ਰੋਟੀਆਂ ਲਾਹੁੰਦੇ.......... ਗੀਤ / ਰਿਸ਼ੀ ਗੁਲਾਟੀ

ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਪੌੜੀਆਂ ਚੜ੍ਹ ਚੜ੍ਹ ਬੁਰੇ ਹਾਲ ਹੋ ਗਏ
ਟੁੱਟਦੇ ਨਾ ਸੰਤਰੇ, ਮੰਦੇ ਹਾਲ ਹੋ ਗਏ

ਭੋਰਾ ਗ਼ਲਤੀ ਤੋਂ ਜਦ ਗੋਰਾ, ਗਲ ਨੂੰ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹੱਥੀਂ ਕੰਡੇ ਭਰੇ ਨੇ, ਦੁੱਖ ਬੜੇ ਜਰੇ ਨੇ
ਕੰਮ ਲੱਗੇ ਔਖਾ ਤਾਂ, ਡਾਲਰ ਕਿੱਥੇ ਧਰੇ ਨੇ
ਫ਼ੀਸ ਦੇਣ ਟਾਈਮ ਸਿਰ ਤੇ, ਚੜਿਆ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹੁਣ ਤਾਂ ਮਾਏ ਦੁੱਖ ਵਿਛੋੜੇ ਦਾ, ਸਹਿਣਾ ਪੈਣਾ ਏ
ਕਰਜੇ਼ ਦੀ ਪੰਡ ਸਿਰ ਤੇ, ਕਿੱਥੋਂ ਲਹਿਣਾ ਏ
‘ਰਿਸ਼ੀ’ ਕਹੇ ਮੁੜ ਜਾ ਇੰਡੀਆ, ਬੜਾ ਬਹਿਕਾਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਕੌਮ ਆਪਣੀ ਦਾ.......... ਰੁਬਾਈ / ਬਿਸਮਿਲ ਫ਼ਰੀਦਕੋਟੀ

ਕੌਮ ਆਪਣੀ ਦਾ ਅੰਗ ਅੰਗ ਹੈ ਜਗਾਇਆ ਜਾਂਦਾ
ਰੋਹ ਅਣਖ ਦੇ ਸਿਖਰੀਂ ਹੈ ਚੜ੍ਹਾਇਆ ਜਾਂਦਾ
ਇਉਂ ਨਹੀਂ ਇਤਿਹਾਸ ਚਮਕਦਾ ਬਿਸਮਿਲ
ਰੱਤ ਡੋਲ੍ਹ ਕੇ ਇਸ ਨੂੰ ਸਜਾਇਆ ਜਾਂਦਾ


ਹੱਕ ਹੁਕਮ ਦਾ ਮੂਰਖ ਦੇ ਹਵਾਲੇ ਨਾ ਕਰੋ
ਮਨ ਫ਼ਰਜ਼ ਤੇ ਕਰਤੱਵ ਦੇ ਕਾਲ਼ੇ ਨਾ ਕਰੋ
ਬਲ਼ ਜਾਏ ਨਾ ਇਨਸਾਫ਼ ਦੀ ਮਿੱਟੀ ਕਿਧਰੇ
ਬਾਂਦਰ ਨੂੰ ਤਰਾਜ਼ੂ ਦੇ ਹਵਾਲੇ ਨਾ ਕਰੋ

ਇਕ ਦੂਜੇ ਦੇ ਨੇੜੇ ਆਏ.......... ਗ਼ਜ਼ਲ / ਜਸਵਿੰਦਰ

ਇਕ ਦੂਜੇ ਦੇ ਨੇੜੇ ਆਏ ਤੇਰਾ ਖ਼ੰਜਰ ਮੇਰਾ ਦਿਲ
ਬਸ ਟਕਰਾਏ ਕਿ ਟਕਰਾਏ ਤੇਰਾ ਖ਼ੰਜਰ ਮੇਰਾ ਦਿਲ

ਕੀ ਹੋਇਆ ਜੇ ਮੌਸਮ ਫਿੱਕਾ ਪਰ ਕਬਰਾਂ ਦੇ ਫੁੱਲ 'ਤੇ
ਕਿੰਨੇ ਸੋਹਣੇ ਰੰਗ ਲਿਆਏ ਤੇਰਾ ਖ਼ੰਜਰ ਮੇਰਾ ਦਿਲ


ਖੌਰੇ ਕਾਹਤੋਂ ਭੁੱਲ ਗਿਆ ਉਹ ਹੋਰ ਹਾਦਸੇ ਸਾਰੇ ਹੀ
ਪਰ ਉਸ ਤੋਂ ਨਾ ਜਾਣ ਭੁਲਾਏ ਤੇਰਾ ਖ਼ੰਜਰ ਮੇਰਾ ਦਿਲ

ਇਕ ਤਾਂ ਸੁਰਖ਼ ਲਹੂ ਨੂੰ ਤਰਸੇ ਦੂਜਾ ਪਾਕ ਮੁਹੱਬਤ ਨੂੰ
ਦੋਵੇਂ ਹੀ ਡਾਢੇ ਤਿਰਹਾਏ ਤੇਰਾ ਖ਼ੰਜਰ ਮੇਰਾ ਦਿਲ

ਇਕ ਸੀ ਰਾਜਾ ਇਕ ਸੀ ਰਾਣੀ ਕਥਾ ਪੁਰਾਣੀ ਹੋ ਚੱਲੀ
ਅੱਜਕੱਲ੍ਹ ਅਖ਼ਬਾਰਾਂ 'ਤੇ ਛਾਏ ਤੇਰਾ ਖ਼ੰਜਰ ਮੇਰਾ ਦਿਲ

ਪੌਣਾਂ ਨੇ ਸਾਹ ਰੋਕ ਲਿਆ ਕੀ ਹੋਏਗਾ, ਬੇਦਰਦਾਂ ਨੇ
ਇੱਕੋ ਥਾਲੀ਼ ਵਿਚ ਟਿਕਾਏ ਤੇਰਾ ਖ਼ੰਜਰ ਮੇਰਾ ਦਿਲ

ਉਹ ਲੋਕ ਬੜੇ ਬਦਨਸੀਬ ਹੁੰਦੇ ਹਨ.......... ਨਜ਼ਮ/ਕਵਿਤਾ / ਕੰਵਲਜੀਤ ਭੁੱਲਰ

"ਉਹ ਲੋਕ ਬੜੇ ਬਦਨਸੀਬ ਹੁੰਦੇ ਹਨ...ਜਿਨ੍ਹਾਂ ਦੇ ਘਰ ਹੁੰਦੇ ਨੇ"
ਗੋਰਖੀ ! ਤੇਰੇ ਇਸ ਸੱਚ ਲਈ...ਜਾ ਤੈਨੂੰ ਸੱਤ ਝੂਠ ਮੁਆਫ਼...!
ਸੱਚੀਂ! ਮੈਂ ਆਪਣੀ ਘਰ ਦੀ ਚਾਰ ਦੀਵਾਰੀ ਅੰਦਰ ਹੀ ਖਾਨਾਬਦੋਸ਼ ਹਾਂ
ਚਾਰ ਦੀਵਾਰੀਆਂ ਕਦੀ ਘਰ ਹੀ ਨਹੀਂ ਹੁੰਦੀਆਂ

