ਮੌਸਮ ਚੋਣਾਂ ਦਾ.......... ਨਜ਼ਮ/ਕਵਿਤਾ / ਬਲਵਿੰਦਰ ਸਾਗਰ

ਹੈ ਮੌਸਮ ਚੋਣਾਂ ਦਾ, ਮਾਹੌਲ ਬਣਾਵਣਗੇ,
ਹੁਣ ਰਾਵਣ ਸਭ ਮਿਲ ਕੇ, ਰਾਮ ਰਾਜ ਬਣਾਵਣਗੇ ।

ਇਹ ਲੋਕਾਂ ਦਾ ਤੰਤਰ , ਇਹ ਵੋਟਾਂ ਦਾ ਤੰਤਰ ,
ਇਸ ਘੁਮੰਣ – ਘੇਰੀ ਵਿਚ ਲੋਕਾਂ ਨੂੰ ਫਸਾਵਣਗੇ ।

ਸਭ ਵੋਟਰ ਭਾਰਤ ਦੇ , ਬੜੇ ਭੋਲੇ ਭਾਲੇ ਨੇ,
ਹਰ ਵਾਰ ਭਰਮ ਜਾਂਦੇ , ਹੁਣ ਫਿਰ ਭਰਮਾਵਣਗੇ ।

ਚਿਟੇ ਕੁਝ ਭਗਵੇਂ ਨੇ , ਕੁਝ ਲਾਲ ਤੇ ਨੀਲੇ ਨੇ ,
ਸਭ ਭੇਖੀ ਰਾਵਣ ਨੇ , ਕਿਵੇਂ ਰਾਮ ਲਿਆਵਣਗੇ ।

ਸਦੀ ਅਧੀ ਬੀਤ ਗਈ , ਲਾਰੇ ਤੇ ਨਾਅਰਿਆਂ ਵਿਚ,
ਮੂਰਖ ਹੀ ਬਣਾਉਂਦੇ ਰਹੇ , ਮੂਰਖ ਹੀ ਬਣਾਵਣਗੇ ।

ਇਸ ਘੋਰ ਹਨੇਰੇ ਵਿਚ , ਜੁਗਨੂੰ ਕੋਈ ਚਮਕ ਪਵੇ,
ਇਹ ਆਸ ਹੈ 'ਸਾਗ਼ਰ' ਨੂੰ, ਸਭ ਜੇਲ੍ਹ 'ਚ' ਜਾਵਣਗੇ।