ਪਿੰਡ ਦੇ ਕਿਸਾਨ ਨੂੰ......... ਨਜ਼ਮ / ਕਵਿਤਾ / ਕੇਵਲ ਕ੍ਰਾਂਤੀ

ਭਾਵੇਂ ਮੈਂ ਸ਼ਹਿਰ ਵਿੱਚ ਹਾਂ
ਪਰ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਤੋਂ
ਅੰਦਾਜਾ ਲਗਾ ਸਕਦਾ ਹਾਂ
ਕਿ ਤੇਰੇ ਖੇਤਾਂ ਵਿੱਚ ਹੁਣ ਕਣਕਾਂ ਦੇ ਹਰੇ ਸਿੱਟੇ
ਸੋਨੇ ਵਿੱਚ ਤਬਦੀਲ ਹੋ ਗਏ ਹੋਣਗੇ।
ਪਰ ਤੂੰ ਵਿਸਾਖੀ ਦੇ ਚਾਅ ਵਿੱਚ
ਇਹ ਨਾ ਭੁੱਲ ਜਾਵੀਂ ਕਿ
ਤੇਰੇ ਖੇਤਾਂ ਦੇ ਸਿਰ 'ਤੇ
ਸ਼ਿਕਾਰੀ ਪੰਛੀਆਂ ਦੇ ਝੁੰਡ ਘੁੰਮਦੇ ਨੇ
ਤੇ ਇਹਨਾ ਉੱਤੇ ਤੇਰੇ ਖੜਕਦੇ ਪੀਪੇ ਦਾ
ਕੋਈ ਅਸਰ ਨਹੀਂ।
ਕਿਉਂਕਿ ਇਹਨਾ ਦੇ ਦੇਸੀ ਸਿਰਾਂ 'ਤੇ
ਕੰਨ ਬੋਲ੍ਹੇ ਹਨ,ਪਰ ਚੁੰਝਾਂ ਵਿਲਾਇਤੀ
ਇਹ ਕਣਕ ਦੇ ਸਿੱਟਿਆਂ ਦੇ ਨਾਲ-ਨਾਲ
ਰਖਵਾਲਿਆਂ ਦੇ ਸਿਰ ਵੀ ਡੁੰਗ ਲੈਂਦੇ ਨੇ।
ਇਹ ਓਸੇ ਦਿਨ ਤੋਂ ਤੇਰੇ ਪਿੱਛੇ ਸਨ
ਜਦੋਂ ਤੂੰ ਲਾਇਨ ਵਿੱਚ ਲੱਗ ਕੇ
ਖਾਦ ਦੀਆਂ ਬੋਰੀਆਂ ਖਰੀਦਣ ਗਿਆ ਸੀ

ਧੀਆਂ......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਮੈਂ ਪੁਛਣਾ ਚਾਹੁੰਦਾਂ ਆਦਮ ਜਾਤ ਤੋਂ
ਮੈਂ ਪੁਛਣਾ ਚਾਹੁੰਦਾਂ ਇਸ ਸਮਾਜ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੀ ਮਾਂ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੇ ਬਾਪ ਤੋਂ
ਮਾਂ ਬਾਪ ਦੇ ਮਿਲਾਪ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਇੱਕ ਜਨਣੀ ਦੂਜੀ ਜਨਣੀ ਨੂੰ
ਕਿਉਂ ਕੁੱਖ ਵਿੱਚ ਮਾਰ ਮੁਕਾਏ
ਇੱਕ ਮਾਂ ਆਪਣੇ ਹੀ ਬੀਜ ਨੂੰ
ਕਿਉਂ ਜੱਗ 'ਚ ਨਾ ਲਿਆਉਣਾ ਚਾਹੇ
ਪੁੱਤਾਂ ਲਈ ਤਾਂ ਮੰਦਿਰ ਮਸਜਿਦ
ਜਾ - ਜਾ ਕੇ ਫੁੱਲ ਚੜਾਏ
ਪਰ ਬਿਨ ਮੰਗੇ ਜਦ ਰੱਬ ਧੀ ਦੇਵੇ
ਕਿਉਂ ਸਭ ਦੇ ਚਿਹਰੇ ਮੁਰਝਾਏ
ਮਾਂ ਬਾਪ ਦੇ ਅਹਿਸਾਸ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ

