ਸੋਹਣੀ ਪਤਝੜ.......... ਨਜ਼ਮ/ਕਵਿਤਾ / ਭੁਪਿੰਦਰ ਸਿੰਘ, ਨਿਊਯਾਰਕ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।

ਭੂਰੇ, ਲਾਲ ‘ਤੇ ਪੀਲੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਂਇ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁੱਟ-ਘੁੱਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

ਯਾਦਾਂ ਦੀ ਵਾਛੜ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਫਿਰ ਯਾਦਾਂ ਦੀ  ਵਾਛੜ ਆਈ  ਨੈਣ ਮਿਰੇ ਨੇ  ਸਿੱਲ੍ਹੇ  ਸਿੱਲ੍ਹੇ
ਦਿਲ  ਮੇਰੇ ਦੇ   ਕੰਧਾਂ ਕੋਠੇ   ਜਾਪਣ ਥਿੜਕੇ  ਹਿੱਲ੍ਹੇ ਹਿੱਲ੍ਹੇ।

ਯਾਦ ਤਿਰੀ ਵੀ  ਤੇਰੇ ਵਰਗੀ  ਆਉਂਦੀ ਆਣ  ਰੁਲਾਵੇ ਮੈਨੂੰ
ਤੁਰਗੀ ਹੀਰ  ਸਿਆਲਾਂ ਵਾਲੀ  ਫਿਰਦਾ ਰਾਂਝਾ  ਟਿੱਲੇ ਟਿੱਲੇ।

ਰੋਕਣ ਹੋਇਆ ਮੁਸ਼ਕਲ ਮੈਨੂੰ ਕਿਸ ਬਿਧ ਰੋਕ ਵਖਾਵਾਂ ਯਾਰੋ
ਬੰਧਣ  ਮਨ ਨੂੰ  ਜੋ ਵੀ  ਪਾਵਾਂ  ਹੋ ਜਾਂਦੇ ਸਭ  ਢਿੱਲੇ ਢਿੱਲੇ।

ਯਾਰ ਯਕੀਨ ਬਨ੍ਹਾਵੇ ਜੇ ਕਰ ਮੁਸ਼ਕਲ ਫੇਰ ਝਨਾ ਕੀ ਤਰਨਾ
ਡੋਲ  ਗਿਆਂ  ਨਾ ਢਾਰਸ  ਦੇਵਣ  ਪੱਕੇ ਜਾਪਣ  ਕੱਚੇ ਪਿੱਲੇ।

ਸੋਚਦੇ ਹੀ ਰਹਿ ਗਏ .......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਸੋਚਦੇ ਹੀ ਰਹਿ ਗਏ ਤੂੰ  ਮਿਲ ਕਦੀ ਆ ਬੈਠ ਪਾਸ
ਜਿ਼ੰਦਗੀ ਨੂੰ  ਬਾਝ ਤੇਰੇ  ਮਿਲ ਸਕੇਗਾ  ਨਾ ਨਿਘਾਸ।

ਚੀਰਕੇ  ਪੱਥਰ  ਜਹੇ  ਟੀਂਡੇ  ਹੈ ਖਿੜਦੀ  ਜਾਂ ਕਪਾਸ
ਵੇਲਣੇ ਤੇ  ਚਰਖ਼ ਚੜ੍ਹਨਾ ਫਿਰ ਨ ਹੋਣਾ ਪਰ ਉਦਾਸ।

ਵੇਲ   ਵੇਲਣ  ਤੁੰਬ  ਤੂੰਬੇ   ਤੱਕਲੇ  ਤੇ  ਫਿਰ  ਚੜ੍ਹੇ
ਰਾਂਗਲੀ  ਚਰਖੀ  ਤੇ ਨੱਚੇ  ਤੰਦ  ਤਾਣੀ  ਦੇ ਲਿਬਾਸ।

ਚਰਖਿਆਂ ਦੀ  ਘੂਕ ਉੱਤੇ  ਗੀਤ  ਗਾਵੇ  ਜਦ  ਕੁੜੀ
ਯਾਦ ਮਾਹੀ  ਦੀ ਸਤਾਵੇ  ਕਰ ਗਿਆ ਹੈ  ਜੋ ਅਵਾਸ।

ਲਿਖੀਆਂ ਅਨੇਕ ਗ਼ਜ਼ਲਾਂ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਲਿਖੀਆਂ ਅਨੇਕ ਗ਼ਜ਼ਲਾਂ ਦਮ ਨਾ ਕਿਸੇ ਦੇ ਅੰਦਰ
ਗਿਣਤੀ ਦਾ ਮੈਂ ਤੇ ਐਂਵੇਂ ਬੈਠਾ ਹਾਂ ਬਣ ਸਕੰਦਰ।

ਬਾਹਰ ਲਿਆ ਤੂੰ ਨਗ਼ਮੇਂ  ਦਿਲ ਦੀ ਆਵਾਜ਼ ਵਿੱਚੋਂ
ਮੁਸ਼ਕਲ ਸਮੇਂਵੀ ਸਾਥੀ ਰਹਿੰਦਾ ਜੋ ਦਿਲਦੇ ਅੰਦਰ

ਗ਼ਜ਼ਲਾਂ ਤੇ  ਗੀਤ  ਮੇਰੇ  ਹੌਕੇ  ਨੇ  ਮੇਰੇ  ਦਿਲ ਦੇ
ਗਿਣਤੀ ਗਣਾ  ਗਣਾਂ ਦੀ  ਐਂਵੇਂ ਨਾ ਬਣ ਪਤੰਦਰ।

ਜੋਗੀ  ਤਿਆਗ  ਕਰਦੇ  ਦੁਨੀਆਂ, ਹਰੇਕ  ਸ਼ੈ  ਦਾ
ਮਨ ਤੇ ਰਹੇ  ਨਾ ਕਾਬੂ  ਕਾਹਦਾ ਤੂੰ  ਹੈਂ ਮਛੰਦਰ।

ਮਲਾਲਾ ਯੂਸਫ਼ਜ਼ਾਈ (ਗੁਲ ਮਕੱਈ).......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਤੇਰੀ ਹਿੰਮਤ,
ਤੇਰੀ ਬਹਾਦਰੀ,
ਤੇਰੇ ਸ਼ਬਦਾਂ ਨੂੰ,
ਸਲਾਮ।
ਕਾਗਜ਼ਾਂ ਦੀ ਕੋਰੀ ਹਿੱਕ ’ਤੇ,
ਤੇਰੀ ਕਲਮ ਦੀ ਨੋਕ ਨੇ,
ਜੋ ਛਿੜਕਿਆ ਸ਼ਬਦਾਂ ਦਾ ਬਰੂਦ,
ਧੁਰ ਅੰਦਰ ਤੀਕ ਹਿਲਾ ਗਿਆ,
ਸਮੇਂ ਦੇ ਜ਼ਾਲਮਾਂ ਨੂੰ,
ਜੋ ਘਬਰਾਏ, ਥਰਥਰਾਏ
ਤੇ ਸ਼ਬਦਾਂ ਨੂੰ ਕਤਲ ਕਰਨ ਲਈ,
ਨਿਕਲ ਤੁਰੇ
ਐਨੇ ਬੁਜ਼ਦਿਲ,

ਕੁੜੀਆਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਆਟੇ ਦੀਆਂ ਚਿੜੀਆਂ ਬਣਕੇ ਜੇ ਰਹਿਣਗੀਆਂ ਕੁੜੀਆਂ,
ਇਸੇ ਤਰ੍ਹਾਂ ਹੀ ਫਿਰ ਦੁੱਖ ਸਹਿਣਗੀਆਂ ਕੁੜੀਆਂ,

ਅੱਜ ਆਪਣਾ ਹੀ  ਛਾਇਆ ਬਣਿਆ ਫ਼ਰੇਬੀ ਏ,
ਭੇੜੀਏ ਤੋਂ ਬਚਣ ਲਈ ਹੁਣ ਕਿੱਥੇ ਜਾਣਗੀਆਂ ਕੁੜੀਆਂ,

ਅਜ਼ਲਾਂ ਤੋਂ ਹੀ ਇਹ ਰੀਤ ਚੱਲੀ ਆਉਂਦੀ ਏ,
ਹੋਰ ਕਦੋਂ ਤੱਕ ਮਰਦਾਂ ਦਾ ਸਹਾਰਾ ਲੈਣਗੀਆਂ ਕੁੜੀਆਂ,

ਭਰੂਣ ਹੱਤਿਆਵਾਂ ਵੀ ਇਹ ਨਿੱਤ ਕਰਦੇ ਨੇ ਲੋਕੀਂ,
ਪਰ ਕੰਜਕਾਂ ਦਾ ਢੋਂਗ ਰਚਾਕੇ ਵੀ ਪੂਜੀਆਂ ਜਾਣਗੀਆਂ ਕੁੜੀਆਂ,

