ਸੋਹਣੀ ਪਤਝੜ.......... ਨਜ਼ਮ/ਕਵਿਤਾ / ਭੁਪਿੰਦਰ ਸਿੰਘ, ਨਿਊਯਾਰਕ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।

ਭੂਰੇ, ਲਾਲ ‘ਤੇ ਪੀਲੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਂਇ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁੱਟ-ਘੁੱਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

ਯਾਦਾਂ ਦੀ ਵਾਛੜ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਫਿਰ ਯਾਦਾਂ ਦੀ  ਵਾਛੜ ਆਈ  ਨੈਣ ਮਿਰੇ ਨੇ  ਸਿੱਲ੍ਹੇ  ਸਿੱਲ੍ਹੇ
ਦਿਲ  ਮੇਰੇ ਦੇ   ਕੰਧਾਂ ਕੋਠੇ   ਜਾਪਣ ਥਿੜਕੇ  ਹਿੱਲ੍ਹੇ ਹਿੱਲ੍ਹੇ।

ਯਾਦ ਤਿਰੀ ਵੀ  ਤੇਰੇ ਵਰਗੀ  ਆਉਂਦੀ ਆਣ  ਰੁਲਾਵੇ ਮੈਨੂੰ
ਤੁਰਗੀ ਹੀਰ  ਸਿਆਲਾਂ ਵਾਲੀ  ਫਿਰਦਾ ਰਾਂਝਾ  ਟਿੱਲੇ ਟਿੱਲੇ।

ਰੋਕਣ ਹੋਇਆ ਮੁਸ਼ਕਲ ਮੈਨੂੰ ਕਿਸ ਬਿਧ ਰੋਕ ਵਖਾਵਾਂ ਯਾਰੋ
ਬੰਧਣ  ਮਨ ਨੂੰ  ਜੋ ਵੀ  ਪਾਵਾਂ  ਹੋ ਜਾਂਦੇ ਸਭ  ਢਿੱਲੇ ਢਿੱਲੇ।

ਯਾਰ ਯਕੀਨ ਬਨ੍ਹਾਵੇ ਜੇ ਕਰ ਮੁਸ਼ਕਲ ਫੇਰ ਝਨਾ ਕੀ ਤਰਨਾ
ਡੋਲ  ਗਿਆਂ  ਨਾ ਢਾਰਸ  ਦੇਵਣ  ਪੱਕੇ ਜਾਪਣ  ਕੱਚੇ ਪਿੱਲੇ।

ਸੋਚਦੇ ਹੀ ਰਹਿ ਗਏ .......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਸੋਚਦੇ ਹੀ ਰਹਿ ਗਏ ਤੂੰ  ਮਿਲ ਕਦੀ ਆ ਬੈਠ ਪਾਸ
ਜਿ਼ੰਦਗੀ ਨੂੰ  ਬਾਝ ਤੇਰੇ  ਮਿਲ ਸਕੇਗਾ  ਨਾ ਨਿਘਾਸ।

ਚੀਰਕੇ  ਪੱਥਰ  ਜਹੇ  ਟੀਂਡੇ  ਹੈ ਖਿੜਦੀ  ਜਾਂ ਕਪਾਸ
ਵੇਲਣੇ ਤੇ  ਚਰਖ਼ ਚੜ੍ਹਨਾ ਫਿਰ ਨ ਹੋਣਾ ਪਰ ਉਦਾਸ।

ਵੇਲ   ਵੇਲਣ  ਤੁੰਬ  ਤੂੰਬੇ   ਤੱਕਲੇ  ਤੇ  ਫਿਰ  ਚੜ੍ਹੇ
ਰਾਂਗਲੀ  ਚਰਖੀ  ਤੇ ਨੱਚੇ  ਤੰਦ  ਤਾਣੀ  ਦੇ ਲਿਬਾਸ।