ਇਹ ਤੁਹਾਨੂੰ ਮੰਨਣਾ ਪਵੇਗਾ........... ਨਜ਼ਮ/ਕਵਿਤਾ / ਸੁਖਵੀਰ ਸਰਵਾਰਾ


ਮੈਂ ਬੇਧੜਕ ਕਹਿ ਵੀ ਸਕਦਾ ਹਾਂ
ਤੇ ਸਾਬਿਤ ਵੀ ਕਰ ਸਕਦਾ ਹਾਂ
ਕਿ ਅਸੀਂ ਤੁਹਾਡੇ ਨਾਲੋਂ ਵੱਧ ਖੁਸ਼ਨਸੀਬ ਹਾਂ
ਬੇਸ਼ਕ, ਸਵੇਰੇ ਤੁਹਾਡਾ
ਪਹਿਲਾ ਕਦਮ ਬਾਥਰੂਮ 'ਚ
ਦੂਜਾ ਡਾਇਨਿੰਗ ਟੇਬਲ
'ਤੇ ਤੀਜਾ ਏ।ਸੀ। ਕਾਰ ਚ ਹੁੰਦਾ ਹੈ
ਪਰ ਆਰਾਮ ਦੇ ਅਰਥਾਂ ਦਾ ਤੁਹਾਨੂੰ
ਕੋਈ ਇਲਮ ਨਹੀ
ਜੇ ਤੁਹਾਨੂੰ ਚਲਾਉਣਾ ਪਵੇ
ਪੰਜ ਕੋਹ ਸਾਇਕਲ
ਜਾਂ ਪੈਦਲ ਮੁਕਾਈ ਹੋਵੇ

ਦਿਲ ਦਰਿਆ ਸਮੁੰਦਰੋਂ ਡੂੰਘੇ……… ਗੀਤ ਮਲਕੀਅਤ "ਸੁਹਲ"


ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।

ਦਿਲ ਦਰਿਆ ਸਮੁੰਦਰੋਂ ਡੂੰਘੇ,
ਕੌਣ ਦਿਲਾਂ ਦੀਆਂ ਜਾਣੇ ।
ਦਰਦ ਜਿਨ੍ਹਾਂ ਦੇ ਸੀਨੇ ਵਸਿਆ,
ਉਹੀਉ ਦਰਦ ਪਛਾਣੇ ।
ਯਾਦਾਂ ਉਦ੍ਹੀਆਂ ਤੜਪ-ਤੜਪ,
ਅੱਜ ਛੇੜੇ ਗੀਤ ਪੁਰਾਣੇ ।
ਖੋਹ ਕੇ ਮੇਰੇ ਹਥੋਂ ਲੈ ਗਈ,
ਖੜੀ ਸੀ ਮੌਤ ਸਰ੍ਹਾਣੇ।

ਅਜ ਦਾ ਸੱਚ.......... ਨਜ਼ਮ/ਕਵਿਤਾ / ਦਿਲਜੋਧ ਸਿੰਘ


ਪਰਦੇਸਾਂ  ਵਿਚ  ਬੈਠਾ ਕੋਈ
ਹੀ ਸੋਚੀ  ਜਾਵੇ ।
ਢਲਦੀ ਉਮਰ ਦੇ ਚੇਹਰੇ ਦੇਖਣ
ਕਿਹੜਾ  ਵਤਨੀਂ ਜਾਵੇ ।

ਹੋਲੀ  ਹੋਲੀ ਕਿਰੀਆਂ ਇੱਟਾਂ
ਛੱਤਾਂ ਵੀ ਸਭ ਚੋਈਆਂ ।
ਬਾਰੀਆਂ ਬੂਹੇ ਢਿਲੇ ਪੈ ਗਏ
ਕੰਧਾ ਪੋਲੀਆਂ ਹੋਈਆਂ  ।