ਮੇਰੀ ਮਾਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਮੇਰੀ ਮਾਂ
ਮੈਨੂੰ ਅਕਸਰ ਕਹਿੰਦੀ ਏਂ
‘ਇਨ੍ਹਾਂ ਪੀਰਾਂ ਦੇ ਦਰ ’ਤੇ
ਮੱਥਾ ਟੇਕਿਆ ਕਰ
ਜਗਾਇਆ ਕਰ ਦੀਵਾ
ਵੀਰਵਾਰ ਤੇ ਸ਼ਨੀਵਾਰ ਨੂੰ
ਤੈਨੂੰ ਵੱਡੀ ਸਾਰੀ
ਨੌਕਰੀ ਮਿਲ ਜਾਵੇਗੀ
ਤੂੰ
ਅਫ਼ਸਰ ਬਣ ਜਾਵੇਂਗਾ’

ਖੁਦਕਸ਼ੀ.......... ਨਜ਼ਮ/ਕਵਿਤਾ / ਕਰਨ ਭੀਖੀ

ਖੁਦਕੁਸ਼ੀ ਬੁਜ਼ਦਿਲੀ ਹੈ            
ਅਵਾਮ ਲਈ ਖੜਨਾ
ਹੱਕਾਂ ਲਈ ਲੜਨਾ
ਲੜਦਿਆਂ ਮਰਨਾ ਜਿੰਦਗੀ ਹੈ

ਕਿਰਤੀ ਹੱਡਾਂ ਚ ਵੀ
ਕਿਉਂ ਬੈਠ ਗਈ ਆਲਸ
ਹੱਕਾਂ ਦੀ ਆਵਾਂ ਕਿਉਂ ਪੈ ਗਈ ਮੱਧਮ

ਸਿਆਣਾ.......... ਗ਼ਜ਼ਲ / ਕਰਨ ਭੀਖੀ

ਖ਼ੁਦ ਨੂੰ ਸਿਆਣਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ
ਪਤ ਖਿੰਡੀ ਜਦ, ਖ਼ਲਕਤ ’ਚ ਨੀਵਾਂ ਹੋ ਬਹਿੰਦਾ ਰਿਹਾ

ਉਮਰ ਭਰ, ਉਤਰਿਆ ਨਾ ਕਰਜ਼ਾ ਸਾਹੂਕਾਰਾਂ ਤੋਂ ਲਿਆ
ਮੋੜਿਆ ਤਾਂ ਬਹੁਤ, ਪਰ ਵਿਆਜ਼ ਹੀ ਲਹਿੰਦਾ ਰਿਹਾ

ਵਰਜ਼ਦਾ ਸੀ ਆਪਣੇ ਜਨਮਿਆਂ ਨੂੰ ਭੈੜੀਆਂ ਆਦਤਾਂ ਤੋਂ
ਨਾ ਮੰਨੀਆਂ ਕਿਸੇ ਨੇ,ਆਪੇ ਹੀ ਦੁੱਖੜੇ ਸਹਿੰਦਾ ਰਿਹਾ

ਮੌਤ ਵੀ ਨਸੀਬ ਨਹੀਂ ਹੁੰਦੀ ਅੰਤ ਉਨ੍ਹਾਂ ਨੂੰ ਮੰਗਿਆਂ ਤੋਂ
ਸਾਰੀ ਜ਼ਿੰਦਗੀ ਜੋ ਬੇਵਜ਼੍ਹਾਂ ਲੋਕਾਂ ਨਾਲ ਖਹਿੰਦਾ ਰਿਹਾ

ਗਰਜ਼ਦੇ ਬੱਦਲ .......... ਗ਼ਜ਼ਲ / ਕਰਨ ਭੀਖੀ

ਗਰਜ਼ਦੇ ਜੋ ਬੱਦਲ ਕਦੀ ਵਰ੍ਹਿਆ ਨਹੀਂ ਕਰਦੇ
ਦੇਸ ਭਗਤ, ਕਦੇ ਵੀ ਮੌਤੋਂ ਡਰਿਆ ਨਹੀਂ ਕਰਦੇ

ਪੱਥਰ ’ਤੇ ਲਕੀਰ ਹੋਵੇ ਸਦਾ ਗੱਲ ਸੱਚੇ ਬੰਦਿਆਂ ਦੀ
ਝੂਠੀ ਤੌਹਮਤ ਨੂੰ ਉਹ ਕਦੀ ਜ਼ਰਿਆ ਨਹੀਂ ਕਰਦੇ

ਭਾਵੇਂ ਲੱਖ ਵਾਰ ਅਜ਼ਮਾ  ਕੇ ਵੇਖ ਲਈਏ ਸੱਜਣਾ ਨੂੰ
ਤੁਰ ਗਿਆਂ ਦੇ ਪਿੱਛੇ , ਕੋਈ ਮਰਿਆ ਨਹੀਂ ਕਰਦੇ

ਹਮਸਫ਼ਰ ਉਹੀ ਅੰਗੁਸ਼ਤ ਫੜ੍ਹ ਨਾਲ ਤੁਰੇ ਜੇਹੜਾ
ਦੋ ਬੇੜੀਆਂ ਵਿਚਕਾਰ ਜੋ, ਤਰਿਆ ਨਹੀਂ ਕਰਦੇ

ਕਿਹਾ ਤਾਂ ਕੁਝ ਨਾ ਸੀ .......... ਗ਼ਜ਼ਲ / ਕਰਨ ਭੀਖੀ

ਕਿਹਾ ਤਾਂ ਕੁਝ ਨਾ ਸੀ, ਪਤਾ ਨਹੀਂ ਕੀ ਗਿਲਾ ਹੋ ਗਿਆ
ਗੈਰਾਂ ਵਾਂਗ ਛੱਡ ਦਿੱਤਾ ਸਾਨੂੰ ਉਨ੍ਹਾਂ ਦਾ ਭਲਾ ਹੋ ਗਿਆ

ਸ਼ੁਕਰ ਉਹਨਾਂ ਦਾ, ਜਿਨ੍ਹਾਂ ਗਲ਼ ਨਾਲ ਲਗਾਇਆ ਸਾਨੂੰ
ਸਾਥੋਂ ਤਾਂ ਹਨੇਰਿਆਂ ’ਚ ਛੱਪਾਂ ਨੂੰ ਦੁੱਧ ਪਿਲਾ ਹੋ ਗਿਆ

ਸ਼ਕਲ ਤੋਂ ਪਤਾ ਨਾ ਲੱਗਦਾ, ਸ਼ਖਸ ਕਿਹੋ-ਜਿਹਾ ਹੋਣੈ?
ਵਕਤ ਕੱਢ ਲਿਆ ਉਨ੍ਹਾਂ ਹੁਣ ਬੁਜ਼ਦਿਲਾ ਹੋ ਗਿਆ

ਅੰਬਰ ਨੂੰ ਤਾਕੀਆਂ ਲਾਉਣ ਦੀ ਗੱਲ ਕਰਦੈ ਹਰ ਕੋਈ
ਸਲਾਸਤ ਨਾ ਸਮਝੀਂ ਕਿਸੇ ਦੀ ਹਰੇਕ ਮਨਚਲਾ ਹੋ ਗਿਆ

ਮੰਜ਼ਿਲ.......... ਗ਼ਜ਼ਲ / ਕਰਨ ਭੀਖੀ

ਮੰਜ਼ਿਲ ਮਿਲ ਜਾਂਦੀ ਹੈ, ਜੇ ਮੁਸ਼ਾਫਿਰ ਤੁਰਦਾ ਰਹੇ
ਮਿਟ ਜਾਣਾ ਆਖ਼ਿਰ ਇਕ ਦਿਨ, ਜੇ ਪਰਬਤ ਖ਼ੁਰਦਾ ਰਹੇ

