ਰੰਗਲਾ ਕਿਵੇਂ ਪੰਜਾਬ ਕਹਿ ਦਿਆਂ.......... ਗੀਤ / ਜਰਨੈਲ ਘੁਮਾਣ

ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ ।
ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ ।
ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ ਹੁੰਦੀ ।
ਕਰਜ਼ੇ ਦੇ ਵਿੱਚ ਦੱਬ ਚੱਲੀ , ਸਮੱਸਿਆ ਹੱਲ ਨਹੀਂ ਹੁੰਦੀ ।
ਮੁਰਝਾਈਆਂ ਕਲੀਆਂ ਤਾਂਈਂ, ਕਿਵੇਂ ਗ਼ੁਲਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਵਿਹੜੇ ਸੱਖਣੇ ਸੱਖਣੇ ਇਸਦੇ , ਚਾਵਾਂ ਖੁਸ਼ੀਆਂ ਤੋਂ ।
ਵਿਹਲੇ ਨਹੀਂਓ ਲੋਕ ਨੱਚਣ ਨੂੰ , ਹੁਣ ਖੁਦਕੁਸ਼ੀਆਂ ਤੋਂ ।
ਝੱਲ ਲਓ ਵਿਆਜਾਂ ਵਾਲਾ ਕਿਸ ਨੂੰ , ਤਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਸੱਤ ਦਰਿਆ ਸਨ ਵਗਦੇ , ‘ਸਪਤ ਸਿੰਧੂ’ ਅਖਵਾਉਂਦਾ ਸੀ ।
ਸਿਆਲਕੋਟ ਤੋਂ ਦਿੱਲੀ ਤੀਕਰ , ਪੈਰ ਫੈਲਾਉਂਦਾ ਸੀ ।
ਕਿਵੇਂ ਢਾਈ ਪਾਣੀਆਂ ਵਾਲੇ ਨੂੰ , ਪੰਜ-ਆਬ ਕਹਿ ਦਿਆ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਵਿੱਚ ਵਿਦੇਸ਼ਾਂ ਜਾ ਜਵਾਨੀ , ਵੱਸਦੀ ਜਾਂਦੀ ਐ ।
ਬਾਕੀ ਬੱਚਦੀ ਵਿੱਚ ਨਸ਼ਿਆਂ ਦੇ , ਧੱਸਦੀ ਜਾਂਦੀ ਐ ।
ਸੁੱਕ ਚੱਲੇ ਰੁਜ਼ਗਾਰਾਂ ਵਾਲੇ , ਝਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਕਾਵਾਂ ਰੌਲੀ ਬਹੁਤ ਸੁਣਨ ਨੂੰ , ਉਂਝ ਤਰੱਕੀਆਂ ਦੀ ।
ਲੁੱਟ ਕਸੁੱਟ ਤਾਂ ਅੱਜ ਵੀ ਉਹੀਓ , ਫਸਲਾਂ ਪੱਕੀਆਂ ਦੀ ।
ਘਾਟੇ ਵਾਲੇ ਸੌਦੇ ਵਿੱਚ ਕਿੰਝ , ਲਾਭ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਸਿਆਸਤਦਾਨਾਂ ਦੇ ਵੱਗ ਫਿਰਦੇ ਨੇ , ਮੈਂ ਕਿਸਨੂੰ ਦੁੱਖ਼ ਕਹਾਂ ।
ਘਰ , ਰੁਜ਼ਗਾਰ ਜਾਂ ਢਿੱਡ ਦੀ , ਆਖਿਰ ਕਿਹੜੀ ਭੁੱਖ ਕਹਾਂ ।
ਸਾਹਿਬਗੜ੍ਹਾਂ ਦਾ ਸੂਬਾ , ਕਿਸ ਨੂੰ ਸਾਹਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


ਕਲਮਾਂ ਹੋਣ ਆਵਾਜ਼ ਲੋਕਾਂ ਦੀ , ਉਹ ਵੀ ਵਿੱਕ ਚੱਲੀਆਂ ।
ਪੈਸੇ ਵਾਲਿਆਂ ਕਲਮਾਂ ਦੀਆਂ , ਜ਼ਮੀਰਾਂ ਜਾ ਮੱਲੀਆਂ ।
ਕੰਨੋ ਬੋਅਲੀ ਭੀੜ ’ਚ ,ਕਿਹੜਾ ਰਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਕਲੋਨੀਵਾਦ ਖਾ ਗਿਆ ਪਿੰਡ ,’ਤੇ ਛਾਵਾਂ ਬੋਹੜ ਦੀਆਂ ।
ਨਸ਼ਾਖੋਰ ਪੁੱਤਰਾਂ ਦੀਆਂ ਸੁੱਖਾਂ , ਮਾਵਾਂ ਲੋੜਦੀਆਂ ।
ਚੌਂਕੀਦਾਰ ਹੀ ਸੁੱਤੇ ਕਿਸਨੂੰ , ਜਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਐ ਦੌਲਤ ਦੀ ਦੌੜ ਦੌੜਦਿਓ , ਕੁੱਝ ਤਾਂ ਸ਼ਰਮ ਕਰੋ ।
ਬੱਚ ਜਾਵੇ ਪੰਜਾਬ ‘ਘੁਮਾਣਾ’ , ਐਸਾ ਕਰਮ ਕਰੋ ।
ਨਾਲ ਨਾ ਜਾਣ ਖਜ਼ਾਨੇ , ਸੁਣੋ ਜਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਟੁਕੜੇ-ਟੁਕੜੇ ਹੋਇਆ.......... ਗ਼ਜ਼ਲ / ਰਾਜਿੰਦਰ ਜਿੰਦ (ਨਿਊਯਾਰਕ)