ਵਗ ਗਏ ਪਾਣੀ ਪੁਲਾਂ ਦੇ ਥਲਿਉਂ
ਇਹਨਾਂ ਮੁੜ ਕਿਸ  ਆਉਣਾ ।
ਜਿਸ ਘਰ ਨੇ ਸੀ ਲਾਡ ਲਿਡਾਇਆ
ਉਸ ਲਈ ਕਿਸ ਨੇ ਰੋਣਾ  ।

ਭਗਤ ਸਿੰਘ ਨੂੰ ਯਾਦ ਕਰਦਿਆਂ.......... ਨਜ਼ਮ/ਕਵਿਤਾ / ਮਨਜੀਤ ਪੁਰੀ, ਪੱਖੀ ਕਲਾਂ


ਮਾਫ਼ ਕਰਨਾ
ਅਸੀਂ ਤੈਨੂੰ
ਫਾਂਸੀ ਦੇ ਤਖ਼ਤੇ ਤੋਂ ਅੱਗੇ
ਨਹੀਂ ਸਮਝ ਸਕੇ

ਤੇਰੀਆਂ ਅੱਖਾਂ ‘ਚ
ਡਾਢਿਆਂ ਖਿਲਾਫ਼ ਦਹਿਕਦੀ ਲਾਲੀ
ਤੇਰੀ ਅਣਖ ਦੀ ਪੱਗ ਦਾ ਸ਼ਮਲਾ
ਤੇ ਤੇਰੇ ਹੱਥ ‘ਚ ਫੜੀ
ਮਾਰਕਸ ਦੀ ਕਿਤਾਬ
ਸਾਡੇ ਲਈ
ਟੀ.ਵੀ, ਸਕਰੀਨ ‘ਤੇ
ਕਿਸੇ ਫਿਲਮੀ ਹੀਰੋ ਦੀ
ਇਸ਼ਤਿਹਾਰਬਾਜ਼ੀ ਬਣੀ ਰਹੀ।

ਏਦਾਂ ਵੀ ਹੁੰਦਾ ਹੈ........ ਨਜ਼ਮ/ਕਵਿਤਾ / ਹਰੀ ਸਿੰਘ ਮੋਹੀ


ਤਰਸੇ ਹੋਏ ਮਾਰੂਥਲ ਦੇ ਉੱਪਰੋਂ,
ਕੋਈ ਤਿੱਤਰ-ਖੰਭੀ
ਬਿਨ ਵੱਸਿਆਂ ਵੀ ਲੰਘ ਜਾਵੇ ਤਾਂ
ਰੇਤੇ ਦੇ ਸੀਨੇਂ ਦੇ ਵਿਚ
ਹਰਿਆਵਲ ਜਿਹਾ ਕੁਝ
ਅੰਗੜਾਈਆਂ ਭੰਨਣ ਲਗਦਾ ਹੈ
ਹਿੱਕ ਉੱਗਿਆ ਚੰਨਣ ਲਗਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......

ਕਦੀ ਕਦੀ ਕੋਈ
ਕੰਜ ਕੁਆਰੀ ਵੀਣੀ ਸਹਿਲਾਅ
ਹੰਝੂਆਂ ਦੇ ਸੰਗ ਘੁਲਦੇ ਹੋਏ
ਸਿਸਕੀਆਂ ਭਰਦੇ ਛੱਡ ਤੁਰਦਾ ਹੈ
ਭੰਨ ਜਾਂਦਾ ਹੈ, ਖ਼ੁਦ ਖੁਰਦਾ ਹੈ
ਜੇਰਾ ਝੁਰਦਾ ਹੀ ਝੁਰਦਾ ਹੈ
ਪਛਤਾਵੇ ਦੇ ਹੋਠਾਂ ਨੂੰ
ਫਿਰ ਮੁਸਕਾਉਣਾ ਕਦ ਫੁਰਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......