ਸਾਨੂੰ ਨਹੀਂ ਮਿਲਣੇ ਸਾਡੇ ਹੱਕ ਕਦੀ ਵੀ
ਜੇ ਲੋਕੀਂ ਸੰਘਰਸ਼ ਨਾ ਕੀਤਾ, ਐਵੇਂ ਹੀ ਮੁਰਦਾ ਰਹੇ

ਲੁਕੋ ਨਾ ਸਕੇਗੀ ਗਰਦਿਸ਼, ਬੇਈਮਾਨੀ ਦੀ ਕਦਾਚਿਤ
ਅਵਾਮ ਲਈ ਜੇਕਰ ਆਦਮੀ ਝੁਰਦਾ ਰਹੇ

ਲਿਖਦਾ ਰਹੇਗਾ ਕਵੀ, ਰਚਨਾਕਾਰ ਆਪਣੀ ਰਚਨਾ ਨੂੰ
ਚੁੱਕ ਕਲਮ ਜਦ ਤਕ ਮਨ ਵਿੱਚ ਫੁਰਨਾ ਫੁਰਦਾ ਰਹੇ

ਖੋ ਗਏ……… ਨਜ਼ਮ/ਕਵਿਤਾ / ਬਲਵਿੰਦਰ ਸਿੰਘ ਮੋਹੀ

ਸਾਂਝਾਂ ਵਾਲੇ ਬੂਹੇ ਢੋਅ ਲਏ
ਬੀਜ ਨਫਰਤਾਂ ਵਾਲੇ ਬੋ ਲਏ,

ਸਾਰੀ ਦੁਨੀਆਂ ਨੇੜੇ ਹੋਈ
ਆਪਣਿਆਂ ਤੋਂ ਦੂਰ ਹੋ ਗਏ,

ਚਿੰਤਾ ਦੇ ਸਿਰਨਾਂਵੇਂ ਲੱਭੇ
ਹਾਸੇ ਠੱਠੇ ਸਾਡੇ ਖੋ ਗਏ,

ਮਾਮੇ ਭੂਆ ਚਾਚੇ ਤਾਏ
ਸਾਰੇ ਅੰਕਲ ਆਂਟੀ ਹੋ ਗਏ,

ਜ਼ਿੰਦਗੀ.......... ਨਜ਼ਮ/ਕਵਿਤਾ / ਜੌੜਾ ਅਵਤਾਰ ਸਿੰਘ

ਮੇਰੀ ਮਹਿਬੂਬਾ,!
ਜੇ ਤੁੰ ਮੇਰੀ ਹਮਰਾਹ ਹੀ ਬਣਨਾ ਹੈ
ਤਾਂ ਆ ਫਿਰ,ਜ਼ਿੰਦਗੀ ਦੀ ਕੋਈ ਗੱਲ ਕਰੀਏ--

ਜ਼ਿੰਦਗੀ ਤੇਰੀਆਂ ਚਮਕਦੀਆਂ ਅੱਖਾਂ ਵਿਚ
ਕਦਮ ਦਰ ਕਦਮ ਉੱਤਰ ਜਾਣਾ ਨਹੀਂ-
ਜ਼ਿੰਦਗੀ ਤੇਰੀ ਗਲਵਕੜੀ ਵਿੱਚ,ਅੰਬਰੀਂ ਘਟਾਵਾਂ ਵਾਂਗ,
ਹਵਾਵਾਂ 'ਚ ਤੈਰਦੇ ਫਿਰਨਾ ਵੀ ਨਹੀਂ,
ਤੇ ਨਾ ਹੀ ਤੇਰੀਆਂ ਜ਼ੁਲਫ਼ਾਂ ਵਿਚ
ਉਲਝ ਜਾਣਾ ਹੀ ਜ਼ਿੰਦਗੀ ਹੈ।
ਮੁਆਫ਼ ਕਰੀਂ-
ਜ਼ਿੰਦਗੀ ਤਾਂ ਕੱਚ ਦੀਆਂ ਕਿੱਚਰਾਂ 'ਤੇ
ਤੁਰਨ ਦਾ ਨਾਂ ਹੈ।

ਟੁਰਨਾ ਮੜਕ ਦੇ ਨਾਲ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ
ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ

ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ
ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ

ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ
ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ

ਲੋਕੋ!  ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ
ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ
****

ਇੰਤਜ਼ਾਰ.......... ਨਜ਼ਮ/ਕਵਿਤਾ / ਹਰਦੀਪ ਕੌਰ

ਪਾਕ ਮੁੱਹਬਤ ਵਾਲਾ ਬੂਟਾ ਕਿੰਝ ਵੱਧਦਾ,
ਅੰਬਰ ਵੇਲ ਦੀ ਉੱਤੇ ਸੁੱਟ ਤੂੰ ਡਾਲ ਗਿਓਂ!

ਨੀਂਦ ਮੇਰੀ ਦੇ ਸੁਪਨੇ ਨੇ ਕੀ ਪੁੱਗਣਾ ਸੀ,
ਜਾਗਦੀਆਂ ਅੱਖਾਂ ਵਿੱਚ ਦੀਵੇ ਤੂੰ ਬਾਲ ਗਿਉਂ!

ਉਮਰਾਂ ਦੀ ਧੁੱਪ ਵਿੱਚ ਹਨੇਰੇ ਸੌਂ ਚੱਲੀ,
ਜਿੱਦਣ ਦਾ ਦੇ, ਹਿੱਸੇ ਮੇਰੇ ਹਾੜ ਗਿਉਂ!

ਪਲਕਾਂ ਸਾਹਵੇ ਧੁੱਖਦੀ ਰਹਿੰਦੀ ਅੱਖ ਮੇਰੀ,
ਜਿਉਣ ਮੇਰੇ ਦੀ ਆਸ ਨੂੰ ਲੈ ਤੂੰ ਨਾਲ ਗਿਉਂ!

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ.......... ਗੀਤ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਨਾਨਕ ਕੋਈ ਅਵਤਾਰ ਨਹੀਂ ਹੈ
ਨੀਵਿਆਂ ਨਾਲ ਨਿਭਾਉਂਦਾ ਆਇਆ ਉਹ ਵੱਡਿਆਂ ਦਾ ਯਾਰ ਨਹੀਂ ਹੈ
ਸਾਖੀਆਂ ਵਾਲਾ ‘ਨਾਨਕ’ ਛੱਡਕੇ ਅਸਲੀ ‘ਨਾਨਕ’ ਨੂੰ ਅਪਣਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ
ਆਪਣੀ ਹਉਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ
ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ
ਧਰਮ ਦੇ ਠੇਕੇਦਾਰਾਂ...

ਕਿਉਂ.......... ਨਜ਼ਮ/ਕਵਿਤਾ / ਬਾਵਾ ਬਲਦੇਵ

ਪੁੱਤ ਜੰਮੇ ਤੇ ਖੁਸ਼ੀਆਂ ਖੇੜੇ
ਧੀ ਜੰਮੇ ਤਾਂ ਦੋਸ਼ ਤਕਦੀਰਾਂ ਨੂੰ
ਸਾਰੀ ਉਮਰੇ ਬੰਦਾ ਰੋਂਦਾ
ਹੱਥਾਂ ਦੀਆਂ ਚਾਰ ਲਕੀਰਾਂ ਨੂੰ
ਕੁਦਰਤ ਦੇ ਨਿਯਮ ਉਲਟ
ਕਿਉਂ ਭਾਣਾ ਵਰਤਾ ਦਿੰਦੇ
ਸੂਹੀਆਂ ਸੂਹੀਆਂ ਕਲੀਆਂ ਨੂੰ
ਜੰਮਣੋਂ ਪਹਿਲਾਂ ਲਾਸ਼ ਬਣਾ ਦਿੰਦੇ
ਧੀਆਂ ਵੀ ਨੇ ਪੁੱਤਾਂ ਵਾਂਗਰ
ਇਹ ਗੱਲ ਦਿਲੋਂ ਭੁਲਾ ਦਿੰਦੇ

ਜੀਵਨ ਦੀ ਕਹਾਣੀ .......... ਨਜ਼ਮ/ਕਵਿਤਾ / ਵਿਵੇਕ ਕੋਟ ਈਸੇ ਖਾਂ

ਜੀਵਨ ਪਲ ਪਲ ਦੀ ਕਹਾਣੀ
ਪਲ ਪਲ ਜੀਵਨ ਨਿਸ਼ਾਨੀ
ਜੀਵਨ ਦੇ ਪਲ ਨੇ ਖਾਸ
ਜੀਵਨ ਦੇ ਪਲ ਉਦਾਸ
ਇਹ ਤਾਂ ਕਦੇ ਨਾ ਮੁੱਕਦੇ
ਨਾ ਹੀ ਕਿਸੇ ਅੱਗੇ ਝੁਕਦੇ
ਹਨੇਰਿਆਂ ਭਰੀ ਚਾਹੇ ਰਾਤ
ਚਾਹੇ ਚੜ੍ਹੇ ਸੁਨਹਿਰੀ ਪ੍ਰਭਾਤ
ਇਹ ਤੁਰਦੇ ਨੇ ਇਕ ਸਾਰ

ਮੁੜ ਨਹੀ ਆਉਂਦਾ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਇਕ ਵਾਰ ਸਮਾਂ ਜੋ ਬੀਤ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਵਿਛੜ ਜੋ ਮੀਤ ਗਿਆ, ਮੁੜ ਨਹੀ ਆਉਂਦਾ।
ਦਿਲ  ਜਿਹੇ  ਸਾਜ਼ ਦੇ ਕੋਮਲ  ਤਾਰ ਨੂੰ ਨਾ ਛੇੜੋ ;
ਇਕ ਵਾਰ ਬਿਖਰ ਜੋ ਗੀਤ ਗਿਆ,ਮੁੜ ਨਹੀ ਆਉਂਦਾ।

ਇਕ ਵਾਰ ਨਿਕਲ ਜੋ ਪੂਰ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਜੋ ਪਾਣੀ ਦੂਰ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਰੁੱਖ ਦੇ ਕੋਮਲ ਟਹਿਣ ਨੂੰ ਨਾ ਝਾੜੋ;
ਇਕ ਵਾਰ ਜੋ ਝੜ ਇਹ ਬੂਰ ਗਿਆ, ਮੁੜ ਨਹੀ ਆਉਂਦਾ।

ਆਲ੍ਹਣਾ........... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਮਾਂ  ਤੋਂ ਪਰਦੇਸ, ਆਇਆ ਨਾ ਗਿਆ
ਮੈਥੋਂ ਵੀ ਦੇਸ, ਜਾਇਆ ਨਾ ਗਿਆ
ਇਕ ਵਾਰ ਜੋ ਟੁੱਟਿਆ ਸਾਡਾ ਆਲ੍ਹਣਾ
ਕੋਸਿ਼ਸ਼ਾਂ ਦੇ ਬਾਦ ਵੀ, ਬਣਾਇਆ ਨਾ ਗਿਆ

