ਮਲਾਲਾ ਯੂਸਫ਼ਜ਼ਾਈ (ਗੁਲ ਮਕੱਈ).......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਤੇਰੀ ਹਿੰਮਤ,
ਤੇਰੀ ਬਹਾਦਰੀ,
ਤੇਰੇ ਸ਼ਬਦਾਂ ਨੂੰ,
ਸਲਾਮ।
ਕਾਗਜ਼ਾਂ ਦੀ ਕੋਰੀ ਹਿੱਕ ’ਤੇ,
ਤੇਰੀ ਕਲਮ ਦੀ ਨੋਕ ਨੇ,
ਜੋ ਛਿੜਕਿਆ ਸ਼ਬਦਾਂ ਦਾ ਬਰੂਦ,
ਧੁਰ ਅੰਦਰ ਤੀਕ ਹਿਲਾ ਗਿਆ,
ਸਮੇਂ ਦੇ ਜ਼ਾਲਮਾਂ ਨੂੰ,
ਜੋ ਘਬਰਾਏ, ਥਰਥਰਾਏ
ਤੇ ਸ਼ਬਦਾਂ ਨੂੰ ਕਤਲ ਕਰਨ ਲਈ,
ਨਿਕਲ ਤੁਰੇ
ਐਨੇ ਬੁਜ਼ਦਿਲ,
ਐਨੇ ਡਰਪੋਕ,
ਕਿ ਢੱਕੇ ਚਿਹਰਿਆਂ ਨਾਲ,
ਤੇਰੇ ਸਨਮੁੱਖ ਹੋਏ,
ਤੇ ਤੂੰ ਸ਼ਬਦਾਂ ਜਿਹੀ ,
ਬਹਾਦਰ ਧੀ,
ਖੜੀ ਅਡੋਲ ਸਾਵੇਂ,
ਉੇਨ੍ਹਾਂ ਦੇ
ਉਹ ਨਜ਼ਰਾਂ ਮਿਲਾ,
ਗੱਲ ਕਰਨ ਦੀ ਹਿੰਮਤ ਨਹੀਂ ਰੱਖਦੇ,
ਤੇ ਗੋਲੀਆਂ ਨਾਲ,
ਕਤਲ ਕਰਨਾ ਚਾਹੁੰਦੇ ਨੇ,
ਤੇਰੇ ਸ਼ਬਦਾਂ ਨੂੰ
ਪਰ ਉਹ ਨਹੀਂ ਜਾਣਦੇ,
ਕਿ ਸ਼ਬਦ ਕਦੇ ਕਤਲ,
ਨਹੀਂ ਹੋਇਆ ਕਰਦੇ।
ਸ਼ਬਦ ਅਮਰ ਹਨ,
ਤੇਰੇ ਸ਼ਬਦਾਂ ਦੀ ਆਵਾਜ਼ ਨੇ,
ਕੁੜੀਆਂ ’ਚ ਭਰੀ ਹੈ ਨਵੀਂ ਚੇਤਨਾ,
ਜੋ ਆਪਣੇ ਹੱਕਾਂ ਲਈ ਲੜਨਗੀਆਂ,
ਤੇਰੇ ਸ਼ਬਦਾਂ ਸੰਗ
ਜਿੱਤ ਦਾ ਪਰਚਮ ਲਹਿਰਉਣਗੀਆਂ,
ਤੂੰ
ਆਪਣੀ ਕਲਮ
ਆਪਣੇ ਸ਼ਬਦਾਂ
ਆਪਣੇ ਕਾਗਜ਼ਾਂ ਕੋਲ
ਜ਼ਰੂਰ ਪਰਤੇਂਗੀ
ਜ਼ਰੂਰ ਪਰਤੇਂਗੀ।

****