ਪਿਆਰੇ ਪਾਸ਼ ਨੂੰ ਸਮਰਪਿਤ.......... ਨਜ਼ਮ/ਕਵਿਤਾ / ਸੁਖਵੀਰ ਸਰਵਾਰਾ


ਨਹੀਂ ਦੋਸਤ
ਤੂੰ ਹਾਲੀਂ ਵਿਦਾ ਨਹੀਂ ਹੋਣਾ ਸੀ
ਹਾਲੀਂ ਤਾਂ ਤੂੰ ਬਹਤ ਕੁਝ ਹੋਰ ਕਰਨਾ ਸੀ
ਤੂੰ ਭਾਰਤ ਮਾਂ ਦੀ ਬਾਂਹ ਤੇ ਬੰਨੀਂ ਕੋਈ ਰੱਖ ਬਣਨਾ ਸੀ
ਜੋ ਸਾਨੂੰ ਨਹੀਂ ਦਿਸਦਾ ਦਿਖਾਉਣ ਲਈ ਅੱਖ ਬਣਨਾ ਸੀ
ਸਾਨੂੰ ਨਾਸਮਝਾਂ ਨੂੰ ਹਾਲੀ ਤੂੰ ਹੋਰ ਸਮਝਾਉਣਾ ਸੀ
ਸਾਨੂੰ ਬੇ ਅਣਖਾਂ ਨੂੰ ਅਣਖ ਨਾਲ ਜੀਣਾ ਸਿਖਾਉਣਾ ਸੀ
ਸਾਡੇ ਬੋਲੇ ਕੰਨਾਂ ਨੂੰ ਜੋ ਸੁਣ ਸਕੇ ਉਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁੱਧ ਨੂੰ ਫਾੜਨ ਦੇ ਲਈ ਜਾਗ ਬਣਨਾ ਸੀ

ਰੁੱਤ........... ਗੀਤ / ਅਰਸ਼ ਮਾਨ


ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ,
ਮੈਨੂੰ ਕੋਈ ਬਾਹਾਰ ਨਾ ਟੱਕਰੀ ਨਾ ਮੀਂਹ ਨੇ ਗ਼ਮ ਧੋਤੇ,
ਆਸ ਲਗਾਈ ਖੜਾ ਸਾਲਾਂ ਤੋਂ ਸ਼ਾਇਦ ਕੋਈ ਆ ਜਾਵੇ।
ਜਹਿੜਾ ਮੇਰੇ ਅੱਖੀਓਂ ਵਗਦੇ ਅੱਥਰੂ ਆ ਕੇ ਪੋਚੇ।
ਰੁੱਤ ਆਕੇ.......

ਕਾਸ਼ ਕਿਤੇ ਕੋਈ ਹਮਦਮ ਹੁੰਦਾ ਦਿਲੋ ਮੈਂ ਖੁਸ਼ੀ ਮਨਾਉਦਾ,
ਲੋਕਾਂ ਵਾਗੂੰ ਈਦ ਦਿਵਾਲੀ ਅਤੇ ਬਸੰਤ ਹੰਢਾਉਂਦਾ,
ਪਰ ਪਛਤਾਵੇ ਬੁਕਲ ਦੇ ਵਿਚ ਤੇ ਕੁਝ ਸ਼ਿਕਵੇ ਰੋਸ਼ੇ
ਰੁੱਤ ਆਕੇ.......