ਚਰਖਿਆਂ ਦੀ  ਘੂਕ ਉੱਤੇ  ਗੀਤ  ਗਾਵੇ  ਜਦ  ਕੁੜੀ
ਯਾਦ ਮਾਹੀ  ਦੀ ਸਤਾਵੇ  ਕਰ ਗਿਆ ਹੈ  ਜੋ ਅਵਾਸ।

ਲਿਖੀਆਂ ਅਨੇਕ ਗ਼ਜ਼ਲਾਂ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਲਿਖੀਆਂ ਅਨੇਕ ਗ਼ਜ਼ਲਾਂ ਦਮ ਨਾ ਕਿਸੇ ਦੇ ਅੰਦਰ
ਗਿਣਤੀ ਦਾ ਮੈਂ ਤੇ ਐਂਵੇਂ ਬੈਠਾ ਹਾਂ ਬਣ ਸਕੰਦਰ।

ਬਾਹਰ ਲਿਆ ਤੂੰ ਨਗ਼ਮੇਂ  ਦਿਲ ਦੀ ਆਵਾਜ਼ ਵਿੱਚੋਂ
ਮੁਸ਼ਕਲ ਸਮੇਂਵੀ ਸਾਥੀ ਰਹਿੰਦਾ ਜੋ ਦਿਲਦੇ ਅੰਦਰ

ਗ਼ਜ਼ਲਾਂ ਤੇ  ਗੀਤ  ਮੇਰੇ  ਹੌਕੇ  ਨੇ  ਮੇਰੇ  ਦਿਲ ਦੇ
ਗਿਣਤੀ ਗਣਾ  ਗਣਾਂ ਦੀ  ਐਂਵੇਂ ਨਾ ਬਣ ਪਤੰਦਰ।

ਜੋਗੀ  ਤਿਆਗ  ਕਰਦੇ  ਦੁਨੀਆਂ, ਹਰੇਕ  ਸ਼ੈ  ਦਾ
ਮਨ ਤੇ ਰਹੇ  ਨਾ ਕਾਬੂ  ਕਾਹਦਾ ਤੂੰ  ਹੈਂ ਮਛੰਦਰ।

ਮਲਾਲਾ ਯੂਸਫ਼ਜ਼ਾਈ (ਗੁਲ ਮਕੱਈ).......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਤੇਰੀ ਹਿੰਮਤ,
ਤੇਰੀ ਬਹਾਦਰੀ,
ਤੇਰੇ ਸ਼ਬਦਾਂ ਨੂੰ,
ਸਲਾਮ।
ਕਾਗਜ਼ਾਂ ਦੀ ਕੋਰੀ ਹਿੱਕ ’ਤੇ,
ਤੇਰੀ ਕਲਮ ਦੀ ਨੋਕ ਨੇ,
ਜੋ ਛਿੜਕਿਆ ਸ਼ਬਦਾਂ ਦਾ ਬਰੂਦ,
ਧੁਰ ਅੰਦਰ ਤੀਕ ਹਿਲਾ ਗਿਆ,
ਸਮੇਂ ਦੇ ਜ਼ਾਲਮਾਂ ਨੂੰ,
ਜੋ ਘਬਰਾਏ, ਥਰਥਰਾਏ
ਤੇ ਸ਼ਬਦਾਂ ਨੂੰ ਕਤਲ ਕਰਨ ਲਈ,
ਨਿਕਲ ਤੁਰੇ
ਐਨੇ ਬੁਜ਼ਦਿਲ,

ਕੁੜੀਆਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਆਟੇ ਦੀਆਂ ਚਿੜੀਆਂ ਬਣਕੇ ਜੇ ਰਹਿਣਗੀਆਂ ਕੁੜੀਆਂ,
ਇਸੇ ਤਰ੍ਹਾਂ ਹੀ ਫਿਰ ਦੁੱਖ ਸਹਿਣਗੀਆਂ ਕੁੜੀਆਂ,

