ਦੋਹੇ.......... ਦੋਹੇ / ਗੁਰਚਰਨ ਨੂਰਪੁਰ

ਸੱਜਣਾ ਵੇ ਤੂੰ ਰਿਸ਼ਤਿਆਂ ਦੀ, ਕੀ ਕਰਦਾ ਏਂ ਗੱਲ।
ਅਜਕਲ ਇਹ ਤਾਂ ਹੋ ਗਏ ਜਿਉਂ ਪਾਣੀ ਦੀ ਛੱਲ।

ਕਵੀ ਤੇ ਕਵਿਤਾ ਮੰਗਦੇ, ਮਾਨਵਤਾਂ ਦੀ ਖੈਰ।
ਵਹਿਸ਼ੀ ਲੋਕ ਨੇ ਉਗਲਦੇ ਕੱਟੜਤਾ ਦੀ ਜਹਿਰ।

ਮਾਏ ਨੀ ਤੇਰੇ ਮੋਹ ਦੀ, ਘਟਦੀ ਨਾ ਖੁਸ਼ਬੋ।
ਤੇਰੇ ਪਿਆਰ ਦੇ ਸਾਹਵੇਂ ਰੱਬ ਵੀ, ਬੌਣਾ ਜਾਂਦਾ ਹੋ।

ਕਾਸ਼ ਤੂੰ ਬਣਦਾ ਰੱਬ ਨਾ, ਬਣ ਜਾਂਦਾ ਇਨਸਾਨ।
ਕਰ ਦਿੰਦਾ ਮੈਂ ਤੇਰੇ ਤੋਂ, ਲੱਖ ਜਨਮ ਕੁਰਬਾਨ।

ਨਹੀਂ ਪਤਾ.......... ਗਜ਼ਲ / ਹਰਵਿੰਦਰ ਧਾਲੀਵਾਲ


ਮੈਨੂੰ ਨਹੀਂ ਪਤਾ ਕਿ ਕਿੱਥੇ ਹੋਈ ਹੈ ਗੜਬੜ
ਕਿ ਮੇਰੇ ਸਾਹੀਂ ਕਿਓਂ ਵਸ ਗਈ ਹੈ ਪੱਤਝੜ

ਰੁੱਤਾਂ  ਨੂੰ  ਦੋਸ਼  ਦੇਈਏ  ਕਿ ਰੁੱਖਾਂ ਨੂੰ  ਯਾਰਾ
ਜਿਸਨੂੰ ਵੀ ਕਹਿਏ ਉਹੀ ਜਾਂਦਾ ਹੈ ਬਲ ਸੜ

ਮੇਰੇ ਜਿਹਨ ਵਿੱਚ ਹੁਣ ਹੋਰ ਕੁਝ ਨਹੀਂ ਉੱਗਦਾ
ਬਸ ਹਵਾਵਾਂ ਦਾ ਸ਼ੋਰ ਹੈ ਤੇ ਪੱਤਿਆਂ ਦੀ ਖੜ ਖੜ

ਯਾਰ ਗੁਆਚੇ.......... ਨਜ਼ਮ/ਕਵਿਤਾ / ਹਰਵਿੰਦਰ ਧਾਲੀਵਾਲ


ਸੱਚੇ  ਸੁੱਚੇ  ਪਿਆਰ  ਗੁਆਚੇ
ਫੁੱਲਾਂ  ਵਰਗੇ  ਯਾਰ ਗੁਆਚੇ

ਦਮ ਦੇ ਵਿੱਚ ਜੋ ਦਮ ਸੀ ਭਰਦੇ
ਸੱਜਣ ਬੜੇ ਦਮਦਾਰ ਗੁਆਚੇ

ਲਾਈਏ ਕਿਸ ਨੂੰ ਨਾਲ ਹਿੱਕ ਦੇ
ਸਾਡੇ ਗਲ  ਦੇ ਹਾਰ  ਗੁਆਚੇ

ਮੰਜ਼ਰ.......... ਗਜ਼ਲ / ਹਰਵਿੰਦਰ ਧਾਲੀਵਾਲ


ਮੈਂ  ਵੇਖੇ ਨੇ ਜਿੰਦਗੀ ਵਿੱਚ  ਬੜੇ ਐਹੋ ਜਿਹੇ ਮੰਜ਼ਰ
ਮੈਨੂੰ  ਵੇਖ ਕਿਓਂ  ਲੁਕੋ  ਰਿਹੈਂ ਹੱਥ  ਵਿਚਲਾ ਖੰਜਰ

