ਲੱਖ ਲੱਖ ਸਿਜਦਾ ਕਰੀਏ.......... ਗੀਤ / ਪਰਮ ਜੀਤ 'ਰਾਮਗੜੀਆ' ਬਠਿੰਡਾ

ਪੋਹ ਮਾਘ ਦੀਆਂ ਰਾਤਾਂ ਤੋਂ ਪੁੱਛ ਲਓ ਕਹਾਣੀ ਨੂੰ
ਜਾਂ ਫਿਰ ਪੁੱਛ ਵੇਖ ਲੈਣਾ ਓਸ ਸਰਸਾ ਦੇ ਪਾਣੀ ਨੂੰ
ਲੱਖ ਲੱਖ  ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਚੌਂਕ ਚਾਂਦਨੀ ਦੇ ਵਿੱਚ ਵੇਖੋ ਕਿੰਝ ਆਪਾ ਵਾਰ ਦਿੱਤਾ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਨਵਾਂ ਵਰ੍ਹਾ.......... ਗ਼ਜ਼ਲ / ਪਰਮਜੀਤ ਰਾਮਗੜ੍ਹੀਆ

ਦੁਆ ਕਰਿਓ  ਕਿ ਏਸ ਵਰ੍ਹੇ ਸਭ ਸੁੱਖ ਹੋਵੇ,
ਫੁੱਲਾਂ  ਤੋਂ  ਵੀ  ਸੋਹਣਾ  ਸਭ  ਦਾ  ਮੁੱਖ ਹੋਵੇ।
ਦਿਓ ਸੁਨੇਹਾ  ਜਨ ਨੂੰ  ਕਿ ਸ਼ਾਂਤੀ ਬਣੀ ਰਹੇ,
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਕਲੀਆਂ  ਵਰਗੇ  ਕੋਮਲ  ਰੂਪ ਰੱਬ ਦਾ ਬੱਚੇ,
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਫੁੱਲਾਂ ਤੋਂ  ਬਿਨਾਂ ਬਗੀਚਾ  ਵੀ ਕਦੇ  ਸੋਹੇ ਨਾ,
ਰੋਹੀ ਵਿੱਚ ਕਦੇ ਨਾ  ਇਕੱਲਾ ਕੋਈ ਰੁੱਖ ਹੋਵੇ।
ਹਰ  ਕਾਮੇ ਦੇ  ਜੀਅ ਨੂੰ ਮਿਲਦੀ ਹੋਵੇ  ਰੋਟੀ,
ਗਰੀਬ ਦੀ ਮੋਤ ਕਦੇ  ਨਾ ਉਸਦੀ ਭੁੱਖ ਹੋਵੇ।

ਗੰਗੂ......... ਨਜ਼ਮ/ਕਵਿਤਾ / ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

‘ਗੰਗੂ’ ਕੋਈ ਇਨਸਾਨ ਨਹੀਂ ਹੁੰਦਾ,
‘ਗੰਗੂ’ ਤਾਂ ਇਕ ਸੋਚ ਹੁੰਦੀ ਹੈ ।
ਅਕ੍ਰਿਤਘਣਾਂ ਦੇ ਲੋਭੀ ਮਨ ਦੀ,
ਸਭ ਤੋਂ ਗੰਦੀ ਲੋਚ ਹੁੰਦੀ ਹੈ ।।
ਇਸ ਧਰਤੀ ਦੇ ਹਰ ਖਿੱਤੇ ਤੇ,
ਲੱਖਾਂ ਹੀ ਅੱਜ ‘ਗੰਗੂ’ ਵਸਦੇ ।
ਜਿਹਨਾਂ ਕਾਰਣ ਖਲਕਤ ਇੱਥੇ,
ਹਰ ਪੱਧਰ ਤੇ ਨੋਚ ਹੁੰਦੀ ਹੈ ।।