ਅੱਜ ਆਪਣਾ ਹੀ  ਛਾਇਆ ਬਣਿਆ ਫ਼ਰੇਬੀ ਏ,
ਭੇੜੀਏ ਤੋਂ ਬਚਣ ਲਈ ਹੁਣ ਕਿੱਥੇ ਜਾਣਗੀਆਂ ਕੁੜੀਆਂ,

ਅਜ਼ਲਾਂ ਤੋਂ ਹੀ ਇਹ ਰੀਤ ਚੱਲੀ ਆਉਂਦੀ ਏ,
ਹੋਰ ਕਦੋਂ ਤੱਕ ਮਰਦਾਂ ਦਾ ਸਹਾਰਾ ਲੈਣਗੀਆਂ ਕੁੜੀਆਂ,

ਭਰੂਣ ਹੱਤਿਆਵਾਂ ਵੀ ਇਹ ਨਿੱਤ ਕਰਦੇ ਨੇ ਲੋਕੀਂ,
ਪਰ ਕੰਜਕਾਂ ਦਾ ਢੋਂਗ ਰਚਾਕੇ ਵੀ ਪੂਜੀਆਂ ਜਾਣਗੀਆਂ ਕੁੜੀਆਂ,

ਮੇਰੀ ਮਾਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਮੇਰੀ ਮਾਂ
ਮੈਨੂੰ ਅਕਸਰ ਕਹਿੰਦੀ ਏਂ
‘ਇਨ੍ਹਾਂ ਪੀਰਾਂ ਦੇ ਦਰ ’ਤੇ
ਮੱਥਾ ਟੇਕਿਆ ਕਰ
ਜਗਾਇਆ ਕਰ ਦੀਵਾ
ਵੀਰਵਾਰ ਤੇ ਸ਼ਨੀਵਾਰ ਨੂੰ
ਤੈਨੂੰ ਵੱਡੀ ਸਾਰੀ
ਨੌਕਰੀ ਮਿਲ ਜਾਵੇਗੀ
ਤੂੰ
ਅਫ਼ਸਰ ਬਣ ਜਾਵੇਂਗਾ’

ਖੁਦਕਸ਼ੀ.......... ਨਜ਼ਮ/ਕਵਿਤਾ / ਕਰਨ ਭੀਖੀ

ਖੁਦਕੁਸ਼ੀ ਬੁਜ਼ਦਿਲੀ ਹੈ            
ਅਵਾਮ ਲਈ ਖੜਨਾ
ਹੱਕਾਂ ਲਈ ਲੜਨਾ
ਲੜਦਿਆਂ ਮਰਨਾ ਜਿੰਦਗੀ ਹੈ

ਕਿਰਤੀ ਹੱਡਾਂ ਚ ਵੀ
ਕਿਉਂ ਬੈਠ ਗਈ ਆਲਸ
ਹੱਕਾਂ ਦੀ ਆਵਾਂ ਕਿਉਂ ਪੈ ਗਈ ਮੱਧਮ

ਸਿਆਣਾ.......... ਗ਼ਜ਼ਲ / ਕਰਨ ਭੀਖੀ

ਖ਼ੁਦ ਨੂੰ ਸਿਆਣਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ
ਪਤ ਖਿੰਡੀ ਜਦ, ਖ਼ਲਕਤ ’ਚ ਨੀਵਾਂ ਹੋ ਬਹਿੰਦਾ ਰਿਹਾ

ਉਮਰ ਭਰ, ਉਤਰਿਆ ਨਾ ਕਰਜ਼ਾ ਸਾਹੂਕਾਰਾਂ ਤੋਂ ਲਿਆ
ਮੋੜਿਆ ਤਾਂ ਬਹੁਤ, ਪਰ ਵਿਆਜ਼ ਹੀ ਲਹਿੰਦਾ ਰਿਹਾ

ਵਰਜ਼ਦਾ ਸੀ ਆਪਣੇ ਜਨਮਿਆਂ ਨੂੰ ਭੈੜੀਆਂ ਆਦਤਾਂ ਤੋਂ
ਨਾ ਮੰਨੀਆਂ ਕਿਸੇ ਨੇ,ਆਪੇ ਹੀ ਦੁੱਖੜੇ ਸਹਿੰਦਾ ਰਿਹਾ

