ਸੋਹਣੀ ਪਤਝੜ.......... ਨਜ਼ਮ/ਕਵਿਤਾ / ਭੁਪਿੰਦਰ ਸਿੰਘ, ਨਿਊਯਾਰਕ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।

ਭੂਰੇ, ਲਾਲ ‘ਤੇ ਪੀਲੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਂਇ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁੱਟ-ਘੁੱਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

ਤਿਤਲੀਆਂ, ਭੌਰੇ, ਫੁੱਲ ਤੇ ਕਲੀਆਂ, ਬਹਿਸ਼ਤ ਲੈਣ ਨਜ਼ਾਰੇ ਚੱਲੀਆਂ,
ਪੁੰਗਰ ਦੀ ਬਹਾਰ ਨੂੰ ਮੁੜਕੇ, ਰੂਪ ਬਦਲ ਕੇ ਆਉਣਾ ਝੱਲੀਆਂ।
ਕੁਦਰਤ ਕਾਰੀਗਰ ਫਿਰ ਲਾਉਣਾ, ਆਪੋ-ਆਪਣੀ ਜਗ੍ਹਾ ਤੇ ਘੜ-ਘੜ।

ਧੁਆਂਖ, ਸਰਦ ਰੁੱਤ ਦੀ ਘੋਲੀ, ਸਾਰੀ ਫਿਜ਼ਾ ਚ ਪੋਲੀ-ਪੋਲੀ,
ਸੂਰਜ ਤੇਜ ਮੁਕਾਵੇ ਪੈਂਡਾ, ਟਿਕੀ ਰਾਤ, ਚੁੱਪ ਕੁਝ ਨਾ ਬੋਲੀ।
ਕੱਚੀ ਧੁੱਪ, ਨਿੱਘ ਪਿਆ ਖੁਰਦਾ, ਪਰਛਾਵੇਂ ਸਰਕਾਵਣ ਫੜ-ਫੜ।

ਕਿਰਤੀ ਹੱਸਦਾ ਵਸਦਾ ਲੱਭਦਾ, ਸ਼ੁਕਰ ਗੁਜ਼ਾਰੇ ਡਾਹਢੇ ਰੱਬ ਦਾ,
ਕਿਰਤ ਮਿਲੇ ਹਰ ਬਸ਼ਰ ਦੇ ਤਾਈਂ, ਮੁੱਕੇ ਫਾਹਾ ਭੁੱਖ ਦੇ ਯੱਭ ਦਾ।
ਹਰ ਮੁਲਕ ਦੇ ਘਰ-ਘਰ ਹੜ੍ਹ ਜਾਣ, ਖੁਸ਼ੀਆਂ-ਖੇੜੇ ਆਵਣ ਚੜ੍ਹ-ਚੜ੍ਹ।

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।

****