ਉਹ ਆਪਣੇ ਆਪ ਵਿਚ ਇਕ ਕੁਰੂਕਸ਼ੇਤਰ ਵੀ ਹੁੰਦੀਆਂ ਨੇ
ਜਿੱਥੇ ਕਿਸੇ ਅਰਜੁਨ ਦਾ ਕੋਈ ਕ੍ਰਿਸ਼ਨ ਕੋਚਵਾਨ ਨਹੀਂ ਹੁੰਦਾ
ਇੱਥੇ ਹਰ ਯੁੱਧ ਖ਼ੁਦ ਤੋਂ ਸ਼ੁਰੂ ਹੋ ਕੇ...ਖੁ਼ਦ ਤੇ ਹੀ ਸਮਾਪਦਾ ਹੈ...!!
ਬੁੱਢੇ ਹਾਸੇ ਤੋਹਮਤ ਵਾਂਗ ਹੋਸ਼ ਵਿਚ ਆਉਂਦੇ ਨੇ-
ਘਰ ਦੀਆਂ ਝੀਥਾਂ ਚੋਂ ਹਮਦਰਦ ਨਹੀਂ.. ਪਿੰਡ ਦੇ ਚੁਗਲ ਸਿੰਮਦੇ ਹਨ!
ਮੈਂ ਵਣਜਾਰੇ ਪੈਰਾਂ ਨੂੰ ਕਿਸੇ ਬਦਅਸੀਸ ਵਾਂਗ ਲੈ ਕੇ
ਜਦੋਂ ਮਕਸਦਹੀਣ ਰਾਹਾਂ ਦੇ ਬਲਾਤਕਾਰ ਲਈ ਨਿਕਲਦਾ ਹਾਂ
ਉਦੋਂ ਘਰ ਨੂੰ ਕਿਸੇ ਭੈੜੇ ਸੁਪਨੇ ਵਾਂਗ
ਵਿਸਾਰ ਦੇਣ ਦੀ ਨਾਕਾਮ ਜਿਹੀ ਕੋਸਿ਼ਸ਼ ਕਰਦਾ ਹਾਂ..!
ਪਰ ਬੜਾ ਬਦਨਸੀਬ ਹਾਂ ਮੈਂ...ਕਿ ਮੇਰਾ ਇਕ ਘਰ ਵੀ ਹੈ
ਤੇ ਘਰ ਛੱਡ ਕੇ ਤੁਰ ਜਾਣ ਲਈ ਹੀ ਨਹੀਂ...ਪਰਤ ਕੇ ਆਉਣ ਲਈ ਵੀ ਹੁੰਦੇ ਨੇ
ਓਦੋਂ ਤਾਈਂ ਦੁਖਿਆਰੀ ਮਾਂ.. ਛਾਤੀ ਦੇ ਦੁੱਧ ਬਦਲੇ
ਉਡੀਕ ਦੀਆਂ ਬਾਹਵਾਂ 'ਚ ਪੁੱਤ ਦੀ ਪਿੱਠ ਨਹੀਂ....ਚੰਨ ਬੂਥਾ ਲੋਚਦੀ ਹੈ....!!
ਮੇਰੇ ਘਰੇਲੂ ਹਾਸਿਆਂ ਵਿਚ...ਵਕਤ ਦਾ ਮਾਤਮ ਵੀ ਸ਼ਾਮਿਲ ਹੈ
ਮੈਨੂੰ ਘਰ ਦੀਆਂ ਨੀਹਾਂ 'ਤੇ ਸ਼ੱਕ ਹੈ
ਜਿਵੇਂ ਕਿਸੇ ਨੇ ਉਨ੍ਹਾਂ 'ਚ ਬੰਜਰ ਬੀਜਿਆ ਹੋਵੇ
ਤੇ ਕੰਧਾਂ ਦੀ ਥਾਂ ਜਿਵੇਂ ਖੰਡਰ ਉੱਗ ਆਏ ਹੋਣ....!
ਬਨੇਰਿਆਂ 'ਤੇ ਬੈਠੀ ਲੋਕਾਂ ਦੀ ਮੀਸਣੀ ਅੱਖ
ਮੇਰੇ ਘਰ ਦੀ ਬਰਬਾਦੀ ਨਹੀਂ-ਸਗੋਂ ਬਚੀ ਖੁਚੀ ਖੁਸ਼ੀ ਦਾ ਜਾਇਜ਼ਾ ਲੈ ਰਹੀ ਹੈ
'ਖੁਸ਼ੀ ਮੁਟਿਆਰ ਹੋ ਗਈ ਧੀ ਵਾਂਗ ਹੁੰਦੀ ਏ
ਤੇ ਜਿਥੇ ਸੱਪ ਦਾ ਡੰਗ ਖ਼ਤਮ ਹੁੰਦਾ ਹੈ
ਉੱਥੇ ਖੁ਼ਦਗ਼ਰਜ਼ ਸ਼ਰੀਕਾਂ ਦੀ ਹਮਦਰਦੀ ਦਾ ਪਹਿਲਾ ਹਰਫ਼
ਬੂਹੇ 'ਤੇ ਜ਼ਹਿਰੀਲਾ ਦਸਤਕ ਬਣਦਾ ਹੈ...!!!

ਕਦੇ ਪਰਖੇ ਮੇਰਾ ਰੁਤਬਾ............ ਗ਼ਜ਼ਲ / ਜਗਵਿੰਦਰ ਜੋਧਾ

ਕਦੇ ਪਰਖੇ ਮੇਰਾ ਰੁਤਬਾ, ਕਦੇ ਇਹ ਜ਼ਾਤ ਪੁੱਛਦੀ ਹੈ
ਅਜਬ ਬਰਸਾਤ ਹੈ ਜੋ ਪਿਆਸ ਦੀ ਔਕਾਤ ਪੁੱਛਦੀ ਹੈ

ਜੇ ਏਹੀ ਰੌਸ਼ਨੀ ਹੈ ਤਾਂ ਮੈਂ ਏਡੀ ਵੀ ਕੀ ਮਾੜੀ ਹਾਂ
ਮੁਖ਼ਾਤਬ ਹੋ ਕੇ ਦਿਨ ਨੂੰ ਮੈਥੋਂ ਕਾਲੀ਼ ਰਾਤ ਪੁੱਛਦੀ ਹੈ


ਮਸੀਹੇ ਸ਼ਹਿਰ ਦੇ ਖ਼ਾਮੋਸ਼ ਨੇ, ਸਭ ਰਹਿਨੁਮਾ ਚੁੱਪ ਨੇ
ਪਿਆਲੀ ਜ਼ਹਿਰ ਦੀ ਫਿਰ ਕੌਣ ਹੈ ਸੁਕਰਾਤ ਪੁੱਛਦੀ ਹੈ

ਰਟਣ ਦੀ ਥਾਂ ਤੂੰ ਇਸ ਬਿਰਤਾਂਤ ਦਾ ਨਾਇਕ ਕਦੋਂ ਬਣਨੈ
ਕਥਾ-ਵਾਚਕ ਤੋਂ ਰਾਜੇ ਰਾਣੀਆਂ ਦੀ ਬਾਤ ਪੁੱਛਦੀ ਹੈ

ਤੂੰ ਇਸ ਦੀਵੇ ਦੀ ਲੋਅ ਕਿਸ ਰਾਤ ਦੀ ਭੇਟਾ ਚੜ੍ਹਾ ਆਇਐਂ
ਮੇਰੇ ਮੱਥੇ ਨੂੰ ਚੁੰਮ ਕੇ ਸੰਦਲੀ ਪ੍ਰਭਾਤ ਪੁੱਛਦੀ ਹੈ

ਬਹਾਨੇ ਨਾਲ਼ ਪੁੱਛ ਲੈਂਦੀ ਹੈ ਮੇਰੀ ਛਾਂ ਦੀ ਬਾਬਤ ਵੀ
ਹਵਾਵਾਂ ਤੋਂ ਜਦੋਂ ਉਹ ਔੜ ਦੇ ਹਾਲਾਤ ਪੁੱਛਦੀ ਹੈ

ਜਜ਼ਬਾਤਾਂ ਦੀ ਲੜੀ.......... ਨਜ਼ਮ/ਕਵਿਤਾ / ਸੁਰਿੰਦਰ ਭਾਰਤੀ ਤਿਵਾੜੀ

ਮੇਰੇ ਜਜ਼ਬਾਤਾਂ ਦੀ ਲੜੀ
ਬਹੁਤ ਲੰਬੀ
ਲੰਬੀ ਤੇ ਬਹੁਤ ਡੂੰਘੀ
ਚਲਦੀ ਹੈ ਤਾਂ

ਰੁਕਨ ਦਾ ਨਾਮ ਨਹੀਂ ਲੈਂਦੀ
ਨਾਂ ਇਸਦਾ ਆਦਿ ਦਿਸਦਾ ਹੈ
ਨਾਂ ਕੋਈ ਅੰਤ ਹੁੰਦਾ ਹੈ
ਦਿਨ ਤੇ ਰਾਤ
ਇੱਕ ਅਟੁੱਟ ਲੜੀ
ਦਿਲ ਦੇ
ਜਿੰਦਗੀ ਦੇ
ਖੁਸ਼ੀ ਦੇ
ਤੇ ਗਮ ਦੇ
ਹਰ ਕੋਨੇ ਨੂੰ ਛੂੰਹਦੀ ਹੈ
ਕਿਸੇ ਦੀ ਵਫਾ ਨੂੰ ਯਾਦ ਕਰਦੀ ਹੈ
ਜਾਂ ਬੇਵਫਾਈ ਤੇ ਰੋਂਦੀ ਹੈ