ਨੌਕਰੀ ਦੀ ਭਾਲ ਜੋ, ਲੱਗਾ ਕਰਨ
ਇਕ ਇਕ ਡਾਲਰ ‘ਤੇ, ਲੱਗਾ ਮਰਨ
ਖੂਬ ਡਾਲਰ ਕਮਾ ਕੇ ਕੋਠੀ ਬਣਾ ਲਈ
ਅਮੀਰੀ ਦੇ ਸਮੁੰਦਰ ਵਿਚ, ਲੱਗਾ ਤਰਨ

ਆਸ਼ਕੀ……… ਨਜ਼ਮ/ਕਵਿਤਾ / ਮਲਕੀਅਤ "ਸੁਹਲ"

ਲੋਕੋ! ਆਸ਼ਕੀ 'ਚ ਪੈਰ ਜਿਹਨੇ ਰਖਿਆ,
ਸਮਝੋ ਕਿ  ਮਿੱਠਾ  ਜ਼ਹਿਰ  ਖਾ ਲਿਆ ।

ਜਿਹੜਾ ਕਰਦਾ  ਹੈ ਰੀਸ  ਰਾਂਝੇ ਹੀਰ ਦੀ,
ਉਹਨੇ ਸਭ  ਕੁਝ  ਸੱਜਣੋ ਗਵਾ ਲਿਆ ।

ਧੁੱਪੇ ਸੜਦਾ ਦੁਪਹਿਰੇ ਲਾਉਂਦਾ ਗੇੜੀਆਂ,
ਅੰਗਿਆਰਾਂ ਉਤੇ ਪੈਰ ਹੈ ਟਿਕਾ ਲਿਆ।
                  
ਜੋ  ਇਸਕ  ਦੇ  ਵਿਚ  ਹੈ  ਗੁਆਚਿਆ,
ਉਹਨੇ ਸਮਝੋ ਕਿ  ਮੌਤ ਨੂੰ ਬੁਲਾ ਲਿਆ।

ਸਿਆਸੀ ਰੋਟੀਆਂ.......... ਨਜ਼ਮ/ਕਵਿਤਾ / ਬਾਵਾ ਬਲਦੇਵ

ਉਹ ਅਕਸਰ ਆਉਂਦੇ ਨੇ
ਇਨਸਾਨੀਅਤ ਦੇ ਘਾਣ
ਹੈਵਾਨੀਅਤ ਦੇ ਨੰਗੇ
ਨਾਚ ਮਗਰੋਂ
ਕੇਰਨ ਝੂਠੇ ਹੰਝੂ
ਮਨੁੱਖਤਾ ਦੇ ਨਾਂ 'ਤੇ
ਅੱਜ ਫਿਰ ਆਏ
ਮਗਰਮੱਛੀ ਹੰਝੂ ਵਹਾਏ
ਜੋਸ਼ੀਲੇ ਭਾਸ਼ਣ ਦੁਹਰਾਏ
ਇਹ ਕੁਰਬਾਨੀਆਂ
ਅਜਾਈਂ ਨਹੀਂ ਜਾਣਗੀਆਂ

ਨੀ ਉਤਰ ਕਾਟੋ ਮੈਂ ਚੜ੍ਹਾਂ.......... ਕਾਵਿ ਵਿਅੰਗ / ਮੁਹਿੰਦਰ ਸਿੰਘ ਘੱਗ

ਸੰਸਾਰ ਦੇ ਵੱਡੇ ਲੋਕਤੰਤਰ ਦੀ ਪ੍ਰਧਾਨ ਮੰਤਰੀ ਦੀ ਇਕ ਕੁਰਸੀ  ਨੂੰ ਪ੍ਰਾਪਤ ਕਰਨ ਲਈ ਇਕ ਅਨਾਰ ਅਤੇ ਸੌ ਬੀਮਾਰ ਵਾਲੀ ਗੱਲ ਬਣੀ ਹੋਈ ਹੈ । ਵਿਰੋਧੀ ਪਾਰਟੀਆਂ ਨਿਤ ਨਵੇਂ ਹੱਥਕੰਡੇ ਵਰਤਦੀਆਂ ਹਨ। ਜਿਸ ਦੇ ਵੀ ਹੱਥ ਹਕੂਮਤ ਦੀ ਵਾਗਡੋਰ ਆਈ ਬਸ ਆਪਣੇ ਕੋੜਮੇ ਕਬੀਲੇ ਨੂੰ ਰਜਾਉਣ ਦਾ ਹੀ ਕੰਮ ਕੀਤਾ। ਅਜ ਕਲ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਤੇ ਅਮਰੀਕਾ ਅਤੇ ਬਰਤਾਨੀਆਂ ਦੀਆਂ ਅਖਵਾਰਾਂ ਦੇ ਰੇਡਾਰ ਤੇ ਹਨ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਵਿਦੇਸ਼ੀ ਅਖਬਾਰਾਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿਘ ਦਾ ਅਕਸ ਵਿਗਾੜਨ ਵਿਚ ਰੁਝੀਆਂ ਹੋਈਆਂ ਹਨ । ਸੰਸਦ ਦੀ ਕਾਰਵਾਈ  ਹੰਗਾਮਿਆਂ ਦੀ ਬਲੀ ਚੜ ਰਹੀ ਹੈ । ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਘੁਟਾਲਿਆਂ ਵਿਚ ਗ੍ਰਸਿਆ ਹੋਇਆ ਹੈ। ਪਰ ਫਿਰ ਵੀ ਭਾਰਤ ਵਰਸ਼ ਮਹਾਨ ਹੈ। ਇਸ ਵਿਸ਼ੇ ਤੇ ਪਾਠਕਾਂ ਦੀ ਸੱਥ ਅੱਗੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ।

ਨੀ ਉਤਰ ਕਾਟੋ ਮੈਂ ਚੜ੍ਹਾਂ ਤੈਂ ਬਹੁਤ ਚਿਰ ਦੇਖ ਲਿਆ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ

ਸੁਰ ਬਦਲੀ ਕੈਪਟਨ ਦੀ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲ ਪੁਰ

ਹੌਲ਼ਾ ਕੱਖਾਂ ਤੋਂ ਕੀਤਾ ਏ ‘ਘਰ ਦਿਆਂ’ਨੇ
ਨੰਬਰ ਆਪਣੇ ਫੇਰ ਬਣਾਉਣ ਲੱਗਾ।

ਦਿੱਲੀ ਵਾਲੀਆਂ ਚੋਣਾ ਦਾ ਫਿਕਰ ਕਰਕੇ
ਬੋਚ ਬੋਚ ਕੇ ਪੈਰ ਟਿਕਾਉਣ ਲੱਗਾ।

ਪਹਿਲਾਂ ਟਿੱਚ ਕਰਕੇ ਸਭਨੂੰ ਜਾਣਦਾ ਸੀ
ਮਿੱਠਤ ਨਿਮ੍ਰਤਾ ਹੇਜ ਦਿਖਾਉਣ ਲੱਗਾ।

ਢਾਹ ਹੋਣਾ ਨਹੀਂ ਵੈਰੀ ਨੂੰ ਕੱਲਿਆਂ ਤੋਂ
‘ਕੱਠ ਕਰਨ ਲਈ ਬੀਨ ਵਜਾਉਣ ਲੱਗਾ।

ਕਿੰਝ ਰੋਕਾਂ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਹਰ ਚੀਜ਼ ਦਾ ਰੇਟ ਅਸਮਾਨੀਂ ਚੜ੍ਹਿਆ
ਚਲਦੇ ਮਹਿੰਗਾਈ ਦੇ ਤੀਰਾਂ ਨੂੰ ਕਿੰਝ ਰੋਕਾਂ

ਮਾਪਿਆਂ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀਆਂ
ਹਵਸ ਵਿੱਚ ਅੰਨ੍ਹੀਆਂ ਹੀਰਾਂ ਨੂੰ ਕਿੰਝ ਰੋਕਾਂ

