ਧੀਆਂ......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਮੈਂ ਪੁਛਣਾ ਚਾਹੁੰਦਾਂ ਆਦਮ ਜਾਤ ਤੋਂ
ਮੈਂ ਪੁਛਣਾ ਚਾਹੁੰਦਾਂ ਇਸ ਸਮਾਜ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੀ ਮਾਂ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੇ ਬਾਪ ਤੋਂ
ਮਾਂ ਬਾਪ ਦੇ ਮਿਲਾਪ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਇੱਕ ਜਨਣੀ ਦੂਜੀ ਜਨਣੀ ਨੂੰ
ਕਿਉਂ ਕੁੱਖ ਵਿੱਚ ਮਾਰ ਮੁਕਾਏ
ਇੱਕ ਮਾਂ ਆਪਣੇ ਹੀ ਬੀਜ ਨੂੰ
ਕਿਉਂ ਜੱਗ 'ਚ ਨਾ ਲਿਆਉਣਾ ਚਾਹੇ
ਪੁੱਤਾਂ ਲਈ ਤਾਂ ਮੰਦਿਰ ਮਸਜਿਦ
ਜਾ - ਜਾ ਕੇ ਫੁੱਲ ਚੜਾਏ
ਪਰ ਬਿਨ ਮੰਗੇ ਜਦ ਰੱਬ ਧੀ ਦੇਵੇ
ਕਿਉਂ ਸਭ ਦੇ ਚਿਹਰੇ ਮੁਰਝਾਏ
ਮਾਂ ਬਾਪ ਦੇ ਅਹਿਸਾਸ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ

ਸੋ ਕਿਉਂ ਮੰਦਾ ਆਖੀਏ
ਜਤਿਹ ਜੰਮਿਹ ਰਾਜਾਨ
ਕਹਿ ਗਏ ਸਾਰੇ ਪੀਰ ਫਕੀਰ
ਮਹਾਂ ਦਾਨ ਹੈ ਕੰਨਿਆ ਦਾਨ
ਕਦੇ ਬਾਪ ਲਈ, ਕਦੇ ਭਰਾ ਲਈ
ਕਦੇ ਪਤੀ ਪੁੱਤ ਲਈ ਸਮਝੌਤੇ ਕਰਦੀ
ਇਹੋ ਧੀ ਜੰਗ ਦੇ ਮੈਦਾਨ ਚੋਂ
ਭਾਗੋ ਝਾਂਸੀ ਵਾਗੂੰ ਲੜਦੀ
ਮਾਂ ਬਾਪ ਦੀ ਤਾਕਤ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਘਾਇਲ ਦੀ ਹੱਥ ਜੋੜ ਬੇਨਤੀ
ਧੀਆਂ ਨੂੰ ਵੀ ਜੰਮਣ ਦਿਉ
ਭੂਆ ਮਾਸੀ ਦੇ ਪਿਆਰੇ ਰਿਸ਼ਤੇ ਨੂੰ
ਆਉਣ ਵਾਲੀ ਪੀੜ੍ਹੀ ਨੂੰ ਸਮਝਣ ਦਿਉ
ਆਉ ਸਾਰੇ ਹੰਭਲਾ ਮਾਰੀਏ
ਧੀਆਂ ਨੂੰ ਦੁਆਈਏ ਬਣਦਾ ਹੱਕ
ਭਾਸ਼ਣ ਕਿਤਾਬੀ ਗੱਲਾਂ ਛੱਡ ਕੇ
ਜੋ ਸੋਚਿਆ ਕਰ ਦਿਖਾਈਏ ਸੱਚ
ਮਾਂ ਬਾਪ ਦੀ ਵਡਿਆਈ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
****