ਦਸਵੇਂ ਦਾ ਲੇਖਾ ਜੋਖਾ, ਸਾਲ 2011 ਲਈ ਪ੍ਰਣ.......... ਮੁਹਿੰਦਰ ਸਿੰਘ ਘੱਗ

ਜਾਂਦਾ ਜਾਂਦਾ ਇਹ ਸਦੀ ਦਾ ਸਾਲ ਦਸਵਾਂ ਕਰਾ ਗਿਆ ਅਮਰੀਕਾ ਦੀ ਚੋਣ ਮੀਆ
ਜਿਤਣ ਵਾਲੇ ਨੇ ਧੌਣ ਅੱਕੜਾਈ ਫਿਰਦੇ ਹਾਰੇ ਹੋਇਆਂ ਨੇ ਕੀਤੀ ਨੀਵੀਂ ਧੌਣ ਮੀਆਂ

ਸਮਾਂ ਹੁੰਦਾ  ਸਮਰਥ ਹੈ ਸਾਰਿਆਂ ਤੋਂ ਸਮਾਂ ਬਦਲੇ ਤਾਂ ਬਦਲ ਤਕਦੀਰ ਜਾਂਦੀ
ਡੈਮੋਕਰੈਟਾਂ ਤੋਂ ਸਮੇਂ ਨੇ ਖੋਹੀ ਤਾਕਤ ਰੀਪੱਬਲਕਨ ਆ ਗਏ ਹੁਕਮ ਚੜਾਉਣ ਮੀਆਂ

ਟੀ ਪਾਰਟੀ ਨੇ ਚਕ੍ਰਵਿਯੂਹ ਰਚਿਆ ਉਬਾਮਾ ਘਿਰ ਗਿਆ ਬਿਚ ਵਿਰੋਧੀਆਂ ਦੇ
ਕਟ ਗੁਜਰਿਆ ਸੰਕਟ ਜੇ ਮਰਦ ਬਣਕੇ ਸੂਝ  ਬੂਝ   ਦੀ  ਹੋਣੀ ਪਛਾਣ ਮੀਆਂ

ਆਟਾ ਦਾਲ ਮਹਿੰਗਾ ਤੇ ਘੀ ਦੁਧ ਮਹਿੰਗਾ ਕੀਮਤ ਪਿਆਜ ਦੀ ਲਾਈ ਅਸਮਾਨ ਟਾਕੀ
ਭੁਖ ਨੰਗ  ਅਜ ਸਾਰੇ ਪ੍ਰਧਾਨ ਹੋਈ ਲੋਕੀਂ ਥਾਲੀਆਂ ਪਏ ਖੜਕਾਉਣ ਮੀਆਂ

ਲਾਲਾਂ ਦੀ ਸ਼ਹੀਦੀ.......... ਨਜ਼ਮ/ਕਵਿਤਾ / ਨਿਸ਼ਾਨ ਸਿੰਘ ਰਾਠੌਰ

ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦ
ਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀ
ਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀ
ਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ

ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇ
ਗੁਜਰੀ ਨੇ ਛੋਟਿਆਂ ਨੂੰ ਉਂਗਲੀ ਨਾਲ ਲਾਇਆ ਸੀ
ਪੋਹ ਦੀ ਸੀ ਠੰਡ ਉੱਤੋਂ ਘੁੱਪ ਸੀ ਹਨੇਰਾ ਛਾਇਆ
ਕਹਿਰ ਦਾ ਸੀ ਸਮਾਂ ਜਿਹੜਾ ਗੋਬਿੰਦ ਤੇ ਆਇਆ ਸੀ

ਰਾਤ ਦੇ ਹਨੇਰੇ ਵਿੱਚ ਤੁਰੀ ਜਾਂਦੇ ਤੁਰੀ ਜਾਂਦੇ
ਮੰਜ਼ਲ ਨਾ ਕੋਈ ਜਿਹਦਾ ਠ੍ਹੋਰ ਉਹ ਬਣਾਇਆ ਸੀ
ਥੱਕ ਗਏ ਹਾਂ ਮਾਤਾ ਘੜੀ ਕਰੀਏ ਆਰਾਮ ਏਥੇ
ਗੁਜਰੀ ਨੇ ਬੱਚਿਆਂ ਨੂੰ ਸੀਨੇ ਨਾਲ ਲਾਇਆ ਸੀ

