ਆਖ ਨਾ ਸਾਰਾ ਹੀ ਕੁਝ.......... ਗ਼ਜ਼ਲ / ਜਸਪਾਲ ਘਈ (ਪ੍ਰੋ.)

ਗੁਫ਼ਤਗੂ ਅੰਦਰ ਕੋਈ ਚੁੱਪ ਦੀ ਸਦਾਅ ਵੀ ਰਹਿਣ ਦੇ
ਆਖ਼ ਨਾ ਸਾਰਾ ਹੀ ਕੁਝ, ਕੁਝ ਅਣਕਿਹਾ ਵੀ ਰਹਿਣ ਦੇ

ਮੈਨੂੰ ਅਪਣਾ ਵੀ ਬਣਾ, ਮੈਨੂੰ ਮਿਰਾ ਵੀ ਰਹਿਣ ਦੇ
ਨੇੜਤਾ ਵੀ ਰੱਖ, ਥੋੜ੍ਹਾ ਫਾਸਲਾ ਵੀ ਰਹਿਣ ਦੇ


ਅੰਬਰਾਂ ਦੇ ਸਰਵਰੀਂ ਜੀ ਭਰ ਕੇ ਤਾਰੀ ਵੀ ਲਗਾ
ਜਿ਼ਹਨ ਵਿਚ ਮਹਿਫੂ਼ਜ਼ ਪਿੰਜਰੇ ਦਾ ਵੀ ਰਹਿਣ ਦੇ

ਹਾਲੇ ਤਾਂ ਅਪਣਾ ਤੁਆਰਫ਼ ਹੀ ਕਰਾ ਐ ਮਨ ਮਿਰੇ
ਧਰਤ ਅੰਬਰ ਛੱਡ ਪਰ੍ਹਾਂ, ਜੰਨਤ ਖ਼ੁਦਾ ਵੀ ਰਹਿਣ ਦੇ

ਇਹ ਮੁਹੱਬਤ ਦਾ ਲਿਫ਼ਾਫ਼ਾ ਕੋਲ਼ ਰੱਖ, ਸਭ ਨੂੰ ਵਿਖਾ
ਇਸ 'ਚ ਭਾਵੇਂ ਖ਼ਤ ਨਾ ਰੱਖ, ਇਸ 'ਤੇ ਪਤਾ ਵੀ ਰਹਿਣ ਦੇ

ਦੋਸਤੀ ਤੇ ਦੁਸ਼ਮਣੀ ਵਿਚ ਕੁਝ ਤਾਂ ਹੋਵੇ ਰਾਬਤਾ
ਗੱਲ ਫੁੱਲਾਂ ਦੀ ਵੀ ਕਰ, ਮਨ ਵਿਚ ਛੁਰਾ ਵੀ ਰਹਿਣ ਦੇ

ਪੀੜ ਪ੍ਰਾਹੁਣੀ ਦਿਲ ਦੇ ਦੁਆਰੇ.......... ਗੀਤ / ਜਸਵਿੰਦਰ ਸੰਧੂ


( ਡਾ. ਅਸ਼ੋਕ ਨੂੰ )

ਪੀੜ ਪ੍ਰਹੁਣੀ ਦਿਲ ਦੇ ਦੁਆਰੇ, ਨਿਤ ਹੀ ਆ ਕੇ ਬਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ, ਧੂਹ ਕਾਲ਼ਜੇ ਪੈ ਜਾਂਦੀ

ਯਾਦਾਂ ਵਾਲ਼ੇ ਪੰਛੀ ਕਿੱਧਰੇ, ਭਰਦੇ ਆ ਪਰਵਾਜ਼ ਜਦੋਂ
ਤੇਰੇ ਸ਼ਹਿਰੋਂ ਖਾਲੀ ਮੁੜ ਕੇ, ਹੁੰਦੇ ਆ ਨਾਰਾਜ਼ ਜਦੋਂ
ਨਾਲ਼ ਚਾਵਾਂ ਦੇ ਭਰੀ ਉਡਾਰੀ, ਅੱਧ ਵਿਚਾਲ਼ੇ ਰਹਿ ਜਾਂਦੀ,

ਜਦ ਵੀ ਚੇਤਾ ਆਉਂਦਾ ਤੇਰਾ...

