ਬੇਵਸੀ ਦੀ ਵਰਣਮਾਲਾ਼.......... / ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਨਿਮਾਣਾ ਜਿਹਾ ਮੇਰਾ ਮਾਣ
ਅਣਗੌਲਿ਼ਆ ਮੇਰਾ ਥਹੁ-ਪਤਾ
ਤਾਰਿਆਂ ਦੇ ਦੇਸ਼ 'ਚ ਉਡਦਾ ਕਣ
ਕਾਹਦੇ 'ਤੇ ਗਰਬ ਕਰੇ

ਕਿੰਨੀ ਕੁ ਯਾਤਰਾ

ਸਮੁੰਦਰ 'ਚ ਉਠਦੇ ਬੁਲਬੁਲੇ ਦੀ
ਪੱਤੇ 'ਤੇ ਡਿੱਗੀ ਕਣੀ
ਕਿੰਜ ਮੁਖ਼ਾਤਿਬ ਹੋਵੇ ਸ਼ੂਕਦੇ ਦਰਿਆ ਨੂੰ

ਗੁਲਾਬੀ ਮਹਿਕ ਦਾ ਬੁੱਲਾ
ਕਿੰਜ ਬਹਿਸ ਕਰੇ ਝੱਖੜਾਂ ਨਾਲ਼
ਅੱਖਾਂ 'ਚ ਲਿਖੀ ਬੇਵਸੀ ਦੀ ਵਰਣਮਾਲ਼ਾ
ਕਿਵੇਂ ਅਰਥ ਕਰੇ
ਮਰਮਰ 'ਤੇ ਉਕਰੇ ਸਿ਼ਲਾਲੇਖ ਦੇ

ਮੈਂ ਇਕ ਅਣਲਿਖੀ ਨਜ਼ਮ
ਇਕ ਅਣਗਾਈ ਗ਼ਜ਼ਲ
ਕੀ ਮਾਣ ਕਰਾਂ
ਮਹਾਂ ਸ਼ਬਦ-ਕੋਸ਼ਾਂ 'ਤੇ

ਇਕ ਲਫ਼ਜ਼ ਹੈ ਮੇਰੇ ਕੋਲ਼, ਮੁਹੱਬਤ
ਇਕ ਅਹਿਸਾਸ ਹੈ ਮੇਰੇ ਕੋਲ਼, ਦੋਸਤੀ
ਹੜ੍ਹਾਂ ਦੀ ਰੁੱਤ ਵਿੱਚ
ਨਾ ਇਹ ਬੇੜੀਆਂ ਬਣੇ ਨਾ ਮਲਾਹ

ਚੇਤਨਾ ਵਿਚ ਗੁਫਾਵਾਂ ਦਾ ਅੰਧਕਾਰ
ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ
ਰੂਹ ਦੀ ਮਿੱਟੀ 'ਚ ਕਿਹੜਾ ਰੰਗ ਬੀਜਾਂ
ਕਿ ਧੁੱਪ ਦੇ ਫੁੱਲ ਖਿੜ ਪੈਣ

ਮੇਰੇ ਪੈਰਾਂ ਹੇਠ
ਅਨੰਤ ਦਿਸ਼ਾਵਾਂ ਦਾ ਕੇਂਦਰ
ਕਿਹੜੀ ਦਿਸ਼ਾ ਦੀ ਸੇਧ ਲਵਾਂ
ਕਿ ਖੁ਼ਦ ਤੋਂ ਪਾਰ ਹੋ ਜਾਵਾਂ
ਕਿਹੜੀ ਕਿਰਨ ਨੂੰ ਅਰਘ ਚੜਾਵਾਂ
ਕਿ ਰਾਖ ਤੋਂ ਅੰਗਿਆਰ ਹੋ ਜਾਵਾਂ.......
------

(ਗੁਰੂਦੇਵ)

ਹਵਾ ਦਾ ਕੋਈ ਵੇਗ ਨਹੀਂ ਹੁੰਦਾ
ਅਰੁੱਕ ਵੇਗ ਹੀ ਸਿਰਨਾਵਾਂ ਉਸਦਾ
ਫੁੱਲ
ਆਪਣੀ ਮਹਿਕ 'ਤੇ ਮਾਣ ਨਹੀਂ ਕਰਦੇ
ਪਾਣੀ ਬੇਖ਼ਬਰ ਆਪਣੀ ਤਰਲਤਾ ਤੋਂ

ਅਣਕਹੇ ਬੋਲ
ਲਫ਼ਜ਼ਾਂ ਦੇ ਤਲਬਗਾਰ ਨਹੀਂ ਹੁੰਦੇ
ਉਡ ਕੇ ਆ ਬਹਿੰਦੇ ਚੁੱਪ ਦੀ ਸਲੇਟ 'ਤੇ

ਕੋਈ ਬੂਹਾ ਨਹੀਂ ਹੁੰਦਾ
ਅੰਧਕਾਰ ਦੇ ਮਹਿਲ ਦਾ
ਛੱਤਾਂ ਪਾੜ ਕੇ ਲੰਘਣਾ ਪੈਂਦਾ
ਜਾਗਦੀਆਂ ਕਿਰਨਾਂ ਨੂੰ

ਮੁਹੱਬਤ ਦੀ ਮਹਿਕ
ਹਵਾ ਦਾ ਮੋਢਾ ਨਹੀਂ ਮੰਗਦੀ
ਕੰਧਾਂ ਦੇ ਅਰਥ ਨਹੀਂ ਜਾਣਦੀ
ਬਸ ਪੁੱਜ ਜਾਂਦੀ
ਇਕ ਸਾਹ ਤੋਂ ਦੂਜੇ ਸਾਹ ਤੱਕ