ਬਟਵਾਰਾ......... ਨਜ਼ਮ/ਕਵਿਤਾ / ਪਵਨ ਕੁਮਾਰ ਇਟਲੀ


ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ

ਪੰਛੀ ਆਲ੍ਹਣਿਆਂ ‘ਚੋਂ ਵੱਖ ਹੋ ਗਏ
ਆਲ੍ਹਣੇ ਵੀ ਕੱਖੋਂ ਕੱਖ ਹੋ ਗਏ
ਜੁਦਾਈਆਂ ਵਾਲੇ ਤੀਰ ਉਦੋਂ ਕਿੰਝ ਚਲੇ ਸੀ
ਜਦੋਂ ਕੁਝ ਲੋਕ ਹਿੰਦੁਸਤਾਨ ਤੇ
ਕੁਝ ਪਾਕਿਸਤਾਨ ਚਲੇ ਸੀ।
ਹਿੰਦੂ, ਮੁਸਲਿਮ, ਸਿੱਖ, ਇਸਾਈ
ਸਭ ਰਲ ਮਿਲ ਬਹਿੰਦੇ ਸੀ
ਆਪੋ ਵਿੱਚ ਸਭ ਭਾਈ ਭਾਈ ਕਹਿੰਦੇ ਸੀ।
ਅਜੇ ਇਹ ਦਰਦ ਹੋਇਆ ਨਾ ਘੱਟ ਸੀ
ਕਸ਼ਮੀਰ ਵਾਲੀ ਉਦੋਂ ਲੱਗ ਗਈ ਸੱਟ ਸੀ
ਦੋ ਬਿੱਲੀਆਂ ਤੇ ਇਕ ਰੋਟੀ ਵਾਲਾ ਹਾਲ ਹੋ ਗਿਆ
ਦੰਗੇ ਫਸਾਦਾਂ ਨਾਲ ਦੇਸ਼ ਬੇਹਾਲ ਹੋ ਗਿਆ।
ਅੰਗਰੇਜ਼ ਆ ਕੇ ਸਾਨੂੰ ਝੰਜੋੜ ਗਏ
ਸਾਡੇ ਸਰੀਰ ਦਾ ਲਹੂ ਨਚੋੜ ਗਏ
ਸੋਨੇ ਦੀ ਚਿੜੀ ਜੋ ਕਹਾਉਂਦਾ ਸੀ
ਅੱਜ ਉਸ ਦਾ ਕਬਾੜਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ

ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ……… ਗੀਤ / ਬਲਵਿੰਦਰ ਸਿੰਘ ਮੋਹੀ


ਜ੍ਹਿਨਾਂ ਖਾਧਾ ਅੰਨ ਪੰਜਾਬ ਦਾ ਤੇ ਪੀਤਾ ਪਾਣੀ,
ਏਸ ਪਵਿੱਤਰ ਧਰਤ ਦੀ ਕੋਈ ਕਦਰ ਨਾ ਜਾਣੀ,
ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਸੂਰਮਿਆਂ ਦੇ ਵਾਰਿਸ ਆਪਣਾ ਵਿਰਸਾ ਭੁੱਲੇ,
ਫੋਕੀ ਸ਼ੋਹਰਤ, ਚੰਦ ਰੁਪਈਆਂ ਉੋੱਤੇ ਡੁੱਲੇ,
ਮਾਂ- ਬੋਲੀ ਪੰਜਾਬੀ ਦੇ ਨਾਲ ਦਗ਼ਾ ਕਮਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਕਰਨ ਨਿਲਾਮੀ ਅਣਖ ਦੀ ਜੋ ਵਿੱਚ ਬਜ਼ਾਰਾਂ,
ਪੈਣ ਜਗ ਤੇ ਲੱਚਰ ਗਾਇਕਾਂ ਨੂੰ ਫਿਟਕਾਰਾਂ,
ਨਵੀਂ ਪ੍ਹੀੜੀ ਨੂੰ ਦੇਖੋ ਕਿਵੇਂ ਕੁਰਾਹੇ ਪਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਪਛਤਾਵਾ.......... ਨਜ਼ਮ/ਕਵਿਤਾ / ਦਿਲਜੋਧ ਸਿੰਘ


ਪਥਰਾਂ  ਦਾ ਤੂੰ  ਬਾਗ   ਲਗਾਇਆ
ਇਹ ਡਾਢਾ ਤੂੰ ਪਾਪ ਕਮਾਇਆ
ਹੁਣ ਕਿਉਂ  ਲਭਣੀਏਂ ਤੂੰ  ਜਿੰਦੇ
ਫੁਲਾਂ ਦੀ  ਖੁਸ਼ਬੋ

ਪਥਰਾਂ ਦੇ  ਦਿਲ ਪਥਰ  ਹੁੰਦੇ
ਇਹ  ਨਾਂ  ਜਾਨਣ  ਦਿਲ  ਦੀਆਂ ਗੱਲਾਂ
ਦਸ ਪਥਰਾਂ  ਦੀਆਂ ਅਖਾਂ ਵਾਲੇ
ਕਿੰਝ  ਸਕਦੇ  ਨੇ  ਰੋ