ਮੌਤ ਵੀ ਨਸੀਬ ਨਹੀਂ ਹੁੰਦੀ ਅੰਤ ਉਨ੍ਹਾਂ ਨੂੰ ਮੰਗਿਆਂ ਤੋਂ
ਸਾਰੀ ਜ਼ਿੰਦਗੀ ਜੋ ਬੇਵਜ਼੍ਹਾਂ ਲੋਕਾਂ ਨਾਲ ਖਹਿੰਦਾ ਰਿਹਾ

ਗਰਜ਼ਦੇ ਬੱਦਲ .......... ਗ਼ਜ਼ਲ / ਕਰਨ ਭੀਖੀ

ਗਰਜ਼ਦੇ ਜੋ ਬੱਦਲ ਕਦੀ ਵਰ੍ਹਿਆ ਨਹੀਂ ਕਰਦੇ
ਦੇਸ ਭਗਤ, ਕਦੇ ਵੀ ਮੌਤੋਂ ਡਰਿਆ ਨਹੀਂ ਕਰਦੇ

ਪੱਥਰ ’ਤੇ ਲਕੀਰ ਹੋਵੇ ਸਦਾ ਗੱਲ ਸੱਚੇ ਬੰਦਿਆਂ ਦੀ
ਝੂਠੀ ਤੌਹਮਤ ਨੂੰ ਉਹ ਕਦੀ ਜ਼ਰਿਆ ਨਹੀਂ ਕਰਦੇ

ਭਾਵੇਂ ਲੱਖ ਵਾਰ ਅਜ਼ਮਾ  ਕੇ ਵੇਖ ਲਈਏ ਸੱਜਣਾ ਨੂੰ
ਤੁਰ ਗਿਆਂ ਦੇ ਪਿੱਛੇ , ਕੋਈ ਮਰਿਆ ਨਹੀਂ ਕਰਦੇ

ਹਮਸਫ਼ਰ ਉਹੀ ਅੰਗੁਸ਼ਤ ਫੜ੍ਹ ਨਾਲ ਤੁਰੇ ਜੇਹੜਾ
ਦੋ ਬੇੜੀਆਂ ਵਿਚਕਾਰ ਜੋ, ਤਰਿਆ ਨਹੀਂ ਕਰਦੇ

ਕਿਹਾ ਤਾਂ ਕੁਝ ਨਾ ਸੀ .......... ਗ਼ਜ਼ਲ / ਕਰਨ ਭੀਖੀ

ਕਿਹਾ ਤਾਂ ਕੁਝ ਨਾ ਸੀ, ਪਤਾ ਨਹੀਂ ਕੀ ਗਿਲਾ ਹੋ ਗਿਆ
ਗੈਰਾਂ ਵਾਂਗ ਛੱਡ ਦਿੱਤਾ ਸਾਨੂੰ ਉਨ੍ਹਾਂ ਦਾ ਭਲਾ ਹੋ ਗਿਆ

ਸ਼ੁਕਰ ਉਹਨਾਂ ਦਾ, ਜਿਨ੍ਹਾਂ ਗਲ਼ ਨਾਲ ਲਗਾਇਆ ਸਾਨੂੰ
ਸਾਥੋਂ ਤਾਂ ਹਨੇਰਿਆਂ ’ਚ ਛੱਪਾਂ ਨੂੰ ਦੁੱਧ ਪਿਲਾ ਹੋ ਗਿਆ