ਜਜ਼ਬਾਤਾਂ ਦੀ ਇਹ ਲੜੀ
ਰਿਸ਼ਤਿਆਂ ਦੇ ਅਰਥ ਲੱਭਦੀ ਹੈ
ਰਿਸ਼ਤਾ ਬਣਾਉਂਦੀ ਹੈ
ਮਨਾਂ ਦੇ ਤਾਰ ਛੂੰਹਦੀ ਹੈ
ਤੇ ਮਨ ਦੇ ਗੀਤ ਸੁਣਦੀ ਹੈ
ਦਿਲ ਨਜ਼ਦੀਕ ਕਰਦੀ ਹੈ
ਜਾਂ ਕੋਹਾਂ ਦੂਰ ਕਰਦੀ ਹੈ

ਮੇਰੇ ਜਜ਼ਬਾਤਾਂ ਦੀ ਲੜੀ
ਟੁੱਟਦੀ ਹੈ ਤਾਂ
ਅਸਹਿ ਦਰਦ
ਦਰਦ ਦੀ ਚੀਸ
ਜਿੰਦਗੀ ਦੀ ਬੇਬਸੀ
ਕਿਸੇ ਦੀ ਬੇਕਸੀ
ਦਿਲ ਦੇ ਖੂਨ ਹੋਣ
ਖੂਨ ਦੇ ਆਂਸੂ ਰੋਣ
ਦਾ ਅਹਿਸਾਸ ਦਿੰਦੀ ਹੈ
ਅੱਖਾਂ ਨਹੀਂ
ਬਸ ਮਨ ਹੀ ਰੋਂਦਾ ਹੈ
ਹਰ ਗਮ ਤੇ
ਹਰ ਹਾਰ ਤੇ
ਜਜ਼ਬਾਤਾਂ ਤੇ ਹੋਏ ਵਾਰ ਤੇ

ਭਾਰਤੀ ਇਸ ਲੜੀ ਨੂੰ
ਬਿਖਰਦੇ ਹੋਏ
ਸਿਸਕਦੇ ਜੋਏ
ਸਿਮਟਦੇ ਹੋਏ ਵੇਖਦਾ ਹੈ।

ਤੇ ਫਿਰ
ਜਜ਼ਬਾਤਾਂ ਤੋਂ ਬਾਹਰ ਨਿਕਲਦੇ ਹੀ
ਜਿੰਦਗੀ ਦੀ ਸੱਚਾਈ ਰੂਬਰੂ ਹੁੰਦੀ ਹੈ
ਜਜ਼ਬਾਤ
ਕਿਤੇ ਦੂਰ ਰਹਿ ਜਾਂਦੇ ਹਨ
ਆਪਣੇ ਆਪ ਮਰਨ ਲਈ
ਦਫਨ ਹੋ ਜਾਣ ਲਈ। 

ਦੇਰ ਬਾਅਦ ਪਰਤਿਆ ਹਾਂ ਘਰ.......... ਨਜ਼ਮ/ਕਵਿਤਾ / ਹਰਮੀਤ ਵਿਦਿਆਰਥੀ

ਦੇਰ ਬਾਅਦ ਪਰਤਿਆ ਹਾਂ ਘਰ
ਕਾਲ ਬੈੱਲ ਨੇ ਦਿੱਤਾ
ਆਮਦ ਦਾ ਸੁਨੇਹਾ
ਪੋਰਚ 'ਚ ਖਿੜੇ

ਸੂਹੇ ਗੁਲਾਬ ਨੇ
ਬੋਗਨ ਵੀਲੀਆ ਵੱਲ
ਨਸੀ਼ਲੀ ਨਜ਼ਰ ਨਾਲ਼ ਤੱਕਿਆ
ਦਰਵਾਜ਼ੇ 'ਤੇ ਲੱਗੀ
ਇਸ਼ਕ ਪੇਚੇ ਦੀ ਵੇਲ
ਰਤਾ ਕੁ ਸੰਗੀ

ਪੱਖੇ ਦੀ ਹਵਾ
ਖੁਸ਼ੀ ਵਿਚ
ਲਹਿਰੀਆਂ ਪਾਉਣ ਲੱਗੀ
ਮੇਰੇ ਬਾਲ ਦੇ
ਨਿੱਕੇ ਨਿੱਕੇ ਹੱਥਾਂ ਦੀ ਤਾੜੀ 'ਚੋਂ
ਕੱਵਾਲੀ ਦੇ ਸੁਰ ਫੁੱਟੇ
ਛੂਈ ਮੂਈ ਹੋ
ਆਪਣੇ ਚਿਹਰੇ ਦੀ ਗੁਲਾਬੀ ਭਾਅ ਨੂੰ
ਕਿਸੇ ਤਨਹਾਈ
ਲੁਕੋਣ ਦਾ ਆਹਰ ਕਰਨ ਲੱਗੀ
ਮੇਰੀ ਬੀਵੀ।

ਟੂਟੀ ਥੱਲੇ ਬੈਠਾ ਹਾਂ,
ਤਾਂ ਪਾਣੀ ਛਪਕ-ਛਪਕ 'ਚੋਂ
ਮਲਹਾਰ ਗੂੰਜਦਾ ਹੈ
ਕਿਸੇ ਇਕ ਜਣੇ ਦੀ ਆਮਦ ਨਾਲ਼
ਘਰ ਦੇ ਤੌਰ
ਇਉਂ ਬਦਲਦੇ ਹਨ
ਘਰ ਜਿਊਂਦਾ ਹੋ ਜਾਂਦਾ ਹੈ।

ਬਰਥਡੇ.......... ਨਜ਼ਮ/ਕਵਿਤਾ / ਨਵਜੀਤ

ਬਰਥਡੇ ਕੋਈ ਖਾਸ ਦਿਨ ਨਹੀ ਹੁੰਦਾ
ਆਮ ਦਿਨਾਂ ਵਾਂਗ ਚੜ੍ਹਦਾ ਹੈ
ਢਲ਼ਦੀ ਹੈ ਸ਼ਾਮ
ਤੁਸੀਂ ਕੁਝ ਸਮੇਂ ਲਈ

ਮਹਿਸੂਸ ਕਰਦੇ ਹੋ
ਆਪਣੇ ਅੱਜ ਤੋਂ ਪੈਦਾ ਹੋਣ ਤੱਕ ਦਾ ਇਤਿਹਾਸ
ਸਮਝੌਤਿਆਂ ਭਰਿਆ
ਕੋਈ ਵਿਰੋਧ ਨਹੀਂ
ਕੋਈ ਬਗਾ਼ਵਤ ਤੁਹਾਡੇ ਖਾਤੇ ਵਿਚ ਸ਼ਾਮਿਲ ਨਹੀਂ
ਵਿਲਕਣ ਤੋਂ ਬਿਨਾਂ ਤੁਸੀਂ
ਕੁਝ ਖਾਸ ਨਹੀਂ ਕੀਤਾ ਹੁੰਦਾ
ਫਿਰ ਇਹ ਤਾਰੀਖ ਕਿਸ ਲਈ
ਬਣਦੀ ਹੈ ਖਾਸ
ਸ਼ਾਮ ਦੀ ਪਾਰਟੀ ਤੋਂ ਬਾਦ
ਬਿਸਤਰੇ ‘ਤੇ ਸੌਣ ਲੱਗਿਆਂ
ਗੀਝੇ ਵੱਲ ਵੇਖਕੇ
ਤੁਸੀਂ ਮਹਿਸੂਸ ਕਰਦੇ ਹੋ
ਬਰਥਡੇ ਕੋਈ ਖਾਸ ਦਿਨ ਨਹੀਂ ਹੁੰਦਾ.....

