ਦੀਵੇ.......... ਗ਼ਜ਼ਲ / ਰਾਜਿੰਦਰਜੀਤ

ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ

ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ 'ਚ ਉਗਾ ਲਾਂਗੇ ਦੀਵੇ


ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ
ਬਸ ਏਦਾਂ ਅਸੀਂ ਵੀ ਕਹਾਲਾਂਗੇ ਦੀਵੇ

ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ

ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇਸੁਲਘਦਾ ਸੰਵਾਦ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ ( ਸ਼੍ਰੋਮਣੀ ਕਵੀ )

(ਜਗਿਆਸਾ )

ਗੁਰੂਦੇਵ!
ਮੈਂ ਅਪਣੇ ਡਗਮਗਾਉਂਦੇ ਸਾਏ ਸਮੇਤ
ਤੇਰੀਆਂ ਵਿਸ਼ਾਲ ਚਾਨਣੀਆਂ ਦੇ
ਰੂਬਰੂ ਹੁੰਦੀ ਹਾਂ


ਪੈਰਾਂ ਹੇਠੋਂ ਖੁਰਦੀ ਜਾ ਰਹੀ
ਭੁਰਭੁਰੇ ਵਿਸ਼ਵਾਸਾਂ ਦੀ ਰੇਤ
ਮੈਂ ਮੁੰਤਜਿ਼ਰ ਹਾਂ
ਤੇਰੀ ਮੁੱਠੀ ਵਿਚਲੀ ਚੱਪਾ ਕੁ ਜ਼ਮੀਨ ਦੀ

ਜਦੋਂ ਵੀ ਤੇਰੇ ਸੁੱਚੇ ਬੋਲਾਂ ਨੂੰ
ਸੌਂਫੀਏ ਸਾਹਾਂ ਦੇ ਸਾਜ਼ 'ਤੇ ਗੁਣਗੁਣਾਉਂਦੀ ਹਾਂ
ਤਾਂ ਹਵਾ ਪਿਆਜ਼ੀ ਅਹਿਸਾਸ
ਮਨ ਦੀ ਮਿੱਟੀ 'ਚ
ਪੁੰਗਰਨ ਲੱਗ ਪੈਂਦੇ ਨੇ

ਰੂਹ ਦੀ ਸਰਦਲ 'ਤੇ
ਤੇਰੀ ਆਮਦ ਦਾ ਸੁਲੱਖਣਾ ਪਲ
ਲਕਸ਼ ਬਿੰਦੂ ਹੈ ਮੇਰੇ ਸਕੂਨ ਦਾ
ਤੇਰੀ ਸਹਿਜ ਤੱਕਣੀ
ਤ੍ਰਿਪਤ ਕਰਦੀ ਮਾਰੂਥਲੀ ਔੜਾਂ ਨੂੰ


ਮੈਂ ਤੈਨੂੰ ਪਾਣੀ ਵਾਂਗ
ਰੱਕੜਾਂ 'ਤੇ ਫੈਲਿਆ ਵੇਖਦੀ ਹਾਂ
ਮਹਿਕ ਵਾਂਗ ਫਿ਼ਜ਼ਾ 'ਚ ਘੁਲਿ਼ਆ ਤੱਕਦੀ ਹਾਂ

ਤੂੰ ਆਪਣੀ ਗਿਆਨ ਬਗੀਚੀ ਦੇ
ਦੋ ਫੁੱਲ ਮੇਰੇ ਕਾਸੇ 'ਚ ਪਾ
ਦਮ ਘੁਟਿਆ ਪਿਆ ਹੈ ਸੱਜਰੀ ਮਹਿਕ ਬਿਨਾਂ

ਤੂੰ ਆਪਣੀ ਸੁਲਘਦੀ ਖ਼ਾਮੋਸ਼ੀ ਨੂੰ
ਬੋਲਣ ਲਈ ਆਖ
ਅਨੁਭਵ ਦੇ ਸੂਖਮ ਪਲਾਂ ਦੀ ਕਥਾ ਛੇੜ

ਤੇ ਬਾਤ ਪਾ ਕੋਈ
ਵੇਦਾਂ ਕਤੇਬਾਂ ਤੋਂ ਪਾਰ ਦੀ
ਕਿ ਮੇਰੀ ਰਾਤ ਕਟ ਜਾਵੇ.......