ਸ਼ਕਲ ਤੋਂ ਪਤਾ ਨਾ ਲੱਗਦਾ, ਸ਼ਖਸ ਕਿਹੋ-ਜਿਹਾ ਹੋਣੈ?
ਵਕਤ ਕੱਢ ਲਿਆ ਉਨ੍ਹਾਂ ਹੁਣ ਬੁਜ਼ਦਿਲਾ ਹੋ ਗਿਆ

ਅੰਬਰ ਨੂੰ ਤਾਕੀਆਂ ਲਾਉਣ ਦੀ ਗੱਲ ਕਰਦੈ ਹਰ ਕੋਈ
ਸਲਾਸਤ ਨਾ ਸਮਝੀਂ ਕਿਸੇ ਦੀ ਹਰੇਕ ਮਨਚਲਾ ਹੋ ਗਿਆ

ਮੰਜ਼ਿਲ.......... ਗ਼ਜ਼ਲ / ਕਰਨ ਭੀਖੀ

ਮੰਜ਼ਿਲ ਮਿਲ ਜਾਂਦੀ ਹੈ, ਜੇ ਮੁਸ਼ਾਫਿਰ ਤੁਰਦਾ ਰਹੇ
ਮਿਟ ਜਾਣਾ ਆਖ਼ਿਰ ਇਕ ਦਿਨ, ਜੇ ਪਰਬਤ ਖ਼ੁਰਦਾ ਰਹੇ

