ਮੈਂ ਤੇ ਮੈਂ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਸੂਰਜ ਚੜਿਆ ਤਾਂ ਮੈਂ ਰੋਈ
ਸੂਰਜ ਡੁਬਿਆ ਤਾਂ ਮੈਂ ਰੋਈ
ਰਾਤ ਨੂੰ ਤਾਰੇ ਬੁਝਦੇ ਦਿਸਣ
ਦਿਨ ਦੀ ਚਾਦਰ ਮੈਲੀ ਹੋਈ ।

ਦਿਲ ਪੁਛਦਾ ਇਹ ਕਿੰਝ ਦਾ ਵੇਲਾ
ਕੀ ਦਸਾਂ ਮੈਂ ਕੀ ਝਮੇਲਾ
ਬੀਤ ਚੁਕੇ ਸਮਿਆਂ ਦੀ ਗਿਣਤੀ
ਕਰ ਕਰ ਹਾਰੀ ਖਤਮ ਨਾ ਹੋਈ ।

ਦਰਿਆਵਾਂ ਵਿਚ ਵਗ ਗਏ ਪਾਣੀ
ਕਿਥੇ ਗਵਾਚ ਗਏ ਨੇ ਹਾਣੀ
ਰੁਤ ਫੁਲਾਂ ਦੀ ਚਲੀ ਗਈ ਗਈ ਏ
ਦੇਖ ਖਿਜਾਂ ਨੂੰ ਬੁਲਬੁਲ ਮੋਈ ।

ਜਿਥੇ ਦੇਖੇ ਸਨ ਮੈਂ ਸੁਪਨੇ
ਜਿਥੇ ਰਹਿੰਦੇ ਸੀ ਮੇਰੇ ਆਪਣੇ
ਉਹ ਸ਼ਹਿਰ ਬੇਸ਼ਕਲਾ ਹੋਇਆ
ਉਸਦੀ ਹੁਣ ਤਾਂ ਰੂਹ ਵੀ ਮੋਈ

ਕਿਥੋਂ ਚੱਲੀ ਕਿਥੇ ਜਾਣਾ
ਧਰਤੀ ਜਿਡਾ ਭੇਤ ਪੁਰਾਣਾ
ਗਲੀਂ ਬਜ਼ਾਰੀਂ ਲਭਦੀ ਫਿਰਦੀ
ਯਾਰ ਮੇਰੇ ਦੀ ਖਬਰ ਨਾ ਕੋਈ ।

****