ਕਿਸੇ ਬਿੰਦੂ ਨਾਲ਼ ਮੋਹ ਪਾਲਣਾ
ਖੜੋਤ ਹੈ ਮੌਤ ਵਰਗੀ
ਦਿਸ਼ਾਵਾਂ ਵੱਲ ਪਿੱਠ ਕਰਨੀ
ਨਿਰੀ ਖ਼ੁਦਕਸ਼ੀ

ਵਿਸ਼ੇਸ਼ਣਾਂ ਤੋਂ ਬੇਪਰਵਾਹ ਸਹਿਜ ਵਿਚਰੀਏ
ਤਾਂ ਹਰ ਹਨੇਰੀ ਗੁਫ਼ਾ 'ਚੋਂ ਪਾਰ ਹੋ ਜਾਈਦਾ
ਸੰਨਾਟੇ ਦਾ ਰਾਗ ਸੁਣ ਲਈਦਾ

ਮੱਥੇ ਵਿਚਲਾ ਭਾਂਬੜ
ਸਹਿਜ ਹੋ ਮਸ਼ਾਲ ਬਣਦਾ
ਤਾਂ ਦਿਸ਼ਾਵਾਂ ਪੈਰਾਂ ਹੇਠ ਵਿਛ ਜਾਂਦੀਆਂ

ਹੇ ਸਖੀ !
ਤੂੰ ਆਪਣੇ ਅੰਦਰਲੇ ਸਚਿਆਰ ਨੂੰ
ਪਰਤੱਖ ਹੋਣ ਤੋਂ ਨਾ ਰੋਕੀਂ........

ਕਾਫਲਾ.......... ਗ਼ਜ਼ਲ / ਹਰਦਮ ਸਿੰਘ ਮਾਨ

ਰੋਜ਼ ਸਾਡੇ ਦਰ ਤੇ ਆਵੇ ਮੁਸ਼ਕਿਲਾਂ ਦਾ ਕਾਫਲਾ।
ਆਫਤਾਂ ਨੂੰ ਪਰ ਕੀ ਜਾਣੇ ਹਿੰਮਤਾਂ ਦਾ ਕਾਫਲਾ।

ਫਿਰ ਕਿਸੇ ਵੀ ਕੋਨੇ ਅੰਦਰ ਠਹਿਰ ਨਹੀਂ ਸਕਣਾ ਹਨੇਰ
ਸਿਦਕ ਲੈ ਕੇ ਤੁਰ ਪਿਆ ਜਦ ਜੁਗਨੂੰਆਂ ਦਾ ਕਾਫਲਾ।


ਗਿੱਧਿਆਂ ਦੇ ਵਿਹੜਿਆਂ ਵਿਚ ਕਾਲ ਜਿਹਾ ਪੈ ਗਿਐ
ਕੋਠਿਆਂ ਤੇ ਸਿਸਕਦਾ ਹੈ ਝਾਂਜਰਾਂ ਦਾ ਕਾਫਲਾ।

ਏਸ ਰਸਮੀ ਦੌਰ ਵਿਚ ਰਲ ਕੇ ਕੋਈ ਕਰੀਏ ਉਪਾਅ
ਭਟਕਿਆ ਹੀ ਹੋਣੈਂ ਕਿਧਰੇ ਰਿਸ਼ਤਿਆਂ ਦਾ ਕਾਫਲਾ।

ਚੜ੍ਹਦੇ ਸੂਰਜ ਨੂੰ ਅਸੀਂ ਕਰਨਾ ਨਹੀਂ ਸਿੱਖੇ ਸਲਾਮ
ਤਾਂ ਹੀ ਸਾਡੇ ਵੱਲ ਹੈ ਆਉਂਦਾ ਤੁਹਮਤਾਂ ਦਾ ਕਾਫਲਾ।

ਵਫ਼ਾਦਾਰੀ ਬਦਲ ਜਾਂਦਾ.......... ਗ਼ਜ਼ਲ / ਕ੍ਰਿਸ਼ਨ ਭਨੋਟ

ਵਫ਼ਾਦਾਰੀ ਬਦਲ ਜਾਂਦਾ ਏ ਪਲ ਪਲ, ਦਲ-ਬਦਲ ਵਾਂਗੂ
ਮਹਾਂ-ਨਗਰੀ ਤਿਰਾ ਹਰ ਇਕ ਬਸ਼ਰ, ਲੱਗਦਾ ਏ ਛਲ ਵਾਂਗੂ

ਤੂੰ ਚਿੱਕੜ ਵਿਚ ਘਿਰਿਐਂ, ਇਹ ਤਾਂ ਤੇਰੀ, ਖੁ਼ਸ਼ਨਸੀਬੀ ਹੈ
ਤਿਰੇ ਹਿੱਸੇ 'ਚ ਹੀ ਆਇਐ ਮਨਾ, ਖਿੜਨਾ ਕੰਵਲ ਵਾਂਗੂ


ਰਤਾ ਵੀ ਧੁੱਪ ਜੋ ਸਹਿੰਦੇ ਨ ਕੁਮਲ਼ਾ ਕੇ ਬਿਖ਼ਰ ਜਾਂਦੇ
ਜੁ ਸਹਿੰਦੇ ਮੌਸਮਾਂ ਦੀ ਮਾਰ,ਉਹ ਰਸ ਜਾਣ ਫ਼ਲ਼ ਵਾਂਗੂ

