ਸਾਡੇ ਕੋਲ ਸਮਾਂ ਨਹੀਂ.......... ਨਜ਼ਮ/ਕਵਿਤਾ / ਕੇਵਲ ਕ੍ਰਾਂਤੀ


ਸਾਨੂੰ ਕੋਈ ਪ੍ਰਵਾਹ ਨਹੀਂ
ਸਾਡੇ ਵੱਲੋਂ ਤਾਂ ਹੁਣ ਸਾਇਮਨ ਕਮਿਸ਼ਨ ਛੱਡ
ਸਾਇਮਨ ਕਮਿਸ਼ਨ ਦਾ ਪਿਓ ਲਾਗੂ ਹੋ ਜਾਏ
ਸਾਡੇ ਕੋਲ ਹੁਣ ਕਾਲੀਆਂ ਝੰਡੀਆਂ ਚੱਕ ਕੇ
ਗੋ ਬੈਕ, ਗੋ ਬੈਕ ਦੇ ਨਾਹਰੇ ਲਾਉਣ ਦਾ ਸਮਾਂ ਨਹੀਂ
ਸਾਨੂੰ ਤਾਂ ਹੁਣ ਹੋਸਟਲ ਦੀ ਛੱਤ ਤੇ ਚੜ੍ਹ ਕੇ
ਕੁੜੀਆਂ ਦੇ ਨਾਂ ਤੇ ਲਲਕਾਰੇ ਮਾਰਨ ਤੋਂ ਹੀ ਵਿਹਲ ਨਹੀਂ।
ਸਾਨੂੰ ਓਦੋਂ ਫਿਕਰ ਨਹੀਂ ਹੁੰਦਾਂ
ਜਦੋਂ ਸਾਡੇ ਨਰਮੇ ਨੂੰ ਔੜ ਮਾਰਦੀ ਏ
ਤੇ ਅੱਠ ਦਾ ਇੰਜਣ ਡੀਜ਼ਲ ਦੇ ਨਾਲ-ਨਾਲ
ਸਾਡੇ ਬਾਪੂ ਦਾ ਖੂਨ ਪਸੀਨਾ ਵੀ ਪੀ ਜਾਂਦਾ ਏ

ਸਾਨੂੰ ਤਾਂ ਓਦੋਂ ਫਿਕਰ ਹੁੰਦਾਂ
ਜਦੋਂ ਪੈਟਰੋਲ ਮਹਿੰਗੇ ਕਾਰਨ
ਸਾਡਾ ਬੁਲਟ ਤਿਹਾਇਆ ਰਹਿ ਜਾਂਦਾ।
ਕੀ ਹੋਇਆ ਜੇ ਪਿੰਡ ਵਿੱਚ ਸ਼ਾਹੂਕਾਰ
ਸਾਡੇ ਘਰ ਨਿੱਤ ਗੇੜੇ ਮਾਰਦਾ ਏ
ਬਾਪੂ ਨੂੰ ਬੁਰਾ ਭਲਾ ਬੋਲਦਾ
ਤੇ ਜ਼ਮੀਨ ਕੁਰਕਣ ਦੀਆਂ ਧਮਕੀਆਂ ਦਿੰਦਾ ਏ
ਪਰ ਚੰਡੀਗੜ੍ਹ ਵਿੱਚ ਤਾਂ ਸਾਡੀ ਕੋਈ ਹਵਾ ਵੱਲ ਨਹੀਂ ਝਾਕਦਾ
ਸਾਥੋਂ ਹੁਣ "ਭਗਤ ਸਿੰਘ" ਦੀ ਪੱਗ ਦਾ ਭਾਰ ਨਹੀਂ ਚੱਕਿਆ ਜਾਂਦਾ
ਸਾਡੇ ਸਿਰ ਤੇ ਤਾਂ ਹੁਣ ਧੋਨੀ ਦਾ ਹੈਲਮਟ ਹੈ।
ਵੈਸੇ ਵੀ ਅਸੀਂ ਕਿਸੇ ਹੋਰ ਵਿਚਾਰ ਨਾਲ ਚਲਦੇ ਹਾਂ
"ਬੁਰਾ ਨਾ ਵੇਖੋ"
ਅੱਖਾਂ ਤੇ ਕਾਲੀ ਐਨਕ ਲਾਉਦੇਂ ਹਾ
"ਬੁਰਾ ਨਾ ਸੁਣੋ"
ਕੰਨਾਂ ਵਿੱਚ ਈਅਰ ਫੌਨ ਤੇ ਮਸਤ ਮਿਊਜਕ
"ਬੁਰਾ ਨਾ ਬੋਲੋ"
ਮੂੰਹ ਵਿੱਚ  ਚਿੰਗਮ ਜਾਂ ਸਿਗਰਟ।
ਛੱਡੋ ਯਾਰ ਸਾਡੇ ਕੋਲ ਸਮਾਂ ਨਹੀਂ
ਤੁਸੀਂ ਹੀ ਮਿਣੋ ਰੋਟੀ ਤੇ ਭੁੱਖ ਵਿਚਲਾ ਫਾਸਲਾ
ਅਸੀਂ ਤਾਂ ਹੁਣ
ਕੁੜੀਆਂ ਦੇ ਲੱਕ ਮਿਣਾਗੇ
ਵੇਟ ਤੋਲਗੇ………

****