ਇਹ ਸਦਾ ਉਡਦੇ.......... ਗ਼ਜ਼ਲ / ਬਰਜਿੰਦਰ ਚੌਹਾਨ

ਇਹ ਸਦਾ ਉਡਦੇ ਹੀ ਰਹਿੰਦੇ ਨੇ ਕਦੇ ਨਾ ਥੱਕਦੇ
ਖਾਹਿਸ਼ਾਂ ਦੇ ਸਭ ਪਰਿੰਦੇ ਪਿੰਜਰੇ ਵਿਚ ਡੱਕਦੇ

ਸੰਘਣੇ ਬ੍ਰਿਖਾਂ ਦੀ ਠੰਢੀ ਛਾਂ ਨਾ ਹੁਣ ਲੱਭਦੀ ਕਿਤੇ
ਹਰ ਕਦਮ ਹਰ ਮੋੜ 'ਤੇ ਮਿਲਦੇ ਨੇ ਬੂਟੇ ਅੱਕ ਦੇ


ਜੇ ਕਦੇ ਪੱਤਾ ਵੀ ਹਿੱਲੇ ਤਾਂ ਸਹਿਮ ਜਾਂਦੇ ਨੇ ਲੋਕ
ਹਰ ਕਿਸੇ ਦੇ ਜ਼ਹਿਨ ਵਿੱਚ ਉੱਗੇ ਨੇ ਜੰਗਲ ਸ਼ੱਕ ਦੇ

ਹੌਲ਼ੀ ਹੌਲ਼ੀ ਜਿਸਮ ਦੇ ਸਭ ਜ਼ਖ਼ਮ ਤਾਂ ਭਰ ਜਾਣਗੇ
ਪਰ ਨਹੀਂ ਸੌਖੇ ਨਿਬੇੜੇ ਰੂਹ 'ਤੇ ਲੱਗੇ ਟੱਕ ਦੇ

ਜ਼ਰਦ ਚਿਹਰਾ, ਦਰਦ ਗਹਿਰਾ, ਸੋਚ ਦਾ ਪਹਿਰਾ ਵੀ ਹੈ
ਰੋਜ਼ ਏਸੇ ਸ਼ਖ਼ਸ ਨੂੰ ਹਾਂ ਆਈਨੇ ਵਿਚ ਡੱਕਦੇ

ਜੇ ਬਦਲ ਸਕਦੇ ਦੁਆਵਾਂ ਨਾਲ਼ ਹੀ ਤਾਰੀਖ ਨੂੰ
ਸੋਚ ਤਾਂ ਲੋਕੀ ਭਲਾ ਤਲਵਾਰ ਫਿਰ ਕਿਉਂ ਚੱਕਦੇ