ਦਿਹਾੜੀ ਵਾਂਗ ਇਕ ਪਲ ਬੀਤਦੈ ਇਹ ਵੀ ਸਮਾਂ ਆਉਂਦੈ
ਕਦੇ ਉਹ ਵੀ ਸਮਾਂ, ਜਾਂਦੀ ਦਿਹਾੜੀ, ਬੀਤ ਪਲ ਵਾਂਗੂ

ਉਹ ਪੁੰਨੂੰ ਸੁਪਨਿਆਂ ਦਾ ਛਲ ਗਿਆ ਹੈ ਜਿੰਦ ਸੱਸੀ ਨੂੰ
ਤੇ ਕੋਹਾਂ ਤੀਕ ਸਾਹਵੇਂ-ਜਿ਼ੰਦਗੀ ਪਸਰੀ ਹੈ ਥਲ ਵਾਂਗੂ

ਰਹੇ ਨਾ ਬੇਸੁਰੀ, ਇਹ ਵੀ ਕਿਸੇ ਸੁਰਤਾਲ ਵਿਚ ਬੱਝੇ
ਅਸੀਂ ਤਾਂ ਲੋਚਦੇ ਹਾਂ ਜਿ਼ੰਦਗੀ ਦੀ ਸੁਰ, ਗ਼ਜ਼ਲ ਵਾਂਗੂ

ਬੁਝੇਗੀ ਪਿਆਸ ਏਸੇ ਆਸ ਦੇ ਵਿਚ ਦੌੜਦੇ ਰਹੀਏ
ਮਹਾਂ-ਨਗਰੀ, ਤਿਰਾ ਕੈਸਾ ਤਲਿੱਸਮ, ਰੇਤ ਛਲ਼ ਵਾਂਗੂ


ਯਥਾਰਥ ਨਾਲ਼ ਵਾਹ ਪੈਂਦੈ, ਤਾਂ ਅਸਲੀ ਰੂਪ ਹੀ ਬਚਦੈ
ਦਿਖਾਵੇ ਦੀ ਚਮਕ ਸਾਰੀ ਤਾਂ ਲਹਿ ਜਾਂਦੀ ਨਿਕਲ ਵਾਂਗੂ

ਕਿਤੇ ਦਮ ਤੋੜ ਬੈਠੇ, ਕਿਸ਼ਨ ਤੂੰ ਦੇਖੀਂ ਗ਼ਜ਼ਲ ਤੇਰੀ
ਪੁਆ ਬੈਠੀਂ ਨਾ ਪੈਖੜ ਡਾਲਰਾਂ ਦਾ, ਨਾਗ-ਵਲ਼ ਵਾਂਗੂ

ਚਿੰਤਨ ਤੇ ਚਰਚਾ.......... ਗ਼ਜ਼ਲ / ਪ੍ਰੋ. ਜਸਪਾਲ ਘਈ

ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ

ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਾਹਿਦ, ਮਿਰਾ ਹੀ ਨਾਮ ਦਰਿਆ ਹੈ


ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉੱਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨੇਰ੍ਹਾ ਹੈ

ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਝ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ, ਮਗਰ ਇਹ ਹੱਥ ਤੇ ਮੇਰਾ ਹੈ

ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜੁਲਮਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ

ਇਹ ਸੰਗਲ ਸਾਜ਼ ਬਣ ਛਣਕਣ, ਇਹ ਸੂਲ਼ਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ, ਇਹ ਕਿਸ ਪਿੰਜਰੇ ਦਾ ਜੇਰਾ ਹੈ

ਤਾਜ ਬਖ਼ਸ਼ ਦੇ.......... ਗ਼ਜ਼ਲ / ਪ੍ਰੋ. ਸੁਰਜੀਤ ਜੱਜ

ਤਾਜ ਬਖ਼ਸ਼ ਦੇ, ਸਿਰ ਹਾਜ਼ਰ ਹੈ
ਬਾਕੀ ਛੱਡ, ਉਹ ਘਰ ਖ਼ਾਤਰ ਹੈ

ਹੱਥ ਜੇ ਹੁੰਦੇ ਹੱਥ, ਫਿਰ ਭੈਅ ਸੀ
ਕਰ ਕਮਲਾਂ ਤੋਂ ਕਾਹਦਾ ਡਰ ਹੈ


ਜਿਸ ਵੀ ਪਿੱਠ 'ਤੇ ਰੁੱਖ ਹੈ ਉੱਗਿਆ
ਓਹੀ ਦੂਜੀ ਤੋਂ ਬਿਹਤਰ ਸੀ

ਮੈਨੂੰ ਪਾਲ਼, ਨਦੀ ਜੇ ਹਰਨੀ
ਕਹਿੰਦਾ ਨਫ਼ਸ ਦਾ, ਸ਼ਹੁ ਸਾਗਰ ਹੈ

ਮੈਂ ਵੀ ਵਾਅਦਾ ਮਾਫ਼ ਗਵਾਹ ਹਾਂ
ਮੇਰੇ ਹੱਥ ਵਿਚ ਵੀ ਖ਼ੰਜਰ ਹੈ

ਮੈਨੂੰ ਓਥੇ ਉਗਣਾ ਪੈਣੈ
ਜਿਹੜੀ ਵੀ ਧਰਤੀ ਬੰਜਰ ਹੈ

ਕਿੰਨਾ ਪਿਆਸਾ ਹਾਂ, ਮੇਰੇ ਲਈ
ਹਰ ਬੱਦਲੀ ਹੀ ਪੈਂਦੀ ਵਰ੍ਹ ਹੈ

ਆਪਣਾ ਹੋਵੇ ਜਾਂ ਨਾ ਹੋਵੇ
ਗੁਲਮੋਹਰ ਤਾਂ ਗੁਲਮੋਹਰ ਹੈ

ਸਹਿਰਾ ਵਿਚ ਸੁਰਜੀਤ ਹੋਣ ਦਾ
ਮਿਲਿਆ ਇਕ ਚਸ਼ਮੇ ਤੋਂ ਵਰ ਹੈ

ਪੈੜਾਂ ਦਾ ਰੇਤਾ........... ਗ਼ਜ਼ਲ / ਰਾਜਿੰਦਰਜੀਤ

ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲ਼ੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿੱਸਰਿਆਂ ਨੂੰ ਯਾਦ ਕਰ ਲਈਏ