(ਗੁਰੂਦੇਵ )

ਹੇ ਸਖੀ !
ਸੱਚ ਦੀ ਪਰਿਭਾਸ਼ਾ ਨੂੰ
ਲੋੜ ਨਹੀਂ ਸ਼ਬਦ ਜਾਲ਼ ਦੀ
ਤਬਸਰਿਆਂ ਦੀ ਦਿਲਕਸ਼ ਇਬਾਰਤ
ਨਹੀਂ ਹੈ ਜੀਵਨ ਦਾ ਫ਼ਲਸਫ਼ਾ

ਮੁਸਾਫਿ਼ਰ ਇਕੱਲਾ ਨਹੀਂ ਹੁੰਦਾ
ਜੇ ਕੋਈ 'ਬੋਲ ' ਹਮਸਫ਼ਰ ਹੋਵੇ
ਅਰਥਾਂ ਦੇ ਜੰਗਲ ਵਿਚ ਵਿਚਰਦੇ
ਸੁੱਚੇ ਸ਼ਬਦ
ਮਸਤਕਾਂ ਨੂੰ ਚੀਰ ਕੇ ਰਾਹ ਲੱਭਦੇ

ਹਨੇਰਿਆਂ 'ਚ ਕੈਦ ਧੜਕਦੇ ਸਾਏ
ਸੂਰਜ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ
ਅਪਣੇ ਨਕਸ਼ਾਂ 'ਚੋਂ
ਜਗਦੀਆਂ ਕਿਰਨਾਂ ਆਪ ਜਗਾਉਂਦੇ

ਤੂੰ ਮੇਰੇ ਨਾਲ਼ ਨਹੀਂ
ਮੇਰੀ ਬਾਤ ਵਿਚਲੇ
ਕਿਰਦਾਰਾਂ ਨਾਲ਼ ਇਕਸੁਰ ਹੋ

ਅੱਖਾਂ ਮੀਟ ਯਕੀਨ ਕਰੀਂ
ਹਵਾ 'ਚ ਤੈਰਦੇ ਮੇਰੇ ਬੋਲਾਂ 'ਤੇ
ਇਨ੍ਹਾਂ 'ਤੇ ਪੈਰ ਧਰਦੀ
ਚੜ੍ਹ ਜਾਵੀਂ
ਤਲਾਸ਼ ਦੀ ਸਿਖਰਲੀ ਮੰਜਿ਼ਲ 'ਤੇ

ਕੋਈ ਕੋਈ ਸਫ਼ਰ
ਪੈਰਾਂ ਨਾਲ਼ ਨਹੀਂ
ਸਿਰਾਂ ਨਾਲ਼ ਤੈਅ ਕਰੀਦਾ
ਪੈਰਾਂ ਹੇਠਲੇ ਰਾਹਾਂ ਤੋਂ ਪਹਿਲਾਂ
ਸੋਚਾਂ ਵਿਚੋਂ ਸੂਲਾਂ ਚੁਗੀਦੀਆਂ

ਸੱਚ ਦੇ ਕੇਸਰੀ ਫੁੱਲ
ਪੁੰਗਰਦੇ ਨੇ
ਸੂਹੇ ਸੁਫ਼ਨਿਆਂ ਦੀਆਂ ਵਾਦੀਆਂ ਅੰਦਰ
ਜੇ
ਰੂਹ ਦੀ ਪਾਕੀਜ਼ਗੀ ਕੋਲ਼ ਕੋਲ਼ ਹੋਵੇ......


ਬਹੁਤ ਖੂ਼ਬ.......... ਗ਼ਜ਼ਲ / ਜਸਪਾਲ ਘਈ

ਖ਼ੂਨ ਸਿੰਮਦਾ ਹੈ ਤਾਂ ਬਣਦੇ ਨੇ ਇਹ ਅਸ਼ਆਰ, ਬਹੁਤ ਖੂ਼ਬ
ਯਾਨੀ ਚੁਭਿਆ ਹੀ ਰਹੇ ਦਿਲ 'ਚ ਸਦਾ ਖ਼ਾਰ, ਬਹੁਤ ਖ਼ੂਬ