ਬੀਜਣ ਵੇਲੇ ਪਥਰ  ਬੀਜੇ
ਕਟਣ  ਵੇਲੇ  ਕਿਉਂ  ਪਛਤਾਏਂ
ਬਸ ਇਹਨਾਂ ਨੂੰ  ਚਟ ਚਟ ਮਰਜਾ
ਹੁਣ ਕੀ ਸਕਦਾ  ਹੋ

ਸ਼ਾਇਦ ਕੋਈ ਦਿਨ ਖਾਸ ਹੈ.......... ਨਜ਼ਮ/ਕਵਿਤਾ / ਸਤਵੰਤ ਸਿੰਘ ਗਰੇਵਾਲ


ਕਿਉਂ ਆਈ ਹੈ ਅੱਜ ਯਾਦ ਤੇਰੀ
ਸ਼ਾਇਦ ਕੋਈ ਦਿਨ
ਖਾਸ ਹੈ
ਡਿੱਗਦੀ ਹੈ ਕੋਈ ਕੋਈ ਕਣੀ ਅੰਬਰੋਂ
ਬੱਦਲਾਂ ਨੇ ਢੱਕਿਆ ਆਕਾਸ਼ ਹੈ ।

ਨਹਾਉਂਦੀਆਂ ਨੇ ਚੜੀਆ ਵੀ
ਖੜੇ ਪਾਣੀ ਵਿੱਚ
ਕਿਉਂ ਸਾਨੂੰ ਹੀ ਇਹ ਰੁੱਤ
ਕਰਦੀ ਨਿਰਾਸ਼ ਹੈ ।

ਕਲਮਾਂ ਦੀ ਸਾਂਝ……… ਨਜ਼ਮ/ਕਵਿਤਾ / ਮਲਕੀਅਤ "ਸੁਹਲ"

ਸਾਂਝਾਂ  ਦੀ  ਬਾਤ  ਪਾ ਕੇ
ਕਲਮਾਂ ਦੀ  ਸਾਂਝ ਪਾਈਏ ।

ਹਿੰਦ  ਜਾਂ  ਪਾਕ   ਹੋਵੇ ,
ਇਸ ਫਰਕ ਨੂੰ  ਮਿਟਾਈਏ ।

ਉੱਚੇ ਹੋ  ਰਿਅਤਿਆਂ  ਤੋਂ ,
ਇਸ  ਦੇ  ਕਰੀਬ ਆਈਏ।

ਪੀਰਾਂ ,  ਫ਼ਕੀਰਾਂ   ਵਾਲੀ ,
ਧਰਤੀ  ਨੂੰ ਸੀਸ ਝੁਕਾਈਏ।

ਜੇ ਅੱਜ ਤੱਕ........ ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ.)


ਜੇ ਅੱਜ ਤੱਕ ਲੋਕਾਂ ਨੂੰ ਅਨੰਦਪੁਰ ਦਾ ਰਾਹ ਲੱਭ ਜਾਂਦਾ
ਕਿਤਿਓਂ ਤੱਤੀਆਂ ਹਵਾਵਾਂ ਨੇ ਜੁਅਰਤ ਨਹੀਂ ਸੀ ਕਰਨੀ
ਪੰਜ ਪਾਣੀਆਂ ਨੂੰ ਗੰਧਾਲਣ ਦੀ-

ਜੇ ਗੋਬਿੰਦ ਦੀ ਲਿਸ਼ਕਦੀ ਸ਼ਮਸ਼ੀਰ ਨਜ਼ਰੀਂ ਪੈ ਜਾਂਦੀ
ਤਾਂ ਜ਼ਹਾਨ 'ਚ ਥਾਂ 2 ਸੂਰਜ ਸਜ ਜਾਣੇ ਸੀ-
ਇਨਸਾਨੀਅਤ ਉੱਗ ਆਉਣੀ ਸੀ-ਖੇਤਾਂ, ਰਾਹਾਂ ਚ
ਘਰ ਦਰ ਭਰ ਜਾਣੇ ਸੀ ਸਿਤਾਰਿਆਂ ਨਾਲ-