ਪਾਣੀਆਂ ਦੀ ਕਾਣੀ ਵੰਡ ਆਈ ਪੰਜਾਬ ਹਿੱਸੇ
ਸੁੱਕਦੀਆਂ ਪੰਜਾਬ ਦੀਆਂ ਨਹਿਰਾਂ ਨੂੰ ਕਿੰਝ ਰੋਕਾਂ

ਪਿੰਡ ਦੀਆਂ ਜੂਹਾਂ ਤੱਕ ਸ਼ਹਿਰ ਆ ਗਏ
ਉਪਜਾਊ ਜਮੀਨਾਂ ਖਾਂਦੇ ਸ਼ਹਿਰਾਂ ਨੂੰ ਕਿੰਝ ਰੋਕਾਂ

ਨਕਸ਼ਾ ਪੰਜਾਬ ਦਾ.......... ਕਾਵਿ ਵਿਅੰਗ / ਤਰਲੋਚਨ ਸਿੰਘ ‘ਦੁਪਾਲਪੁਰ

ਨਸ਼ੇ-ਖੋਰੀ ਨੇ ਸਿਵਿਆਂ ਦੇ ਰਾਹ ਪਾਈ
ਬੇ-ਗ਼ੈਰਤੀ ਹੋਈ ਮੁੰਡ੍ਹੀਰ ਯਾਰੋ


ਬੀਬੇ ਕਾਕੇ ਤੇ ਕਾਕੀਆਂ ‘ਲੋਪ ਹੋਏ
ਤੁਰੇ ਫਿਰਦੇ ਨੇ ਰਾਂਝੇ ਤੇ ਹੀਰ ਯਾਰੋ

ਹੁਣ ਦੀ ਦ੍ਰੋਪਦੀ ਸ਼ਰੇ-ਬਜ਼ਾਰ ਫਿਰਦੀ
ਲਾਹ ਕੇ ਆਪਣੇ ਆਪ ਹੀ ਚੀਰ ਯਾਰੋ

ਟੈਕਸ ਤਾਂ ਲੱਗਣ ਗੇ.......... ਨਜ਼ਮ/ਕਵਿਤਾ / ਦੀਪ ਜੀਰਵੀ


ਬਈ ਜਦ ਤੱਕ ਮੱਚੂ ਹਨੇਰ, ਟੈਕਸ  ਤਾਂ ਲੱਗਣ ਗੇ
ਜਦ ਬਾਕੀ ਹੇਰ ਤੇ ਫੇਰ; ਟੈਕਸ  ਤਾਂ ਲੱਗਣ ਗੇ

ਜਦ ਤੱਕ ਨੇ ਭੋਲੀਆਂ ਭੇਡਾਂ ਦੇ ਰਖਵਾਲ ਖੜੇ
ਆਹ ਲੱਕੜ ਬਘੇ ਢੇਰ; ਟੈਕਸ  ਤਾਂ ਲੱਗਣ ਗੇ

'ਅਗ੍ਲਿਆਂ' ਵਧੀਆ ਲੈਪ-ਟਾਪ ਗੱਡੀ ਮੰਗੀ
ਬਿਨ ਸੁਣਿਆਂ ਸਾਡੀ ਲੇਰ; ਟੈਕਸ  ਤਾਂ ਲੱਗਣ ਗੇ

ਦੁਰਵਰਤੋਂ ਓਹ ਏਹਦੀ ਵੀ ਕਰ ਜਾਵਣ ਗੇ
ਕਰ ਕਠੇ 'ਕਰ'ਦੇ ਢੇਰ; ਟੈਕਸ  ਤਾਂ ਲੱਗਣ ਗੇ

ਵਕਤ.......... ਨਜ਼ਮ/ਕਵਿਤਾ / ਹਰਦੀਪ ਕੌਰ, ਲੁਧਿਆਣਾ

ਮੈਂ ਵਕਤ ਹਾਂ
ਮੈਨੂੰ ਰੁਕਣਾ ਨਹੀ ਆਉਂਦਾ
ਜੇ ਹੈ ਹਿੰਮਤ, ਤਾਂ ਬਣ ਕੇ ਦਿਖਾ ਵਾਂਗ ਮੇਰੇ
ਮੈ ਦੌੜਦਾ ਹਾਂ ਤੇਰੀ ਸੋਚ ਤੋਂ ਵੀ ਪਰਾਂ
ਜੇ ਹੈ ਹਿੰਮਤ, ਤਾਂ ਰਲ ਕੇ ਦਿਖਾ ਨਾਲ ਮੇਰੇ

ਮੈਂ ਖੁਆਬਾਂ ਚ' ਨਹੀ ਰਹਿੰਦਾ ਹਾਂ
ਮੈ ਬਹਾਵਾ ਚ' ਨਹੀ ਬਹਿੰਦਾ ਹਾਂ
ਮੈਂ ਜਿੰਉਦਾ ਹਾਂ, ਤਾਂ ਸਿਰਫ ਅੱਜ ਦੇ ਲਈ
ਮੈਂ ਤੱਕਦਾ ਨਹੀ ਪਿੱਛੇ ਕਦੀ
ਜੇ ਹੈ ਹਿੰਮਤ, ਤਾਂ ਬਣ ਕੇ ਦਿਖਾ ਵਾਂਗ ਮੇਰੇ

ਭਟਕਣ.......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਕਿਹੜੀ ਕਿਹੜੀ ਯਾਦ ਦਾ ਕੱਪੜਾ
ਕਿਨੀ ਦੇਰ ਹੰਡਾਵਾਂ

ਕਿਹੜਾ  ਕੱਪੜਾ ਪਾ ਕੇ  ਰਖਾਂ
ਕਿਹੜਾ ਮੈਂ  ਲਾਹ  ਪਾਵਾਂ

ਟੁਕੜੇ  ਟੁਕੜੇ ਹੋ ਕੇ ਜੀਉਣਾ
ਭਟਕਣ  ਵਾਂਗ  ਹਵਾਵਾਂ 

ਇਸ ਜੀਵਨ ਦੀ ਦਿਸ਼ਾ  ਲੱਭਣ ਲਈ
ਕਿਹੜੀ  ਖੇਡ  ਰਚਾਵਾਂ

ਬਦਲਾਵ.......... ਨਜ਼ਮ/ਕਵਿਤਾ / ਜਤਿੰਦਰ ਸਿੰਘ ਫੁੱਲ

ਮੌਸਮ ਬਦਲ ਗਏ ਨੇ
ਰੁੱਤਾਂ ਬਦਲ ਗੀਆਂ  ਨੇ

ਜੇਠ ਹਾੜ ਦੀਆ ਤਪਦੀਆਂ 
ਧੁਪਾਂ  ਬਦਲ ਗੀਆਂ  ਨੇ

ਖਮੋਸ਼ ਪਈਆਂ  ਬੁੱਲੀਆਂ ਦੀਆਂ   
ਓਹ ਚੁੱਪਾਂ ਬਦਲ ਗੀਆਂ  ਨੇ

ਟਿੱਡ ਚੰਦਰੇ  ਨੂ ਜੋ ਲਗਦੀਆਂ 
ਓਹ ਭੁੱਖਾਂ ਬਦਲ ਗੀਆਂ  ਨੇ

ਫੁਲ ਤੇ ਕੰਡਾ.......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ

ਚੰਗਾ ਹੁੰਦਾ ਫੁਲ ਦੀ ਥਾਂ, ਕੰਡਾ ਹੀ ਬਣ ਜਾਂਦਾ
ਜਣਾ ਖਣਾ ਫੇਰ ਹਥ ਪਾਉਣ ਤੋਂ, ਥੋੜਾ ਤਾਂ ਕਦਰਾਂਦਾ

ਹੁਸਨ ਫੁਲ ਦਾ ਮਾਣ ਵਪਾਰੀ ਪੈਰਾਂ ਹੇਠ ਲਿਤਾੜਨ
ਫੁਲ ਵਿਚਾਰਾ ਖੁਸ਼ੀਆਂ  ਖੇੜੇ ਵੰਡਦਾ ਹੀ ਮਰ ਜਾਂਦਾ