ਤਨਹਾ ਦਿਲ ਨੂੰ.......... ਦੋਹੇ / ਤ੍ਰੈਲੋਚਣ ਲੋਚੀਤਨਹਾ ਦਿਲ ਨੂੰ ਦੋਸਤੋ ਪਲ ਵਿਚ ਲੈਣ ਸੰਭਾਲ਼
ਹਰਫਾਂ ਦੀ ਇਹ ਦੋਸਤੀ ਹੁੰਦੀ ਬਹੁਤ ਕਮਾਲ

ਕਿਉਂ ਨਹੀਂ ਕੋਈ ਜੂਝਦਾ ਘੁੱਪ ਹਨ੍ਹੇਰੇ ਨਾਲ਼
ਤੂੰ ਤਾਂ ਕਵੀ ਏਂ ਸੋਹਣਿਆਂ ਤੂੰ ਤਾਂ ਦੀਵਾ ਵਾਲ਼

ਛੱਡ ਮਾਇਆ ਦੀ ਖੇਡ ਨੂੰ ਇਹ ਤਾਂ ਨਿਰਾ ਜੰਜਾਲ
ਤੇਰੇ ਕੋਲ਼ ਤਾਂ ਸ਼ਬਦ ਨੇ ਸੁਰ ਹੈ ਨਾਲ਼ੇ ਤਾਲ

ਉਹ ਘਰ ਬਹਿਸ਼ਤ ਵਾਂਗ ਨੇ ਉਹ ਘਰ ਬਹੁਤ ਕਮਾਲ
ਜੇਹੜੇ ਘਰ ਵਿਚ ਪੁਸਤਕਾਂ ਖੇਡਣ ਜਿੱਥੇ ਬਾਲ

ਅੱਜ ਨਾ ਛੱਡੀਂ ਕੱਲ੍ਹ 'ਤੇ ਅੱਜ ਨੂੰ ਰਹਿਣ ਦੇ ਅੱਜ
ਉਠ ਕਵੀਆ ਹੁਣ ਜਾਗ ਤੂੰ ਸ਼ਬਦ ਨਾ ਜਾਵਣ ਭੱਜ

ਬੇਮਕਸਦ ਭੱਜੀ ਫਿਰੇ ਸ਼ਹਿਰ ਦੀ ਅੰਨ੍ਹੀ ਭੀੜ
ਕੌਣ ਸੁਣੇਗਾ ਸ਼ਹਿਰ ਵਿਚ ਕਵੀਆ ਤੇਰੀ ਪੀੜ

ਮਿਲ ਗਿਆ ਨ੍ਹੇਰੇ ਨੂੰ ਮੌਕਾ.......... ਗ਼ਜ਼ਲ / ਸੁਰਿੰਦਰ ਸੋਹਲ

ਮਿਲ ਗਿਆ ਨ੍ਹੇਰੇ ਨੂੰ ਮੌਕਾ ਦੋਸ਼ ਲਾਵਣ ਵਾਸਤੇ
ਮੈਂ ਚੁਰਾਈ ਅੱਗ ਜਦੋਂ ਦੀਵੇ ਜਗਾਵਣ ਵਾਸਤੇ

ਘਰਦਿਆਂ ਬਿਰਖਾਂ ਨੂੰ ਔੜਾਂ ਤੋਂ ਬਚਾਵਣ ਵਾਸਤੇ
ਸੰਦਲੀ ਬਦਲੀ ਗਈ ਸਾਗਰ 'ਚ ਨਾਵ੍ਹਣ ਵਾਸਤੇ


ਇਸ ਤਰ੍ਹਾਂ ਦੀ ਲਹਿਰ ਸਾਗਰ 'ਚੋਂ ਨਾ ਉਠੇ ਐ ਖੁ਼ਦਾ
ਬੱਚਿਆਂ ਦੇ ਮਨ 'ਚੋਂ ਘਰ ਰੇਤਾ ਦੇ ਢਾਵਣ ਵਾਸਤੇ

ਮੈਂ ਬੁਲਾਏ ਨੇ ਘਰੇ ਕਿਸ਼ਤੀ, ਪਰਿੰਦਾ ਤੇ ਚਿਰਾਗ
ਤਰਨ ਉੱਡਣ ਜਗਣ ਦੇ ਸਭ ਭੇਦ ਪਾਵਣ ਵਾਸਤੇ

ਮਾਣ ਕੇ ਛਾਵਾਂ ਤੇ ਫ਼ਲ਼ ਖਾ ਕੇ ਨਾ-ਸ਼ੁਕਰਾ ਆਦਮੀ
ਸੋਚਦਾ ਹੈ ਬਿਰਖ ਦੀ ਪੌੜੀ ਬਣਾਵਣ ਵਾਸਤੇ

ਤੂੰ ਏਂ ਚਿਤਰਕਾਰ ਤੇਰੇ 'ਤੇ ਕੋਈ ਬੰਦਿਸ਼ ਨਹੀਂ
ਬਰਫ ਦੇ ਆਲ਼ੇ 'ਚ ਸੂਰਜ ਨੂੰ ਟਿਕਾਵਣ ਵਾਸਤੇ

ਸੋਚ ਸੀ ਜਿਹੜੀ ਬਚਾਈ ਸਿਰ ਗਵਾ ਕੇ ਆਪਣਾ
ਹੋਰ ਮੇਰੇ ਕੋਲ਼ ਹੈ ਕੀ ਸੀ ਗਵਾਵਣ ਵਾਸਤੇ

ਪਾਈ ਹੈ ਅੜਚਣ ਜਿਨ੍ਹੇ ਉਹ ਸੋਚਦੈ ਮੈਂ, ਝੁਕ ਗਿਆ
ਮੈਂ ਤਾਂ ਝੁਕਿਆ ਰਾਹ 'ਚੋਂ ਕੰਡੇ ਹਟਾਵਣ ਵਾਸਤੇ

ਦਿਲ, ਸ਼ੀਸ਼ਾ ਤੇ ਤਾਰਾ.......... ਗੀਤ / ਮਨਜੀਤ ਸੰਧੂ ਸੁਖਣਵਾਲ਼ੀਆ

ਦਿਲ, ਸ਼ੀਸ਼ਾ ਤੇ ਤਾਰਾ, ਮਿੱਤਰੋ ਨਹੀਂ ਜੁੜਦੇ।
ਮਿੱਤਰੋ ਫੇਰ ਦੁਬਾਰਾ , ਟੁੱਟ ਕੇ ਨਹੀਂ ਜੁੜਦੇ।

ਔਖੀ ਘੜੀ ਉਡੀਕਾਂ ਵਾਲ਼ੀ।
ਮਾੜੀ ਚੱਕ ਸ਼ਰੀਕਾਂ ਵਾਲ਼ੀ।

ਕਰਕੇ ਹਟੂ ਕੋਈ ਕਾਰਾ,
ਮਿੱਤਰੋ ਨਹੀਂ ਜੁੜਦੇ,....।

ਜੱਗ ਵਿਚ ਬੰਦਾ ਥਾਂ ਸਿਰ ਹੋਵੇ।
ਮਾਪਿਆਂ ਦੀ ਜੇ ਛਾਂ ਸਿਰ ਹੋਵੇ।
ਹੁੰਦਾ ਸੁਰਗ ਨਜ਼ਾਰਾ,
ਮਿੱਤਰੋ ਨਹੀਂ ਜੁੜਦੇ..........।

ਮਤਲਬ ਖੋਰਾ ਯਾਰ ਜੇ ਹੋਵੇ।
ਭਾਈਆਂ ਦੇ ਨਾਲ਼ ਖਾਰ ਜੇ ਹੋਵੇ।
ਦੁੱਖ ਰਹੇ ਦਿਨ ਸਾਰਾ,
ਮਿੱਤਰੋ ਨਹੀਂ ਜੁੜਦੇ,..........।

ਪੀਰ, ਪੈਗੰਬਰ ਰਾਜੇ ਰਾਣੇ।
ਅਪਣੀ ਵਾਰੀ ਸੱਭ ਤੁਰ ਜਾਣੇ।
ਕੀ 'ਮਨਜੀਤ' ਵਿਚਾਰਾ,
ਮਿੱਤਰੋ ਨਹੀਂ ਜੁੜਦੇ........।

