ਨੀ ਉਤਰ ਕਾਟੋ ਮੈਂ ਚੜ੍ਹਾਂ.......... ਕਾਵਿ ਵਿਅੰਗ / ਮੁਹਿੰਦਰ ਸਿੰਘ ਘੱਗ

ਸੰਸਾਰ ਦੇ ਵੱਡੇ ਲੋਕਤੰਤਰ ਦੀ ਪ੍ਰਧਾਨ ਮੰਤਰੀ ਦੀ ਇਕ ਕੁਰਸੀ  ਨੂੰ ਪ੍ਰਾਪਤ ਕਰਨ ਲਈ ਇਕ ਅਨਾਰ ਅਤੇ ਸੌ ਬੀਮਾਰ ਵਾਲੀ ਗੱਲ ਬਣੀ ਹੋਈ ਹੈ । ਵਿਰੋਧੀ ਪਾਰਟੀਆਂ ਨਿਤ ਨਵੇਂ ਹੱਥਕੰਡੇ ਵਰਤਦੀਆਂ ਹਨ। ਜਿਸ ਦੇ ਵੀ ਹੱਥ ਹਕੂਮਤ ਦੀ ਵਾਗਡੋਰ ਆਈ ਬਸ ਆਪਣੇ ਕੋੜਮੇ ਕਬੀਲੇ ਨੂੰ ਰਜਾਉਣ ਦਾ ਹੀ ਕੰਮ ਕੀਤਾ। ਅਜ ਕਲ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਤੇ ਅਮਰੀਕਾ ਅਤੇ ਬਰਤਾਨੀਆਂ ਦੀਆਂ ਅਖਵਾਰਾਂ ਦੇ ਰੇਡਾਰ ਤੇ ਹਨ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਵਿਦੇਸ਼ੀ ਅਖਬਾਰਾਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿਘ ਦਾ ਅਕਸ ਵਿਗਾੜਨ ਵਿਚ ਰੁਝੀਆਂ ਹੋਈਆਂ ਹਨ । ਸੰਸਦ ਦੀ ਕਾਰਵਾਈ  ਹੰਗਾਮਿਆਂ ਦੀ ਬਲੀ ਚੜ ਰਹੀ ਹੈ । ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਘੁਟਾਲਿਆਂ ਵਿਚ ਗ੍ਰਸਿਆ ਹੋਇਆ ਹੈ। ਪਰ ਫਿਰ ਵੀ ਭਾਰਤ ਵਰਸ਼ ਮਹਾਨ ਹੈ। ਇਸ ਵਿਸ਼ੇ ਤੇ ਪਾਠਕਾਂ ਦੀ ਸੱਥ ਅੱਗੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ।

ਨੀ ਉਤਰ ਕਾਟੋ ਮੈਂ ਚੜ੍ਹਾਂ ਤੈਂ ਬਹੁਤ ਚਿਰ ਦੇਖ ਲਿਆ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਅੱਠ ਸਾਲ ਦਾ ਸਮਾਂ ਹੈ ਲੰਮਾਂ ਹੁੰਦਾ ਨਾ ਕੋਈ ਥੋਹੜਾ
ਕੁਰਸੀ ਛੁੱਟੀ ਦੁਖ ਬੜਾ ਨਾ ਝਲਿਆ ਜਾਏ ਵਿਛੋੜਾ
ਕੁਰਸੀ ਤੇ ਸਰਦਾਰ ਹੈ ਬੈਠਾ ਛੱਡਦਾ ਨਜ਼ਰ ਨਾ ਆਵੇ
