ਸਿਆਸੀ ਗਮਲਾ........... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂੰ


ਸੁੰਦਰ ਸੁਹਣਾ ਵੇਖ ਕੇ ਗਮਲਾ, ਸੁੰਦਰ ਬੂਟਾ ਲਾਇਆ ਮੈਂ
ਨੋਟਾਂ ਬਦਲੇ ਵੋਟਾਂ ਪਾ ਕੇ, ਖੁਦਕਸ਼ੀ ਵਣਜ ਕਮਾਇਆ ਮੈਂ
ਹੱਥ ਕੁਹਾੜਾ ਚੁੱਕ ਕੇ ਆਪਣੇ, ਪੈਰੀਂ ਆਪ ਚਲਾਇਆ ਮੈਂ
ਉੱਚਾ ਸੁੱਚਾ ਲਕਸ਼ ਜੋ ਮੇਰਾ, ਭੰਗ ਦੇ ਭਾਅ ਵਿਕਾਇਆ ਮੈਂ
ਜਾਣ ਬੁੱਝ ਕੇ ਆਪਣਾ ਬੋਦਾ, ਸਿ਼ਕਾਰੀ ਹੱਥ ਫੜਾਇਆ ਮੈਂ

ਦਾਰੂ ਸਿੱਕੇ ਲਾਲਚ ਬਦਲੇ, ਚਰਿੱਤਰ ਈਮਾਨ ਗਵਾਇਆ ਮੈਂ
ਸੁਹਿਰਦ ਰਾਜਾ ਲੱਭਣ ਖਾਤਰ, ਅਵੈਧ ਪਥ ਅਪਨਾਇਆ ਮੈਂ
ਮਤਦਾਨ ਭਰਕੇ ਬਕਸੇ ਅੰਦਰ, ਸ਼ਾਸਕ ਇੱਕ ਬਣਾਇਆ ਮੈਂ
ਸਮਰੱਥਾ ਵੇਖੀ ਪਰਖੀ ਨਾ, ਮੂੰਹ-ਮੁਲਾਹਜਾ ਭਗਤਾਇਆ ਮੈਂ
 
ਜਨਤਾ ਦੇ ਗਲ਼ ਫੰਦਾ ਬਣਿਆ, ਜੋ ਰੱਸਾ ਆਪ ਵਟਾਇਆ ਮੈਂ
ਸਿਰ ਮਨਾਉਂਦੇ ਵਾਛੜ ਪੈ ਗੀ, ਉਲਟਾ ਕਸ਼ਟ ਉਠਾਇਆ ਮੈਂ
ਰੰਗਿਆ ਗਿੱਦੜ ਵਿਆਂਕਣ ਲੱਗਾ, ਗੱਦੀ ਜਦ ਬਿਠਾਇਆ ਮੈਂ
ਗਿਰਗਿਟ ਵਾਂਗੂ ਬਦਲਿਆ ਛੇਤੀ,ਪੜਦਾ ਮੂੰਹ ਤੋਂ ਲਾਹਿਆ ਮੈਂ

ਕੈਂਸਰ ਵਾਂਗ ਸੋਸਾਇਟੀੰ ਖਾਏ, ਸਿਤਮ ਸਮਾਜ ਤੇ ਢਾਇਆ ਮੈਂ
ਲਾਰੇ ਲਾ ਕੇ ਡੰਗ ਟਪਾਵੇ, ਨੀਂਹ ਪੱਥਰ ਮੀਂਹ ਵਰਸਾਇਆ ਮੈਂ
ਕਾਰਗੁਜਾਰੀ ਸਿਫ਼ਰ ਤੋਂ ਥੱਲੇ, ਸਿਆਸੀ ਹੁਕਮ ਵਜਾਇਆ ਮੈਂ
ਚੱਜ ਆਚਾਰ ਤੋਂ ਸੱਖਣਾ ਊਣਾ, ਭ੍ਰਿਸ਼ਟ ਤੰਤਰ ਪ੍ਰਨਾਇਆ ਮੈਂ
ਚਿੱਟੇ ਭੁੱਖੇ ਹਾਥੀ ਖੁੱਲ੍ਹੇ ਫਿਰਦੇ, ਬਗ਼ੀਚਾ ਮੁਫਤ ਲੁਟਾਇਆ ਮੈਂ

ਚੌਂਕੇ ਦੀ ਰਾਖੀ ਕਾਂ ਤੇ ਬਿੱਲੀਆਂ, ਕੂਕਰ ਕੋਲ ਬਿਠਾਇਆ ਮੈਂ
ਅੱਖਾਂ ਵਿਖਾਵੇ, ਫੰਨ੍ਹ ਫੈਲਾਏ, ਖੜੱਪੇ ਨੂੰ ਦੁੱਧ ਪਿਲਾਇਆ ਮੈਂ
ਤੂੰ ਕੌਣ ਤੇ ਮੈਂ ਕੌਣ ਫਿਰ, ਬਾਦ ਵਿੱਚ ਬੜਾ ਪਛਤਾਇਆ ਮੈਂ
ਪੰਨੂ ਨਾ ਉਸ ਰਾਹੇ ਤੁਰ ਜਾਏ, ਜਿਹੜਾ ਅੱਜ ਅਪਨਾਇਆ ਮੈਂ

****