ਫੁਲ ਤੋੜਦੇ ਟਾਹਣੀ ਨਾਲੋਂ ਕੰਡਾ ਕੋਈ ਨਾ ਤੋੜੇ
ਫੁਲ ਤੋੜਨ ਨੂੰ ਹਰ ਬਸ਼ਰ ਦਾ ਹਥ ਹੈ ਵਧਦਾ ਜਾਂਦਾ

ਫੁਲ ਟੁਟ ਕੇ ਟਾਹਣੀ ਨਾਲੋਂ ਪਲਾਂ ਵਿਚ ਮੁਰਝਾਵੇ
ਵਢਿਆ ਟੁਕਿਆ ਕੰਡਾ ਫੇਰ ਵੀ ਕੰਡਾ ਹੀ ਰਹਿ ਜਾਂਦਾ

ਬੁਲੇ ਲੁੱਟਣੇ ਦਾ ਵਲ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

ਮਾੜੇ ਦਿਨਾਂ ਨੂੰ  ਕਦੇ ਵੀ  ਭੁੱਲੀਏ ਨਾ
ਸੌਖਾ ਢੰਗ ਹੈ  ਹਉਮੈਂ ਤੋਂ  ਛੁੱਟਣੇ  ਦਾ ।

ਹੱਡ ਭੰਨਵੀਂ ਮਿਹਨਤ  ਹੀ ਰਾਜ਼ ਜਾਣੋ
ਲਾਹ ਕੇ ਗਲੋਂ ਗਰੀਬੀਆਂ ਸੁੱਟਣੇ ਦਾ ।

‘ਹੱਥ ਅੱਡਣੇ’ ਕਦੇ ਨਾ ਪੈਣ ਉਸਨੂੰ
ਵਲ ਸਿੱਖਿਆ ਜਿਹਨੇ ‘ਹੱਥ ਘੁੱਟਣੇ’ਦਾ ।

ਲੈਣ-ਦੇਣ ਹੁਧਾਰ ਜਦ ਸ਼ੁਰੂ ਹੋਵੇ
ਮੁਢ ਬੱਝਦਾ  ਯਾਰੀਆਂ ਟੁੱਟਣੇ  ਦਾ ।

ਪੀ ਪੀ ਪੀ ਦੀ ਗੱਡੀ ਦਾ ਕਬਿੱਤ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

‘ਲੋਕ ਰਾਜ’ ਕਾਹਦਾ ਇਹ ਤਾਂ ‘ਬੋਕ ਰਾਜ’ ਹੈ
ਅੱਤ ਚੱਕੀ  ਹੋਈਐ  ਸੱਤਾ ਦੇ ਵਪਾਰੀਆਂ ।

ਧੱਕੇ ਸ਼ਾਹੀ ,ਨਸ਼ੇ, ਪੈਸੇ  ਰੋਲ਼ ਦਿੰਦੇ ਨੇ
ਨੇਕ ਨੀਤੀ  ਨਾਲ ਵਿੱਢੀਆਂ ਤਿਆਰੀਆਂ ।

ਲਾਰੇ ਲੱਪੇ ਲਾਉਣੇ ਵਾਲੇ ਰਾਜ ਭੋਗਦੇ
ਸੱਚਿਆਂ ਦੇ   ਪੱਲੇ ਪੈਂਦੀਆਂ ਖੁਆਰੀਆਂ ।

ਹਾਲ……… ਨਜ਼ਮ/ਕਵਿਤਾ / ਕਰਨ ਬਰਾੜ

ਹੁਣ ਜਦ ਵੀ ਪਰਦੇਸਾਂ ਦੇ ਵਿੱਚ
ਛੋਟੀ ਭੈਣ ਦੀ ਰੱਖੜੀ ਆਵੇ
ਰੱਖੜੀ ਚੋਂ ਨਿੱਕਲ ਕੇ ਸੁਣਿਓ
ਭੈਣ ਕਿੱਦਾਂ ਦਿਲ ਦਾ ਹਾਲ ਸੁਣਾਵੇ
ਵੀਰੇ ਅੱਜ ਮੈਂ ਤੇਰੇ ਨਾਲ ਨੀਂ ਲੜਦੀ
ਨਾਲੇ ਦੱਸਾਂ ਕਿੰਨਾ ਹੋਰ ਹਾਂ ਪੜ੍ਹਗੀ
ਬਾਪੂ ਸਵਖਤੇ ਉਠ ਕੇ ਖੇਤ ਹੈ ਜਾਂਦਾ
ਪਰ ਖਿਝਿਆ ਮੁੜਦਾ ਲੌਢੇ ਵੇਲੇ
ਨਾਲੇ ਵੱਡੀ ਮਹਿੰ ਦੀ ਛੋਟੀ ਕੱਟੀ

ਸੂਲੀ ਚੜ੍ਹ ਮਨਸੂਰ ਪੁਕਾਰੇ.......... ਗ਼ਜ਼ਲ / ਗਿਆਨੀ ਸੋਹਣ ਸਿੰਘ ਸੀਤਲ

ਸੂਲੀ ਚੜ੍ਹ ਮਨਸੂਰ ਪੁਕਾਰੇ ਇਓਂ ਦਿਲਦਾਰ ਮਨਾਈਦਾ
ਖੱਲ ਲੁਹਾ ਤਬਰੇਜ਼ ਕਹੇ ਇਓਂ ਗਲੀ ਸਜਣ ਦੀ ਜਾਈਦਾ।

ਆਰੇ ਦੇ ਨਾਲ ਚੀਰ ਜ਼ਕਰੀਆ ਜਦ ਦੋ-ਫਾੜੇ ਕੀਤੋ ਨੇ
ਹਰ ਹਿੱਸੇ ਚੋਂ ਇਹ ਸਦ ਆਵੇ ਮਰਕੇ ਪਿਆਰਾ ਪਾਈਦਾ।

ਕੰਨ ਪੜਵਾਏ ਮੁੰਦਰਾਂ ਪਾਈਆਂ ਛੱਡਕੇ ਤਖਤ ਹਜਾਰੇ ਨੂੰ
ਯਾਰ ਪਿਛੇ ਦੁਸ਼ਮਣ ਦੇ ਬੂਹੇ ਮੁੜ ਮੁੜ ਅਲਖ ਜਗਾਈਦਾ।

ਬਿਜਲੀ ਦੇ ਕੱਟ……… ਗੀਤ / ਅਰਸ਼ਦੀਪ ਸਿੰਘ ਬੜਿੰਗ

ਮਹਿੰਗੇ ਭਾਅ ਜੱਟਾਂ ਨੇ ਝੋਨਾ ਲਗਵਾ ਲਿਆ
ਮਰਿਆ ਸੱਪ ਜੱਟਾਂ ਨੇ ਗਲ਼ ਵਿੱਚ ਪਾ ਲਿਆ
ਉਤੋ ਰੱਬ ਵੀ ਕਰ ਗਿਆ ਹੇਰਾ-ਫੇਰੀਆਂ
ਆਸ ਨਾਲੋ ਹੋਈ ਬਾਰਿਸ਼ ਘੱਟ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ

ਬਿਨ ਪਾਣੀ ਜੱਟਾਂ ਦਾ ਝੋਨਾ ਮੁਰਝਾਅ ਰਿਹਾ
ਜੱਟ ਦਾ ਕਾਲਜਾ ਸੀਨੇ ਵਿੱਚੋ ਬਾਹਰ ਆ ਰਿਹਾ
ਮਹਿੰਗੇ ਭਾਅ ਤੇਲ ਬਾਲ ਝੋਨੇ ਨੂੰ ਪਾਲ ਰਿਹਾ
ਜੱਟ ਆਟੇ ਵਾਲੀ ਚੱਕੀ ਵਿੱਚ ਗਿਆ ਪਿਸ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ

ਸਾਵਣ ਆਇਆ ਨਾ……… ਗੀਤ / ਮਲਕੀਅਤ ਸਿੰਘ ਸੁਹਲ

ਮੈਂ ਹਾੜ੍ਹੇ ਕਰ ਕਰ ਥੱਕੀ ਮਾਹੀਆ ਆਇਆ ਨਾ।
ਵੇ ਚੰਨਾ! ਮੇਰੇ ਭਾ ਦਾ ਸਾਵਣ ਆਇਆ ਨਾ।

ਸੁਪਨੇ ਦੇ ਵਿਚ ਆ ਕੇ ਕਿਉਂ ਤੜਪਾਉਂਨਾ ਏਂ।
ਕਿਉਂ ਲਾਰੇ- ਲੱਪੇ ਕਰ ਕੇ ਦਿਨ ਟਪਾਉਂਨਾ ਏਂ।
ਉਡੀਕ ਤੇਰੀ ਵਿਚ ਗੀਤ ਬ੍ਰਿਹੋਂ ਦਾ ਗਾਇਆ ਨਾ,
ਵੇ ਚੰਨਾ ! ਤੇਰੇ ਭਾ ਦਾ ਸਾਵਣ ਆਇਆ ਨਾ।
ਮੈਂ ਹਾੜ੍ਹੇ ਕਰ ਕਰ ਥੱਕੀ...

ਚਾਚਾ ਮੁਰਲੀ ਚੁਗਲ ਖੋਰ.......... ਕਾਵਿ ਵਿਅੰਗ / ਰਵੇਲ ਸਿੰਘ ਇਟਲੀ

ਚਾਚੇ ਮੁਰਲੀ ਪਾਏ ਪੁਆੜ
ਕਈਆਂ ਦੇ ਘਰ ਚਾਚੇ ਨੇ ਜਾੜੇ
ਚਾਚਾ ਚੁਗਲੀ ਖੋਰ ਪੁਰਾਣਾ
ਘਰ ਘਰ ਰੱਖੇ ਆਣਾ ਜਾਣਾ
ਚਾਚਾ ਸੀ ਡਾਢਾ ਚਾਲਾਕ
ਚੁਗਲੀ ਦੀ ਬੱਸ ਰੱਖੇ ਝਾਕ
ਚਾਚੇ ਦਾ ਕੰਮਾਂ ਅੱਗਾਂ ਲਾਣਾ
ਕਿਧਰੇ ਲਾਣਾ ਕਿਤੇ ਬੁਝਾਣਾ
ਬਿਨ ਪੁੱਛੇ ਕੁੰਡੀ ਖੜਕਾ ਕੇ
ਬਹਿ ਜਾਵੇ ਵਿਹੜੇ ਵਿਚ ਆ ਕੇ
ਏਦਾਂ ਹੀ ਬੱਸ ਫਿਰਦਾ ਰਹਿੰਦਾ

ਮੁੰਡੇ ਮੇਰੇ ਪਿੰਡ ਦੇ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ
ਮਾਰਦੇ ਨੇ ਬੜ੍ਹਕਾਂ ਤੇ ਸ਼ੇਰ ਹੋਈ ਜਾਂਦੇ ਨੇ