ਇਹ ਅੱਖੀਆਂ ਦੇ ਦੋਵੇਂ ਢਾਰੇ, ਆਪ ਮੁਹਾਰੇ ਚੋ ਜਾਂਦੇ
ਰਹਾਂ ਕੋਠੇ ਤੋਂ ਕਾਗ ਉਡਾਉਂਦੀ, ਰੋਜ਼ ਹਨੇਰ੍ਹੇ ਹੋ ਜਾਂਦੇ
ਟੁੱਟਦੀ ਨਾ ਇਹ ਤੰਦ ਆਸ ਦੀ, ਥੱਕ ਹਾਰ ਕੇ ਬਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...

ਕਾਹਦਾ ਆਇਆ ਸਾਉਣ ਮਹੀਨਾ, ਅਪਣਾ ਰੰਗ ਵਿਖਾ ਚੱਲਿਆ
ਵਿਚ ਸੀਨੇ ਦੇ ਧੁਖੇ ਚਿੰਗਾਰੀ, ਉਹਨੂੰ ਲਾਂਬੂ ਲਾ ਚੱਲਿਆ
ਵਗਦੀ ਠੰਢੀ ਹਵਾ ਪੁਰੇ ਦੀ, ਜਜ਼ਬਾਤਾਂ ਨਾਲ਼ ਖਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ...

ਪੈੜ ਚਾਲ ਕੋਈ ਗਲੀ਼ 'ਚ ਹੋਵੇ, ਤੇਰਾ ਭੁਲੇਖਾ ਪਾ ਜਾਂਦੀ
ਨਾਲ਼ ਹਵਾ ਦੇ ਬੂਹੇ ਖੜਕਣ,ਭੱਜ ਦਰਾਂ ਵੱਲ ਆ ਜਾਂਦੀ
ਤੇਰੀ ਇਹ ਜਸਵਿੰਦਰਾ ਦੂਰੀ, ਹੱਡਾਂ ਦੇ ਵਿੱਚ ਲਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...

ਯਾਦਾਂ ਦੇ ਪਰਛਾਵੇਂ............ ਨਜ਼ਮ/ਕਵਿਤਾ / ਉਕਤਾਮੋਏ ( ਉਜਬੇਕਿਸਤਾਨ )

ਵਲ਼ ਖਾਂਦੀਆਂ ਸੁੰਦਰੀਆਂ
ਤੇ ਉਨ੍ਹਾਂ ਦੀ ਫੈਲਦੀ ਖੁ਼ਸ਼ਬੂ
ਕੀ ਸੂਰਜ ਦੀ ਆਤਮਾ ਖੁਸ਼ ਹੋਵੇਗੀ
ਫੁੱਲਾਂ ਨੇ ਪੂਰੀ ਜਿ਼ੰਦਗੀ ਦਾਅ 'ਤੇ ਲਾ ਦਿੱਤੀ
ਤੇ ਅੰਤ ਮੈਂ ਤੈਨੂੰ ਲੱਭ ਲਿਆ
ਤੇਰੇ ਬਿਨਾਂ