ਵਕਤ ਦਾ ਜੋ ਸਫਾ.......... ਗ਼ਜ਼ਲ / ਚਮਨਦੀਪ ਦਿਉਲ

ਵਕਤ ਦਾ ਜੋ ਸਫਾ ਹਨ੍ਹੇਰਾ ਸੀ
ਓਹਦੇ ਅੱਖਰਾਂ ‘ਚ ਹੀ ਸਵੇਰਾ ਸੀ

ਕਾਵਾਂ ਤੱਕਿਆ ਨਹੀਂ ਜੁਦਾ ਗੱਲ ਹੈ
ਸਾਡੇ ਘਰ ਦਾ ਵੀ ਇਕ ਬਨੇਰਾ ਸੀ


ਲੋਕਾਂ ਉਸਨੂੰ ਕਿਹਾ ਮੇਰਾ ਹਾਸਿਲ
ਆਇਆ ਪੈਰ ਹੇਠ ਜੋ ਬਟੇਰਾ ਸੀ

ਕਾਹਤੋਂ ਸ਼ਾਇਰ ਦੀ ਜੂਨ ਪਾਇਆ ਤੂੰ
ਮੈਨੂੰ ਪਹਿਲਾਂ ਹੀ ਗ਼ਮ ਬਥੇਰਾ ਸੀ

ਕੀ ਹੈ ਮਸ਼ਹੂਰ ਜੇ ਨਹੀਂ ਹੋਇਆ
ਦਿਉਲ ਬਦਨਾਮ ਤਾਂ ਬਥੇਰਾ ਸੀ

ਮੇਰੀ ਮੰਨੋ.......... ਨਜ਼ਮ/ਕਵਿਤਾ / ਹਰੀ ਸਿੰਘ ਮੋਹੀ

ਛੱਡਣ ਲੱਗੇ ਹੋ ਹੱਥਾਂ ਨੂੰ
ਫੇਰ ਇਨ੍ਹਾਂ ਹੱਥਾਂ ਨੇ
ਏਹੋ ਜਿਹੇ ਨਹੀਂ ਰਹਿਣਾ
ਕੁਮਲਾਅ ਜਾਣਾ

ਮੁਰਝਾਅ ਜਾਣਾ
ਇਹ ਇਕ ਛੂਹ ਲਈ
ਤੜਪ ਤੜਪ ਕੇ
ਮੁੱਕ ਜਾਵਣਗੇ

ਫਿਰ ਜੋ
ਯਾਦ ਇਨ੍ਹਾਂ ਨੂੰ ਕਰਕੇ
ਅੱਥਰੂ-ਅੱਥਰੂ
ਅੱਖੀਆਂ ਵਿਚੋਂ
ਵਹਿ ਜਾਵੋਗੇ
ਹੱਥ ਹੀ ਮਲ਼ਦੇ
ਰਹਿ ਜਾਵੋਗੇ

ਮੇਰੀ ਮੰਨੋ
ਕਦੀ ਨਾ ਛੱਡੋ
ਫੇਰ ਇਨ੍ਹਾਂ ਹੱਥਾਂ ਨੇ
ਏਹੋ ਜਿਹੇ ਨਹੀਂ ਰਹਿਣਾ !!!

ਆਪੇ ਬੁਣੀਆਂ.......... ਗ਼ਜ਼ਲ / ਖੁਸ਼ਵੰਤ ਕੰਵਲ

ਆਪੇ ਬੁਣੀਆਂ ਆਪੇ ਅਸੀਂ ਉਧੇੜ ਰਹੇ ਹਾਂ
ਆਪਣੇ ਹੀ ਜ਼ਖ਼ਮਾਂ ਨੂੰ ਛੇੜ ਉਚੇੜ ਰਹੇ ਹਾਂ

ਉਮਰਾ ਬੀਤੀ ਫੱਟੀਆਂ ਲਿਖ ਲਿਖ ਪੋਚਦਿਆਂ ਹੀ
ਹਾਲੇ ਵੀ ਕੁਝ ਫਿੱਕੇ ਹਰਫ਼ ਉਘੇੜ ਰਹੇ ਹਾਂ


ਹੋਰ ਬੜੇ ਕੰਮ ਕਰਨੇ ਹਾਲੇ ਇਸ ਕਾਰਣ ਹੀ
ਹੱਥੀਂ ਫੜਿਆ ਜਲਦੀ ਕੰਮ ਨਿਬੇੜ ਰਹੇ ਹਾਂ

ਇਕ ਅੱਧ ਖੁਸ਼ੀ ਮਿਲੀ ਵੀ ਹੈ ਤਾਂ ਕੀ ਮਿਲਿਆ ਹੈ
ਜਦ ਕਿ ਗ਼ਮ ਨਿੱਤ ਨਵਿਓਂ ਨਵੇਂ ਸਹੇੜ ਰਹੇ ਹਾਂ

ਨਿੰਦਾ ਚੁਗਲੀ ਦਾ ਚਿੱਕੜ ਹੋਰਾਂ 'ਤੇ ਸੁੱਟ ਕੇ
ਪਹਿਲਾਂ ਹੀ ਹੱਥ ਅਪਣੇ ਅਸੀਂ ਲਬੇੜ ਰਹੇ ਹਾਂ

ਮਿਲਣਾ ਸੀ ਇਕ ਦੂਜੇ ਨੂੰ ਪਰ ਕਿੱਦਾਂ ਮਿਲਦੇ
ਹਰ ਵਾਰੀ ਹੀ ਪੈਂਦੇ ਲੰਮੇ ਗੇੜ ਰਹੇ ਹਾਂ

ਹੰਸਾਂ ਨੇ ਹੁਣ ਇਕ ਕੰਮ ਕਰਨਾ ਛੱਡ ਦਿੱਤਾ ਹੈ
ਹੁਣ ਦੁਧ ਪਾਣੀ ਕਲਮਾਂ ਨਾਲ਼ ਨਿਖੇੜ ਰਹੇ ਹਾਂ

ਚੋਣਵੇਂ ਸਿ਼ਅਰ / ਰਣਬੀਰ ਕੌਰ

ਨਾ ਮੇਰੇ ਜੋੜ ਦੀ ਧਰਤੀ ਨਾ ਮੇਰੀ ਲੋੜ ਦਾ ਪਾਣੀ,
ਮੇਰੀ ਪਰ ਬੇਬਸੀ ਦੇਖੋ ਕਿ ਮੈਂ ਕੁਮਲ਼ਾ ਨਹੀਂ ਸਕਦਾ।

--ਰਾਬਿੰਦਰ ਮਸਰੂਰ

ਮਨ ਵਿਚ ਨੇਰ੍ਹਾ ਕਰ ਨਾ ਜਾਵੇ ਢਲ਼ਦਾ ਸੂਰਜ
ਸੋਚਾਂ ਦੇ ਵਿਚ ਰੱਖ ਹਮੇਸ਼ਾ ਬਲ਼ਦਾ ਸੂਰਜ
--ਬਰਜਿੰਦਰ ਚੌਹਾਨ

ਵਫ਼ਾ ਜੇ ਤੂੰ ਨਿਭਾਏਂਗਾ ਤਾਂ ਤੇਰਾ ਸ਼ੁਕਰੀਆ ਯਾਰਾ
ਜੇ ਸਾਨੂੰ ਨਾ ਭੁਲਾਏਂਗਾ ਤਾਂ ਤੇਰਾ ਸ਼ੁਕਰੀਆ ਯਾਰਾ
--ਕੁਲਵੰਤ ਸਿੰਘ ਸੇਖੋਂ

ਇਸ਼ਕ ਮੇਰਾ ਯਾਦ ਤੇਰੀ ਵਿਚ ਇੰਝ ਪਲ਼ਦਾ ਰਿਹਾ
ਉਮਰ ਭਰ ਦੀਵੇ ਚਮੁਖੀਏ ਵਾਂਗ ਮੈਂ ਬਲ਼ਦਾ ਰਿਹਾ
--ਗੁਰਦੇਵ ਸਿੰਘ ਪੰਦੋਹਲ

ਵਫ਼ਾ ਪਿੱਛੇ ਅਸੀਂ ਕੋਹੇ ਗਏ ਪਰ ਉਫ਼ ਨਹੀਂ ਕੀਤੀ
ਅਸੀਂ ਹਾਰੇ ਨਹੀਂ ਹਰ ਵਾਰ ਦੁਸ਼ਮਣ ਹਾਰਿਐ ਸਾਡਾ
--ਦੀਪਕ ਜੈਤੋਈ

ਸਾਰੇ ਲੋਕੀ ਮੱਲ ਬੈਠੇ ਨੇ ਰੁੱਖਾਂ ਦਾ ਪਰਛਾਵਾਂ
ਬਲ਼ਦੀ ਧੁੱਪ 'ਚ ਬਹਿ ਕੇ ਸੋਚਾਂ ਮੰਜੀ ਕਿੱਥੇ ਡਾਹਵਾਂ
--ਫ਼ਖਰ ਜ਼ਮਾਂ

ਮੈਨੂੰ ਹਵਾ 'ਚ ਪਾਣੀਆਂ 'ਚ ਘੋਲ਼ ਦੇ ਤੇ ਜਾਹ,
ਇਹ ਬਦਦੁਆ ਵੀ ਦੇ ਕਿ ਤੇਰੀ ਜੁਸਤਜੂ ਰਹੇ।
--................