ਉਹ ਅਪਣੀ ਕਹਿਕਸ਼ਾਂ 'ਚੋਂ ਨਿਕਲ਼ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲਕੇ ਕੁਝ ਖ਼ਬਰ ਲਈਏ


ਉਲੀਕੇ ਖੰਭ ਕਾਗਜ਼ 'ਤੇ ਦੁਆਲੇ਼ ਹਾਸੀ਼ਏ ਲਾਵੇ
ਕਿਵੇਂ ਵਾਪਿਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ?

ਜਿਵੇਂ ਇਕ ਪੌਣ 'ਚੋਂ ਖੁ਼ਸ਼ਬੂ, ਜਿਵੇਂ ਇਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇਕ ਦੂਸਰੇ 'ਚੋਂ ਇਉਂ ਗੁਜ਼ਰ ਲਈਏ

ਅਸੀਂ ਵੀ ਖੂ਼ਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਵੀ ਇਤਰਾਜ਼ ਕਰ ਲਈਏ

ਲਾਟ......... ਗ਼ਜ਼ਲ / ਜਸਵਿੰਦਰ

ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼

ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼


ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ
ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼

ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼

ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼

ਚਮਕ ਹੈ ਕਿਸਦੀ ਜਿ਼ਆਦਾ ਫੈਸਲੇ ਹੋ ਜਾਣਗੇ
ਸੁਲਗ਼ਦੇ ਜਜ਼ਬੇ ਟਿਕਾ ਦੇ ਖ਼ੰਜਰਾਂ ਦੇ ਨਾਲ਼ ਨਾਲ਼

ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼

ਇਹ ਕਦੋਂ ਚੱਲੇਗਾ ਬਣ ਕੇ ਜਿ਼ੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼

ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼

ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼

ਨਗਰ ਦੀ ਲਿਸ਼ਕ......... ਗ਼ਜ਼ਲ / ਜਸਪਾਲ ਘਈ (ਪ੍ਰੋ.)

ਨਗਰ ਦੀ ਲਿਸ਼ਕ ਤੋਂ ਅਪਣੇ ਗਰਾਂ ਦੀ ਛਾਂ ਤੀਕਰ
ਮੈਂ ਸੁਪਨਿਆਂ ਨੂੰ ਜਗਾਉਂਦਾ ਹਾਂ ਸੁਪਨਿਆਂ ਤੀਕਰ

ਸਫ਼ਰ ਹਯਾਤ ਦਾ ਚਲਦਾ ਹੈ ਦਾਇਰੇ ਅੰਦਰ
ਘਰਾਂ ਤੋਂ ਉਜੜਨਾ ਪੁੱਜਣ ਲਈ ਘਰਾਂ ਤੀਕਰ


ਤਲਾਸ਼ ਸ਼ਹਿਰ ਦੀ ਚੱਲੀ ਸੀ ਜੰਗਲਾਂ ਵਿਚੋਂ
ਤਲਾਸ਼ ਸ਼ਹਿਰ ਦੀ ਪੁੱਜੀ ਹੈ ਜੰਗਲਾਂ ਤੀਕਰ

ਅਸਾਂ ਹਯਾਤ ਦੇ ਖੰਭਾਂ ਨੂੰ ਬੰਨ੍ਹ ਕੇ ਪੱਥਰ
ਉਡਾਇਆ ਇਸ ਨੂੰ ਖਲਾਵਾਂ ਤੋਂ ਪਿੰਜਰਿਆਂ ਤੀਕਰ

ਖਿੰਡੇ ਹੋਏ ਨੇ ਅਸਾਡੇ ਹੀ ਖ਼ਾਬ ਦੇ ਟੁਕੜੇ
ਥਲਾਂ ਦੀ ਰੇਤ ਤੋਂ ਦਰਿਆ ਦੇ ਪਾਣੀਆਂ ਤੀਕਰ

ਮੈਂ ਹਰ ਮੁਕਾਮ ਤੋਂ ਕਿਰ-ਕਿਰ ਕੇ ਤੇਰੇ ਤਕ ਪਹੁੰਚਾਂ
ਧੁਨੀ ਤੋਂ ਲਫ਼ਜ਼ ਤੇ ਲਫ਼ਜ਼ਾਂ ਤੋਂ ਫਿ਼ਕਰਿਆਂ ਤੀਕਰ

