ਰੱਬ........ ਨਜ਼ਮ/ਕਵਿਤਾ / ਕੁਲਦੀਪ ਸਿੰਘ


ਜਿਵੇਂ ਚਲਦਾ ਹੈ ਚੱਕਰ ਚਲਾਈ ਜਾਂਦਾ 
ਕੋਈ ਸਵਰਗਾਂ ਦੇ ਸੁਪਨੇ ਦਿਖ਼ਾਈ ਜਾਂਦਾ।
ਕੋਈ ਕੰਨਾਂ ਚ ਫੂਕ ਮਾਰ ਕੇ ਨਾਮ ਦਿੰਦਾ
ਕੋਈ ਅੱਖ਼ਾਂ ਬੰਦ ਕਰ ਰੱਬ ਦਿਖ਼ਾਈ ਜਾਂਦਾ।
ਕੋਈ ਕਹਿੰਦਾ ਔਰਤ ਨਾਂ ਮੱਥੇ ਲ਼ੱਗੇ
ਕੋਈ ਬੈਠਾ ਜੱਸ ਔਰਤਾਂ ਦੇ ਗਾਈ ਜਾਂਦਾ।
ਨੀਲੇ ਖ਼ਲਾਅ ਨੂੰ ਕੋਈ ਰੱਬ ਕਹਿ ਰਿਹਾ
ਕੋਈ ਦਿਲਾਂ ਵਿੱਚ ਜੋਤਾਂ ਜਗਾਈ ਜਾਂਦਾ।
ਕੋਈ ਕਹਿੰਦਾ ਰੱਬ ਕਣ-ਕਣ ਵਿੱਚ
ਕੋਈ ਗ੍ਰਹਿਸਤੀ ਬਾਣੇ ਚ ਸਮਝਾਈ ਜਾਂਦਾ।
                                                                     
ਪਰ ਰੱਬ ਤਾਂ ਬੈਠਾ ਹੈ ਏਸੀ ਗੁਫਾਵਾਂ
ਚੰਗੀ ਸ਼ਰਾਬ ਸ਼ਬਾਬ ਕਬਾਬ ਖਾਈ ਜਾਂਦਾ।
ਗਰਮੀ ਵਿੱਚ ਟੂਰ ਲੱਗਣ ਵਿਦੇਸ਼ਾਂ ਦੇ
ਬਿਨਾਂ ਮੱਥਾ ਟਿਕਾਏ ਦੌਲਤ ਕਮਾਈ ਜਾਂਦਾ।
ਅਖੇ ਲੁੱਟ ਲਓ ਲੁੱਟ ਲਓ ਰਾਮ ਦਾ ਨਾਮ
ਆਪ ਥੋਡੀ ਕਿਰਤ ਤੇ ਲੁੱਟ ਮਚਾਈ ਜਾਂਦਾ।
ਅਖੇ ਮਾਇਆ ਨਾਗਣੀ ਨਾਲ ਨਹੀਂ ਜਾਣੀ
ਆਪ ਮਾਇਆ ਨੁੁੁੂੰ ਜੱਫੀਆਂ ਪਾਈ ਜਾਂਦਾ।
ਕਹਿੰਦਾ ਨਾਮ ਦੇ ਜਹਾਜ ਤੇ ਲਓ ਝੂਟੇ
ਆਪ ਤੁਹਾਡੀ ਰੇਲ ਬਣਾਈ ਜਾਂਦਾ।
ਅਖੇ ਰੁੱਖ਼ੀ-ਸੁੱਕੀ ਖ਼ਾ ਕੇ ਪਾਣੀ ਪੀ ਲਓ
ਪੱਖ਼ ਚੋਪੜੀ ਵਾਲਿਆਂ ਦਾ ਪੁਗਾਈ ਜਾਂਦਾ।
ਜੋ ਘਸੁੰਨ ਮਾਰੇ ਉਸਦਾ ਹੱਥ ਚੁੰਮੋ
ਜ਼ੁਲ਼ਮ ਸਹਿਣ ਦੀਆਂ ਆਦਤਾਂ ਪਾਈ ਜਾਂਦਾ।
ਜੋ ਗੁਰ ਆਖੇ ਵਾਟ ਮੁਰੀਦੈ ਜੋਲੀਐ
ਤਰਕਸ਼ੀਲ਼ ਸੋਚ ਤੇ ਜਿੰਦਰੇ ਲਗਾਈ ਜਾਂਦਾ।
ਕਹਿੰਦਾ ਰੱਬ ਦੇ ਨਾਮ ਤੇ ਵਿਸ਼ਵਾਸ ਰੱਖ਼ੋ
ਆਪ ਆਪਣੀ ਸੁਰਖਿਆ ਵਧਾਈ ਜਾਂਦਾ।
ਅਖੇ ਰੱਬ ਦੇ ਬੰਦਿਓ ਡਰਨ ਦੀ ਲੋੜ ਨਹੀਂ
ਆਪ ਡਰਦਾ ਡੂੰਘੀਆਂ ਖ਼ੁੱਡਾਂ ਪੁਟਾਈ ਜਾਂਦਾ।
ਚੰਗੇ ਕੰਮਾਂ ਦੇ ਦੋ-ਚਾਰ ਢਕੋਸਲੇ ਕਰਕੇ
ਭੋਲੇ ਦੁਨੀਆਦਾਰਾਂ ਦੇ ਹੋਸ਼ ਗਵਾਈ ਜਾਂਦਾ।
ਗੁਨਾਹਗਾਰਾਂ ਨੂੰ ਨਾਂ ਕਦੇ ਸਜ਼ਾ ਦਿਵਾਈ
ਜਿਥੇ ਆਫ਼ਤ ਹੋਵੇ  ਮਦਦ ਪਹੁੰਚਾਈ ਜਾਂਦਾ।
ਮਹਿੰਗਾਈ ਖ਼ਿਲ਼ਾਫ਼ ਨਾਂ ਇਕ ਲ਼ਫ਼ਜ਼ ਬੋਲੇ
ਉਬਲਦੇ ਲੋਕਾਂ ਨੂੰ ਸ਼ਾਂਤ ਕਰਾਈ ਜਾਂਦਾ।
ਬਦਲੇ ਚ ਸਰਕਾਰ ਦਿੰਦੀ ਸੁਰਖ਼ਿਆ ਇਸਨੂੰ
ਬੈਠਾ ਬਾਦਸ਼ਾਹਾਂ ਵਾਲੇ ਸ਼ੌਂਕ ਪੁਗਾਈ ਜਾਂਦਾ।  
ਕੁਲਦੀਪ ਬਰਾੜਾ ਇਹ ਮਨੁੱਖਤਾ ਸਾੜ ਦਿਉ
ਬੈਠਾ ਬਰੂਦ ਤੇ ਤੀਲੀਆਂ ਮਚਾਈ ਜਾਂਦਾ

****