ਲੱਖ ਯਤਨ ਹਾਂ ਕਰ ਕਰ ਥੱਕੇ ਸਾਡੀ ਪੇਸ਼ ਨਾ ਜਾਵੇ
ਸੰਸਦ ਦੇ ਵਿਚ ਖੋਰੂ ਪਾ ਪਾ ਥੱਕ ਗਏ ਲੜ ਲੜ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਬੇ ਭਰੋਸਗੀ ਦਾ ਮਤਾ ਵੀ ਰਖਿਆ ਗੱਲ ਬਣੀ ਨਾ ਕੋਈ
ਸੰਸਦ ਦੇ ਵਿਚ ਨੋਟ ਵੀ ਲੈ ਗਏ ਬੁਕਲ ਵਿਚ ਲਕੋਈ
ਜਿੱਤ ਕੇ ਕਾਂਗਰਸ ਜਸ਼ਨ ਮਨਾਏ ਸਾਡੀ ਹਾਰ ਸੀ ਹੋਈ
ਦੁੱਖ ਆਪਣਾ ਕੇਹਨੂੰ ਦਸੀਏ ਸੁਣਨ ਵਾਲਾ ਨਾ ਕੋਈ
ਹਾਰ ਹੁਟ ਕੇ ਬਹਿ ਗਏ ਆਖਰ ਠੋਡੀ 'ਤੇ ਹੱਥ ਧਰ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਅਨਾਂ ਹਜ਼ਾਰੇ ਨੇ ਵੀ ਕੁਝ ਦਿਨ ਸ਼ੋਰ ਜਿਹਾ ਕੁਝ ਪਾਇਆ
ਉਸ ਦੀ ਹਾਂ ਵਿਚ ਹਾਂ ਮਿਲਾ ਕੇ ਉਸ ਨੂੰ ਹੋਰ ਚਮਕਾਇਆ
ਫੂਕ ਨਿਕਲ ਗਈ ਉਸਦੀ ਵੀ ਕੁਝ ਦਿਨ ਹੀ ਸ਼ੋਰ ਮਚਾ ਕੇ
ਹੰਭ ਹਾਰ ਕੇ ਦਿਲੀ ਛਡ ਮੰਦਰ ਵਿਚ ਬੈਠਾ ਜਾ ਕੇ
ਇਹ ਸਰਦਾਰ ਤਾਂ ਝਲ ਗੁਜ਼ਰਿਆ ਹਰ ਕਿਸਮ ਦੇ ਝਟਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਅੱਖਾਂ ਕੱਢ ਕੱਢ ਰਾਮ ਦੇਵ ਬਾਬਾ ਉਂਗਲ ਪਿਆ ਘੁਮਾਵੇ
ਇਕੱਠ ਜੋੜ ਕੇ ਵੱਡੇ ਵੱਡੇ ਕਾਂਗਰਸ ਨੂੰ ਧਮਕਾਵੇ
ਮਨਮੋਹਣ ਸਿੰਘ ਸਰਦਾਰ ਸਹਾਰੇ ਕਾਂਗਰਸ ਜ਼ਰਾ ਨਾ ਡੋਲੇ
ਨਾ ਜੈਕਾਰਾ ਨਾ ਕੋਈ ਨਾਹਰਾ ਇਹ ਸਰਦਾਰ ਨਾ ਬੋਲੇ
ਯੋਗ ਗੁਰੂ ਅੰਤ ਬੰਨ ਕੇ ਸਾੜ੍ਹੀ ਬੈਠਾ ਵਿਚ ਜਨਾਨੀਆਂ ਦੜ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਜੀ ਸਪੈਕਟਰਮ ਦਾ ਸ਼ੋਰ ਨਾ ਮੁੱਕਾ ਖੇਡਾਂ ਦਾ ਪਿਆ ਘੁਟਾਲਾ
ਕੈਗ ਉਧੇੜੀ ਜਾਂਦਾ ਖਿਦੋ ਘੁਟਾਲੇ ਮਗਰ ਘੁਟਾਲਾ
ਕੋਲਗੇਟ ਦਾ ਸਭ ਤੋਂ ਵੱਡਾ ਹੁਣ ਤਕ ਦਾ ਘੁਟਾਲਾ
ਬਹਿਸ ਵਿਚ ਅਸੀਂ ਪੈ ਨਹੀ ਸਕਦੇ ਸਾਨੂੰ ਆਪਣਾ ਪਾਲਾ