ਅਪਣੇ ਚਿਹਰੇ 'ਚ ਨਜ਼ਰ ਆਇਆ ਜਾਂ ਮੁਜਰਮ ਤਾਂ ਗਏ ਚੌਂਕ
ਹੁਣ ਕਟਹਿਰਾ ਹੈ, ਤੇ ਸ਼ੀਸ਼ੇ ਨੇ ਗੁਨਾਹਗਾਰ, ਬਹੁਤ ਖ਼ੂਬ


ਜਿਸ ਨੇ ਪੰਜ ਸਾਲ ਨ ਪਾਈ ਮਿਰੇ ਕਾਸੇ 'ਚ ਕਦੇ ਖ਼ੈਰ
ਉਹ ਮੇਰੇ ਦਰ 'ਤੇ ਖੜ੍ਹੈ ਬਣ ਕੇ ਤਲਬਗਾਰ, ਬਹੁਤ ਖੂ਼ਬ

ਜੋ ਖ਼ੁਦਾ ਨੇ ਸੀ ਅਤਾ ਕੀਤੇ ਗੁਜ਼ਰ ਹੀ ਗਏ ਦਿਨ ਚਾਰ
ਬੇਕਰਾਰੀ 'ਚ ਕਟੇ ਭਾਵੇਂ, ਕਟੇ ਯਾਰ, ਬਹੁਤ ਖੂਬ

ਨਜ਼ਮ ਅੰਦਰ ਵੀ ਤਲਾਸ਼ੇ, ਤੇ ਗ਼ਜ਼ਲ ਵਿਚ ਵੀ ਕਰੀ ਭਾਲ਼
ਅਰਥ ਲਫ਼ਜ਼ਾਂ ਦੇ ਮਿਲੇ ਆਰ ਕਦੇ ਪਾਰ, ਬਹੁਤ ਖੂ਼ਬ

ਦਾਦ ਮਿਲਦੀ ਤਾਂ ਹੈ, ਲੇਕਿਨ ਕਦੇ ਏਦਾਂ ਵੀ ਮਿਲੇ ਦਾਦ
ਸਿ਼ਅਰ ਖੁ਼ਦ ਉਠ ਕੇ ਪੁਕਾਰਨ ਕਿ ਐ ਫ਼ਨਕਾਰ, ਬਹੁਤ ਖੂ਼ਬ


ਹੋਰਾਂ ਲਈ ਨੇ.......... ਗ਼ਜ਼ਲ / ਜਸਵਿੰਦਰ

ਹੋਰਾਂ ਲਈ ਨੇ ਗਾਗਰਾਂ ਇਕ ਦੋ ਬਥੇਰੀਆਂ
ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ

ਤੇਰੇ ਸ਼ਹਿਰ ਦੇ ਬਾਣੀਏ ਲੈ ਗਏ ਉਧਾਲ਼ ਕੇ
ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ


ਚੰਗਾ ਭਲਾ ਸੀ ਓਸਨੂੰ ਇਕਦਮ ਕੀ ਹੋ ਗਿਆ
ਪਹਿਲਾਂ ਬਣਾਉਂਦਾ ਹੈ ਤੇ ਫਿਰ ਢਾਹੁੰਦਾ ਹੈ ਢੇਰੀਆਂ

ਹਾਲੇ ਵੀ ਸਦੀਆਂ ਬਾਅਦ ਹੈ ਕੰਬਦੀ ਦਰੋਪਤੀ
ਮਰਦਾਂ ਜੁਆਰੀਆਂ ਜਦੋਂ ਨਰਦਾਂ ਬਖੇ਼ਰੀਆਂ

ਏਧਰ ਤਾਂ ਨਾਗਾਂ ਘੇਰ ਲਏ ਚਿੜੀਆਂ ਦੇ ਆਲ੍ਹਣੇ
ਉੱਡੀਆਂ ਤਾਂ ਓਧਰ ਅੰਬਰੀਂ ਕਾਗਾਂ ਨੇ ਘੇਰੀਆਂ

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ
ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ

ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ
ਮਾਈ ਨੇ ਬਹਿ ਕੇ ਚੰਨ ‘ਤੇ ਕਿਰਨਾਂ ਅਟੇਰੀਆਂ
ਚੋਣਵੇਂ ਸਿ਼ਅਰ..........ਸਿ਼ਅਰ / ਰਣਬੀਰ ਕੌਰ

ਜ਼ਹਿਰ ਦਾ ਪਿਆਲਾ ਮੇਰੇ ਹੋਠਾਂ 'ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ
--ਸੁਰਜੀਤ ਪਾਤਰ