ਜਿ਼ੰਦਗੀ ਦੀ ਮਚਦੀ ਲਾਟ 'ਤੇ ਕਿਵੇਂ ਰਹਿੰਦੀ
ਆਪਣੇ ਦਿਲ ਦੇ ਧਾਗਿਆਂ ਨਾਲ਼
ਮੈਂ ਟੰਗਣ ਲਈ ਡੋਰ ਬੁਣਾਂਗੀ
ਉਨ੍ਹਾਂ ਸਿਰਾਂ ਲਈ
ਜੋ ਪਿਆਰ ਅੱਗੇ ਨਹੀਂ ਝੁਕੇ
ਕਿੰਨਾ ਅਪਣੱਤ ਭਰਿਆ ਹੈ ਤੇਰਾ ਸਬਰ
ਮੇਰੀਆਂ ਗੁਆਚੀਆਂ ਰਾਤਾਂ ਨੂੰ
ਲੋੜ ਹੈ ਖ਼ੁਦਾ ਨਾਲ਼ ਮਿਲਣ ਦੀ
ਅਪਣੇ ਕਵਚ 'ਚ ਲੁਕੇ ਦਰਦ ਨੂੰ ਪਿਘਲਾ ਲੈ
ਉਨ੍ਹਾਂ ਸੁਭਾਗੇ ਪਲਾਂ 'ਚ
ਮੈਂ ਦਿਲ ਦੀ ਅਗਨ ਨਾਲ਼
ਅਸਮਾਨੀਂ ਲੈ ਉਡਾਂਗੀ
ਤੂੰ ਮੁਹੱਬਤ ਮੰਗੀਂ ਤਾਂ ਸਹੀ
ਮੈਂ ਮੁਹੱਬਤ ਦੇ ਪਹਾੜਾਂ ਦੇ ਅੰਬਾਰ ਲਗਾ ਦੇਵਾਂਗੀ
ਜਿਥੋਂ ਅਦਿਸ ਤੋਂ ਮੰਗਿਆ ਮੈਂ ਪਾਇਆ ਤੈਨੂੰ
ਤਾਂ ਕਿ 'ਕੱਲੀ ਡੁੱਬ ਨਾ ਜਾਵਾਂ
ਤੇਰੀ ਚਾਹਤ ਦੀ ਪਰਛਾਈਂ 'ਚ......

--- ( ਲਿਪੀਅੰਤਰ : ਸਵਰਨਜੀਤ ਸਵੀ )


ਮਿੱਟੀ ਦਾ ਮੋਹ..........ਗੀਤ / ਗੁਰਾਂਦਿੱਤਾ ਸੰਧੂ ਸੁਖਣਵਾਲ਼ੀਆ

ਮਿੱਟੀਏ ਨੀ ਮਿੱਟੀਏ ਪੰਜਾਬ ਦੀਏ ਮਿੱਟੀਏ
ਮੈਨੂੰ ਤੇਰੇ ਨਾਲ਼ ਬੜਾ ਮੋਹ
ਦੇਸ਼ਾਂ ਤੇ ਵਿਦੇਸ਼ਾਂ ਵਿਚ ਬੈਠਿਆਂ ਵੀ ਆਵੇ
ਤੇਰੀ ਮਮਤਾ ਜਿਹੀ ਖੁ਼ਸ਼ਬੋ


ਮੈਨੂੰ ਗੋਦੀ 'ਚ ਬਿਠਾ ਕੇ, ਭੱਤਾ ਸਿਰ 'ਤੇ ਟਿਕਾ ਕੇ
ਬੇਬੇ ਖੇਤਾਂ ਵਿਚ ਜਾ ਕੇ ਮੈਨੂੰ ਦੱਸਦੀ
ਤੇਰੇ ਬਾਪ ਦੀ ਕਮਾਈ, ਮੱਕੀ ਗੋਭਿਆਂ 'ਤੇ ਆਈ
ਰੰਗ ਮਿਹਨਤ ਲਿਆਈ ਸਰੋਂ੍ਹ ਹੱਸਦੀ
ਪਿੱਪਲਾਂ਼ ਤੇ ਪੀਘਾਂ ਦੇ ਨਜ਼ਾਰੇ ਨਾ ਭੁਲਾਏ ਜਾਂਦੇ
ਮੇਰੇ ਨਾਲ਼ ਹੁੰਦੀ ਮੇਰੀ ਉਹ..........