ਕੇਹੇ ਬੀਜ ਖਿਲਾਰੇ ਨੇ ਕਿਰਸਾਨਾਂ ਨੇ ,
ਖੁਦਕਸ਼ੀਆਂ ਦੀ ਫ਼ਸਲ ਉਗਾ ਕੇ ਬੈਠ ਗਏ।
--ਕਵਿੰਦਰ ਚਾਂਦ

ਤੁਹਾਡੀ ਦੋਸਤੀ ਨੇ ਇਸ ਤਰ੍ਹਾਂ ਦਾ ਆਈਨਾ ਦਿੱਤਾ,
ਮੇਰਾ ਅੰਦਰਲਾ ਬਾਹਰਲਾ ਹਰਿਕ ਚੇਹਰਾ ਦਿਖਾ ਦਿੱਤਾ।
--ਕਵਿੰਦਰ ਚਾਂਦ

ਫਿਰ ਆਈ ਉਸਕੀ ਯਾਦ, ਕਲ ਰਾਤ ਚੁਪਕੇ-ਚੁਪਕੇ।
ਬਹਿਕੇ ਮੇਰੇ ਜਜ਼ਬਾਤ, ਕਲ ਰਾਤ ਚੁਪਕੇ-ਚੁਪਕੇ।
--ਰਾਕੇਸ਼ ਵਰਮਾ

ਬੁੱਢੇ ਰੁੱਖ ਨੇ ਸਾਨੂੰ ਇਹ ਸਮਝਾਇਆ ਹੈ।
ਧੁੱਪੇ ਖੜ੍ਹ ਕੇ ਸਭ ਨੂੰ ਕਰਨਾ ਸਾਇਆ ਹੈ।
--ਦਵਿੰਦਰ ਜੋਸ਼

ਡਰਦਾ ਹੈ ਮਨ ਦਾ ਪੰਛੀ.......... ਨਜ਼ਮ/ਕਵਿਤਾ / ਰਾਕੇਸ਼ ਵਰਮਾ

ਡਰਦਾ ਹੈ ਮਨ ਦਾ ਪੰਛੀ
ਏਹਨਾਂ ਵਾ-ਵਰੋਲਿ਼ਆਂ ਤੋਂ
ਬੇ-ਖੌਫ਼ ਹੋ
ਪਰਵਾਜ਼
ਮੈਂ ਭਰਾਂ ਤਾਂ ਕਿਸ ਤਰ੍ਹਾਂ


ਹੈ ਚਾਰੇ ਪਾਸੇ ਅਗਨ
ਕਈ ਸ਼ਹਿਰ
ਸੜ ਰਹੇ ਨੇ
ਏਸ ਤਪਸ਼ ਦਾ ਇਲਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਅੱਜ ਲਹੂ-ਲੁਹਾਨ ਹੋਈ
ਪੰਜ ਪਾਣੀਆਂ ਦੀ ਧਰਤੀ
ਹਾਲਾਤ ਸੁਖ਼ਨ-ਸਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਅਮਨਾਂ ਦੇ ਸਬਕ ਹੋਵਣ
ਧਰਮਾਂ ਦੇ ਖਾਤਿਆਂ ਵਿਚ
ਹਿੰਸਾ ਦਾ ਇੰਦਰਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਇਨਸਾਨੀਅਤ ਦੇ ਉਤੇ
ਹੈਵਾਨੀਅਤ ਏ ਹਾਵੀ
ਜਮਹੂਰੀਅਤ ‘ਤੇ ਨਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਰਾਤ ਭਰ.......... ਗ਼ਜ਼ਲ / ਰਾਜੇਸ਼ ਮੋਹਨ (ਪ੍ਰੋ.)