ਬਲੀ ਹੈ ਅੱਗ ਮਿਰੇ ਪੈਰਾਂ 'ਚ, ਜਿ਼ਹਨ ਅੰਦਰ ਵੀ
ਸਿਮਟ ਹੀ ਆਣਗੇ ਅੰਬਰ ਮਿਰੇ ਪਰਾਂ ਤੀਕਰ

ਚੋਣਵੇਂ ਸਿ਼ਅਰ / ਰਣਬੀਰ ਕੌਰ

ਚੁਗਣੀ ਪੈ ਗਈ ਚੋਗ ਅਸਾਂ ਨੂੰ ਸੱਤ ਸਮੁੰਦਰ ਪਾਰੋਂ ਮਾਂ
ਆਪਣਿਆਂ ਬਿਨ ਰੂਹ ਤੜਪੇ ਜਿਉਂ ਕੂੰਜ ਵਿਛੜ ਜਾਏ ਡਾਰੋਂ ਮਾਂ

ਤੀਆਂ, ਮੇਲੇ, ਨਾ ਹਮਸਾਏ, ਨਾ ਹਮਦਰਦ ਹੈ ਕੋਈ ਵੀ
ਪਿਆਰ ਵੀ ਏਥੇ ਭਟਕੇ ਲੋਕੀ ਭਾਲਣ ਰੋਜ਼ ਬਜ਼ਾਰੋਂ ਮਾਂ

-- ਸ਼ੇਖਰ

ਕੇਡੀ ਹੈ ਇਹ ਕਸਕ ਤੇਰੇ ਵਿਛੜਨ ਦੀ ਦਿਨ ਢਲ਼ੇ
ਕੁਝ ਦਿਲ ਦੇ ਏਸ ਪਾਰ ਹੈ ਕੁਝ ਓਸ ਪਾਰ ਹੈ
-- ਹਰੀ ਸਿੰਘ ਮੋਹੀ

ਰੰਗ, ਖੁ਼ਸ਼ਬੂ, ਰੌਸ਼ਨੀ ਤੇ ਪਿਆਰ ਲੈ ਆਇਆ ਹਾਂ ਮੈਂ
ਤੇਰੀ ਖ਼ਾਤਰ ਦੇਖ ਕੀ ਕੀ ਯਾਰ ਲੈ ਆਇਆ ਹਾਂ ਮੈਂ

ਸਾਂਭ ਕੇ ਰੱਖੀਂ ਇਹ ਹਰਕਤ ਤੇ ਹਰਾਰਤ ਦੇਣਗੇ
ਚੇਤਨਾ ਦੇ ਮਘ ਰਹੇ ਅੰਗਿਆਰ ਲੈ ਆਇਆ ਹਾਂ ਮੈਂ
-- ਅਜਾਇਬ ਚਿੱਤਰਕਾਰ

ਕੁਝ ਸਮਝ ਆਉਂਦੀ ਨਹੀਂ ਇਹ ਕਿਸ ਤਰ੍ਹਾਂ ਦਾ ਸ਼ਹਿਰ ਹੈ
ਰੁੱਖ ਥਾਂ ਥਾਂ 'ਤੇ ਖੜ੍ਹੇ ਨੇ ਪਰ ਕਿਤੇ ਸਾਇਆ ਨਹੀਂ

ਜਿ਼ੰਦਗੀ ਮੁਜ਼ਰਿਮ ਹਾਂ ਤੇਰਾ ਜੀਅ ਕਰੇ ਜੋ ਦੇ ਸਜ਼ਾ
ਬਣਦੀ ਹੱਦ ਤੱਕ ਜ਼ੁਲਫ਼ ਤੇਰੀ ਨੂੰ ਜੋ ਸੁਲਝਾਇਆ ਨਹੀਂ
-- ਹਰਬੰਸ ਮਾਛੀਵਾੜਾ

ਹਨ੍ਹੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ
ਐ ਜਗਦੇ ਦੀਵਿਓ ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ
-- ਗੁਰਤੇਜ ਕੋਹਾਰਵਾਲ਼ਾ

ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ
ਐਪਰ ਅਪਣੇ ਦਿਲ ਦੇ ਵਿਹੜੇ ਪੈਰ ਕਦੇ ਨਾ ਧਰਦੇ ਲੋਕ
-- ਤ੍ਰੈਲੋਚਣ ਲੋਚੀ

ਤੇਰੇ ਨਾਲ਼ ਲੜਨਾ ਏਂ........... ਗੀਤ / ਵਿਜੈ ਵਿਵੇਕ

ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ
ਲੜਨਾ ਵੀ ਕੀ
ਦਿਲ ਫੋਲਣ ਦਾ ਇਕ ਬਹਾਨਾ ਘੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ


ਅੱਜ ਨਹੀਂ ਤੈਨੂੰ ਜੀ,ਜੀ,ਕਹਿਣਾ
ਨਾ ਭਰ ਰਾਤ ਫ਼ਰਸ਼ ਤੇ ਬਹਿਣਾ
ਅੱਜ ਮਿਟ ਜਾਣੈ, ਅੱਜ ਨਹੀਂ ਰਹਿਣਾ
ਅੱਜ ਅਸਾਂ ਨੇ ਧਿੰਗਾਜੋ਼ਰੀ ਆ ਪਲੰਘੇ ਤੇ ਚੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਕੋਲ਼ ਆਵਾਂ ਤਾਂ ਉੱਠ ਉੱਠ ਨੱਸਦੈਂ
ਜੇ ਰੋਵਾਂ ਤਾਂ ਖਿੜ ਖਿੜ ਹੱਸਦੈਂ
ਹੱਸ ਪਵਾਂ ਤਾਂ ਝੱਲੀ ਦੱਸਦੈਂ
ਜ਼ਖ਼ਮ ਵਿਖਾਵਾਂ ਤਾਂ ਪਿੰਡੇ 'ਤੇ ਹੋਰ ਵੀ ਛਮਕਾਂ ਜੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਸੱਜਣਾ ਅੱਜ ਦੀ ਰਾਤ ਚਾਨਣੀ
ਤੇਰੀ ਬੁੱਕਲ਼ ਵਿਚ ਮਾਨਣੀ
ਹਰ ਇਕ ਗੁੱਝੀ ਰਮਜ਼ ਜਾਨਣੀ
ਅੱਜ ਇਸ਼ਕੇ ਦਾ ਪਹਿਲਾ ਅੱਖਰ ਤੇਰੇ ਕੋਲ਼ੋਂ ਪੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਚਿੱਟੇ ਸਫਿ਼ਆਂ 'ਤੇ.......... ਗ਼ਜ਼ਲ / ਸੁਰਜੀਤ ਜੱਜ (ਪ੍ਰੋ.)

