ਸੰਕਟ.......... ਨਜ਼ਮ / ਬਲਵਿੰਦਰ ਸੰਧੂ

ਜਿਨ੍ਹਾਂ ਰੁੱਖਾਂ
ਧਰਤ ਦੇ ਦੁੱਖਾਂ ਲਈ
ਸੁੱਖਾਂ ਦੇ ਗਾਨੇ ਹੋਣਾ ਸੀ
ਉਹ ਹਿਰਸੀ ਮਨੁੱਖ ਦੀ
ਭੁੱਖ ਦਾ ਸਿ਼ਕਾਰ ਹੋ ਗਏ


ਜਿਨ੍ਹਾਂ ਪੌਣਾਂ
ਧਰਤ ਦਾ ਮੈਲ਼ਾ ਪੌਣਾ
ਮਲ਼ ਮਲ਼ ਧੋਣਾ ਸੀ
ਉਹ ਰੇਤਲ ਵਾਵਰੋਲਿਆਂ ਦੀ
ਅੱਗ ਅੱਗੇ ਬੇਵਸ ਹੋ ਗੀਆਂ

ਜਿਨ੍ਹਾਂ ਨਦੀਆਂ
ਧਰਤ ਦੀਆਂ ਨਸਾਂ 'ਚ
ਰਕਤ ਬਣ ਵਹਿਣਾ ਸੀ
ਨਾਗਾਂ ਦੀ ਭੂਤ ਮੰਡਲੀ
ਉਨ੍ਹਾਂ ਦਾ ਤੁਪਕਾ ਤੁਪਕਾ ਡੀਕ ਗਈ

ਜਿਨ੍ਹਾਂ ਰੁੱਤਾਂ
ਧਰਤ ਦੇ ਪੁੱਤਾਂ ਸਿਰ
ਫੁੱਲਕਾਰੀ ਸੀ ਓੜ੍ਹਨੀ
ਉਹ ਖੁਸ਼ਕ ਮੌਸਮਾਂ ਦੀ
ਧੂੜ 'ਚ ਖੁਰਦ ਬੁਰਦ ਹੋ ਗੀਆਂ
ਜਿਨ੍ਹਾਂ ਸਮਿਆਂ 'ਚ
ਏਨਾ ਅਨਰਥ ਹੋਣਾ ਸੀ
ਉਨ੍ਹਾਂ ਸਮਿਆਂ 'ਚ ਕਵਿਤਾ
ਮਾਂ ਦੇ ਥਣੀ ਦੁੱਧ ਵਾਂਗ ਉਤਰਦੀ
ਕੁਝ ਮੁਸ਼ਕਲ ਸੀ !