ਮੈਂ ਵਿਕ ਜਾਣਾ ਸੀ ਹੁਣ ਤਕ ਹੋਰ ਕਈਆਂ ਵਾਂਗਰਾਂ ਯਾਰੋ

ਮੇਰੀ ਅਪਣੀ ਖ਼ੁਦੀ ਨੇ ਮੈਨੂੰ ਸਸਤਾ ਹੋਣ ਨਾ ਦਿੱਤਾ
--ਸੁਨੀਲ ਚੰਦਿਆਣਵੀ

ਕਿਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਂਵਾਂ ਤੋਂ ਚੋਰੀ
ਕਿਸੇ ਹੋਰ ਧਰਤੀ 'ਤੇ ਵਰ੍ਹਦਾ ਰਿਹਾ ਮੈਂ
ਤੇਰੇ ਧੁਖਦੇ ਖ਼ਾਬਾਂ ਤੇ ਚਾਵਾਂ ਤੋਂ ਚੋਰੀ
--ਸੁਰਜੀਤ ਪਾਤਰ

ਕੋਈ ਰੀਝ ਸੀਨੇ 'ਚ ਦਬ ਗਈ ਕੋਈ ਖ਼ਾਬ ਅੱਖਾਂ 'ਚ ਮਰ ਗਿਆ
ਤੇਰੀ ਬੇਰੁਖ਼ੀ ਨੂੰ ਖ਼ਬਰ ਨਹੀਂ ਮੇਰੇ ਦਿਲ 'ਤੇ ਕੀ ਕੀ ਗੁਜ਼ਰ ਗਿਆ
ਮੇਰੇ ਦੋਸਤਾਂ ਨੇ ਕਦਮ ਕਦਮ ਮੇਰੀ ਸੋਚਣੀ ਨੂੰ ਕੁਰੇਦਿਆ
ਮੈਂ ਸੰਭਲ ਗਿਆ, ਮੈਂ ਬਦਲ ਗਿਆ, ਮੈਂ ਸੰਵਰ ਗਿਆ, ਮੈਂ ਨਿਖ਼ਰ ਗਿਆ
--ਐੱਸ ਨਸੀਮ

ਦੁਨੀਆਦਾਰੀ ਇੰਜ ਪਰਚਾਇਆ,ਹੇਜ ਰਿਹਾ ਨਾ ਅੰਬਰ ਦਾ
ਦਰ ਖੁੱਲ੍ਹਾ ਹੈ ਪਰ ਵੀ ਨੇ ਪਰ ਸੀਨੇ ਵਿਚ ਪਰਵਾਜ਼ ਨਹੀਂ
--ਅਮਰੀਕ ਪੂੰਨੀ

ਜੇ ਤੁਰਨਾ ਸੱਚ ਦੇ ਰਸਤੇ ਤਾਂ ਇਹਦੇ ਹਰ ਪੜਾ ਉੱਤੇ
ਕਦੇ 'ਚਮਕੌਰ' ਆਏਗਾ ਕਦੇ 'ਸਰਹੰਦ' ਆਏਗਾ
--ਅਮਰਜੀਤ ਕੌਰ ਨਾਜ਼

ਅੱਥਰੂ ਹਰ ਅੱਖ ਦੇ ਕਰ ਕਰ ਇਕੱਤਰ ਦੋਸਤੋ
ਬਣ ਗਿਆ ਹੈ ਮੇਰਾ ਦਿਲ ਗ਼ਮ ਦਾ ਸਮੁੰਦਰ ਦੋਸਤੋ

ਰੰਗ, ਖੁਸ਼ਬੂ,ਰੌਸ਼ਨੀ ਤੇ ਪਿਆਰ ਲੈ ਆਇਆ ਹਾਂ ਮੈਂ
ਤੇਰੀ ਖ਼ਾਤਰ ਦੇਖ ਕੀ ਕੀ ਯਾਰ ਲੈ ਆਇਆ ਹਾਂ ਮੈਂ
--ਅਜਾਇਬ ਚਿੱਤਰਕਾਰ