ਜਦੋਂ ਹੋਲੀ ਸੀ ਮਨਾਉਂਦੇ, ਰੰਗ ਭਾਬੀਆਂ 'ਤੇ ਪਾਉਂਦੇ
ਤੇ ਮਜ਼ਾਕ ਮਨ-ਭਾਉਂਦੇ ਕਰ ਜਾਂਦੇ ਸੀ
ਪਾਉਂਦੇ ਗਿੱਧੇ 'ਚ ਧਮਾਲ, ਬਾਂਹ ਫੜ੍ਹ ਭਾਬੀ ਨਾਲ਼
ਸਾਡੇ ਭਾਈ ਵੀ ਕਮਾਲ ਕਰ ਜਾਂਦੇ ਸੀ
ਨਾਨਕਿਆਂ ਦੀ ਜਾਗੋ ਨੇ ਜਗਾਤਾ ਪਿੰਡ ਸਾਰਾ
ਕਿੰਨੀ ਸੋਹਣੀ ਲੱਗੇ ਦੀਵਿਆਂ ਦੀ ਲੋਅ.....

ਮੇਰੀ ਕਲਮ.......... ਗੀਤ / ਗੁਰਜੀਤ ਟਹਿਣਾ

ਜੀ ਕਰਦਾ ਕੋਈ ਗੀਤ ਲਿਖਾਂ
ਜੋ ਹੋਵੇ ਪੋਹ ਦੀ ਧੁੱਪ ਵਰਗਾ
ਜੋ ਆਪ ਮੁਹਾਰੇ ਲਿਖ ਹੋਜੇ
ਲਿਖ ਹੋਜੇ ਸੱਜਣ ਦੀ ਚੁੱਪ ਵਰਗਾ


ਕਦੀਂ ਸੋਚਾਂ ਕੋਈ ਨਜ਼ਮ ਬਣੇ
ਹੋ ਨਿੱਬੜੇ ਬੀਤੇ ਸੱਚ ਵਰਗੀ
ਜਾਂ ਹੰਝੂ ਵਰਗੀ ਬਣ ਜਾਵੇ
ਜਾਂ ਬਣੇ ਉਦਾਸੀ ਅੱਖ ਵਰਗੀ

ਕਈ ਵਾਰ ਕਲਮ ਕੁਝ ਲਿਖਣ ਲਈ
ਜ਼ਜ਼ਬਾਤੀ ਹੋ ਹੋ ਬਹਿੰਦੀ ਏ
ਝੱਲੀ ਜਿਹੀ ਦਿਲ ਦੀ ਹਾਲਤ ਤੱਕ
ਇਹ ਕਲਮ ਮੇਰੀ ਰੋ ਪੈਂਦੀ ਏ

ਜਦ ਗੇੜਾਂ ਸੋਚ ਦੀ ਚਰਖੀ ਨੂੰ
ਮੁੜ ਮੁੜ ਉਹ ਇੱਕ ਥਾਂ ਆਉਂਦੀ ਏ
ਕਦੇ ਜਿੰਦ ਪੀੜਾਂ ਨੂੰ ਕੱਤਦੀ ਏ
ਤੰਦ ਤੇਰੇ ਹਿਜ਼ਰ ਦੇ ਪਾਉਂਦੀ ਏ

ਰੰਗ ਸੁਰਖਾਂ ਦੀ ਤਸਵੀਰ ਬਣੀ
ਬਣ-ਬਣ ਆਪੇ ਹੀ ਢਹਿੰਦੀ ਏ
ਇਹ ਜਿ਼ੰਦਗੀ ਇੱਕ ਮੁੱਠ ਰੇਤੇ ਦੀ
ਅਣਚਾਹੀ ਕਿਰਦੀ ਰਹਿੰਦੀ ਏ