ਜੇ ਜੇਬਾਂ ਚ ਜਰਾ ਜਿੰਨਾ ਵੀ ਦਰਦ ਜਾਗਦਾ
ਭਰਾਵਾਂ ਨੇ ਤੜਫ਼ 2 ਨਹੀਂ ਸੀ ਮਰਨਾ ਪਾਣੀ ਦੇ ਇੱਕ 2 ਘੁੱਟ ਤੋਂ

ਤੁਹਾਨੂੰ ਸਮੇਂ ਪੁਰਾਣੇ ਚ ਹਾਂ ਲਿਜਾਣ ਲੱਗੀ ,
ਜਿਥੇ ਵੱਸਦਾ ਸੀ ਪੁਰਾਣਾ ਪੰਜਾਬ ਸਾਡਾ !
ਲੋਕੀਂ ਭੁੱਲਦੇ ਜਾਂਦੇ ਕੁੱਝ ਚੀਜ਼ਾਂ ਨੂੰ,
ਸੁਣਕੇ ਇਹਨਾਂ ਬਾਰੇ ਲੱਗੇ ਦੁੱਖ ਡਾਢਾ !
ਚਲੋ ਚਰਖੇ ਨੂੰ ਤਾਂ ਸਭ ਜਾਣਦੇ ਈ ਨੇ,
ਸ਼ਬਦ ਤੰਦ,ਗਲੋਟੇ,ਪੂਣੀਆਂ ਵੀ ਪਹਿਚਾਣਦੇ ਈ ਨੇ !
ਪਰ ਕੁੱਝ ਵਿਸਰੇ ਨਾਮ ਯਾਦ ਕਰਵਾ ਦੇਵਾਂ,
ਮਾਹਲ,ਤੱਕਲਾ,ਟੇਰਨ ਤੇ ਕੱਤਣੀ,
ਤੁਹਾਡੇ ਚੇਤਿਆਂ ਚ ਫਿਰ ਵਸਾ ਦੇਵਾਂ !
ਹੋਲੀ-ਹੋਲੀ ਹੋ ਰਹੀ ਆਲੋਪ ਮਧਾਣੀ,

ਪੈੜਾਂ............. ਗ਼ਜ਼ਲ / ਰਾਜਵੰਤ ਸਿੰਘ ਕੈਨੇਡਾ


ਖੁਦ ਪੈੜਾਂ ਅਸੀਂ ਕੀ ਪਾਉਣੀਆਂ ਸੀ,  ਸਾਨੂੰ ਪੈੜਾਂ ਤੇ ਤੁਰਨਾ ਨਾ ਆਇਆ।
ਸਾਨੂੰ ਰਹਿਬਰ ਬਹੁਤ ਮਿਲੇ ਸੀ ਪਰ, ਸਾਨੂੰ ਕਿਸੇਨਾ ਜੁੜਨਾ  ਨਾ ਆਇਆ।

ਸਾਡੀ ਅਕਲ ਹੀ ਸਾਡੀ ਦੁਸ਼ਮਣ ਸੀ, ਹੁਣ ਜਾ ਕੇ ਇਹ ਸਾਨੂੰ ਸਮਝ ਪਈ।
ਅੱਖਾਂ ਮੀਟ ਕੇ ਵਗਦੇ ਵਹਿਣਾਂ ਵਿੱਚ, ਸਾਨੂੰ ਕਦੇ ਵੀ ਰੁੜਨਾ ਨਾ ਆਇਆ।

ਲੈ ਗਏ ਬਾਜ਼ੀ ਲੋਕ ਮੁਕੱਦਰਾਂ ਤੋਂ , ਜਿਹੜੇ ਪਰਖ ਕੇ ਚੁਣ ਗਏ ਰਾਹਾਂ ਸੀ।
ਅਸੀਂ ਗਲਤ ਰਾਹਾਂ ਤੇ ਤੁਰਦੇ ਗਏ, ਸਹੀ ਰਾਹਾਂ ਤੇ ਮੁੜਨਾ ਨਾ ਆਇਆ।

ਆਜ਼ਾਦੀ.......... ਨਜ਼ਮ/ਕਵਿਤਾ / ਸੁਖਜੀਤ ਸਿੰਘ ਪਿੰਕਾ (ਪਾਤੜਾਂ)


