਈ
ਹੁਣ ਭਾਰ ਝੱਲ ਨਾ ਸਕਦੀ ਮਾਂ ਧਰਤੀ ਰੋਈ
ਜਿਥੇ ਲੱਖਾਂ ਭੁੱਖੇ ਰੋਜ਼ ਹੀ ਰੋਟੀ ਲਈ ਕੁਰਲਾਣ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…


ਉਡੀਕ.......... ਨਜ਼ਮ/ਕਵਿਤਾ / ਗੁਰਜੀਤ ਟਹਿਣਾ

ਦਿਲ ਦਾ ਕਮਰਾ ਖਾਤਿਰ ਤੇਰੀ, ਸੱਜਣਾ ਖੂਬ ਸਜਾਇਆ,
ਸਾਉਣ ਮਹੀਨਾ ਲੰਘ ਚੱਲਿਆ, ਪਰ ਤੂੰ ਨਾ ਮੁੜ ਕੇ ਆਇਆ।

ਇੱਕ ਕੰਧ ਤੇ ਪਾ ਦਿੱਤੀ ਮੈਂ ਰੀਝਾਂ ਦੀ ਫੁਲਕਾਰੀ,
ਸੇਜ ਤੇਰੀ ਤੇ ਯਾਦਾਂ ਵਾਲਾ ਅੜਿਆ ਬਾਗ ਵਿਛਾਇਆ।

ਓਸ ਕੰਧ ਤੇ ਟੰਗ ਦਿੱਤੀ ਮੈਂ ਹਿਜ਼ਰ ਤੇਰੇ ਦੀ ਫੋਟੋ,
ਲਿਖ ‘ਵਿਛੋੜਾ’ ਫੱਟੀ ਉੱਤੇ ਬੂਹੇ ਤੇ ਲਟਕਾਇਆ।

ਵਿੱਚ ਤ੍ਰਿੰਝਣਾ ਰਲ ਮਿਲ ਕੁੜੀਆਂ ਪੀਂਘਾਂ ਝੂਟਣ ਆਈਆਂ,
ਪਰ ਮੈਂ ਤੱਤੜੀ ਨੇ ਨਾਂਹੀ ਅੜਿਆ ਕੋਈ ਸ਼ਗਨ ਮਨਾਇਆ।

ਰੋ-ਰੋ ਕੇ ਮਰ ਜਾਵਣ ਲੋਕੀਂ ਆਪਣਾ ਜਦ ਕੋਈ ਮਰ ਜਾਵੇ,
ਦਿਲ ਮਰਿਆ ਤਾਂ ਅੱਖੀਆਂ ਰੋਈਆਂ ਕਿਸੇ ਨਾ ਸੋਗ ਮਨਾਇਆ।

ਆਥਣ ਉੱਗਣ ਕੰਧੀ ਕੌਲੀਂ ਲੱਗ-ਲੱਗ ਕੇ ਮੈਂ ਰੋਵਾਂ,
ਕਰਾਂ ਉਡੀਕਾਂ ਪਰ ਅੱਜ ਤੱਕ ਨਾ ਟਹਿਣੇ ਵਾਲਾ ਆਇਆ।

+91 94782 77772

ਸੱਚ ਦਾ ਸਵਾਲ........ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਰੁੱਖਾਂ ਵਾਂਗੂ ਤੱਤੀਆਂ ਠੰਡੀਆਂ,ਪਿੰਡੇ ਉੱਤੇ ਸਹਿ ਜਾਂਦਾ ਹਾਂ।
ਸੱਜਣ ਮੌਸਮ ਵਾਂਗ ਬਦਲਦੇ,ਵੇਖ ਭੁਚੱਕਾ ਰਹਿ ਜਾਂਦਾ ਹਾਂ।

ਮੇਰੇ ਮਨ ਮਸਤਕ ਦੇ ਅੰਦਰ,ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ, ਕਈਆਂ ਕੋਲੋਂ ਢਹਿ ਜਾਂਦਾ ਹਾਂ।

ਧੁੱਪ ਦੇ ਵਾਂਗੂ ਖਿੜਿਆ ਹੋਇਆ ,ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਵੇਖ ਕੇ ਸਿਰ ‘ਤੇ ਚੜਿਆ ਬੱਦਲ,ਹਾਉਕਾ ਭਰ ਕੇ ਰਹਿ ਜਾਂਦਾ ਹਾਂ।