ਪਿੰਡ ਦੀਆਂ ਗਲ਼ੀਆਂ.......... ਨਜ਼ਮ/ਕਵਿਤਾ / ਰਿਸ਼ੀ ਗੁਲਾਟੀ

ਮੇਰੇ ਪਿੰਡ ਕਾਸਮਭੱਟੀ
ਜਿਲ੍ਹਾ ਫਰੀਦਕੋਟ ਦਾ
ਸੂਰਘੁਰੀ ਦੇ ਰਾਹ ਤੇ ਪੈਂਦਾ ਛੱਪੜ
ਛੋਟਾ ਜਿਹਾ

ਵਿੱਚ ਤੈਰਦੀਆਂ ਮੱਝਾਂ, ਗਾਵਾਂ
ਨਾਲ਼ ਉਹਨਾਂ ਦੇ ਕਟਰੂ
ਕੁਝ ਛੋਟੇ
ਕੁਝ ਵੱਡੇ
ਉਹਨਾਂ ਦੀਆਂ ਪਿੱਠਾਂ ਤੇ ਬੈਠੇ ਨਿਆਣੇ
ਮਲ਼-ਮਲ਼ ਨੁਹਾਉਂਦੇ
ਝੂਟੇ ਲੈਂਦੇ
ਕੈਨੇਡਾ ਦੀ “ਮਰਸਰੀ” ਸਮਝਦੇ
ਮੱਝਾਂ ਨੂੰ, ਗਾਵਾਂ ਨੂੰ
ਮੁਸ਼ਕ ਪਿਆ ਪੈਂਦਾ ਗੋਬਰ ਦਾ
ਸੜਕ ਤੱਕ ਚਿੱਕੜ ਛੱਪੜ ਦਾ
ਜਦ ਉਹ ਛੱਪੜ ਵਿੱਚੋਂ ਨਿਕਲਦੀਆਂ
ਕਾਲੀਆਂ ਸ਼ਾਹ
ਕੁੰਢੇ ਸਿੰਗ
ਦਗ਼-ਦਗ਼ ਕਰਦੇ ਪਿੰਡੇ
ਘਰ ਵੱਲ ਚਲਦੀਆਂ
ਤਾਜ਼ਾ ਦੁੱਧ, ਖੂਬ ਮੱਖਣ ਤੇ ਘਿਓ
ਪਿੰਡ ਦੇ ਸੂਏ ਤੱਕ ਲੰਬੀ ਰੇਸ
ਕੱਲਿਆਂ ਹੀ
ਉਤਸ਼ਾਹ ਜਿੰਦਗੀ ਦਾ
ਕੱਚੇ ਕੋਠਿਆਂ ਵਿੱਚ ਵੀ ਬਰਕਰਾਰ
***
ਫਰੀਦਕੋਟ ‘ਚ
ਏਅਰ ਕੰਡੀਸ਼ਨਰ ਦਫ਼ਤਰ ‘ਚ
ਆਪਣੀ ਗੋਗੜ ਤੇ ਹੱਥ ਫਿਰਾ ਰਿਹਾ
ਰਾਤ ਦੀ ਬਦਹਜ਼ਮੀ
ਸਵੇਰੇ ਦਫ਼ਤਰ ਤੋਂ ਲੇਟ
ਮੇਜ਼ ਤੇ ਪਈਆਂ ਦਵਾਈਆਂ
ਨਿਰੀ ਮਿੱਟੀ
ਨਿਰੀ ਧੂੜ
ਧੂੜ ਸਾਫ਼ ਹੋਣ ਦੀ ਉਡੀਕ ‘ਚ
ਬਾਹਰ ਖੜ੍ਹਾ ਨੀਲਾ ਮੋਟਰਸਾਈਕਲ
ਟੈਂਸ਼ਨ
ਕੰਮ-ਕਾਜ ਦੀ
ਬੱਚਿਆਂ ਦੀ ਪੜ੍ਹਾਈ ਦੀ
ਦੁਪਹਿਰੇ, ਰਾਤੀਂ ਖੁਸ਼ਕ ਰੋਟੀ
ਤੇ ਮੁੜਕੇ
ਨੀਂਦ ਦੀਆਂ ਗੋਲੀਆਂ
ਮਨ ਕਿਉਂ ਨਾ ਲੋਚੇ
“ਕਾਸਮਭੱਟੀ” ਦੀਆਂ ਗਲੀਆਂ ?
***
ਬਾਰੀ ‘ਚੋਂ ਬਾਹਰ ਦੇਖ ਰਿਹਾ
ਲਾਲ ਰੰਗ ਦੀ ‘ਫੋਰਡ’ ਕਾਰ
ਬਾਰੀ ਇੱਕ ਕਮਰੇ ਦੀ
ਹੈ ਆਸਟ੍ਰੇਲੀਆ ਦੇ ਸ਼ਹਿਰ ਦੀ
ਪਰ ਜਾਪੇ ਪੰਜਾਬ ‘ਚ
ਕਿਸੇ ਖੇਤ ‘ਚ ਮੋਟਰ ਕਮਰੇ ਦੀ
ਸੱਤ ਜਣੇ ਫਸੇ ਪਏ ਇੱਕ ਦੂਜੇ ‘ਚ
ਕੀ ਇਹ ਨੇ ਵਿਦੇਸ਼ੀ ਭਈਏ ?
ਕਿੰਨੇ ਕੁ ਦੁੱਖ ਹੋਰ ਸਹੀਏ ?
ਹੁਣ ਨਾ ਪੇਟ ਗੈਸ
ਤੇ ਨਾ ਬਦਹਜ਼ਮੀ
ਸਭ ਚੁੱਕ ਦਿੱਤੀ ਮਜ਼ਦੂਰੀ ਨੇ
ਬੇਬਸੀ ਤੇ ਮਜ਼ਬੂਰੀ ਨੇ
ਭੁੱਲ ਗਏ ਕੰਪਿਊਟਰ
ਤੇ ਭੁੱਲੇ ਖਾਤੇ-ਵਹੀਆਂ
ਹੱਥ ‘ਚ ਆ ਗਈਆਂ ਰੰਬੇ-ਕਹੀਆਂ
ਕਦੇ ਰੋਟੀਆਂ ਕੱਚੀਆਂ
ਤੇ ਕਦੇ ਜਲੀਆਂ
ਮਨ ਕਿਉਂ ਨਾ ਲੋਚੇ
“ਫਰੀਦਕੋਟ” ਦੀਆਂ ਗਲੀਆਂ ?

