ਬੇਗਾਨਾ ਪਿੰਡ......... ਨਜ਼ਮ/ਕਵਿਤਾ / ਜੋਤਪਾਲ ਸਿਰਸਾ,ਹਰਿਆਣਾ


ਖੂਹ ਦਾ ਪਾਣੀ ਖੌਰੇ ਕਿਥੇ ਚੋ ਗਿਆ
ਅੱਜ ਪਿੰਡ ਬੇਗਾਨਾ ਹੋ ਗਿਆ
ਤਰਸ ਗਈ ਰੂਹ ਮਲ੍ਹੇ ਦੇ ਬੇਰਾਂ ਨੂੰ
ਕਿੰਝ ਭੁਲਾਵਾਂ ਕੁਕੜ ਦੀ ਬਾਂਗ ਨਾਲ ਚੜਦੀਆਂ ਸਵੇਰਾਂ ਨੂੰ
ਸਥ ਵਾਲੇ ਬੋਹੜ ਦਾ ਨਾਮੋ ਨਿਸ਼ਾਨ ਨਹੀਂ
ਇੰਝ ਲਗਦਾ ਹੈ ਪਿੰਡ ਵਿਚ ਜਾਨ ਨਹੀ
ਨਾ ਹੁਣ ਖੜਕਣ ਬਲਦਾਂ ਦੀਆਂ ਟੱਲੀਆਂ
ਨਾ ਦਿਸਣ ਮੁਟਿਆਰਾਂ ਭੱਤਾ ਲੈ ਖੇਤ ਨੂੰ ਚਲੀਆਂ
ਬਨੇਰਿਆਂ ਤੇ ਪੈਂਦੀਆਂ ਮੋਰਾਂ ਦੀਆਂ ਪੈਲਾਂ ਗੁੰਮ ਗਈਆਂ
ਜਿਧਰ ਦੇਖੋ ਕੂਕਰਮੁਤਿਆਂ ਵਾਂਗ ਡਿਸ਼ ਦੀਆਂ ਛਤਰੀਆਂ ਉਗ ਗਈਆਂ
ਇੰਟਰਨੈਟ ਯੁਗ ਦੇ ਬਚਿਆਂ ਨੂੰ ਨਾਨੀ ਦੀ ਬਾਤ ਭਾਵੇ ਨਾ
ਵਜਦਾ ਡੀ.ਜੇ. ਮੇਲਿਆਂ ਵਿਚ ਕੋਈ ਕਿੱਸੇ ਵਾਰਾਂ ਗਾਵੇ ਨਾ
ਖੂੰਜੇ ਰਹਿ ਗਿਆ ਚਰਖਾ ਲੱਗਾ ਮਿਠੀ ਘੂਕ ਹੁਣ ਸੁਣਦੀ ਨਾ
ਰਹਿ ਗਈ ਕਿਧਰੇ ਪਰਾਂਦੀ ਟੰਗੀ ਕੁੜੀ ਗੁੱਤ ਹੁਣ ਗੁੰਦਦੀ ਨਾ
ਅੰਮ੍ਰਿਤ ਸੀ ਜੋ ਪੰਜਾ ਆਬਾਂ ਦਾ ਪਾਣੀ ਜਹਿਰੀ ਹੋ ਗਿਆ
ਕੁੱਟੀ ਰਹਿ ਗਈ ਛੰਨੇ ਚ ਚੂਰੀ ਪੁੱਤ ਜੋ ਸ਼ਹਿਰੀ ਹੋ ਗਿਆ
ਕਰਦਾ ਗੱਲਾਂ ਭਲੇ ਵੇਲਿਆਂ ਦੀਆਂ ਬਾਬਾ ਬਖਤੌਰਾ ਰੋ ਪਿਆ
ਅੱਜ ਪਿੰਡ ਬੇਗਾਨਾ ਹੋ ਗਿਆ .. 

****