ਕੰਨਾਂ ਦੇ ਵਿਚ ਅੱਜ ਵੀ ਉਸਦੇ ਮਿੱਠੇ-ਮਿੱਠੇ ਬੋਲ ਸੁਣੀਂਦੇ,
ਨਾ ਚਾਹ ਕੇ ਵੀ ਬਹੁਤੀ ਵਾਰੀ ਯਾਦਾਂ ਅੰਦਰ ਵਹਿ ਜਾਂਦਾ ਹਾਂ।

ਪੱਕੀ ਗੱਲ ਹੈ ਹੋਰਾਂ ਵਾਂਗੂ ਮੇਰੇ ਵਿਚ ਵੀ ਔਗੁਣ ਹੋਣੈਂ,
ਸਭ ਤੋਂ ਵੱਡਾ ਔਗੁਣ ਮੇਰਾ,ਮੂੰਹ ਤੇ ਸੱਚੀਆਂ ਕਹਿ ਜਾਂਦਾ ਹਾਂ।

ਸੱਚ ਝੂਠ ਨੂੰ ਪੁੱਛਦਾ ਸੀ ਕੱਲ ਸੱਚੋ-ਸੱਚੀ ਦੱਸੀਂ ਮੈਨੂੰ,
ਸੱਚਾ ਹੁੰਦਾ ਹੋਇਆ ਵੀ ਮੈਂ ‘ਕੱਲਾ ਕਾਹਤੋਂ ਰਹਿ ਜਾਂਦਾ ਹਾਂ।

ਜ਼ਿੰਦਗੀ ........ ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ

ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ।
ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ।
ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ,
ਕਦੇ ਇਹ ਆਪਣੇ ਹੀ ਪੈਰ ਉੱਤੇ ਭਾਰ ਲਗਦੀ ਹੈ।
ਵਕਤ ਦੇ ਹੱਥ ਵਿਚ ਹੀ ਖੇਡਦੀ ਹੈ ਸੋਚ ਬੰਦੇ ਦੀ,
ਕਦੇ ਇਹ ਬਿਰਧ ਲਗਦੀ ਹੈ,ਕਦੇ ਮੁਟਿਆਰ ਲਗਦੀ ਹੈ।
ਸਮਾਂ ਕਿੰਨਾ ਸਿਤਮਗਰ ਹੈ,ਉਹ ਭਾਵੇਂ ਕੋਲ ਹੈ ਮੇਰੇ,
ਮਗਰ ਦੋਵਾਂ ਵਿਚਾਲੇ ਫੇਰ ਵੀ ਦੀਵਾਰ ਲਗਦੀ ਹੈ।
ਅਸਾਂ ਨੂੰ ਜਾਪਦਾ ਹੈ ਹੁਣ ਅਸੀਂ ਜੀਵਾਂਗੇ ਮਰ ਮਰ ਕੇ,
ਅਸਾਂ ਨੂੰ ਜ਼ਿੰਦਗੀ ਆਪਣੀ ਬੜੀ ਦੁਸ਼ਵਾਰ ਲਗਦੀ ਹੈ।
ਨਾ ਮਾਰੂਥਲ ਹੀ ਲਗਦੀ ਹੈ,ਨਾ ਲਗਦੀ ਹੈ ਇਹ ਸਾਗਰ ਹੀ,
ਅਸਾਂ ਨੂੰ ਜ਼ਿੰਦਗੀ ਐ ‘ਜਿੰਦ’ ਇਹਨਾਂ ਵਿਚਕਾਰ ਲਗਦੀ ਹੈ।
ਗੁਜ਼ਾਰੀ ਰਾਤ ਹੈ ਜਿਸ ਨੇ,ਉਸਨੂੰ ਪਹਿਰ ਦੇ ਤੜਕੇ,
ਕਦੇ ਇਹ ਜਿੱਤ ਲਗਦੀ ਹੈ,ਕਦੇ ਇਹ ਹਾਰ ਲਗਦੀ ਹੈ।