ਫ਼ਾਸਲਾ.......... ਗ਼ਜ਼ਲ / ਜਸਪਾਲ ਘਈ

ਵਧ ਗਿਆ ਹੈ ਬਸ ਮਨਾਂ ਤੇ ਚਿਹਰਿਆਂ ਦਾ ਫ਼ਾਸਲਾ
ਉਂਝ ਤਾਂ ਕੁਝ ਵੀ ਨਹੀਂ ਆਪਣੇ ਘਰਾਂ ਦਾ ਫ਼ਾਸਲਾ

ਬੇਵਿਸਾਹੀ ਮੇਰਿਆਂ ਖੰਭਾਂ ਨੂੰ ਇਕ ਦੂਜੇ 'ਤੇ ਹੈ
ਖ਼ਾਬ ਹੀ ਰਹਿਣੈ ਮੇਰੇ ਲਈ ਅੰਬਰਾਂ ਦਾ ਫ਼ਾਸਲਾ


ਫੁੱਲ ਨੇ ਬਾਹਰ ਤੇ ਅੰਦਰ ਜ਼ਰਦ ਪੱਤੇ ਖੜਕਦੇ
ਉਫ਼, ਇਹ ਦੁਨੀਆਂ , ਤੇ ਮਨ ਦੇ ਮੌਸਮਾਂ ਦਾ ਫ਼ਾਸਲਾ

ਮੇਰੇ ਇਕ ਅੱਥਰੂ ਦੇ ਅੰਦਰ ਹੀ ਸਿਮਟ ਕੇ ਰਹਿ ਗਿਆ
ਇਸ ਮਹਾਂਨਗਰੀ ਤੋਂ ਉਸ ਮੇਰੇ ਗਰਾਂ ਦਾ ਫ਼ਾਸਲਾ

ਹਰ ਕਿਸੇ ਸਰਗਮ ਨੇ ਗੁੰਮ ਜਾਣੈ ਇਵੇਂ ਹੀ ਸ਼ੋਰ ਵਿਚ
ਜੇ ਰਿਹਾ ਕਾਇਮ ਸਿਰਾਂ 'ਤੇ ਕਲਗੀਆਂ ਦਾ ਫ਼ਾਸਲਾ