ਕਾਂਗਰਸ ਕੋਲਾ ਵੀ ਖਾ ਗਈ ਲੋਕੋ ਸ਼ੋਰ ਮਚਾਈਏ ਕੋਠੇ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਪਰਦੇਸੀ ਪੱਤਰਕਾਰਾਂ ਤੋਂ ਪਰਚੇ ਲਿਖਵਾ ਕੇ ਹੰਭੇ,
ਮਨਮੋਹਨ ਸਭ ਕੁਝ ਝੱਲ ਗੁਜਰਿਆ ਗੱਲ ਨਾ ਲੱਗੀ ਕੰਢੇ
ਚੁਪ ਚੁਪੀਤਾ ਬਹਿ ਕੇ ਸੁਣਦਾ ਗੱਲ ਨਾ ਕਿਸੇ ਦੀ ਮੋੜੇ
ਬੋਲ ਬੋਲ ਸਭ ਹੰਭ ਜਾਂਦੇ ਨੇ ਉਹ ਚੁਪੀ ਨਾ ਤੋੜੇ
ਉਸ ਦੀ ਚੁਪ ਹੋ ਜਾਂਦੀ ਹਾਵੀ ਬੈਠ ਜਾਣ ਸਭ ਦੜਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਘੁਟਾਲੇ ਤੇ ਹੋਇਆ ਘੁਟਾਲਾ ਜਦ ਦੀ ਮਿਲੀ ਅਾਜ਼ਾਦੀ
ਦੇਸ਼ ਆਗੂਆਂ ਲੁੱਟ ਕੇ ਖਾਧਾ ਕੋਈ ਨਾ ਰਿਹਾ ਫਾਡੀ
ਜੀਪ ਘੁਟਾਲਾ ਤਾਬੂਤ ਘੁਟਾਲਾ ਇਕ ਸੀ ਤੋਪ ਘੁਟਾਲਾ।
ਕੋਈ ਚਾਰਾ ਹੀ ਛਕ ਗਿਆ ਜਾਨਵਰਾਂ ਨਾਲ ਕਰ ਘੁਟਾਲਾ
ਇਹ ਘੁਟਾਲੇ ਹੁੰਦੇ ਰਹਿਣੇ  ਜਦ ਤਕ ਰਹੇਂਗਾ ਡਰ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਦੇਸ਼ ਬੰਦ ,ਚੱਕਾ ਜਾਮ, ਘਿਰਾਮਾਂ ਕੁਝ ਨਹੀਂ ਕਰਨਾ
ਤੇਗ ਨੂੰ ਹੱਥ ਵੀ ਪਾਵੀਂ ਨਾ ਬੇ ਮੌਤੇ ਪੈਂਦਾ ਮਰਨਾ
ਚੋਣਾਂ ਵੇਲੇ ਸੋਚ ਸਮਝ ਕੇ ਵੋਟ ਆਪਣੀ ਪਾਵੀਂ
ਲੋਕਾਂ ਦੀ ਸਰਕਾਰ ਜੋ ਹੋਵੇ ਉਹ ਸਰਕਾਰ ਬਣਾਵੀਂ
ਭੁੱਕੀ ਦਾਰੂ ਪੈਸਿਆਂ ਬਦਲੇ ਜੋ ਵੋਟ ਨੇ ਪਾਉਂਦੇ
ਆਪਣੇ ਹੱਥੀਂ ਨਰਕ ਬਣਾ ਕੇ ਆਪੇ ਹੀ ਹੰਢਾਉਂਦੇ
ਧਰਮ ਦੇ ਠੇਕੇਦਾਰਾਂ ਤੋਂ ਵੀ ਆਪਣਾ ਆਪ ਬਚਾਈਂ
ਇਥੇ ਵੀ ਸੁੱਖ ਘਣਾ ਭੋਗ ਕੇ ਅੱਗੇ ਵੀ ਸੁਖ ਪਾਈਂ
ਲੋਕਤੰਤਰ ਦਾ ਹਥਿਆਰ ਵੋਟ ਚੁਕ ਹਕ ਲੈ ਲੈਵੀਂ ਲੜਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

****