ਮੇਰਾ ਭਾਰਤ........... ਨਜ਼ਮ/ਕਵਿਤਾ / ਰਿਦਮ ਕੌਰ

ਮੈਂ ਉਸ ਭਾਰਤ ਦੀ ਵਾਸੀ ਨਹੀ ,
ਜਿਸ ਲਈ ਸ਼ਹੀਦ ਭਗਤ ਸਿੰਘ ਜੇਹੇ ਸੂਰਮਿਆਂ ਨੇ ਕੁਰਬਾਨੀ ਦਿੱਤੀ ਸੀ ,
ਮੈਂ ਉਸ ਭਾਰਤ ਦੀ ਵਾਸੀ ਹਾਂ ,
ਜਿਥੇ ਕਲਮਾਡੀ ਤੇ ਰਾਜੇ ਜੰਮਦੇ ਨੇ ,

ਮੈਂ ਉਸ ਭਾਰਤ ਦੀ ਵਾਸੀ ਨਹੀ,
ਜਿਥੇ ਸਰਵਨ ਪੁੱਤ ਜੰਮਿਆ ਸੀ ,
ਮੇਰੇ ਹਿੱਸੇ ਦੇ ਭਾਰਤ ਵਿੱਚ ਤਾਂ ,
ਔਲਾਦ ਹੱਥੋਂ ਨਿੱਤ ਮਾਪੇ ਕਤਲ ਹੁੰਦੇ ਨੇ ,


ਇਹ ਉਹ ਭਾਰਤ ਨਹੀਂ
ਜਿਥੇ ਬਾਬੇ ਨਾਨਕ ਜਾਤਾਂ ਦਾ ਭੇਦ ਮਿਟਾਇਆ ਸੀ ,
ਇੱਥੇ ਤਾਂ ,
ਜਾਤਾਂ ਦੇ ਨਾਂ ਤੇ ਨਿੱਤ ਦੰਗੇ ਹੁੰਦੇ ਨੇ ,

ਮੈ ਵਸਨੀਕ ਨਹੀਂ ਉਸ ਭਾਰਤ ਦੀ
ਜਿਥੇ ਲਕਸ਼ਮੀ ਬਾਈ ਨੇ ਅੰਗਰੇਜਾਂ ਦੇ ਛੱਕੇ ਛੁਡਾਏ ਸੀ ,
ਇੱਥੇ ਤਾਂ
ਔਰਤ ਤੇ ਨਿੱਤ ਅਤਿਆਚਾਰ ਹੁੰਦੇ ਨੇ ,

ਮੈਂ ਉਸ ਭਾਰਤ ਦੀ ਵਾਸੀ ਨਹੀ,
ਜਿਸਦਾ ਸੁਪਨਾ ਭਗਤ ਸਿੰਘ ਨੇ ਲਿਆ ਸੀ ,
ਮੇਰੇ ਭਾਰਤ ਨੂੰ ਤਾਂ ਅੱਜ ਵੀ ਗਾਂਧੀ ਦੇ ਖਿਆਲ ਚਲਾਉਂਦੇ ਨੇ

****