ਦਿਸਦੇ ਅਣਦਿਸਦੇ ਹਜ਼ਾਰਾਂ ਪਿੰਜਰਿਆਂ 'ਚੋਂ ਗੁਜ਼ਰਦੈ
ਤੇਰੇ ਅਸਮਾਨਾਂ ਦਾ ਤੇ ਮੇਰੇ ਪਰਾਂ ਦਾ ਫ਼ਾਸਲਾ

ਜਸ਼ਨ ਦੇ ਏਹਨਾਂ ਚਿਰਾਗਾਂ ਵਿਚ ਲਹੂ ਮੇਰਾ ਭਰੋ
ਕੁਝ ਘਟੇ ਇਸ ਲੋਅ ਦਾ ਨ੍ਹੇਰੇ ਘਰਾਂ ਦਾ ਫ਼ਾਸਲਾ


ਤੁਰਨ ਦਾ ਹੌਸਲਾ.......... ਗ਼ਜ਼ਲ / ਰਾਜਿੰਦਰਜੀਤ

ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ

ਕਿਤੇ ਕੁਝ ਧੜਕਦਾ ਹੈ ਜਿ਼ੰਦਗੀ ਦੀ ਤਾਲ 'ਤੇ ਹੁਣ ਵੀ
ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ


ਅਜੇ ਤਾਈਂ ਵੀ ਮੇਰੇ ਰਾਮ ਦਾ ਬਣਵਾਸ ਨਾ ਮੁੱਕਿਆ
ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ

ਕਿਸੇ ਵੀ ਘਰ ਦੀਆਂ ਨੀਹਾਂ 'ਚ ਉਹ ਤਾਹੀਓਂ ਨਹੀਂ ਲੱਗਦਾ
ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ

ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿਗਦਾ ਹਾਂ
ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ

ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ
ਅਜੇ ਚਾਨਣ ਤੇ ਨ੍ਹੇਰੇ ਵਿੱਚ ਕੋਈ ਬਾਰੀਕ ਪਰਦਾ ਹੈ


ਮੈਂ ਨਾ ਤੈਨੂੰ ਜਾਣਿਆ.......... ਗ਼ਜ਼ਲ / ਸੁਨੀਲ ਚੰਦਿਆਣਵੀ

ਮੈਂ ਨਾ ਤੈਨੂੰ ਜਾਣਿਆ ਬੇਸਮਝ ਸਾਂ ਜਰਵਾਣਿਆ
ਤੂੰ ਬਹਾਰਾਂ ਮਾਣੀਆਂ ਵੇ ਪੰਛੀਆ ਉਡ ਜਾਣਿਆ

ਤੋੜਦਾ ਅੰਬਰੋਂ ਤੂੰ ਤਾਰੇ ਤੋੜ 'ਤਾ ਤਾਰੇ ਦੇ ਵਾਂਗ
ਕਿੰਜ ਮੈਂ ਗਾਵਾਂ ਮੈਂ ਤੈਨੂੰ ਦਰਦ ਭਰਿਆ ਗਾਣਿਆ


ਮੈਂ ਸ਼ਮਾਂ ਸਾਂ, ਮੈਂ ਸਾਂ ਸੂਰਜ, ਚੰਦ ਤਾਰੇ ਸਾਂ ਉਦੋਂ
ਹੁਣ ਕੀ ਤੇਰੀ ਨਜ਼ਰ 'ਤੇ ਪਰਦਾ ਪਿਆ ਡੁੱਬ ਜਾਣਿਆ

ਤੂੰ ਸੈਂ ਦੱਸਦਾ ਮਾਰੂਥਲ ਵਿਚ ਮੈਨੂੰ ਇਕ ਵਗਦੀ ਨਦੀ
ਤੂੰ ਨਦੀ ਦੀ ਸਾਗਰਾਂ ਲਈ ਤੜਪ ਨੂੰ ਨਾ ਜਾਣਿਆ

ਮੈਂ ਨਦੀ ਦੇ ਵਾਂਗਰਾਂ ਤਾਘਾਂ 'ਚ ਕੰਢੇ ਖੋਰ 'ਤੇ
ਤੂੰ ਨਾ ਰੁੱਖਾ ਗੌਲਿ਼ਆ ਮੈਂ ਕਿੰਨਾ ਰੇਤਾ ਛਾਣਿਆਮੰਗ ਕੁਝ.......... ਗ਼ਜ਼ਲ / ਹਰਦਿਆਲ ਸਾਗਰ