ਚਿੱਟੇ ਸਫਿ਼ਆਂ 'ਤੇ, ਕਾਲ਼ੇ ਅੱਖਰ ਸਿਸਕ ਰਹੇ ਨੇ
ਸ਼ੀਸ਼ੇ ਦੇ ਘਰ ਦੀ ਸਰਦਲ 'ਤੇ, ਗੁੰਗੇ ਪੱਥਰ ਸਿਸਕ ਰਹੇ ਨੇ

ਕਿੱਥੋਂ ਤੀਕਰ ਹਠੀ ਕਿਨਾਰੇ, ਅਪਣੀ ਹੋਂਦ ਬਚਾ ਸਕਦੇ ਹਨ
ਹਰ ਮੱਛੀ ਦੀ ਅੱਖ 'ਚ ਖ਼ਬਰੇ, ਕਿੰਨੇ ਸਾਗਰ ਸਿਸਕ ਰਹੇ ਨੇ


ਤੇਰੀ ਚਾਹਤ ਗੁੰਗੀ ਕੋਇਲ, ਬੇਰੰਗ ਤਿਤਲੀ, ਬੁਝਿਆ ਦੀਵਾ
ਮੇਰੇ ਜਿ਼ਹਨ 'ਚ ਨਿੱਕੇ-ਨਿੱਕੇ, ਕਿੰਨੇ ਅੰਬਰ ਸਿਸਕ ਰਹੇ ਨੇ

ਹਾਦਸਿਆਂ ਨੂੰ ਕਿੰਝ ਮੁਖ਼ਾਤਿਬ, ਹੋਣ ਮੁਸਾਫਿ਼ਰ ਏਥੇ ਦੱਸੋ
ਭਟਕੇ ਹੋਏ ਪੈਰਾਂ ਤਾਈਂ, ਪੁੱਛਦੇ ਕੰਕਰ ਸਿਸਕ ਰਹੇ ਨੇ

ਤੂੰ ਜਿਹਨਾਂ ਤੋਂ ਹਾਸੇ ਲੈ ਕੇ, ਚਿਹਰੇ ਉੱਤੇ ਚਾੜ੍ਹ ਰਿਹਾ ਏਂ
ਉਹ ਕੈਕਟਸ ਤਾਂ ਖੁ਼ਦ ਉਮਰਾਂ ਤੋਂ, ਗਮਲੇ ਅੰਦਰ ਸਿਸਕ ਰਹੇ ਨੇ

ਮੈਂ ਤੇਰੇ ਤਕ ਜਦ ਵੀ ਪੁੱਜਾਂ, ਸੁੰਨ ਮਸੁੰਨਾ ਹੋ ਜਾਂਦਾ ਹਾਂ
ਸ਼ਾਇਦ ਤੇਰੇ ਜਿ਼ਹਨ ਚਿ ਕਿਧਰੇ, ਮੇਰੇ ਖੰਡਰ ਸਿਸਕ ਰਹੇ ਨੇ

ਤੇਰੀ ਧੁੱਪ ਦੇ ਬਖ਼ਸ਼ੇ ਹੋਏ, ਨਿੱਘ ਦਾ ਭਰਮ ਹੰਢਾਵਾਂ ਕਿੱਦਾਂ
ਮੇਰੀ ਮਿੱਟੀ ਵਿੱਚੋਂ ਮੇਰੀ, ਮੈਂ ਦੇ ਵੱਤਰ ਸਿਸਕ ਰਹੇ ਨੇ

ਪਾਣੀ, ਪਿਆਸ, ਹਵਾ ਤੇ ਪੱਤੇ, ਸਭਨਾਂ ਵਿਚ ਸੁਰਜੀਤ ਹਾਂ ਮੈਂ ਤਾਂ
ਕੀ ਦੱਸੇਂਗਾ ਮੇਰੇ ਹਾਸੇ ਕਿੱਧਰ-ਕਿੱਧਰ ਸਿਸਕ ਰਹੇ ਨੇ

ਸੰਕਟ.......... ਨਜ਼ਮ / ਬਲਵਿੰਦਰ ਸੰਧੂ

ਜਿਨ੍ਹਾਂ ਰੁੱਖਾਂ
ਧਰਤ ਦੇ ਦੁੱਖਾਂ ਲਈ
ਸੁੱਖਾਂ ਦੇ ਗਾਨੇ ਹੋਣਾ ਸੀ
ਉਹ ਹਿਰਸੀ ਮਨੁੱਖ ਦੀ
ਭੁੱਖ ਦਾ ਸਿ਼ਕਾਰ ਹੋ ਗਏ