ਪੱਬਾਂ ਤੇ ਕਲੱਬਾਂ ਵਿਚ ਸਮਾਂ ਨੇ ਗੁਜ਼ਾਰਦੇ
ਕਾਲਜਾਂ ਸਕੂਲਾਂ ਵਿੱਚੋਂ ਫਰਲੋ ਉਹ ਮਾਰਦੇ
ਮਾਪਿਆਂ ਦੀ ਕਿਰਤ, ਕੈਸੀਨੋ ਵਿਚ ਹਾਰਦੇ
ਕੰਨਾਂ ਵਿੱਚ ਮੁੰਦੇ, ਬੋਦੇ ਜ਼ੁਲਫਾਂ ਸਵਾਰਦੇ
ਖਾਨਦਾਨੀ ਜੜ੍ਹਾਂ ਵਿਚ ਤੇਲ ਚੋਈ ਜਾਂਦੇ ਨੇ
ਸੱਸੀਆਂ ਤੇ ਹੀਰਾਂ ਪਿੱਛੇ ਢੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ

ਕਿਉਂ ਗਈਆਂ ਰੌਣਕਾਂ.......... ਨਜ਼ਮ/ਕਵਿਤਾ / ਜਸਬੀਰ ਦੋਲੀਕੇ, ਨਿਊਜੀਲੈਂਡ

ਕਿਥੇ ਗਈਆਂ ਰੌਣਕਾਂ ਸਭ ਸੱਥਾਂ ਖਾਲੀ ਨੇ
ਪਹਿਲਾਂ ਨਾਲੋਂ ਵੱਧ ਲੋਕ ਵੱਸਦੇ ਪਰ ਇਹ ਚਿੰਨ੍ਹ ਸਵਾਲੀ ਨੇ
ਟੀ ਵੀ ਨੇ ਆਲਮ ਪੱਟਿਆ ਕਸਰ ਕੱਢਤੀ ਫੋਨਾਂ ਨੇ
ਹਰ ਕੋਈ ਕੀਲਿਆ ਇੰਟਰਨੈਟ ਨੇ ਬਾਕੀ ਫੇਸਬੁੱਕ ਨਿਰਾਲੀ ਨੇ
ਵਿੱਚ ਤ੍ਰਿੰਝਣਾਂ ਕੁੜੀਆਂ ਨਾ ਰਲ ਕੇ ਬੈਠਣ
ਨਾ ਪੀਘਾਂ ਕਿਤੇ ਵੀ ਪੈਂਦੀਆਂ ਰੋਂਦੇ ਪਿੱਪਲ ਟਾਹਲੀ ਨੇ
ਰੰਗਲੇ ਦੇਸ਼ ਪੰਜਾਬ ਦੀ ਨਸ਼ਿਆਂ ਨੇ ਜਵਾਨੀ ਖਾ ਲਈ
ਗੱਭਰੂ ਤੁਰਦੇ ਲੱਤਾਂ ਕੰਬਦੀਆਂ ਕਿਥੇ ਵਹਾਉਣੇ ਹਲ ਪੰਜਾਲੀ ਨੇ
ਹਿੰਮਤੀ ਲੋਕੀਂ ਬਾਹਰ ਚਲੇ ਗਏ ਬਾਕੀ ਵਿਹਲੇ ਹੋ ਗਏ ਨੇ
ਏਥੇ ਉਜੜਿਆਂ ਬਾਗਾਂ ਦੇ ਗਾਲੜ੍ਹ ਹੀ ਮਾਲੀ ਨੇ

ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ……… ਗੀਤ / ਬਲਵਿੰਦਰ ਸਿੰਘ ਮੋਹੀ

ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ,
ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ
ਗੀਤ ਵੀ ਆਪਣੀ ਕਿਸਮਤ ਉਤੇ ਹੌੰਕੇ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ,
ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ,
ਗੈਰਤ-ਮੰਦ ਪੰਜਾਬੀ ਅੱਜਕ੍ਹਲ ਸਭ ਕੁਝ ਜਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਪੰਜਾਬੀ ਹਾਂ.......... ਨਜ਼ਮ/ਕਵਿਤਾ / ਰਣਜੀਤ ਸਿੰਘ

ਪੰਜਾਬੀ ਹਾਂ ਪੰਜਾਬ ਦੇ ਰਹਿਣ ਵਾਲ਼ਾ
ਮੈਨੂੰ ਮਾਣ ਪੰਜਾਬੀ ਹੋਣ ਦਾ ਏ
ਸਾਨੂੰ ਗੁੜ੍ਹਤੀਆਂ ਦਿੱਤੀਆਂ ਗ਼ੈਰਤਾਂ ਨੇ
ਮੈਨੂੰ ਮਾਣ ਇਨਕਲਾਬੀ ਹੋਣ ਦਾ ਏ
ਪੰਜਾਬੀ ਹਾਂ…
ਮੇਰੀ ਬੋਲੀ ‘ਚ ਬੁੱਲ੍ਹਾ ਫ਼ਰੀਦ ਬੋਲੇ
ਬਾਬੇ ਨਾਨਕ ਨੇ ਇਹਨੂੰ ਅਮੀਰ ਕੀਤਾ
ਵਾਰਿਸ ਸ਼ਾਹ ਨੇ ਇਹਨੂੰ ਸਿ਼ੰਗਾਰਿਆ ਸੀ
ਹਾਕਮ ਸਮੇਂ ਦਿਆਂ ਇਹਨੂੰ ਫ਼ਕੀਰ ਕੀਤਾ
ਪੰਜਾਬੀ ਹਾਂ…
ਨਾ ਕੋਈ ਧਾੜਵੀ ਜਦੋਂ ਦਲੀਲ ਮੰਨੇ
ਹੱਥ ਜੋੜਿਆਂ ਮੇਰਾ ਨਾ ਹੱਕ ਦਿੱਤਾ
ਉਦੋਂ ਰਣ ਵਿੱਚ ਮੈਂ ਸ਼ਮਸ਼ੀਰ ਵਾਹੀ
ਦਰ੍ਹਾ ਖ਼ੈਬਰ ਹਮੇਸ਼ਾਂ ਲਈ ਡੱਕ ਦਿੱਤਾ
ਪੰਜਾਬੀ ਹਾਂ …

ਪੁਰਾਣੇ ਵਿਦੇਸ਼ੀ ਪੰਜਾਬੀਆਂ ਦੀ ਗੱਲਬਾਤ……… ਨਜ਼ਮ/ਕਵਿਤਾ / ਕਰਨ ਬਰਾੜ

ਮਨਜੀਤ ਸਿੰਘਾ ਜੇ ਤੂੰ ਸੋਚਦਾ
ਇੰਡੀਆ ਨਰਕ ਹੈ… ਗਰੀਬ ਹੈ…
ਫਿਰ ਕਿਉਂ ਆਪਣੇ ਨਾਮ ਨਾਲ
ਸਿੰਘ ਦੀ ਟੰਗੀ ਸਲੀਬ ਹੈ...
ਤੁਸੀਂ ਉੱਥੇ ਜਾ ਕੇ ਉਸਦੀ
ਗਰੀਬੀ ਕਿਉਂ ਨਹੀਂ ਕਟਾਉਂਦੇ...
ਦੇਸ਼ ਦੀ ਤਰੱਕੀ ਵਿੱਚ ਆਪਣਾ
ਹੱਥ ਕਿਉਂ ਨਹੀਂ ਵਟਾਉਂਦੇ...
ਕਈ ਵਾਰ ਇੱਕ ਹੀ ਬੰਦਾ
ਪੂਰੇ ਸੰਸਾਰ ਦਾ ਰੁਖ ਮੋੜ ਦਿੰਦਾ...
ਆਪਣੀ ਚੰਗੀ ਸੋਚ ਨਾਲ
ਪੂਰੀ ਦੁਨੀਆਂ ਜੋੜ ਦਿੰਦਾ...

ਸਿਆਸੀ ਗਮਲਾ........... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂੰ


ਸੁੰਦਰ ਸੁਹਣਾ ਵੇਖ ਕੇ ਗਮਲਾ, ਸੁੰਦਰ ਬੂਟਾ ਲਾਇਆ ਮੈਂ
ਨੋਟਾਂ ਬਦਲੇ ਵੋਟਾਂ ਪਾ ਕੇ, ਖੁਦਕਸ਼ੀ ਵਣਜ ਕਮਾਇਆ ਮੈਂ
ਹੱਥ ਕੁਹਾੜਾ ਚੁੱਕ ਕੇ ਆਪਣੇ, ਪੈਰੀਂ ਆਪ ਚਲਾਇਆ ਮੈਂ
ਉੱਚਾ ਸੁੱਚਾ ਲਕਸ਼ ਜੋ ਮੇਰਾ, ਭੰਗ ਦੇ ਭਾਅ ਵਿਕਾਇਆ ਮੈਂ
ਜਾਣ ਬੁੱਝ ਕੇ ਆਪਣਾ ਬੋਦਾ, ਸਿ਼ਕਾਰੀ ਹੱਥ ਫੜਾਇਆ ਮੈਂ