ਪਰਵਾਜ਼ ਦਾ ਵੀ ਹੈ ਖਿ਼ਆਲ...ਗ਼ਜ਼ਲ / ਡਾ. ਸ਼ਮਸ਼ੇਰ ਮੋਹੀ


ਹੁਣ ਨਹੀਂ ਆਉਂਦਾ ਜਿਨ੍ਹਾਂ ਨੂੰ ਭੁੱਲ ਕੇ ਸਾਡਾ ਖਿ਼ਆਲ
ਯਾਦ ਆਉਂਦੇ ਹੋਰ ਵੀ ਉਹ ਹਰ ਬਦਲਦੀ ਰੁੱਤ ਦੇ ਨਾਲ਼

ਕਿਸ ਤਰ੍ਹਾਂ ਮੈਂ ਪੇਟ ਖ਼ਾਤਰ ਖੰਭ ਗਹਿਣੇ ਧਰ ਦਿਆਂ
ਸਿਰਫ਼ ਚੋਗੇ ਦਾ ਨਹੀਂ ਪਰਵਾਜ਼ ਦਾ ਵੀ ਹੈ ਸਵਾਲ


ਤੇਰਿਆਂ ਜ਼ੁਲਮਾਂ ਦੀ ਸ਼ਾਇਦ ਅੱਗ ਹੀ ਕੁਝ ਤੇਜ਼ ਹੈ
ਖੂਨ ਮੇਰੇ ਦਾ ਤਾਂ ਹੀ ਹੋ ਰਿਹਾ ਮੱਠਾ ਉਬਾਲ
ਔਕੜਾਂ, ਦੁਸ਼ਵਾਰੀਆਂ ਤੇ ਘਾਟਿਆਂ ਤੋਂ ਡਰਦਿਆਂ
ਤੇਰੇ ਸੰਚੇ ਵਿਚ ਨਹੀਂ ਖ਼ੁਦ ਨੂੰ ਸਕਾਂਗਾ ਫਿਰ ਵੀ ਢਾਲ

ਮੇਰੇ ਅੰਦਰਲਾ ਸਮੁੰਦਰ ਸ਼ਾਂਤ ਨਾ ਇਕ ਪਲ ਰਿਹਾ
ਮੈਂ ਕਿਵੇਂ ਉਸ ਝੀਲ ਸਾਹਵੇਂ ਬੈਠਦਾ ਆਰਾਮ ਨਾਲ਼

ਹੁਣ ਫ਼ਰੇਬੀ ਚਿਹਰਿਆਂ ਦਾ ਸੱਚ ਸਮਝਣ ਲੱਗ ਪਿਐ
ਹੁਣ ਨਹੀਂ ਇਹ ਦਿਲ ਮੇਰਾ ਪਹਿਲਾਂ ਤਰ੍ਹਾਂ ਮਾਸੂਮ ਬਾਲ