ਰਾਤ ਭਰ ਆਜ ਮੁਝੇ ਖ਼ਾਬ ਆਏ
ਏਕ ਖ਼ਤ ਕੇ ਕਈ ਜਵਾਬ ਆਏ

ਬਸ ਹਵਾ ਖੋਲ ਗਈ ਦਰਵਾਜ਼ਾ
ਮੈਨੇ ਸਮਝਾ ਕਹੀਂ ਜਨਾਬ ਆਏ


ਹਮ ਭਲਾ ਬਾਗ਼ ਬਾਗ਼ ਕਿਊਂ ਭਟਕੇਂ
ਚਲ ਕੇ ਜਬ ਘਰ ਮੇਰੇ ਗ਼ੁਲਾਬ ਆਏ

ਜਿਸਸੇ ਮੈਂ ਜਾਨ ਲੂੰ ਤੁਝੇ ਬਿਹਤਰ
ਕੋਈ ਐਸੀ ਭੀ ਹੈ ਕਿਤਾਬ, ਆਏ

ਮੇਰੇ ਗੀਤੋਂ ਕੋ ਔਰ ਉਦਾਸ ਨਾ ਕਰ
ਆ ਭੀ ਜਾ ਇਨਪੇ ਭੀ ਸ਼ਬਾਬ ਆਏ


ਵੋਟਾਂ ਦੀ ਨੀਤੀ ਨੇ.......... ਗ਼ਜ਼ਲ / ਰਣਜੀਤ ਅਜ਼ਾਦ ਕਾਂਝਲਾ

ਵੋਟਾਂ ਦੀ ਨੀਤੀ ਨੇ ਘਰ-ਘਰ ਵੰਡਾਂ ਪਾਈਆਂ ਨੇ
ਲੋਕਾਂ ਨੂੰ ਪਾੜ ਭਰਾਵਾਂ ਹੱਥ ਡਾਂਗਾਂ ਫੜਾਈਆਂ ਨੇ

ਦਹੇਜ ਦੇ ਹੱਥੋਂ ਉਜੜੇ ਅਨੇਕਾਂ ਹੀ ਘਰ ਏਥੇ
ਬਿਨ ਕਸੂਰੋਂ ਧੀ-ਭੈਣਾਂ ਮਾਰ ਮੁਕਾਈਆਂ ਨੇ


ਇਸ ਧਰਤ 'ਤੇ ਵਸਦੇ ਵਹਿਸ਼ੀ ਦਰਿੰਦੇ ਬੜੇ
ਭ੍ਰਿਸ਼ਟ ਨੀਤੀ ਨੇ ਹਰ ਥਾਂ ਧੁੰਮਾਂ ਪਾਈਆਂ ਨੇ

ਕਰਦੇ ਕਾਰ ਬਥੇਰੀ ਪਰ ਕਰਜ਼ ਜਿਉਂ ਦਾ ਤਿਉਂ
ਦਸਾਂ ਨਹੁੰਆਂ ਦੀਆਂ ਕਿਰਤਾਂ ਸੱਭ ਘਬਰਾਈਆਂ ਨੇ

ਬੜੇ ਚਾਵਾਂ ਨਾਲ਼ ਪਾਲ਼ੇ ਪੁੱਤਰ ਪਿਆਰੇ ਜੋ
ਮਾਂ ਤੇ ਪਿਉ ਨੂੰ ਵੰਡਿਆ ਉਹਨਾਂ ਭਾਈਆਂ ਨੇ

ਬੌਣੀ ਸੋਚ ਅਜ਼ਾਦ ਅਗੇਰੇ ਵਧਣ ਨਾ ਦੇਂਦੀ
ਤਾਂਹੀ ਤਾਂ ਜਿ਼ੰਦਗੀ ਵਿਚ ਰੋਕਾਂ ਆਈਆਂ ਨੇ

ਮਾਡਰਨ ਮਾਹੀਆ.......... ਗੀਤ / ਸੁਖਚਰਨਜੀਤ ਕੌਰ ਗਿੱਲ

ਪਤਨੀ : ਤੰਦੂਰੀ ਤਾਈ ਹੋਈ ਆ।
ਅਸਾਂ ਰੋਟੀ ਨਹੀਂ ਲਾਹੁਣੀ,
ਤੇਰੀ ਬੇਬੇ ਆਈ ਹੋਈ ਆ।

ਪਤੀ : ਰੋਟੀ ਹੋਟਲੋਂ ਮੰਗਾ ਦਊਂਗਾ।

ਬੇਬੇ ਕੋਲ਼ ਗੱਲ ਨਾ ਕਰੀਂ,
ਨਹੀਂ ਤਾਂ ਆਪੇ ਮੈਂ ਪਕਾ ਦਊਂਗਾ।

ਪਤਨੀ : ਮੇਰੇ ਭਾਗ ਹੀ ਖੋਟੇ ਨੇ।
ਜੂਠੇ ਭਾਂਡੇ ਰੋਣ ਜਾਨ ਨੂੰ,
ਨਾ ਹੀ ਕੱਪੜੇ ਹੀ ਧੋਤੇ ਨੇ।

ਪਤੀ : ਸੂਟ ਕੱਲ੍ਹ ਵਾਲ਼ਾ ਪਾ ਜਾਊਂਗਾ।
ਤੇਰੀ ਮੈਂ ਗੁਲਾਬੀ ਸਾੜ੍ਹੀ ਨੂੰ,
ਮੰਗੇ ਧੋਬੀ ਤੋਂ ਧੁਆ ਲਿਆਊਂਗਾ।

ਪਤਨੀ : ਤੁਸੀਂ ਸਮਝ ਤਾਂ ਪਾਉਂਦੇ ਨਹੀਂ।
ਬੇਬੇ ਨਾਲ਼ ਗੱਲ਼ਾਂ ਮਾਰਦੇ,
ਛੋਟੇ ਮੁੰਡੇ ਨੂੰ ਪੜ੍ਹਾਉਂਦੇ ਨਹੀਂ।

ਪਤੀ : ਇਹ ਵੀ ਝਗੜਾ ਮੁਕਾ ਦਊਂਗਾ।
ਤੇਰਾ ਰਹੇ ਦਿਲ ਰਾਜ਼ੀ,
ਉਹਦੀ ਟਿਊਸ਼ਨ ਰਖਾ ਦਊਂਗਾ।

ਪਤਨੀ : ਜੀ ਉਹ ਮੇਰੇ ਨਾਲ਼ ਲੜਦੀ ਏ।
ਰਾਤੀਂ ਸਾਨੂੰ ਨੀਂਦ ਨਾ ਪਵੇ,
ਜਦੋਂ ਖਊਂ-ਖਊਂ ਕਰਦੀ ਏ।

ਪਤੀ : ਮਾਂ ਨੂੰ ਮੈਂ ਸਮਝਾ ਦਊਂਗਾ।
ਤੈਨੂੰ ਉਹਦੀ ਖੰਘ ਨਾ ਸੁਣੇ,
ਮੰਜੀ ਕੋਠੇ 'ਤੇ ਚੜ੍ਹਾ ਦਊਂਗਾ।

ਸ਼ਹਿਰ ਮੇਰੇ ਦੀਆਂ ਮੈਲ਼ੀਆਂ ਖ਼ਬਰਾਂ.......... ਗ਼ਜ਼ਲ / ਨਵਪ੍ਰੀਤ ਸੰਧੂ

ਸ਼ਹਿਰ ਮੇਰੇ ਦੀਆਂ ਮੈਲ਼ੀਆਂ ਖ਼ਬਰਾਂ ਢੋ-ਢੋ ਅੱਕੀ ਹੋਈ ਐ।
ਮੈਨੂੰ ਲੱਗਦੈ ਪੌਣ ਪੁਰੇ ਦੀ ਅਸਲੋਂ ਹੀ ਥੱਕੀ ਹੋਈ ਐ।

ਮੇਰਿਆਂ ਅਰਮਾਨਾਂ ਦੇ ਕਾਤਿਲ ਆ ਕੇ ਮੈਨੂੰ ਪੱਛਦੇ ਨੇ,
ਸੋਚ ਮੇਰੀ ਦੀ ਰੰਗਤ ਕਾਹਤੋਂ ਏਨੀ ਰੱਤੀ ਹੋਈ ਐ।


ਬੰਦਾ ਬਣ ਜਾ ਬਾਜ ਤੂੰ ਆ ਜਾ ਸੱਚ ਬੋਲਣ ਤੋਂ ਤੌਬਾ ਕਰ,
ਉਹਨਾਂ ਉਹੀ ਸਲੀਬ ਅਜੇ ਤੱਕ ਸਾਂਭ ਕੇ ਰੱਖੀ ਹੋਈ ਐ।

ਪਤਝੜ ਦੇ ਵਿਰੋਧ 'ਚ ਜਿਹੜੀ ਗੀਤ ਬਹਾਰ ਦੇ ਗਾਉਂਦੀ ਸੀ,
ਉਹ ਬੁਲਬੁਲ ਹੋਣ 'ਪੋਟਾ' ਲਾ ਕੇ ਜੇਲ੍ਹ 'ਚ ਡੱਕੀ ਹੋਈ ਐ।

ਘਰ ਤੋਂ ਨਿਕਲਣ ਲੱਗਿਆਂ ਮੈਨੂੰ ਮੌਸਮ ਬਾਰੇ ਪੁੱਛਦਾ ਹੈ,
ਤੂਫਾਨਾਂ ਵਿਚ ਖੜ੍ਹਨ ਦੀ ਜਿਸ ਤੋਂ ਆਸ ਮੈਂ ਰੱਖੀ ਹੋਈ ਐ।


ਮੁੱਦਤਾਂ ਦੇ ਪਿੱਛੋਂ.......... ਗੀਤ / ਰਣਜੀਤ ਕਿੰਗਰਾ

ਮੁੱਦਤਾਂ ਦੇ ਪਿੱਛੋਂ ਪਿੰਡ ਆ ਕੇ ਘਰ ਖੋਲ੍ਹਿਆ,
ਮਾਪਿਆਂ ਨੂੰ ਚੇਤੇ ਕਰ ਕਰ ਦਰ ਖੋਲ੍ਹਿਆ,
ਕੰਧਾਂ ਵੱਲ ਤੱਕ ਕੇ ਉਦਾਸ ਜਿਹਾ ਹੋਈ ਜਾਵਾਂ।
ਬੇਬੇ ਦੇ ਸੰਦੂਕ ਵੱਲ, ਵੇਖ ਵੇਖ ਰੋਈ ਜਾਵਾਂ।


ਖੋਲ੍ਹੀ ਜਾਂ ਰਸੋਈ ਪਈ ਚਾਟੀ ਤੇ ਮਧਾਣੀ ਸੀ,
ਚੁੱਲਾ ਅਤੇ ਚੁਰ ਕੋਈ ਦੱਸਦੇ ਕਹਾਣੀ ਸੀ,
ਚਿਤ ਕਰੇ ਬੇਬੇ ਦੀ ਪਕਾਈ ਹੋਈ ਰੋਟੀ ਖਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ।

ਬਾਹਰਲੀ ਕੰਧੋਲੀ ਉਤੇ ਉਵੇਂ ਮੋਰ ਘੁੱਗੀਆਂ,
ਪਿਛਲੀ ਸਵਾਤ ਵਿਚ ਸੀਤੇ ਦੀਆਂ ਗੁੱਡੀਆਂ,
ਗੁੱਡੀਆਂ ਪਟੋਲਿਆਂ ਨੂੰ ਚੁੱਕ ਚੁੱਕ ਟੋਹੀ ਜਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ।

