3 ਨਜ਼ਮਾਂ……… ਨਜ਼ਮ/ਕਵਿਤਾ / ਹਰਪ੍ਰੀਤ ਐੱਸ.

ਜੇਕਰ ਘਰਾਂ ਤੋਂ ਤੁਰ ਪਏ ਹੋ
ਨਦੀਆਂ ਸੰਗ ਲਹਿਰ ਬਣ ਕੇ
ਘਰਾਂ ਨੂੰ ਜਦ ਵੀ ਮੁੜਿਓ
ਤਾਂ ਮੁੜਿਓ ਇਕ ਸਾਗਰ ਬਣ ਕੇ
ਅਸੀਂ ਤਾਂ ਹਰ ਵਕਤ ਉਹਦੇ
ਪੈਰਾਂ ’ਚ ਫੁੱਲ ਧਰਦੇ  ਰਹੇ
ਖੁੱਭੇ ਉਹ ਸੀਨੇ ਸਾਡੇ ’ਚ
ਲਿਸ਼ਕਦੇ ਖੰਜ਼ਰ ਬਣ ਕੇ
ਤਾਨ੍ਹੇ ਸ਼ੀਸ਼ੇ ਦੇ ਸੁਣੇ
ਤੇ ਹਨ੍ਹੇਰਾ ਚੀਰਨੋਂ ਵੀ ਗਿਆ
ਕੀ ਮਿਲਿਆ ਕੰਬਖ਼ਤ ਨੂੰ
ਮੋਮ ਤੋਂ ਪੱਥਰ ਬਣ ਕੇ
ਜਦ ਤੱਕ ਸ਼ਬਦ ਹਾਂ
ਤਾਂ ਹੈ ਕੋਈ ਅਕਸ ਮੇਰਾ
ਅਕਸ ਮਿਟਾ ਬੈਠਾਂਗਾ
ਇਕੱਲਾ ਅੱਖਰ ਬਣ ਕੇ

**** 

2. ਕਾਗਜ਼ ਚੁਗਣ ਵਾਲਾ

ਅਸੀਂ ਤਾਂ
ਢਿੱਡ ਭਰ ਕੇ
ਖ਼ਾਲੀ ਹੋਏ ਪਲਾਸਟਿਕ ਦੇ
ਲਿਫ਼ਾਫਿਆਂ ਨੂੰ
ਸੁੱਟ ਦਿੰਦੇ ਹਾਂ ਬਾਹਰ......
ਪਰ
ਕਾਗਜ਼ ਚੁਗਣ ਵਾਲਾ
ਉਨ੍ਹਾਂ ਲਿਫ਼ਾਫ਼ਿਆਂ ਨੂੰ
ਇਕੱਠੇ ਕਰਕੇ
ਭਰਦਾ ਹੈ ਢਿੱਡ।

**** 

3. ਸਹਿਯੋਗ

ਅੱਖਰ
ਅੱਖਰ ਨਾਲ ਮਿਲ ਕੇ
ਲਗਾਂ, ਮਾਤ੍ਰਾਵਾਂ ਦੇ
ਸਹਿਯੋਗ ਨਾਲ
ਬਣਾਉਂਦਾ ਹੈ ਸ਼ਬਦ
ਤੇ ਸ਼ਬਦ ਦਾ
ਹੁੰਦਾ ਹੈ ਕੋਈ ਨਾ ਕੋਈ ਅਰਥ
ਪਰ......
ਇਕੱਲਾ ਅੱਖਰ
ਬੇ-ਅਰਥਾ ਹੁੰਦੈ
ਨਿਰਾ ਨਿਅਰਥਕ
ਸੋ.......
ਅੱਖਰ ਤੋਂ ਸ਼ਬਦ ਬਣਨ ਲਈ
ਤੇ ਸਾਰਥਕ ਹੋਣ ਲਈ
ਜ਼ਰੂਰੀ ਹੈ
ਅੱਖਰ ਦਾ ਅੱਖਰ ਨਾਲ ਮੇਲ
ਤੇ ਲਗਾਂ ਮਾਤ੍ਰਾਵਾਂ ਦਾ ਸਹਿਯੋਗ।
       
****