ਪਹਿਲਾਂ ਇਹ ਖਾ ਗਈ
ਮੇਰੇ ਪਿਓ ਦਾਦੇ ਹਾਣੀ,
ਇਕੋ ਸਾਹੇ ਏਸ ਮੁਕਾਏ,
ਪੰਜਾਬ ਦੇ ਪੰਜੇ ਪਾਣੀ।
ਹਸਦੇ ਵਸਦੇ ਵਿਹੜੇ ੳਜੜੇ
ਖਿੰਡਰ ਪੁੰਡਰ ਗਈ ਢਾਣੀ,
ਕੀ ਪਤਾ ਸੀ ਤਖਤਾਂ ਵਾਲਿਆਂ
ਕੁੱਲੀਆਂ ਜੂਨ ਹੰਢਾਓਣੀ ।

ਗਵਾਚੇ.......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਜ਼ਿੰਦਗੀ ਦੇ ਇਸ ਸਾਗਰ ਦੇ ਵਿੱਚ ਲੋਕਾਂ ਤੋਂ ਪਤਵਾਰ ਗਵਾਚੇ।
ਕੁਝ ਲੋਕੀਂ ਇਸ ਪਾਰ ਗਵਾਚੇ ਕੁਝ ਲੋਕੀਂ ਉਸ ਪਾਰ ਗਵਾਚੇ।

ਕਿੰਨੀ ਛਾਤਰ ਹੈ ਇਹ ਜਿੰਦਗੀ ਆਪਣਾ ਹੱਥ ਫੜਾਉਂਦੀ ਹੀ ਨਹੀਂ ,
ਇਸ ਦੇ ਵਾਲਾਂ ਦੇ ਵਿੱਚ ਉਲਝੇ ਕਿੰਨੇ ਹੀ ਦਿਲਦਾਰ ਗਵਾਚੇ।

ਇੱਕ ਬੰਦੇ ਦੇ ਅੰਦਰ ਹੁਣ ਤਾਂ ਕਈ ਕਈ ਬੰਦੇ ਵੱਸਦੇ ਨੇ,
ਲੋਕਾਂ ਦਾ ਸਿਰ ਲੱਭਦੇ-ਲੱਭਦੇ ਮੇਰੇ ਹੱਥੋਂ ਹਾਰ ਗਵਾਚੇ।

ਉੱਚੀਆਂ-ਉੱਚੀਆਂ ਬਾਂਹਾ ਚੁੱਕ ਕੇ ਉੱਚੀ-ਉੱਚੀ ਬੋਲਣ ਵਾਲੇ,
ਜਦ ਖੜਨੇ ਦੀ ਵਾਰੀ ਆਈ ਕਿੰਨੇ ਹੀ ਸਰਦਾਰ ਗਵਾਚੇ।

ਛਤਰੀ ਤਾਣ ਕੇ .......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਛਤਰੀ ਤਾਣ ਕੇ ਮੀਂਹ ਦੀਆਂ ਕਣੀਆਂ ਕੋਲੋਂ ਤਾਂ ਬਚ ਜਾਈਏ।
ਇਸ ਜ਼ਿੰਦਗੀ ਦਿਆਂ ਤੀਰਾਂ ਮੂਹਰੇ ਕਿਹੜਾ ਸੀਨਾ ਡਾਹੀਏ।

ਤੈਥੋਂ  ਜਾਣ  ਲੱਗੇ  ਤੋਂ  ਇਸ  ਤੇ  ਏਨੇ  ਪੂੰਝੇ  ਪੈ  ਗਏ,
ਹੁਣ ਇਸ ਦਿਲ ਦੀ ਤਖਤੀ ਉੱਤੇ ਕੀ ਲਿਖੀਏ ਕੀ ਵਾਹੀਏ।

ਇਹ ਜੀਵਣ ਹੈ ਇਸ ਦੇ ਰਾਹਾਂ ਦੀ ਹੀ ਸਮਝ ਨਹੀਂ ਪੈਂਦੀ,
ਇਹ  ਸੋਚਾਂ ਦੀ  ਚੱਕੀ ਦੇ  ਚੱਕ ਜਿੰਨੇ  ਮਰਜ਼ੀ ਰਾਈਏ।