ਜਿਨ੍ਹਾਂ ਪੌਣਾਂ
ਧਰਤ ਦਾ ਮੈਲ਼ਾ ਪੌਣਾ
ਮਲ਼ ਮਲ਼ ਧੋਣਾ ਸੀ
ਉਹ ਰੇਤਲ ਵਾਵਰੋਲਿਆਂ ਦੀ
ਅੱਗ ਅੱਗੇ ਬੇਵਸ ਹੋ ਗੀਆਂ

ਜਿਨ੍ਹਾਂ ਨਦੀਆਂ
ਧਰਤ ਦੀਆਂ ਨਸਾਂ 'ਚ
ਰਕਤ ਬਣ ਵਹਿਣਾ ਸੀ
ਨਾਗਾਂ ਦੀ ਭੂਤ ਮੰਡਲੀ
ਉਨ੍ਹਾਂ ਦਾ ਤੁਪਕਾ ਤੁਪਕਾ ਡੀਕ ਗਈ

ਜਿਨ੍ਹਾਂ ਰੁੱਤਾਂ
ਧਰਤ ਦੇ ਪੁੱਤਾਂ ਸਿਰ
ਫੁੱਲਕਾਰੀ ਸੀ ਓੜ੍ਹਨੀ
ਉਹ ਖੁਸ਼ਕ ਮੌਸਮਾਂ ਦੀ
ਧੂੜ 'ਚ ਖੁਰਦ ਬੁਰਦ ਹੋ ਗੀਆਂ
ਜਿਨ੍ਹਾਂ ਸਮਿਆਂ 'ਚ
ਏਨਾ ਅਨਰਥ ਹੋਣਾ ਸੀ
ਉਨ੍ਹਾਂ ਸਮਿਆਂ 'ਚ ਕਵਿਤਾ
ਮਾਂ ਦੇ ਥਣੀ ਦੁੱਧ ਵਾਂਗ ਉਤਰਦੀ
ਕੁਝ ਮੁਸ਼ਕਲ ਸੀ !

ਕੁਦਰਤੀ ਨਜ਼ਾਰਾ.......... ਨਜ਼ਮ / ਉਕਤਾਮੋਏ ( ਉਜ਼ਬੇਕਿਸਤਾਨ )

ਨੀਲੀ ਹਵਾ ਦੇ ਪਰਦੇ 'ਚ
ਦਿਨ ਚੜ੍ਹ ਰਿਹਾ ਹੈ
ਧਰਤੀ 'ਤੇ ਅਨੰਤ ਚਮਕੀਲੀਆਂ
ਕਿਰਨਾਂ ਪੈ ਰਹੀਆਂ ਹਨ
ਅੱਖਾਂ ਪੂੰਝਦੀ ਹਵਾ ਚੱਲ ਰਹੀ ਹੈ

ਸੁਸਤ ਨਰਮ ਘਾਹ
ਤ੍ਰੇਲ ਦੀਆਂ ਬੂੰਦਾਂ 'ਚ ਨਹਾ ਰਿਹਾ ਹੈ
ਪੀਲ਼ੇ ਫੁੱਲਾਂ ਦਾ ਬੂਟਾ ਤਿਆਰ ਹੋ ਰਿਹਾ ਹੈ
ਸੁਨਹਿਰੀ ਖਟਮਲ ਗਾ ਰਿਹਾ ਹੈ
ਮੱਖੀਆਂ ਪਾਣੀ 'ਚ ਛੱਲਾਂ ਮਾਰਦੀਆਂ ਹਨ
ਕਿਨਾਰੇ 'ਤੇ ਚਾਲ਼ੀ ਕੁੜੀਆਂ
ਹੱਥਾਂ 'ਚ ਹੱਥ ਪਾਈ ਭੱਜ ਰਹੀਆਂ ਨੇ
ਕੀੜੀ ਇਕੱਲੀ ਬੀਅ ਚੁੱਕੀ
ਤੜਕਸਾਰ ਕਿੱਥੇ ਜਾ ਰਹੀ ਹੈ ?
ਸੱਭ ਨੂੰ ਦੇਖਦਿਆਂ
ਫੁੱਲ ਦੀ ਡੋਡੀ ਮੂੰਹ ਖੋਲ੍ਹ ਰਹੀ ਹੈ
ਹੈਰਾਨ ਜਿਹੀ ਹੈ..................

ਗਈ ਰਾਤ ਦੇ ਸੁਪਨੇ.......... ਨਜ਼ਮ / ਕੰਵਲਜੀਤ ਭੁੱਲਰ

ਗਈ ਰਾਤ ਦੇ ਸੁਪਨੇ ਵਰਗੀਏ...
ਸੁਲਘਦੀ ਸਵੇਰ ਦੀ ਲੋਅ ਜਿਹੀਏ
ਮੁਹੱਬਤ ਵਰਗੀ ਕੋਈ ਬਾਤ ਪਾ...
ਤਾਂ ਜੋ
ਉਮਰ ਨੂੰ ਆਹਰੇ ਲਾਵਾਂ...