ਇਕ ਖੂੰਜੇ ਹਲ਼ ਟੰਗੀ ਕੰਧ 'ਤੇ ਪੰਜਾਲੀ਼ ਸੀ,
ਪਿੱਛੇ ਪੜਛੱਤੀ ਉਤੇ ਡਾਂਗ ਸੰਮਾਂ ਵਾਲ਼ੀ ਸੀ,
ਦਿਲ ਵਿਚੋਂ ਉਠਦੀ ਮੈਂ ਚੀਸ ਨੂੰ ਲੁਕੋਈ ਜਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ। 

ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ.......... ਗੀਤ / ਬਾਬੂ ਸਿੰਘ ਬਰਾੜ

ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ
ਗ਼ਮ ਦੇ ਏਸ ਗਲੋਟੇ ਦਾ ਪਰ ਧਾਗਾ ਕਿਸੇ ਉਧੇੜ ਦਿੱਤਾ

ਫੁੱਲਾਂ ਦੀ ਸੋਹਣੀ ਖੁਸ਼ਬੂ ਨੂੰ ਮੈਂ ਸਾਹਾਂ ਵਿਚ ਸਮੋ ਲਿਆ ਸੀ
ਲੋਕਾਂ ਤੋਂ ਡਰਦੀ ਡਰਦੀ ਨੇ ਮੈਂ ਸੱਜਣ ਕਿਤੇ ਲੁਕੋ ਲਿਆ ਸੀ

ਮਹਿਕਾਂ ਦੀ ਚੰਦਰੀ ਮਸਤੀ ਨੇ ਮੈਨੂੰ ਗ਼ਮ ਹੀ ਹੋਰ ਸਹੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ......

ਮਨ ਮਸਤ ਜਿਹਾ ਬਸ ਹੋ ਕੇ ਹੀ ਉਸ ਵਿਚੋਂ ਉਸ ਨੂੰ ਪਾ ਬੈਠਾ
ਉਹਦੀ ਰੂਹ ਵਿਚ ਵਾਸਾ ਕਰਕੇ ਸੀ ਦਿਲ ਦੇ ਸੱਭ ਦੁੱਖ ਭੁਲਾ ਬੈਠਾ
ਇਸ਼ਕੇ ਦੀ ਚਿੱਟੀ ਚਾਦਰ ਨੂੰ ਲੋਕਾਂ ਤਾਹਨਿਆਂ ਨਾਲ਼ ਲਿਬੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ.......

ਬਾਬੂ ਬਸ ਲਿਖਦੀ ਵਿਹੁ ਮਾਤਾ ਕਰਮਾਂ ਨੂੰ ਤੇਰੇ ਮਸਤਕ ‘ਤੇ
ਸੁੱਖ ਲੱਭ ਲਈਂ ਭਾਵੇਂ ਸੋਚਾਂ ‘ਚੋਂ ਦੁੱਖ ਦਰ ‘ਤੇ ਦਿੰਦਾ ਦਸਤਕ ਵੇ
ਸੋਨੇ ਤੋਂ ਮਿੱਟੀ ਬਣ ਗਏ ਆਂ ਕਿਸਮਤ ਨੇ ਐਸਾ ਗੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ

ਕੁੜੀਏ ਸ਼ਹਿਰ ਦੀਏ..........ਗੀਤ / ਰਘਬੀਰ ਸਿੰਘ ਤੀਰ

ਆ ਨੀ ਕੁੜੀਏ ਸ਼ਹਿਰ ਦੀਏ, ਤੈਨੂੰ ਪਿੰਡ ਦਾ ਹੁਸਨ ਦਿਖਾਵਾਂ।
ਕਿਹੜੀ ਗੱਲ ਦਾ ਮਾਣ ਕਰੇਂ ਨੀ, ਤੂੰ ਤਾਂ ਇਕ ਪ੍ਰਛਾਵਾਂ।

ਤੇਰਾ ਹੁਸਨ ਬਜ਼ਾਰੂ ਲੱਗਦੈ, ਮੰਗਿਆ ਜਿਵੇਂ ਉਧਾਰਾ।
ਪਾਊਡਰ ਲਾਲੀ ਲਾ ਚਿਹਰੇ 'ਤੇ,ਲਿੱਪਿਆ ਜਿਵੇਂ ਚੁਬਾਰਾ।

ਨਾ ਛੇੜੀਂ ਨਾ ਛੇੜੀਂ ਮਿੱਤਰਾ, ਇਹ ਤਾਂ ਫਿਰਨ ਬਲਾਵਾਂ,
ਆ ਨੀ ਕੁੜੀਏ ਸ਼ਹਿਰ ਦੀਏ.......

ਪੈਂਟਾਂ ਪਾਵੇਂ, ਵਾਲ਼ ਕਟਾਵੇਂ ਨਾਲ਼ ਬੇਗਾਨਿਆਂ ਪੇਚੇ ਪਾਵੇਂ।
ਸ਼ਰਮ ਹਯਾ ਨਾ ਡਰ ਮਾਪਿਆਂ ਦਾ, ਰੋਜ਼ ਕਲੱਬੀਂ ਗੇੜੇ ਲਾਵੇਂ।
ਭੁੱਲ ਕੇ ਇਸ ਪੰਜਾਬ ਦਾ ਵਿਰਸਾ, ਮੱਲੀਆਂ ਕਿਹੜੀਆਂ ਰਾਹਵਾਂ,
ਆ ਨੀ ਕੁੜੀਏ ਸ਼ਹਿਰ ਦੀਏ.......

ਵਾਲ਼ ਗੋਰੀ ਦੇ ਗਜ਼ ਗਜ਼ ਲੰਮੇ, ਪੈਣ ਭੁਲੇਖੇ ਨਾਗਾਂ ਦੇ।
ਗੋਲ਼ ਮਟੋਲ ਸੰਧੂਰੀ ਗੱਲ੍ਹਾਂ , ਸੇ ਕਸ਼ਮੀਰੀ ਬਾਗਾਂ ਦੇ।
ਨੈਣ ਕਟਾਰਾਂ ਕੱਢਣ ਕਾਲ਼ਜੇ, ਝੱਪਟੇ ਜੀਕਣ ਬਾਜਾਂ ਦੇ।
ਕੀ-ਕੀ ਦੱਸ ਗਿਣਾਵਾਂ ਤੈਨੂੰ, ਕਿੱਥੋਂ ਬੋਲ ਲਿਆਵਾਂ,
ਆ ਨੀ ਕੁੜੀਏ ਸ਼ਹਿਰ ਦੀਏ........

ਦਿਲ ਨਾਲ਼ ਇਸ਼ਕ.......... ਰੁਬਾਈ / ਦਿਆਲ ਸਿੰਘ ਸਾਕੀ

ਦਿਲ ਨਾਲ਼ ਇਸ਼ਕ ਜਦੋਂ ਸੀ ਹੁੰਦਾ,ਉਹ ਵੇਲ਼ੇ ਕੋਈ ਹੋਰ ਹੋਣਗੇ।
ਦਿਲ ਹੋਣਾ ਮਜਬੂਤ ਉਨ੍ਹਾਂ ਦਾ, ਅਕਲੋਂ ਪਰ ਕਮਜ਼ੋਰ ਹੋਣਗੇ।
ਬਾਰਾਂ ਸਾਲ ਚਰਾ ਕੇ ਮੱਝਾਂ, ਰਾਂਝੇ ਵਰਗੇ ਮਰ ਗਏ 'ਸਾਕੀ',
ਮਹੀਵਾਲ਼ ਤੇ ਮਿਰਜ਼ਾ, ਮਜਨੂੰ, ਪੁੰਨੂੰ ਅਨਪੜ੍ਹ ਢੋਰ ਹੋਣਗੇ।


****

ਮੌਜ ਮੇਲਾ ਤੇ ਇਹ ਮਿਲੱਪਣ ਨਹੀਂ ਰਹਿਣਾ।
ਸਦਾ ਇਹ ਨੱਚਣ ਤੇ ਟੱਪਣ ਨਹੀਂ ਰਹਿਣਾ।
ਜਿਸ ਦੇ ਨਸ਼ੇ ਵਿੱਚ ਭੁੱਲਿਆ ਫਿਰੇਂ ਦੁਨੀਆਂ,
ਸਾਕੀ ਇਹ ਸੋਹਣਾ ਸੁਹੱਪਣ ਨਹੀਂ ਰਹਿਣਾ।