ਵੇਖੀਂ! ਕਿਤੇ ਪਿੱਠ ਤੇ ਵਾਰ ਕਰ ਗਦਾਰ ਬਣ ਜਾਵੇਂ
ਆ ਹਿੱਕ ਤੇ ਵਾਰ ਕਰ ਲੈ ਜੇ ਅਖਵਾਉਣੈਂ ਬਹਾਦਰ

ਚੁੱਲਿਆਂ ਦੀ ਅੱਗ ਬੁੱਝ ਗਈ ਤੇ ਸਿਵੇ ਨੇ ਬਲ ਰਹੇ
ਤੇਰੀ ਫੂਕ ਨੇ ਹੈ ਕੀਤਾ ਕੁਝ ਇਸ ਤਰਾਂ ਦਾ ਅਸਰ

ਚੁੰਨੀਆਂ.......... ਗੀਤ / ਚਰਨਜੀਤ ਕੌਰ ਧਾਲੀਵਾਲ ਸੈਦੋਕੇ

ਆਇਆ ਏ ਲਲਾਰੀ ਲੈ ਕੇ ਸੋਹਣੇ-ਸੋਹਣੇ ਰੰਗ ਨੀ, ਰੰਗਾ ਲੋ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਦੁਨੀਆਂ ਦੇ ਵਿਚ ਕਿੱਡੀ ਸੋਹਣੀ ਲੱਗਦੀ, ਪੱਗ ਸਰਦਾਰ ਦੀ
ਵੱਖਰਾ ਜਿਹਾ ਰੂਪ ਨਾਲ ਲੈ ਕੇ ਆਉਂਦੀ ਹੈ, ਚੁੰਨੀ ਮੁਟਿਆਰ ਦੀ
ਨਵੇਂ-ਨਵੇਂ ਸੂਟਾਂ ਨਾਲ, ਨਵੇਂ ਰੰਗ ਨੀ, ਆਹ ਮਿਲਾ ਲਉ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਬੇਬੇ ਰਹਿੰਦੀ ਨੰਗੇ ਸਿਰੋਂ ਨਿੱਤ ਘੂਰਦੀ, ਕਿੱਥੇ ਐ ਦੁਪੱਟੇ ਨੀ?
ਵਾਲ਼ ਤੇਰੇ ਕਾਲ਼ੀਆਂ ਘਟਾਵਾਂ ਵਰਗੇ, ਦੱਸ ਕਾਹਤੋਂ ਕੱਟੇ ਨੀ?
ਪੱਛਮੀ ਰਿਵਾਜਾਂ ਵਿਚ ਰੁਲ-ਖੁਲ ਕੇ, ਨਾ ਭੁਲਾਵੋ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਵੀਰੇ ਤੈਨੂੰ ਯਾਦ ਹੈ ਨਾ.......... ਨਜ਼ਮ/ਕਵਿਤਾ / ਹਰਦੀਪ ਕੌਰ, ਲੁਧਿਆਣਾ

ਵੀਰੇ ਤੈਨੂੰ ਯਾਦ ਹੈ ਨਾ
ਮਾਂ ਦੀਆਂ ਲੋਰੀਆਂ
ਤੇ ਪਿਉ ਦੀਆਂ ਹੱਲਾਸ਼ੇਰੀਆਂ
ਭੈਣਾਂ ਦੀਆਂ ਰੱਖੜੀਆਂ
ਓਹ ਪਤੰਗ, ਓਹ ਚਰਖੜੀਆਂ?

ਤੈਨੂੰ ਯਾਦ ਹੈ ਨਾ
ਓਹ ਖੇਡਾਂ, ਓਹ ਅੜੀਆਂ
ਓਹ ਲੜਾਈਆਂ ਜੋ ਆਪਾਂ ਲੜੀਆਂ?
ਤੈਨੂੰ ਯਾਦ ਹੈ ਨਾ
ਸਾਇਕਲ ਤੇ ਤੇਰਾ ਮੈਨੂੰ ਸਕੂਲ ਲੈ ਕੇ ਜਾਣਾ
ਆਪਣਾ ਗੱਲ ਗੱਲ ਤੇ ਰੁੱਸ ਜਾਣਾ
ਤੇਰਾ ਅੰਬੀਆਂ ਤੋੜ ਕੇ ਲਿਆਉਣਾ
ਆਪਣਾ ਲੂਣ ਭੁੱਕ ਕੇ ਖਾਣਾ
ਤੈਨੂੰ ਯਾਦ ਤਾਂ ਹੈ ਨਾ?

ਛੇ ਸਵਾਲ 'ਹਰਿ ਜੀ' ਨੂੰ.......... ਨਜ਼ਮ/ਕਵਿਤਾ / ਤਰਲੋਚਨ ਸਿੰਘ 'ਦੁਪਾਲਪੁਰੀ'

ਜੈ ਜੈ ਕਾਰ ਪਖੰਡ ਦੀ ਹੋਈ ਜਾਂਦੀ
ਜਿੱਤੂ ਸੱਚ ਕਦ ਝੂਠ ਨੇ ਹਾਰਨਾਂ ਏਂ?

ਕਾਲ਼ੀ ਮੱਸਿਆ ਜਿਹਾ ਹਨੇਰ ਪਾਇਆ
ਸੱਚ ਚੰਦ੍ਰਮਾਂ ਕਦੋਂ ਕੁ ਚਾੜ੍ਹਨਾਂ ਏਂ?