ਤਿੜਕੇ ਸੁਪਨੇ.......... ਗ਼ਜ਼ਲ / ਜਤਿੰਦਰ ਲਸਾੜਾ

ਸੂਰਜ ਢੂੰਡਣ ਆਸਾਂ ਤੁਰੀਆਂ, ਅੱਧ ਵਿਚਾਲੇ ਰਾਤ ਹੋਈ।
ਬਿਖਰੇ ਪੈਂਡੇ, ਤਿੜਕੇ ਸੁਪਨੇ, ਹੰਝੂਆਂ ਦੀ ਬਰਸਾਤ ਹੋਈ।

ਤੇਰੇ ਨਾਲ ਬਿਤਾਈਆਂ ਘੜੀਆਂ ਅੱਜ ਤਕ ਉੱਥੇ ਹੀ ਖੜੀਆਂ,
ਤੇਰੇ ਮਗਰੋਂ ਇੰਝ ਲਗਦੈ ਜਿਉਂ ਦਿਨ ਚੜ੍ਹਿਆ ਨਾ ਰਾਤ ਹੋਈ।

ਏਸ ਫ਼ਸਲ 'ਤੇ ਗਹਿਣੇ ਲੈਣੇ, ਜ਼ਿਦ ਸੀ ਮੇਰੀ ਬੇਗ਼ਮ ਦੀ,
ਹੋਰ ਪੈ ਗਿਆ ਕਿੱਲਾ ਗਹਿਣੇ, ਅਣਚਾਹੀ ਬਰਸਾਤ ਹੋਈ।

ਛੱਡ ਲਸਾੜੇ ਦਿਲ ਦੀ ਗੱਠੜੀ, ਖੋਲ੍ਹਨਾ ਵਿੱਚ ਹਮਦਰਦਾਂ ਦੇ,
ਆਖੇਂ ਗਾਫੜ ਜ਼ਖ਼ਮੀ ਸਧਰਾਂ, ਆਪਣਿਆ ਤੋਂ ਮਾਤ ਹੋਈ।

ਪਤਾ ਏ.......... ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ

ਪਤਾ ਏ ਮੇਰੇ ਖਾਲੀ ਦਿਲ ਵਿਚ ਤੇਰੇ ਕੋਲੋਂ ਬਹਿ ਨਹੀਂ ਹੋਣਾ।
ਫਿਰ ਵੀ ਗੂੰਗੇ ਬੋਲੇ ਦਿਲ ਤੋਂ ਤੈਨੂੰ ਕੁਝ ਵੀ ਕਹਿ ਨਹੀਂ ਹੋਣਾ।

ਆਪਣੇ ਆਪਣੇ ਸੱਚ ਨੂੰ ਆਪਾਂ ਦਿਲ ਦੇ ਵਿਚ ਹੀ ਮਾਰ ਲਵਾਂਗੇ,
ਤੇਰੇ ਕੋਲੋ ਕਹਿ ਨਹੀਂ ਹੋਣਾ ਮੇਰੇ ਕੋਲੋਂ ਸਹਿ ਨਹੀਂ ਹੋਣਾ।

ਝੂਠ ਦੇ ਕੋਮਲ ਫੁੱਲਾਂ ਦੇ ਨਾਲ ਹੱਸ ਕੇ ਯਾਰੀ ਲਾ ਲਈ ਮੈਂ ਤਾਂ,
ਪਤਾ ਸੀ ਸੱਚ ਦੇ ਕੰਡਿਆਂ ਦੇ ਨਾਲ ਮੇਰੇ ਕੋਲੋਂ ਖਹਿ ਨਹੀਂ ਹੋਣਾ।

ਪਤਾ ਏ ਤੇਰਾ ਹੋਵਣ ਦੇ ਲਈ ਤੇਰੇ ਦਰ ਤੇ ਢਹਿਣਾ ਪੈਂਦਾ,
ਪਰ ਇਸ ਮਨ ਦੇ ਬੰਦੇ ਕੋਲੋਂ ਤੇਰੇ ਦਰ ਤੇ ਢਹਿ ਨਹੀਂ ਹੋਣਾ।