ਅਨੰਦਪੁਰ ਦੀ ਸਾਖੀ.......... ਸਾਖੀ / ਰਾਕੇਸ਼ ਵਰਮਾਂ


ਪ੍ਰਿਥਮੇ ਭਗੌਤੀ ਸਿਮਰ ਕੇ, ਫਿਰ ਨਾਮ ਧਿਆਵਾਂ ।
ਦਸਮ ਗੂਰੁ ਦੀ ਸਾਖੀ ਦਾ, ਇੱਕ ਅੰਸ਼ ਸੁਣਾਵਾਂ॥

ਵਿੱਚ ਅਨੰਦਪੁਰ, ਤੇਗ ਬਹਾਦੁਰ ਸਭਾ ਲਗਾਈ,
ਕਸ਼ਮੀਰੀ ਪੰਡਤ, ਲੱਗੇ ਪਾਵਣ ਹਾਲ ਦੁਹਾਈ।


ਮੁਗਲ ਰਾਜੇ ਨੇ ਉਹਨਾਂ ਉੱਤੇ, ਕਹਿਰ ਸੀ ਢਾਇਆ,
ਲੁਕ-ਛਿਪ ਕੇ ਪੰਡਤਾਂ ਨੇ, ਆਪਣਾ ਧਰਮ ਬਚਾਇਆ।

ਗੁਰੂ ਤੇਗ ਬਹਾਦਰ, ਕਿਰਪਾ ਰਾਮ ਨੂੰ ਕੋਲ ਬਿਠਾਇਆ,
ਅੱਤਿਆਚਾਰ ਤੋਂ ਬਚਣ ਦਾ, ਉਹਨਾਂ ਰਾਹ ਵਿਖਾਇਆ।

ਮੁਗਲਾਂ ਦੇ ਸਰਦਾਰ ਨੂੰ, ਇਹ ਸੰਦੇਸ਼ ਪੁਜਾਵੋ,
ਪਹਿਲਾਂ ਸਾਡੇ ਗੁਰੂ ਨੂੰ, ਮੁਸਲਮਾਨ ਬਣਾਵੋ।

ਫੇਰ ਆਖਿਆ ਗੁਰਾਂ ਨੇ, ਹੁਣ ਕੋਈ ਅੱਗੇ ਆਵੇ,
ਧਰਮ ਹੇਤ ਸਿਰ ਦੇ ਕੇ, ਜੋ ਕੁਰਬਾਨੀ ਪਾਵੇ।

ਬਾਲ ਗੁਰੂ ਗੋਬਿੰਦ, ਸਭਾ ਵਿੱਚ ਹੱਥ ਉਠਾਇਆ,
ਨਾਲ ਨਿਮਰਤਾ ਪਿਤਾ ਨੂੰ, ਇਹ ਬਚਨ ਸੁਣਾਇਆ।

ਤੁਹਾਡੇ ਨਾਲੋਂ ਵੱਡਾ, ਗੁਰੂ ਇਸ ਵੇਲੇ ਕਿਹੜਾ,
ਧਰਮ ਦੀ ਰੱਖਿਆ ਖਾਤਰ, ਸੀਸ ਦੇਵੇਗਾ ਜਿਹੜਾ॥

ਪੁੱਤਰ ਦੀ ਗੱਲ ਸੁਣ ਕੇ, ਗੁਰੂ ਜੀ ਮੁਸਕਰਾਏ,
ਉਸੇ ਵੇਲੇ ਦਿੱਲੀ ਵੱਲ, ਉਹਨਾਂ ਚਾਲੇ ਪਾਏ।

ਮਜ਼ਲੂਮ ਦੀ ਰੱਖਿਆ ਖਾਤਰ, ਉਹਨਾਂ ਧਰਮ ਨਿਭਾਇਆ,
ਸੀਸ ਗੰਜ ਉਹ ਸਥਾਨ ਐ, ਜਿੱਥੇ ਸੀਸ ਗਵਾਇਆ।

ਗੁਰਾਂ ਦੀ ਜੀਵਨ ਸਾਖੀ ਤੋਂ, ਇਹ ਸਿੱਖਿਆ ਖੱਟੀਏ,
ਦੇਣੀ ਪਏ ਕੁਰਬਾਨੀ, ਕਦੇ ਨਾ ਪਿੱਛੇ ਹੱਟੀਏ।

ਪਤਿਤ-ਪੁਣੇ ਨੂੰ ਛੱਡੀਏ, ਚੰਗੇ ਕਰਮ ਕਮਾਈਏ,
ਦੋ ਵੇਲੇ ਕਰ ਸਿਮਰਨ, ਜੀਵਨ ਸਫਲ ਬਣਾਈਏ।

ਸਰਬੰਸ ਦਾਨੀ ਦੇ ਪੁਰਬ ਨੂੰ, ਖੁਸ਼ੀਆਂ ਨਾਲ ਮਨਾਵੋ,
ਦਸਮ ਪਿਤਾ ਦਸ਼ਮੇਸ਼ ਦੇ, ਦੱਸੇ ਰਾਹ ਪੈ ਜਾਵੋ।

ਦਸਮ ਪਿਤਾ ਦਸ਼ਮੇਸ਼ ਦੇ, ਦੱਸੇ ਰਾਹ ਪੈ ਜਾਵੋ॥


ਕੋਰੇ ਵਰਕੇ.......... ਗ਼ਜ਼ਲ / ਰਾਜਿੰਦਰਜੀਤ ( ਯੂ. ਕੇ.)


