ਸ਼ਰਾਬ.......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਹਾਸਾ ਜਿਹਾ ਆਉਦਾ ਏ,
ਜੇ ਕੋਈ ਮੈਨੂੰ ਕਹਿੰਦਾ ਏ,
ਮੈਂ ਹਾਂ ਬੁਰੀ, ਮੈਂ ਹਾਂ ਖ਼ਰਾਬ,
ਤੁਸੀਂ ਠੀਕ ਸੋਚਿਆ ਜਨਾਬ,
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ!

ਮੈਂ ਕਿਸੇ ਦੇ ਕੋਲ ਨਾ ਜਾਂਦੀ,
ਮੈਂ ਕਿਸੇ ਨੂੰ ਫੜਕੇ ਨਾ ਲਿਆਉਂਦੀ,
ਜਿਸ ਦੀ ਰੂਹ ਪੀਣ ਨੂੰ ਚਾਹੁੰਦੀ,
ਬੱਸ, ਬੋਤਲ ਦੇ ਨਾਲ ਮੇਲ ਕਰਾਉਂਦੀ,
ਦੋ ਘੁੱਟ ਲਾ ਕੇ ਆਪਣੇ ਆਪ ਨੂੰ,
ਸਾਰੇ ਸਮਝਣ ਰਾਜਾ ਨਵਾਬ,
ਤੁਸੀਂ ਠੀਕ ਸੋਚਿਆ ਜਨਾਬ,
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ !

ਸੁਪਨਾ……… ਗੀਤ / ਸੁਖਜੀਤ ਸਿੰਘ ਪਿੰਕਾ

ਹੋਇਆ ਸਿਫਟ ਤੇ ਯਾਰ ਕੁਵੇਲਾ,
ਨਾ ਲੱਗਾ ਰੋਟੀ ਦਾ ਵੇਲਾ,
ਨਿਕਲਿਆ ਭੁੱਖ ਨਾਲ ਕਾਲਜਾ ਮੇਰਾ,
ਓੁਤੋਂ ਆਵੇ ਨੀਂਦ ਦਾ ਗੇੜਾ,
ਮੈਂ ਭੁੱਖਾ ਸੌਂ ਗਿਆ...

ਸੁੱਤੇ ਨੂੰ ਸੁਪਨਾ ਇੱਕ ਆਇਆ,
ਜਿਵੇਂ ਮਾਂ ਨੇ ਆਣ ਜਗਾਇਆ,
ਮੱਥਾ ਚੁੰਮਿਆ ਸੀਨੇ ਨਾਲ ਲਾਇਆ,
ਮੁੰਹ ਨੂੰ ਦੁੱਧ ਦਾ ਛੱਨਾ ਲਾਇਆ,
ਕਹਿੰਦੀ ਭੁੱਖਾ ਤੇ ਤਿਰਹਾਇਆ,
ਵੇ ਕਿਂਓੁ ਪੁੱਤ ਸੌਂ ਗਿਆ...

ਪਰਦਾ……… ਗੀਤ / ਰਾਜਵੰਤ ਸਿੰਘ ਕੈਨੇਡਾ

ਚੁੱਕ ਪਰਦਾ ਦੇਖ ਚੁਫੇਰੇ ਤੂੰ, ਕਾਹਨੂੰ ਬੈਠਾ ਵਿੱਚ ਹਨੇਰੇ ਤੂੰ
ਇਹ ਪੈਂਡਾ ਤੇਰਾ ਨਾ ਮੁੱਕਣਾ,ਜਿਹੜੇ ਪੈਂਡੇ ਪਿਆ ਲਮੇਰੇ ਤੂੰ

ਤੇਰੇ ਨਾਲ ਨਹੀ ਕੁਛ ਜਾਣਾ ਉਏ, ਦੇਖ ਮੰਨ ਕੇ ੳਹਦਾ ਭਾਣਾ ਉਏ
ਸੱਭ ਉਹਦਾ ਹੀ ਤਾਣਾ ਬਾਣਾ ਉਏ, ਐਵੇਂ ਕਾਹਦੇ ਕਾਜ ਸਹੇੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਤੂੰ ਕਾਹਦਾ ਕਰੇਂ ਗੁਮਾਨ ਮਨਾ, ਇਹ ਝੂਠੀ ਹੈ ਸੱਭ ਸ਼ਾਨ ਮਨਾਂ
ਤੂੰ ਅੰਤ ਜਾਣਾ ਸ਼ਮਸ਼ਾਨ ਮਨਾਂ, ਦਸ ਤੁਰਿਆ ਹੈਂ ਰਾਹ ਕਿਹੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਸਰਵਣ ਪੁੱਤ……… ਗੀਤ / ਬਲਵਿੰਦਰ ਸਿੰਘ ਮੋਹੀ