ਸਾਨੂੰ ਨਹੀਂ ਮਿਲਣੇ ਸਾਡੇ ਹੱਕ ਕਦੀ ਵੀ
ਜੇ ਲੋਕੀਂ ਸੰਘਰਸ਼ ਨਾ ਕੀਤਾ, ਐਵੇਂ ਹੀ ਮੁਰਦਾ ਰਹੇ

ਲੁਕੋ ਨਾ ਸਕੇਗੀ ਗਰਦਿਸ਼, ਬੇਈਮਾਨੀ ਦੀ ਕਦਾਚਿਤ
ਅਵਾਮ ਲਈ ਜੇਕਰ ਆਦਮੀ ਝੁਰਦਾ ਰਹੇ

ਲਿਖਦਾ ਰਹੇਗਾ ਕਵੀ, ਰਚਨਾਕਾਰ ਆਪਣੀ ਰਚਨਾ ਨੂੰ
ਚੁੱਕ ਕਲਮ ਜਦ ਤਕ ਮਨ ਵਿੱਚ ਫੁਰਨਾ ਫੁਰਦਾ ਰਹੇ

ਖੋ ਗਏ……… ਨਜ਼ਮ/ਕਵਿਤਾ / ਬਲਵਿੰਦਰ ਸਿੰਘ ਮੋਹੀ

ਸਾਂਝਾਂ ਵਾਲੇ ਬੂਹੇ ਢੋਅ ਲਏ
ਬੀਜ ਨਫਰਤਾਂ ਵਾਲੇ ਬੋ ਲਏ,

ਸਾਰੀ ਦੁਨੀਆਂ ਨੇੜੇ ਹੋਈ
ਆਪਣਿਆਂ ਤੋਂ ਦੂਰ ਹੋ ਗਏ,

ਚਿੰਤਾ ਦੇ ਸਿਰਨਾਂਵੇਂ ਲੱਭੇ
ਹਾਸੇ ਠੱਠੇ ਸਾਡੇ ਖੋ ਗਏ,

ਮਾਮੇ ਭੂਆ ਚਾਚੇ ਤਾਏ
ਸਾਰੇ ਅੰਕਲ ਆਂਟੀ ਹੋ ਗਏ,

ਜ਼ਿੰਦਗੀ.......... ਨਜ਼ਮ/ਕਵਿਤਾ / ਜੌੜਾ ਅਵਤਾਰ ਸਿੰਘ

ਮੇਰੀ ਮਹਿਬੂਬਾ,!
ਜੇ ਤੁੰ ਮੇਰੀ ਹਮਰਾਹ ਹੀ ਬਣਨਾ ਹੈ
ਤਾਂ ਆ ਫਿਰ,ਜ਼ਿੰਦਗੀ ਦੀ ਕੋਈ ਗੱਲ ਕਰੀਏ--

ਜ਼ਿੰਦਗੀ ਤੇਰੀਆਂ ਚਮਕਦੀਆਂ ਅੱਖਾਂ ਵਿਚ
ਕਦਮ ਦਰ ਕਦਮ ਉੱਤਰ ਜਾਣਾ ਨਹੀਂ-
ਜ਼ਿੰਦਗੀ ਤੇਰੀ ਗਲਵਕੜੀ ਵਿੱਚ,ਅੰਬਰੀਂ ਘਟਾਵਾਂ ਵਾਂਗ,
ਹਵਾਵਾਂ 'ਚ ਤੈਰਦੇ ਫਿਰਨਾ ਵੀ ਨਹੀਂ,
ਤੇ ਨਾ ਹੀ ਤੇਰੀਆਂ ਜ਼ੁਲਫ਼ਾਂ ਵਿਚ
ਉਲਝ ਜਾਣਾ ਹੀ ਜ਼ਿੰਦਗੀ ਹੈ।
ਮੁਆਫ਼ ਕਰੀਂ-
ਜ਼ਿੰਦਗੀ ਤਾਂ ਕੱਚ ਦੀਆਂ ਕਿੱਚਰਾਂ 'ਤੇ
ਤੁਰਨ ਦਾ ਨਾਂ ਹੈ।

ਟੁਰਨਾ ਮੜਕ ਦੇ ਨਾਲ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ
ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ

ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ
ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ

ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ
ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ

ਲੋਕੋ!  ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ
ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ
****

ਇੰਤਜ਼ਾਰ.......... ਨਜ਼ਮ/ਕਵਿਤਾ / ਹਰਦੀਪ ਕੌਰ

ਪਾਕ ਮੁੱਹਬਤ ਵਾਲਾ ਬੂਟਾ ਕਿੰਝ ਵੱਧਦਾ,
ਅੰਬਰ ਵੇਲ ਦੀ ਉੱਤੇ ਸੁੱਟ ਤੂੰ ਡਾਲ ਗਿਓਂ!

ਨੀਂਦ ਮੇਰੀ ਦੇ ਸੁਪਨੇ ਨੇ ਕੀ ਪੁੱਗਣਾ ਸੀ,
ਜਾਗਦੀਆਂ ਅੱਖਾਂ ਵਿੱਚ ਦੀਵੇ ਤੂੰ ਬਾਲ ਗਿਉਂ!

ਉਮਰਾਂ ਦੀ ਧੁੱਪ ਵਿੱਚ ਹਨੇਰੇ ਸੌਂ ਚੱਲੀ,
ਜਿੱਦਣ ਦਾ ਦੇ, ਹਿੱਸੇ ਮੇਰੇ ਹਾੜ ਗਿਉਂ!

ਪਲਕਾਂ ਸਾਹਵੇ ਧੁੱਖਦੀ ਰਹਿੰਦੀ ਅੱਖ ਮੇਰੀ,
ਜਿਉਣ ਮੇਰੇ ਦੀ ਆਸ ਨੂੰ ਲੈ ਤੂੰ ਨਾਲ ਗਿਉਂ!

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ.......... ਗੀਤ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਨਾਨਕ ਕੋਈ ਅਵਤਾਰ ਨਹੀਂ ਹੈ
ਨੀਵਿਆਂ ਨਾਲ ਨਿਭਾਉਂਦਾ ਆਇਆ ਉਹ ਵੱਡਿਆਂ ਦਾ ਯਾਰ ਨਹੀਂ ਹੈ
ਸਾਖੀਆਂ ਵਾਲਾ ‘ਨਾਨਕ’ ਛੱਡਕੇ ਅਸਲੀ ‘ਨਾਨਕ’ ਨੂੰ ਅਪਣਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ
ਆਪਣੀ ਹਉਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ
ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ
ਧਰਮ ਦੇ ਠੇਕੇਦਾਰਾਂ...