ਤੇ ਖ਼ੁਦ ਕਿਤੇ ਗੁਆਚ ਜਾਵਾਂ
ਹੁਣ ਤਾਂ ਨੈਣ ਹੰਝੂਆਂ ਨਾਲ਼ ਨਿਹਾਰਦੇ ਨੇ
ਹੱਥ ਅੱਖਾਂ 'ਚ ਤਾਰੀਆਂ ਮਾਰਦੇ ਨੇ...।।
ਟੁੱਟਦੇ ਤਾਰੇ ਦੀਏ ਲ੍ਹੀਕੇ ...
ਚੱਲ ਤੇਰੇ ਹੁੰਘਾਰੇ ਦਾ ਇਕ ਘੁਟ ਪੀ ਕੇ
ਮੈਂ ਅਪਣੀ ਉਮਰ ਦਾ ਨਾਂ ਹਉਕਾ ਰੱਖ ਲਵਾਂ..?
ਤੇ ਫੇਰ ਤੂੰ ਹੁੰਘਾਰਿਓਂ ਮੁੱਕਰ ਜਾਵੀਂ
ਮੈਂ ਤਾਂ ਜੀਣ ਤੋਂ ਪਹਿਲਾਂ ਹੀ ਮੁਨਕਰ ਹਾਂ...।।
ਮੁੱਕ ਰਹੀ ਉਮਰ ਦੇ ਆਖਰੀ ਸਾਹ ਵਰਗੀਏ
ਮੌਤ ਵੱਲ ਨੂੰ ਵਧਦਿਆਂ ਪਹਿਲੇ ਪੜਾਅ ਵਰਗੀਏ
ਸਿਆਲ ਰੁੱਤ ਦੀਏ ਨਿੱਘੀਏ ਧੁੱਪੇ
ਦੱਸ ਮੇਰੇ ਹਾਸੇ ਤੂੰ ਚੋਰੀ ਕਿਓਂ ਚੁੱਕੇ..??
ਪਰ ਮੈਂ ਤਾਂ ਤੇਰਾ ਹਮਦਰਦ
ਤੈਨੂੰ... ਤੇਰੇ ਰਾਹ ਦਾ ਇਕ ਮੋੜ ਬਣ ਕੇ ਉਡੀਕਾਂਗਾ..।।
ਗਰਮ ਮੌਸਮ ਦੀਏ ਠੰਢੀਏ ਹਵਾਏ..
ਰੱਬ ਤੈਨੂੰ ਦੋਹਰੀ ਜਵਾਨੀ ਚੜ੍ਹਾਏ
ਮੈਨੂੰ ਤਾਂ ਚਲੋ ਇਕ ਵੀ..??
ਖੈਰ
ਸ਼ਰਾਬ ਦੇ ਪਹਿਲੇ ਘੁੱਟ ਵਰਗੀਏ
ਤੂੰ ਮੌਤ ਵਰਗੀ ਕੋਈ ਗੱਲ ਛੋਹ
ਮੈਨੂੰ ਹੁਣ ਜੀਣਾ ਆ ਗਿਆ...।।।

ਕਾਲ਼ੀਆਂ ਘਟਾਵਾਂ.......... ਗੀਤ / ਸੁਖਚਰਨਜੀਤ ਕੌਰ ਗਿੱਲ

ਕਾਲ਼ੀਆਂ ਘਟਾਵਾਂ ਰੱਬਾ ਕਿੱਥੋਂ ਚੜ੍ਹ ਆਈਆਂ ਵੇ ?
ਰੋਕੀਂ ਰੱਬਾ ਰੋਕੀਂ ਦਿਲ ਦਿੰਦਾ ਏ ਦੁਹਾਈਆਂ ਵੇ।

ਪੌਣ ਜਦੋਂ ਵਗੇ ਕਹਿੰਦੇ ਜਾਨ ਭਰ ਦਿੰਦੀ ਐ
ਕਾਲ਼ੀ ਜੋ ਹਨ੍ਹੇਰੀ ਅਧਮੋਏ ਕਰ ਦਿੰਦੀ ਐ

ਇਹਦੇ ਪਿੱਛੇ ਕਾਲੀ਼ਆਂ ਘਟਾਵਾਂ ਚੜ੍ਹ ਆਈਆਂ ਵੇ ,...

ਵਰ੍ਹੇ ਹੋਏ ਇਕ ਵਾਰੀ ਕਾਲ਼ੀ ਨੇਰ੍ਹੀ ਚੱਲੀ ਸੀ
ਲੁਕ ਲੁਕ ਰੋਂਦੀ ਓਦੋਂ ਜਾਨ ਕੱਲੀ ਕੱਲੀ ਸੀ
ਉਡੀਆਂ ਸੀ ਰਹਿੰਦੀਆਂ ਚਿਹਰੇ ਤੋਂ ਹਵਾਈਆਂ ਵੇ,....

ਕਾਲ਼ੀ ਵੇ ਹਨੇਰੀ 'ਚ ਈਮਾਨ ਜਾਂਦਾ ਡੋਲ ਵੇ
ਸੋਨਾ ਚਾਂਦੀ ਲੱਭੇ ਬੰਦਾ ਲਾਸ਼ਾਂ ਫੋਲ ਫੋਲ ਵੇ
ਮਰ ਜਾਣ ਬੁੱਲੀਆਂ ਤਾਂ ਪਾਣੀ ਤੋਂ ਤਿਹਾਈਆਂ ਵੇ,....

ਨੇਰ੍ਹੀਆਂ ਤੋਂ ਪਿੱਛੋਂ ਹੁੰਦੈ, ਸਭ ਕੁਝ ਹੋਰ ਵੇ
ਮਾਰੇ ਜਾਂਦੇ ਸਾਧ, ਬਹਿੰਦੇ ਤਖਤਾਂ 'ਤੇ ਚੋਰ ਵੇ
ਨੇਰ੍ਹੀ ਦੀਆਂ ਮਾਰਾਂ ਛੇਤੀ ਜਾਣ ਨਾ ਭੁਲਾਈਆਂ ਵੇ,...
ਰੋਕੀਂ ਰੱਬਾ ਰੋਕੀਂ ਦਿਲ ਦਿੰਦਾ ਏ ਦੁਹਾਈਆਂ ਵੇ ॥॥