ਗੀਤ ਜਿੰਨਾ ਦੇ ਸੁਣਕੇ ਅੱਜ ਵੀ ਦਿਲ ਨਾ ਭਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਗੁਰਦਾਸ ਜਿਹੇ ਮਾਂ-ਬੋਲੀ ਦੇ ਪੁੱਤ ਲਾਇਕ ਲੱਭਦੇ ਨਾ,
ਕੁੱਲ ਦੁਨੀਆਂ ਵਿੱਚ ਇਹਦੇ ਵਰਗੇ ਗਾਇਕ ਲੱਭਦੇ ਨਾ,
ਗ਼ੈਰਤ,ਅਣਖ ਜੋ ਗੀਤਾਂ ਵਿੱਚ ਨਾ ਗਹਿਣੇ ਧਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਕਹਿਣ ਸੁਰਿੰਦਰ ਕੌਰ ਨੂੰ ਸਭ ਕੋਇਲ ਪੰਜਾਬ ਦੀ,
ਬੋਲ ਨਰਿੰਦਰ ਬੀਬਾ ਦੇ ਜਿਉਂ ਮਹਿਕ ਗੁਲਾਬ ਦੀ,
ਗੀਤ ਇਹਨਾਂ ਦੇ ਪੌਣਾਂ ਦੇ ਵਿੱਚ ਖੁਸ਼ਬੂ ਭਰਦੇ ਨੇ,
ਸਰਵਣ ਪੁੱਤ ਜੋ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਪਿਆਰ……… ਗੀਤ / ਲੱਖਣ ਮੇਘੀਆਂ

ਸਭਨਾ ਲਈ ਦਿਲੀ
ਸਤਿਕਾਰ ਹੋਣਾ ਚਾਹੀਦਾ।
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ  ਚਾਹੀਦਾ।
            
ਪਹਿਲਾਂ  ਹਰ  ਗੱਲ  ਨੂੰ
ਚਾਹੀਦਾ  ਹੈ   ਤੋਲਣਾ।
ਫਿਰ  ਜਾ ਕੇ  ਚਾਹੀਦਾ
ਸਦਾ  ਉਹਨੂੰ  ਬੋਲਣਾ ।
ਜੋ ਮੁੱਖ ਵਿਚੋਂ  ਬੋਲਿਆ
ਵਿਚਾਰ ਹੋਣਾਂ  ਚਾਹੀਦਾ;
ਦਿਲ ਵਿਚ ਗੁੱਸਾ ਨਹੀ
ਪਿਆਰ ਹੋਣਾ  ਚਾਹੀਦਾ।

ਧੀ ਨਹੀ ਵਿਚਾਰੀ……… ਗੀਤ ਮਲਕੀਅਤ ਸੁਹਲ

ਧੀ ਨਹੀ ਵਿਚਾਰੀ ਇਹ  ਹੈ ਫੁੱਲਾਂ ਦੀ ਪਟਾਰੀ।
ਇਹ ਮਾਪਿਆਂ ਦੇ ਘਰੋਂ ਮਾਰ ਜਾਂਦੀ ਹੈ ਉਡਾਰੀ।
               
ਗੋਦੀ ਮਾਂ ਦਾ ਨਿੱਘ, ਕਦੇ ਮਾਣਦੀ  ਸੀ  ਰੱਜ।
ਬਾਪੂ 'ਵਾਜ ਮਾਰੇ, ਦੌੜੀ  ਆਵੇ  ਭੱਜ  ਭੱਜ ।
ਉਹ ਮਲੋ-ਮਲੀ ਗੋਦੀ ਵਿਚ  ਬੈਠੀ ਹਰ ਵਾਰੀ,
ਧੀ ਨਹੀ ਵਿਚਾਰੀ ਇਹ ਹੈ  ਫੁੱਲਾਂ ਦੀ ਪਟਾਰੀ।

ਮੇਰਾ ਪਿੰਡ.......... ਗੀਤ / ਪ੍ਰੀਤ ਸਰਾਂ

ਰਾਤੀਂ ਨੀ ਮੈਂ ਸੁਪਨੇ ਦੇ ਵਿਚ, ਮਾਏ ਪਿੰਡ ਦਾ ਗੇੜਾ ਲਾਇਆ
ਗੁਰਦੁਆਰਾ ਲੰਘ ਕੇ ਅਖੀਰਲੀ ਗਲੀ ਵਿਚ, ਜਦ ਮੇਰਾ ਘਰ ਆਇਆ
ਤਿਪ-ਤਿਪ ਡਿੱਗ ਪਏ ਅੱਥਰੂ ਨੈਣੋਂ, ਨੀ ਮੈਥੋਂ ਹੋਇਆ ਨਾ ਹੋਸ਼ ਸੰਭਾਲ
ਵਰ੍ਹਿਆਂ ਦੇ ਪਿਛੋਂ ਮਿਲੀ ਹਾਏ ਅੰਮੀਏ ਨੀ, ਲਾਵਾਂ ਘੁੱਟ ਕੇ ਸੀਨੇ ਦੇ ਨਾਲ

ਪਿੰਡ ਦੀ ਜੂਹ ਵਿਚ ਵੜਦਿਆਂ ਹੀ ਮੈਂ, ਤੱਕਿਆ ਚਾਰ-ਚੁਫੇਰਾ
ਹਰ ਇੱਕ ਸ਼ੈਅ ਮੈਨੂੰ ਬਦਲੀ ਲੱਗੇ, ਬਦਲਿਆ ਪਿੰਡ ਦਾ ਚਿਹਰਾ
ਬੂਹੇ ਦੇ ਵਿਚ ਖੜੀ ਮੈਂ ਸੋਚਾਂ, ਜਰੂਰ ਬਦਲੀ ਹੋਊ ਘਰ ਦੀ ਨੁਹਾਰ
ਵਰ੍ਹਿਆਂ ਦੇ ਪਿਛੋਂ..........