ਮੰਗ ਕੁਝ ਰਾਜੇ ਨੇ ਰੁੱਖ ਨੂੰ ਦੂਰ ਹੋ ਕੇ ਆਖਿਆ
ਧੁੱਪ ਸੀ, ਫਿਰ ਉਸ ਦੀ ਹੀ ਛਾਂ ਵਿਚ ਖਲੋ ਕੇ ਆਖਿਆ

ਬਹੁਤ ਮੈਲੈ਼ ਰਸਤਿਆਂ ਰਾਹੀਂ ਤੂੰ ਕੀਤਾ ਹੈ ਸਫ਼ਰ
ਇਕ ਸਮੁੰਦਰ ਨੇ ਨਦੀ ਦੇ ਪੈਰ ਧੋ ਕੇ ਆਖਿਆ


ਕੁਝ ਹਨ੍ਹੇਰਾ ਹੋਣ ਦੇ, ਥੱਕੇ ਮੁਸਾਫਿਰ ਸੌਣ ਦੇ
ਮੈਂ ਉਦ੍ਹੇ ਚਿਹਰੇ ਨੂੰ ਹੱਥਾਂ ਵਿਚ ਲੁਕੋ ਕੇ ਆਖਿਆ

ਹੁਣ ਤੇਰਾ ਪੈਗ਼ਾਮ ਕਿਉਂ ਹੁੰਦਾ ਹੈ ਜਾਂਦਾ ਮੁਖ਼ਤਸਰ
ਇਸ਼ਕ ਨੇ ਖੰਜਰ ਮੇਰੇ ਦਿਲ ਵਿਚ ਡੁਬੋ ਕੇ ਆਖਿਆ

ਰੱਬ ਦੇ ਦਿੱਤਾ ਮੈਂ ਬੱਚੇ ਨੂੰ ਮਨਾਵਣ ਦੇ ਲਈ
'ਇਹ ਨਹੀਂ ਮੇਰਾ ਖਿਡੌਣਾ' ਉਸ ਨੇ ਰੋ ਕੇ ਆਖਿਆ


ਦਿਲ ਦੀ ਗਹਿਰਾਈ.......... ਗ਼ਜ਼ਲ / ਬੂਟਾ ਸਿੰਘ ਚੌਹਾਨ

ਪਹਿਲਾਂ ਮੈਨੂੰ ਮੇਰੇ ਦਿਲ ਦੀ ਗਹਿਰਾਈ ਤੱਕ ਜਾਣ
ਫੇਰ ਤੂੰ ਕੋਈ ਫਤਵਾ ਦੇਈਂ, ਫੇਰ ਤੂੰ ਦੇਈਂ ਮਾਣ

ਖਾਲੀ ਅੰਬਰ, ਖੁਰਦੇ ਕੰਢੇ, ਪੌਣ 'ਚ ਉਡਦੀ ਰੇਤਾ
ਇਹਨਾਂ ਦੀ ਪਹਿਚਾਣ ਅਸੀਂ ਹਾਂ, ਇਹ ਸਾਡੀ ਪਹਿਚਾਣ


ਉਹਨਾਂ ਲਈ ਤਲਵਾਰਾਂ ਹਨ ਜੋ ਫੁੱਲਾਂ ਵਰਗੇ ਕੋਮਲ
ਫੁੱਲ ਬਣਦੇ ਨੇ ਦੁੱਖ ਉਹਨਾਂ ਲਈ ਜੋ ਲੈਂਦੇ ਹਿੱਕ ਤਾਣ

ਖੜ੍ਹੇ ਰਹਿਣ ਵਿਚ ਹੀ ਉਸ ਵੇਲੇ ਸੌ ਸਿਆਣਪ ਹੁੰਦੀ
ਚਾਰ ਚੁਫੇਰੇ ਨਜ਼ਰ ਮਾਰਿਆਂ ਦਿੱਸੇ ਜਦੋਂ ਢਲਾਣ

ਅਪਣਾ ਜੀਅ ਪਰਚਾਵਣ ਖ਼ਾਤਰ ਸੱਥ 'ਚ ਬੈਠੇ ਲੋਕੀ
ਵੱਢਣੋਂ ਪਹਿਲਾਂ ਖਾਧੀ ਹੋਈ ਫ਼ਸਲ ਸਲਾਹੀ ਜਾਣ