****


ਕਨੇਡਾ.......... ਗੀਤ / ਇੰਦਰਜੀਤ ਪੁਰੇਵਾਲ,ਨਿਊਯਾਰਕ

ਸੁਣ ਮਾਂਏ ਮੇਰੀਏ ਸੁਣਾਵਾਂ ਤੈਨੂੰ ਫੋਨ ਉੱਤੇ,
ਕੀ-ਕੀ ਹੱਡ ਬੀਤੀ ਮੇਰੇ ਨਾਲ।
ਬੜੇ ਚਾਵਾਂ ਨਾਲ ਤੂੰ ਕਨੇਡਾ ਜੀਨੂੰ ਤੋਰਿਆ ਸੀ,
ਅੱਜ ਹੋਗੀ ਹਾਲੋਂ ਉਹ ਬੇਹਾਲ।
ਛੇਤੀ ਛੇਤੀ ਧੀ ਮੇਰੀ ਚਲੀ ਜਾਏ ਕਨੇਡਾ,
ਸੁੱਖਾਂ ਸੁੱਖਦੀ ਸੈਂ ਉਦੋਂ ਸੌ-ਸੌ ਵਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ ਨਸੀਬੋ ਤੇਰੀ,
ਏਥੇ ਪੈਸੇ ਨਾਲ ਸਬ ਨੂੰ ਪਿਆਰ ਅੰਮੀਏ।

ਚੂੜੇ ਵਾਲੇ ਹੱਥਾਂ ਉੱਤੋਂ ਮਹਿੰਦੀ ਨਹੀਂ ਸੀ ਲੱਥੀ ਅਜੇ,
ਆਣ ਕੇ ਨਣਾਨਾਂ ਘੇਰਾ ਪਾ ਲਿਆ।
ਕਹਿਣ ਭਾਬੀ ਤੂੰ ਵੀ ਅੱਜ ਜਾਬ ਤੇ ਹੈ ਜਾਣਾ,
ਮੈਨੂੰ ਕਾਰ ਵਿੱਚ ਨਾਲ ਸੀ ਬਿਠਾ ਲਿਆ।
ਐਮ.ਏ.,ਬੀ.ਐੱਡ ਪਈ ਖੂਹ ਵਿਚ ਮੇਰੀ,
ਬੇਰੀ ਤੋੜਦੀ ਨੂੰ ਘੂਰੇ ਠੇਕੇਦਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ…………।

ਤੇਰੇ ਨਾਲੋਂ ਪੰਜ ਸੱਤ ਸਾਲ ਛੋਟਾ ਹੋਣੈਂ,
ਸਿਹਰੇ ਲਾ ਕੇ ਜਿਹੜਾ ਢੁੱਕਾ ਸਾਡੇ ਘਰ ਨੀ।
ਉਮਰਾਂ ਦਾ ਜੋੜ ਨਾ ਤੂੰ ਵੇਖਿਆ ਨੀ ਮਾਂਏ,
ਬਸ ਵੇਖ ਕੇ ਕਨੇਡਾ ਗਈੳ ਮਰ ਨੀ।
ਸਾਰਾ ਸਿਰ ਚਿੱਟਾ ਸਾਰੀ ਦਾਹੜੀ ਉਦੀ ਚਿੱਟੀ,
ਕਾਲੇ ਕਰ ਲੈਂਦਾ ਬਹਿ ਕੇ ਐਤਵਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ…………..।

ਸਿਰ ਉੱਤੋਂ ਪਾਣੀ ਹੁਣ ਲੰਘ ਗਿਆ ਮਾਂਏ ,
ਸਾਰੇ ਹੱਦਾਂ ਬੰਨੇ ਗਿਆ ਉਹ ਤੇ ਟੱਪ ਨੀ।
ਅੱਧੀ-ਅੱਧੀ ਰਾਤ ਨੂੰ ਕਲੱਬ ਵਿੱਚੋਂ ਆਉਦਾਂ,
ਆ ਕੇ ਮਾਰਦਾ ਪਹਾੜ ਜਿੱਡੀ ਗੱਪ ਨੀ।
ਅੱਖੀਂ ਵੇਖ ਜ਼ਹਿਰ ਨਹੀਂਓ ਖਾ ਮੈਥੋਂ ਹੁੰਦਾ,
ਗੋਰੀ ਲੈ ਆਉਂਦਾ ਘਰੇ ਕਈ ਵਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ ਨਸੀਬੋ ਤੇਰੀ,
ਏਥੇ ਪੈਸੇ ਨਾਲ ਸਬ ਨੂੰ ਪਿਆਰ ਅੰਮੀਏ।