ਕੋਰੇ ਵਰਕੇ 'ਵਾ ਵਿੱਚ ਉਡਦੇ ਰਹਿ ਜਾਣੇ
ਥਲਾਂ ਸਮੁੰਦਰਾਂ ਕਿੱਸੇ ਤੇਰੇ ਕਹਿ ਜਾਣੇ

ਪੰਛੀ ਆਲ੍ਹਣਿਆਂ ਵਿਚ ਡਰ ਕੇ ਬਹਿ ਜਾਣੇ
ਪੌਣਾਂ ਨੇ ਜਦ ਬੋਲ ਕੁਰੱਖਤੇ ਕਹਿ ਜਾਣੇ


ਜਿਸ ਦਿਨ ਤੇਰੀ ਨਜ਼ਰ ਸਵੱਲੀ ਹੋਵੇਗੀ
ਮੇਰੇ ਵਿਹੜੇ ਚੰਦ ਸਿਤਾਰੇ ਲਹਿ ਜਾਣੇ

ਵਹਿਣ ਪਏ ਜੋ ਨੀਰ ਕਦੇ ਵੀ ਮੁੜਦੇ ਨਾ
ਕਹਿੰਦੇ ਕਹਿੰਦੇ ਅਪਣੇ ਵਹਿਣੀ ਵਹਿ ਜਾਣੇ

ਮੇਰੀ ਬੈਠਕ ਵਿਚ ਜੰਗਲ ਉਗ ਆਵੇਗਾ
ਜਦ ਯਾਦਾਂ ਦੇ ਪੰਛੀ ਆ ਕੇ ਬਹਿ ਜਾਣੇ


ਮੁੱਖ ਤੇਰਾ ਹੈ ਸੱਜਣਾ........... ਗ਼ਜ਼ਲ / ਰਣਜੀਤ ਅਜ਼ਾਦ ਕਾਂਝਲਾ

( ਡਾ. ਅਸੋ਼ਕ ਨੂੰ )