ਦਾਰੂ ਸਿੱਕੇ ਲਾਲਚ ਬਦਲੇ, ਚਰਿੱਤਰ ਈਮਾਨ ਗਵਾਇਆ ਮੈਂ
ਸੁਹਿਰਦ ਰਾਜਾ ਲੱਭਣ ਖਾਤਰ, ਅਵੈਧ ਪਥ ਅਪਨਾਇਆ ਮੈਂ
ਮਤਦਾਨ ਭਰਕੇ ਬਕਸੇ ਅੰਦਰ, ਸ਼ਾਸਕ ਇੱਕ ਬਣਾਇਆ ਮੈਂ
ਸਮਰੱਥਾ ਵੇਖੀ ਪਰਖੀ ਨਾ, ਮੂੰਹ-ਮੁਲਾਹਜਾ ਭਗਤਾਇਆ ਮੈਂ

ਕਵੀ ਜੀ............ ਨਜ਼ਮ/ਕਵਿਤਾ / ਕੁਲਦੀਪ ਸਿੰਘ ਸਿਰਸਾ

ਕਿਤਾਬਾਂ ਤੋਂ ਦੂਰ ਕਵੀ ਜੀ
ਬੜੇ ਮਸ਼ਹੂਰ ਕਵੀ ਜੀ
ਸਭ ਕੁਝ ਜਾਣ ਕਵੀ ਜੀ
ਬਣਨ ਅਣਜਾਨ ਕਵੀ ਜੀ

ਭੁੱਖੇ ਦੀ ਆਂਦਰ ਕਵੀ ਜੀ
ਖਾ ਗਿਆ ਬਾਂਦਰ,ਕਵੀ ਜੀ
ਬਾਂਦਰ ਤੇ ਰਿੱਛ ਕਵੀ ਜੀ
ਗੂੜੇ ਨੇ ਮਿੱਤ ਕਵੀ ਜੀ

ਪੱਗ ਦੀ ਸ਼ਾਨ ਦਾ ਚੇਤਾ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

ਨੂੰਹਾਂ ਧੀਆਂ ਤਾਂਈਂ ਜਦੋਂ ਛੱਡਦੇ ਹਾਂ ਦਾਜ ਪਿੱਛੇ
ਮਾਰਦੀ ਨਾ ਲੱਜਾ ਸਾਨੂੰ  ਉਦੋਂ ਭੋਰਾ ਜੱਗ ਦੀ ।

ਫਰਜੀ ਵਿਆਹਾਂ ਵਿੱਚ ਝੂਠ ਮੂਠ ਲੈ ਕੇ ਫੇਰੇ
‘ਬਾਹਰ’ ਜਾਣ ਲੱਗਿਆਂ ਨੂੰ ਸੰਗ ਨਹੀਂਉਂ ਲੱਗਦੀ ।

ਉਦੋਂ ਵੀ ਹਯਾ ਨਾ ਆਵੇ ਆਂਉਂਦੇ ਹਾਂ ਅੜਿੱਕੇ ਆਪਾਂ
ਫੜੀ ਜਾਂਦੀ ‘ਖੇਪ’ ਜਦੋਂ ਗੱਡੀ ‘ਚੋਂ ਡਰੱਗ ਦੀ ।

ਅੰਧ-ਵਿਸ਼ਵਾਸ਼ੀ ਹੋ ਕੇ ਥ੍ਹਾਂ ਥ੍ਹਾਂ ਮੱਥੇ ਟੇਕੀ ਜਾਈਏ
ਰਹਿੰਦੀ ਨਾ ਪਛਾਣ ਸਾਨੂੰ ਸਾਧ ਅਤੇ ਠੱਗ ਦੀ ।

ਧਰਤ ਪੰਜਾਬ ਦੀ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਪਿੰਡ ਪਿੰਡ ਵਿੱਚ ਯਾਰੋ ਠੇਕਾ ਖੁੱਲਿਆ
ਹਾਕਮ ਜਵਾਨੀ ਬਰਬਾਦ ਕਰਨ ਤੁਲਿਆ
ਜਿਥੇ ਵਿੱਦਿਆ ਦਾ ਚਾਨਣ ਮੁਨਾਰਾ ਮਿੱਤਰਾ
ੳਹਦੇ ਲਾਗੇ ਰੱਖਿਆ ਤਬਾਹੀ ਦਾ ਸਮਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

ਪਹਿਲਾ ਚੰਦਰੀ ਵਿਖਾਉਂਦੀ ਵੱਖਰਾ ਨਜ਼ਾਰਾ
ਫਿਰ ਦੂਰ ਕਰੇ ਕੋਈ ਆਪਣਾ ਪਿਆਰਾ 
ਜਿਸ ਰੁੱਤੇ ਆਉਂਦੀ ਬਹਾਰ ਮਿੱਤਰਾ
ੳਸ ਰੁੱਤੇ ਮੁੰਡਾ ਚੱਲਿਆ ਸਮਸ਼ਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

ਭਾਰਤ ਦੇਸ਼……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਮਾਪਿਆਂ ਨੂੰ ਮੰਗਿਆ ਪਾਣੀ ਨਾ ਮਿਲਦਾ
ਪੁੱਤਾ ਕੋਲ ਟਾਇਮ ਕਿੱਥੇ ਇੱਕ ਪਲ ਦਾ
ਪਰ ਨਿੱਤ ਹਾਜ਼ਰੀ ਡੇਰੇ ਲਾਉਦੇ
ਪੈਰ ਬੈਠ ਬਾਬਿਆਂ ਦੇ ਘੁੱਟਦੇ 
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…

ਲੋਕੀ ਮੰਦਰਾਂ ਮਸਜਿਦਾਂ ਵਿੱਚ ਰੱਬ ਲੱਭਦੇ
ਰੱਬ ਦੇ ਰੂਪ ਮਾਪਿਆਂ ਨੂੰ ਘਰੋਂ ਕੱਢ ਕੇ
ਦੁਰਕਾਰ ਮਾਂ-ਪਿੳ ਦੀਆਂ ਅਸੀਸਾਂ ਨੂੰ 
ਥੱਲੇ ਹਵਸਖੋਰ ਬਾਬਿਆਂ ਦੇ ਚੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…

ਗਰੀਨ ਕਾਰਡ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਮੇਰੇ ਉਡ ਜਾ ਬਨੇਰੇ ਉਤੋਂ ਕਾਂਵਾਂ ਕਾਲਿਆ,
ਮੈਨੂੰ ਮਾਹੀ ਦੇ ਆਉਣ ਦੀ ਉਡੀਕ ਨਹੀਂ ਹੈ।

ਉਹਨੂੰ ਘੱਲਿਆ ਵਲੈਤ ਵਿੱਚ ਪੌਂਡਾਂ ਵਾਸਤੇ,
ਅਜੇ ਵਾਪਸੀ ਦੀ ਉਸ ਦੀ ਤਰੀਕ ਨਹੀਂ ਹੈ।

ਸੁੱਖਾਂ ਸੁੱਖੀਆਂ ਮੈਂ, ਮੁੜ ਆਏ ਨਾ ਉਹ ਖਾਲੀ,
ਵੇਚ ਗਿਆ ਘਰੋਂ ਸਾਰੇ ਉਹ ਹੱਲ ਤੇ ਪੰਜਾਲੀ।

ਰੱਬਾ ਦੇ ਦੇ ਉਹਨੂੰ ਕੁਝ ਸਾਲ ਕਮਾਈ ਵਾਸਤੇ,
ਭਾਵੇਂ ਗੋਰੀ ਨੂੰ ਵਿਆਹ ਲਏ, ਰੁਸਵਾਈ ਵਾਸਤੇ।

ਸੁਪਨੇ .......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਸੁਪਨੇ ਸਿਰਜੋ ਸੁਪਨੇ ਵੱਢੋ, ਬਿਨ ਸੁਪਨੇ ਨਹੀਂ ਸਰਦਾ।
ਘੁੰਗਟ ਹਟਾਓ, ਸੁਪਨੇ ਹੰਢਾਓ, ਕਰ ਦਿਓ ਬੇ-ਪਰਦਾ।

ਸੰਘਰਸ਼ ਹੈ ਇਕ ਮਾਡਲ ਸੁਪਨਾ, ਕਿਰਤ ਅੱਗੇ ਝਰਦਾ।
ਸੁਪਨ ਹਕੀਕਤ ਉਦਮ ਸਾਹਵੇਂ, ਮੁਕੱਦਰ ਪਾਣੀ ਭਰਦਾ।

ਸੁਪਨੇ ਲੁੱਟਣ ਖਾਤਰ ਬੰਦਾ, ਅੰਤਿਮ ਦਮ ਤੱਕ ਲਰਦਾ।
ਚੜ੍ਹਦੀ ਕਲਾ ’ਚ ਚੜ੍ਹਦੇ ਜਾਣਾ, ਬੁਲੰਦ ਨਾਹਰਾ ਨਰਦਾ।

ਉਮੰਗਾਂ ਦਾ ਸਾਖੀ ਦਰਪਣ, ਭਵਿੱਖਬਾਣੀ ਸੁਪਨਾ ਕਰਦਾ।
ਜੀਵਨ ਦੇ ਅਦਿੱਖ ਦਿਸਹੱਦੇ, ਤੁਹਾਡੇ ਅਰਪਣ ਧਰਦਾ।