ਗੱਫੇ ਮਿਲਣ ਪਏ ਹਾਕਮ ਹੰਕਾਰੀਆਂ ਨੂੰ
ਦੇਣੀ ਕਦੋਂ  ਤੂੰ  ਇਹਨਾਂ ਨੂੰ ਤਾੜਨਾਂ ਏਂ?

ਕਾਮਯਾਬ ਆਗੂ ਦਾ ਕਬਿੱਤ........... ਕਾਵਿ ਵਿਅੰਗ / ਤਰਲੋਚਨ ਸਿੰਘ 'ਦੁਪਾਲਪੁਰ'

ਸਿਰੇ ਦਾ ਪਖੰਡੀ ਹੋਵੇ ਅੰਦਰੋਂ ਘੁਮੰਡੀ ਹੋਵੇ
ਬਾਹਰੋਂ ਹੋਵੇ ਦੇਖਣੇ ਨੂੰ ਬੀਬਾ  ਰਾਣਾ ਲੱਗਦਾ ।

ਲੱਗਦਾ ਸ਼ਰੀਫ ਹੋਵੇ ਵਿੱਚੋਂ ਪੂਰਾ ਢੀਠ ਹੋਵੇ
ਹੱਥ  ਜੋੜ  ਜੋੜ  ਫਿਰੇ  ਦੁਨੀਆਂ ਨੂੰ  ਠੱਗਦਾ ।

ਠੱਗਦਾ ਨਾ ਚੋਰ ਨਾ ਲੱਗੇ ਸਾਧਾਂ ਵਾਲੀ ਤੋਰ ਲੱਗੇ
ਹੋ ਕੇ ਪੂਰਾ ਮੀਸਣਾ   ਚਹੇਤਾ    ਰਹੇ  ਜੱਗ ਦਾ ।

ਪਰਛਾਂਵਾਂ.......... ਨਜ਼ਮ/ਕਵਿਤਾ / ਹਰਦੀਪ ਕੌਰ

ਤੇਰੇ ਪਰਤ ਆਉਣ ਦੀ ਉਡੀਕ
ਮੇਰੇ ਖਿਆਲਾਂ ਨੂੰ ਮੋੜਦੀ ਰਹੀ
ਪਰ ਸਿਸਕ ਸਿਸਕ ਕੇ ਚੀਸ ਮੇਰੀ
ਦਮ ਤੋੜਦੀ ਰਹੀ

ਬਹੁਤ ਸਮਝਾਇਆ ਸੀ
ਮੈਂ ਝੱਲਾ ਦਿਲ ਆਪਣਾ
ਫਿਰ ਵੀ ਇਸ ਨੂੰ
ਦਿਲ ਤੇਰੇ ਨਾਲ ਜੋੜਦੀ ਰਹੀ

ਸੋਹਲ ਸੱਚਾਈ.......... ਨਜ਼ਮ/ਕਵਿਤਾ / ਦਵਿੰਦਰ ਕੌਰ ਸਿੱਧੂ (ਪ੍ਰੋ.), ਦਾਉਧਰ (ਮੋਗਾ)

ਇਹ ਜੋ ਮਹਿਕ ਪੁਰੇ 'ਚੋਂ ਉੱਡਦੀ ਆਈ ਹੈ
ਮੇਰੇ ਅੰਤਰ ਮਨ ਦੀ ਸੋਹਲ ਸੱਚਾਈ ਹੈ

ਤੇਰੀ ਝੋਲ਼ੀ ਸੂਰਜ ਆਣ ਵਿਰਾਜੇਗਾ
ਅੱਜ ਸੁਬ੍ਹਾ ਦੀ ਲਾਲੀ ਖ਼ਬਰ ਲਿਆਈ ਹੈ

ਉਡੀਕਾਂ ਸੂਰਜ ਅੱਖੀਂ ਚਾਨਣ ਭਰਨ ਲਈ
ਰੂਹ ਮੇਰੀ ਨੇ ਲਈ ਹੁਣ ਅੰਗੜਾਈ ਹੈ

ਖ਼ਵਾਇਸ਼.......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਲਿਖਦਾ ਲਿਖਦਾ ਮੈਂ ਮਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,
ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,
ਲਿਖਦਾ ਲਿਖਦਾ ਮੈਂ ਮਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ।

ਕਲਮ ਮੇਰੀ ਸਤਿਕਾਰਦੀ ਰਹੇ,
ਗੁਰੂਆਂ, ਯੋਧਿਆਂ, ਪੀਰਾਂ ਨੂੰ,
ਕਲਮ ਮੇਰੀ ਪਿਆਰਦੀ ਰਹੇ,
ਰਾਝਿਆਂ ਅਤੇ ਹੀਰਾਂ ਨੂੰ,
ਇਹਨਾਂ ਨੂੰ ਦੁਨੀਆਂ ‘ਚ ਅਮਰ ਮੈਂ ਕਰ ਜਾਂ, ਇਹੀ ਆਖਰੀ ਖ਼ਵਾਇਸ਼ ਹੈ,
ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,