ਮੁੱਖ ਤੇਰਾ ਹੈ ਸੱਜਣਾ ਖੁੱਲ੍ਹੀ ਕਿਤਾਬ ਜਿਹਾ
ਰੋਹਬ ਤੇਰਾ ਹੈ ਪੂਰਾ ਚੰਗੇ ਨਵਾਬ ਜਿਹਾ

ਨੈਣਾਂ ਦੇ ਵਿਚ ਪ੍ਰੀਤ ਦਾ ਸਾਗਰ ਵਹਿ ਰਿਹਾ
ਚਾਂਦੀ ਰੰਗਾ ਪਾਣੀ ਵੇਖ ਚਨਾਬ ਜਿਹਾ


ਹੁਸਨ ਤੇਰੇ ਦੇ ਬਾਰੇ ਹੁਣ ਮੈਂ ਕੀ ਆਖਾਂ
ਮਹਿਕਾਂ ਸੰਗ ਭਰਪੂਰ ਹੈ ਫੁੱਲ ਗੁਲਾਬ ਜਿਹਾ

ਤੇਰੀ ਮਿੱਠੀ ਅਵਾਜ਼ ਨੇ ਪੰਛੀ ਕੀਲ ਲਏ
ਧੁਨੀ ਵਲ਼ੇਵੇਂ ਖਾਂਦੀ ਵੱਜੇ ਰਬਾਬ ਜਿਹਾ

ਟੋਰ ਤੇਰੀ ਨੂੰ ਵੇਖ ਮਿਰਗ ਵੀ ਪਏ ਛਿੱਥੇ
ਫਲ਼ਦੀ ਥਾਂ ਨੂੰ ਜਾਏ ਵਹਿੰਦਾ ਆਬ ਜਿਹਾ

ਪ੍ਰੇਮ ਦੀ ਗੂੜ੍ਹੀ ਨੀਂਦਰ ਭੈੜੀ ਦੱਬ ਬੈਠੀ
ਅੱਖ ਖੋਲ੍ਹਾਂ ਤਾਂ ਸੋਚਾਂ ਕੀ ਏ ਖ਼ਾਬ ਜਿਹਾ

ਢੂੰਡ ਥੱਕੇ ਸਭ ਦੁਨੀਆਂ ਐਸਾ ਮਿਲਿਆ ਨਾ
ਹੁਸਨ ਕਿਤੇ ਨਾ ਡਿੱਠਾ ਤੇਰੇ ਸ਼ਬਾਬ ਜਿਹਾ

ਆਜ਼ਾਦ ਤਿਰੇ ਬਿਨ ਸਾਡੀ ਮਹਿਫਿ਼ਲ ਸੱਖਣੀ ਹੈ
ਤੂੰ ਜਾਪੇਂ ਤਾਂ ਸਾਨੂੰ ਸਦਾ ਜਨਾਬ ਜਿਹਾ


ਨਵਾਂ ਸਾਲ...........ਕਾਵਿ ਵਿਅੰਗ / ਜਾਗੀਰ ਸੱਧਰ

ਨੀਲੀ ਛੱਤ ਥੱਲੇ ਸੰਵੀਏ ਭੋਂਇੰ ਉੱਤੇ
ਸਾਡੇ ਲਈ ਕੁਝ ਸਿਰ ਛੁਪਾਣ ਲਈ ਘੱਲ ।

ਚਿਹਰੇ ਉੱਤੇ ਪਲਿੱਤਣਾਂ ਛਾ ਗਈਆਂ
ਖੁਸ਼ੀ ਜਿਹਾ ਕੁਝ ਚਿਹਰਾ ਚਮਕਾਣ ਲਈ ਘੱਲ ।


ਸਰਦ ਰੁੱਤ ਅਤੇ ਠੰਡਾ ਯਖ਼ ਮੌਸਮ
ਨੰਗੇ ਬਦਨ ਸਾਡੇ, ਕੁਝ ਪਾਣ ਲਈ ਘੱਲ ।

ਨਵੇਂ ਸਾਲ ਦਾ ਕਾਰਡ ਨਾ ਘੱਲ ਸਾਨੂੰ
ਘੱਲ ਸਕਦੈਂ ਤਾਂ ਕੁੱਝ ਖਾਣ ਲਈ ਘੱਲ ।


ਬੱਚਾ.......... ਨਜ਼ਮ/ਕਵਿਤਾ / ਅਨਿਲ ਆਦਮ

ਬੱਚਾ
ਛੱਪੜੀ ਦੇ ਮੈਲੇ ਪਾਣੀਆਂ ‘ਚ
ਤੱਕ ਕੇ ਚੰਨ ਦਾ ਅਕਸ
ਪਰਚ ਗਿਆ ਹੈ


ਵੱਡਾ
ਬਲੀ ਕੁਦਰਤ ਨੂੰ ਸਰ ਕਰ ਕੇ
ਚੰਨ ਦੀ ਟੁਕੜੀ ਤੇ ਪੈਰ ਧਰ ਕੇ
ਵੀ ਪਿਆ ਬੱਸ ਭਟਕਦਾ ਹੈ

ਬੱਚਾ ਤਾਂ ਚਲੋ ਬੱਚਾ ਹੈ
ਵੱਡੇ ਹੋ ਕੇ ਅਸਾਂ ਵੀ ਭਲਾ
ਕੀ ਖੱਟਿਆ ਹੈ..................!