ਇੰਤਜ਼ਾਰ.......... ਨਜ਼ਮ/ਕਵਿਤਾ / ਹਰਦੀਪ ਕੌਰ

ਪਾਕ ਮੁੱਹਬਤ ਵਾਲਾ ਬੂਟਾ ਕਿੰਝ ਵੱਧਦਾ,
ਅੰਬਰ ਵੇਲ ਦੀ ਉੱਤੇ ਸੁੱਟ ਤੂੰ ਡਾਲ ਗਿਓਂ!

ਨੀਂਦ ਮੇਰੀ ਦੇ ਸੁਪਨੇ ਨੇ ਕੀ ਪੁੱਗਣਾ ਸੀ,
ਜਾਗਦੀਆਂ ਅੱਖਾਂ ਵਿੱਚ ਦੀਵੇ ਤੂੰ ਬਾਲ ਗਿਉਂ!

ਉਮਰਾਂ ਦੀ ਧੁੱਪ ਵਿੱਚ ਹਨੇਰੇ ਸੌਂ ਚੱਲੀ,
ਜਿੱਦਣ ਦਾ ਦੇ, ਹਿੱਸੇ ਮੇਰੇ ਹਾੜ ਗਿਉਂ!

ਪਲਕਾਂ ਸਾਹਵੇ ਧੁੱਖਦੀ ਰਹਿੰਦੀ ਅੱਖ ਮੇਰੀ,
ਜਿਉਣ ਮੇਰੇ ਦੀ ਆਸ ਨੂੰ ਲੈ ਤੂੰ ਨਾਲ ਗਿਉਂ!

ਉਮਰਾਂ ਦੇ ਚਰਖੇ, ਸਾਹਾਂ ਦੀਆਂ ਪੂਣੀਆਂ ਕਿੰਝ ਕੱਤਾਂ?
ਮਾਲ ਮੇਰੀ ਨੂੰ, ਕਰ ਧੂਣੀ-ਧੂਣੀ ਸਾੜ ਗਿਉਂ!

ਦਿਲ ਦੀ ਮੱਮਟੀ ਰੋਜ਼ ਹੀ ਦੀਵਾ ਬਾਲਾਂ ਮੈਂ,
ਜਿੱਦਣ ਦਾ ਪਾ ਝੋਲੀ ਮੇਰੀ, ਇੰਤਜ਼ਾਰ ਗਿਉਂ!

****