ਮੈਂ ਮਨ ਦੀ ਸੁੰਦਰਤਾ ਵੇਖਾਂ ਤੂੰ ਤਨ ਤੇ ਹੀ ਠਹਿਰ ਗਿਆਂ ਏ,
ਏਸ ਵਣਜ ਵਿਚ ਤੇਰਾ ਮੇਰਾ ਇਹ ਸੌਦਾ ਤਾਂ ਤਹਿ ਨਹੀਂ ਹੋਣਾ।

ਉਹ ਤਾਂ ਮੇਰੀ ਰਗ-ਰਗ ਦੇ ਵਿਚ ਖੂਨ ਦੇ ਵਾਂਗੂ ਤੁਰਿਆ ਫਿਰਦਾ,
‘ਜਿੰਦ’ ਗਰਜ਼ੀ ਤੋਂ ਉਸ ਦੇ ਦਿਲ ਵਿਚ ਏਨਾ ਡੂੰਘਾ ਲਹਿ ਨਹੀਂ ਹੋਣਾ।

ਬਗ਼ਾਵਤ ਵੰਗਾਰਦੀ ਹੈ.......... ਨਜ਼ਮ/ਕਵਿਤਾ / ਭਿੰਦਰ ਜਲਾਲਾਬਾਦੀ

ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ,
ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ!
ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!!
ਉਥੋਂ ਸਿੱਖੇ ਮੈਂ ਸਬਕ,
ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ!
ਜਦ ਮੇਰੇ ਸਾਹਮਣੇ ਆ ਕੇ ਭੇਖੀ,
ਬਗਲੇ ਭਗਤ ਦਾ, ਮਖ਼ੌਟਾ ਪਾ ਕੇ ਬੈਠਦੇ ਨੇ,
ਤਾਂ ਮੈਨੂੰ ਲੱਗਦੇ ਨੇ ਹੂ-ਬ-ਹੂ, ਨਾਰਦਮੁਨੀ ਵਰਗੇ!
ਮੇਰੇ ਸਾਹਮਣੇ ਬੈਠ, ਮੀਆਂ-ਮਿੱਠੂ, ਮੰਤਰ ਪੜ੍ਹਦੇ,
ਅੱਜ ਦੇ ਰਾਵਣ ਵੱਲ ਤੱਕ ਕੇ,
ਮੇਰੀ ਜ਼ਮੀਰ ਮੈਨੂੰ, ਅੰਦਰੋਂ ਹੁੱਝ ਮਾਰ, ਵੰਗਾਰ ਪਾਉਂਦੀ ਹੈ!
...ਤੇ ਮੇਰੇ ਅੰਦਰੋਂ, ਉਠਦੀ ਹੈ ਬਗ਼ਾਵਤ,
ਅਤੇ ਕਰਵਾਉਂਦੀ ਹੈ ਮੈਨੂੰ,
ਮੇਰੀ ਕਦਰ-ਕੀਮਤ ਦਾ ਅਹਿਸਾਸ!
...ਕਿ ਇਹ ਲਾਹਣਤ ਵਰਗੇ ਨਕਾਬਪੋਸ਼,
ਆਪ ਦੇ ਜਾਣੇ ਤਾਂ ਪਾਉਂਦੇ ਨੇ,
ਅੰਬਰੀਂ ਉੱਡਦੇ ਉਕਾਬਾਂ ਦੀਆਂ ਬਾਤਾਂ, ਤੇ ਗੱਲੀਂ-ਬਾਤੀਂ,
ਦਿਖਾਉਂਦੇ ਨੇ ਅਰਜਨ ਵਾਲਾ ਬਲ!
ਪਰ ਉਹਨਾਂ ਦੀਆਂ ਭਰਿਸ਼ਟੀਆਂ ਨਜ਼ਰਾਂ 'ਚੋਂ ਮੈਨੂੰ,
ਆਉਂਦੀ ਹੈ ਕਿਸੇ ਦੈਂਤ ਵਾਲੀ, ਬਦਨੀਤ ਦੀ ਗੰਧ,
ਜੋ ਮਨ ਅੰਦਰੋਂ, ਆਦਮ-ਬੋ, ਆਦਮ-ਬੋ ਨਹੀਂ,
ਨਾਰੀ-ਬੋ, ਨਾਰੀ-ਬੋ, ਦਹਾੜ ਰਿਹਾ ਹੁੰਦੈ!
ਉਸ ਨੂੰ ਇਹ ਨਹੀਂ ਪਤਾ, ਕਿ ਮੈਂ 'ਵਿਚਾਰੀ ਅਬਲਾ' ਨਹੀਂ,
ਕੱਠਪੁਤਲੀ ਤੇ ਲਾਈਲੱਗ ਵੀ ਨਹੀਂ ਹਾਂ!
ਸਗੋਂ, ਝਾਂਸੀ ਦੀ ਰਾਣੀ ਅਤੇ ਮਾਤਾ ਭਾਗੋ ਦੀ 'ਪੈਰੋਕਾਰ' ਹਾਂ!
ਕੱਢ ਕੇ ਮਨ ਦਾ ਭਰਮ, ਬੈਠ ਜਾਹ ਕਪਟੀਆ ਚੁੱਪ ਧਾਰ,
ਤੂੰ ਮੇਰੇ ਚੁੱਪ ਅਤੇ ਭੋਲੇ ਚਿਹਰੇ ਵੱਲ ਦੇਖ ਕੇ,
ਕਿਤੇ ਕੋਈ ਕੋਝਾ-ਬਾਣ ਨਾ ਦਾਗ ਬੈਠੀਂ,
ਭਰਮ ਨਾ ਪਾਲ ਬੈਠੀਂ ਕੋਈ, ਆਪਣੇ ਸ਼ੇਖ਼ਚਿਲੀ ਮਨ ਅੰਦਰ,
'ਭਿੰਦਰ' ਚੁੱਪ ਜਿਹੀ ਜ਼ਰੂਰ ਹੈ, ਪਰ ਬੇਅਣਖੀ ਤੇ ਬੇਪਤੀ ਨਹੀਂ!!
ਬੰਦੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ!‘ਪਿਆਰੀ ਸ਼ਬਦ-ਸਾਂਝ’.......... ਸੁਮਿਤ ਟੰਡਨ