ਕਿਉਂ.......... ਨਜ਼ਮ/ਕਵਿਤਾ / ਬਾਵਾ ਬਲਦੇਵ

ਪੁੱਤ ਜੰਮੇ ਤੇ ਖੁਸ਼ੀਆਂ ਖੇੜੇ
ਧੀ ਜੰਮੇ ਤਾਂ ਦੋਸ਼ ਤਕਦੀਰਾਂ ਨੂੰ
ਸਾਰੀ ਉਮਰੇ ਬੰਦਾ ਰੋਂਦਾ
ਹੱਥਾਂ ਦੀਆਂ ਚਾਰ ਲਕੀਰਾਂ ਨੂੰ
ਕੁਦਰਤ ਦੇ ਨਿਯਮ ਉਲਟ
ਕਿਉਂ ਭਾਣਾ ਵਰਤਾ ਦਿੰਦੇ
ਸੂਹੀਆਂ ਸੂਹੀਆਂ ਕਲੀਆਂ ਨੂੰ
ਜੰਮਣੋਂ ਪਹਿਲਾਂ ਲਾਸ਼ ਬਣਾ ਦਿੰਦੇ
ਧੀਆਂ ਵੀ ਨੇ ਪੁੱਤਾਂ ਵਾਂਗਰ
ਇਹ ਗੱਲ ਦਿਲੋਂ ਭੁਲਾ ਦਿੰਦੇ

ਜੀਵਨ ਦੀ ਕਹਾਣੀ .......... ਨਜ਼ਮ/ਕਵਿਤਾ / ਵਿਵੇਕ ਕੋਟ ਈਸੇ ਖਾਂ

ਜੀਵਨ ਪਲ ਪਲ ਦੀ ਕਹਾਣੀ
ਪਲ ਪਲ ਜੀਵਨ ਨਿਸ਼ਾਨੀ
ਜੀਵਨ ਦੇ ਪਲ ਨੇ ਖਾਸ
ਜੀਵਨ ਦੇ ਪਲ ਉਦਾਸ
ਇਹ ਤਾਂ ਕਦੇ ਨਾ ਮੁੱਕਦੇ
ਨਾ ਹੀ ਕਿਸੇ ਅੱਗੇ ਝੁਕਦੇ
ਹਨੇਰਿਆਂ ਭਰੀ ਚਾਹੇ ਰਾਤ
ਚਾਹੇ ਚੜ੍ਹੇ ਸੁਨਹਿਰੀ ਪ੍ਰਭਾਤ
ਇਹ ਤੁਰਦੇ ਨੇ ਇਕ ਸਾਰ

ਮੁੜ ਨਹੀ ਆਉਂਦਾ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਇਕ ਵਾਰ ਸਮਾਂ ਜੋ ਬੀਤ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਵਿਛੜ ਜੋ ਮੀਤ ਗਿਆ, ਮੁੜ ਨਹੀ ਆਉਂਦਾ।
ਦਿਲ  ਜਿਹੇ  ਸਾਜ਼ ਦੇ ਕੋਮਲ  ਤਾਰ ਨੂੰ ਨਾ ਛੇੜੋ ;
ਇਕ ਵਾਰ ਬਿਖਰ ਜੋ ਗੀਤ ਗਿਆ,ਮੁੜ ਨਹੀ ਆਉਂਦਾ।

ਇਕ ਵਾਰ ਨਿਕਲ ਜੋ ਪੂਰ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਜੋ ਪਾਣੀ ਦੂਰ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਰੁੱਖ ਦੇ ਕੋਮਲ ਟਹਿਣ ਨੂੰ ਨਾ ਝਾੜੋ;
ਇਕ ਵਾਰ ਜੋ ਝੜ ਇਹ ਬੂਰ ਗਿਆ, ਮੁੜ ਨਹੀ ਆਉਂਦਾ।