ਸ਼ਬਦਾਂ ਵਿੱਚੋਂ ਰੂਪ ਨੂੰ ਘੜ ਕੇ, “ਸ਼ਬਦ-ਸਾਂਝ” ਸਾਹਮਣੇ ਆਈ
ਦੋ ਸਾਲਾਂ ਤੱਕ ਕਰੀ ਤਪੱਸਿਆ, ਘਰ-ਘਰ ਅਲਖ ਜਗਾਈ
ਚੰਗੇ ਸਾਹਿਤ ਦੇ ਬਾਲ ਕੇ ਦੀਵੇ, ਚਾਨਣ ਕਰੀ ਲੋਕਾਈ
ਚੰਗੀਆਂ ਲਿਖ਼ਤਾਂ ਸੱਭ ਨਾਲ ਵੰਡ ਕੇ, ਚੰਗੀ ਰੀਤ ਨਿਭਾਈ
ਵੰਨ-ਸੁਵੰਨੀਆਂ ਦੇ ਕੇ ਰਚਨਾਂ, ਸਾਂਝ ਸਾਹਿਤ ਦੀ ਪਾਈ
ਮਾਂ ਬੋਲੀ ਦੀ ਕਰ ਕੇ ਸੇਵਾ, ਵੱਸ ਵਿੱਚ ਕਰੀ ਖ਼ੁਦਾਈ
ਸਾਡਾ ਤਾਂ ਕੰਮ ਹਸਮੁਖ ਰਹਿਣਾ, ਦਿਲ ਦੀ ਗੱਲ ਸੁਣਾਈ
ਜੰਮ-ਜੰਮ ਕੇ ਸੱਭ ਮਾਰੋ ਮੱਲਾਂ, ਕਰ ਕੇ ਨੇਕ ਕਮਾਈ
ਸ਼ਬਦ-ਸਾਂਝ ਦੇ ਪਾਤਰ ਜਿੰਨੇ, ਸੱਭ ਨੂੰ ਦਿਲੋਂ ਵਧਾਈ।