ਟੁਕੜੇ-ਟੁਕੜੇ ਹੋਇਆ ਫਿਰਦਾ ਕਿੱਥੇ ਇਸ ਦਾ ਧੀਰ ਗਿਆ।
ਕੁਝ ਤਾਂ ਹੈ ਜੋ ਇਸ ਦੇ ਅੰਦਰ ਡੂੰਘੀ ਖਿੱਚ ਲਕੀਰ ਗਿਆ।
ਉਹੀ ਬੰਦਾ ਗੱਲ ਕਿਸੇ ਦੀ ਇਸਨੂੰ ਚੰਗੀ ਲੱਗਦੀ ਨਹੀਂ,
ਦਰਦ ਮਰ ਗਿਆ ਫਰਜ਼ ਹਰ ਗਿਆ ਸੁੱਕ ਅੱਖੀਆਂ ਦਾ ਨੀਰ ਗਿਆ।
ਨਾ ਤੂੰ ਪਿਆਰ ਦੀ ਸੇਜ ਵਿਛਾਈ ਨਾ ਤੂੰ ਘੋਟੀ ਨਾ ਤੂੰ ਪੀਤੀ,
ਕੇਲੇ ਕੋਲੇ ਕਿੱਕਰ ਬੀਜੀ ਉਸ ਦਾ ਸੀਨਾ ਚੀਰ ਗਿਆ।
ਸੋਚ ਸਮਝ ਦਾ ਰਾਹੀ ਬਣਕੇ ਕਿੰਨਾ ਕੁ ਚਿਰ ਲੜਦਾ ਉਹ,
ਅੱਜ ਤੇ ਰਾਝਾਂ ਆਪਣੇ ਹੱਥੀਂ ਸੈਦੇ ਨੂੰ ਦੇ ਹੀਰ ਗਿਆ।
ਦੁੱਖ ਭੁੱਖ ਨਫਰਤ ਨਿੰਦਿਆ ਚੁਗਲ਼ੀ ਮੇਰਾ ਟੱਬਰ ਭਾਰਾ ਸੀ,
ਉਦੋਂ ਹੋਰ ਵੀ ਟੁੱਟ ਗਿਆ ਮੈਂ ਜਦ ਸੁੱਖਾਂ ਦਾ ਵੀਰ ਗਿਆ।
ਝੱਖੜ ਨ੍ਹੇਰੀ ਕੰਡਿਆਂ ਦੇ ਵਿੱਚ ਜਿਹੜੀ ਸਾਂਭ ਕੇ ਰੱਖੀ ਸੀ,
ਦਿਲ ਦਾ ਪਾਤਰ ਬਣ ਉਸਨੂੰ ਕੋਈ ਕਰਕੇ ਲੀਰੋ ਲੀਰ ਗਿਆ।
ਆਪਣੇ ਨਾਲ ਹੀ ਲੜ ਝਗੜ ਕੇ ਉਹ ਤਾਂ ਜ਼ਖਮੀ ਹੋਇਆ ਸੀ,
ਲੋਕੀਂ ਕਹਿੰਦੇ ਜਿੰਦ ਵਿਚਾਰਾ ਅੰਦਰੋ-ਅੰਦਰੀ ਜ਼ੀਰ ਗਿਆ।

****

ਰੂਹ ਦਾ ਪਤਾਲ......... ਨਜ਼ਮ/ਕਵਿਤਾ / ਬਿੱਟੂ ਬਰਾੜ

ਅੱਖਾਂ ਮੁੰਦੀ
ਲੀਨ ਹੋਇਆ ਬੈਠਾ
ਤੇਰੇ ਵਸਲ ਦੀ
ਖੋਜ ਵਿੱਚ,
ਰੂਹ ਦੇ ਪਤਾਲ
ਵਿੱਚ ਉਤਰਕੇ
ਕਰੇ,
ਚਿਰਾਂ ਤੋਂ
ਇਬਾਦਤ ਤੇਰੀ
ਇੱਕ ਤੱਪਸਵੀ

ਹੈਂ, ਤਾਂ ਮਿਲ ।

ਚੁੱਪ………… ਗਜ਼ਲ / ਗੁਰਮੀਤ ਖੋਖਰ

ਹੋਂਠ ਚੁੱਪ ਨੇ ਜੇ ਇਸਦਾ ਇਹ ਮਤਲਬ ਨਹੀਂ
ਕਿ ਅਸੀਂ ਬੋਲਣਾ ਹੀ ਨਹੀਂ ਜਾਣਦੇ
ਸ਼ੀਸ਼ੇ ਤਿੜਕੇ ਤਿਰੇ ਸਾਡੇ ਚਿਹਰੇ ਨਹੀਂ
ਇਹ ਨਾ ਸਮਝੀਂ ਕਿ ਤੇੜਾਂ ਨਾ ਪਹਿਚਾਣਦੇ

ਰੁੱਖ ਧਰਤੀ ‘ਤੇ ਹੁੰਦੇ ਕਦੀ ਭਾਰ ਨਾ
ਨਾ ਹੀ ਇਹਨਾਂ ਨੇ ਲੁੱਟਿਆ ਕੋਈ ਆਲ੍ਹਣਾ
ਦੋਸ਼ ਝੂਠੇ ਲਗਾ ਮੇਰੇ ਰੁੱਖਾਂ ਦੇ ਸਿਰ
ਆਰੇ ਮਾਸੂਮਾਂ ਉੱਤੇ ਰਹੇ ਤਾਣਦੇ

ਉਹਨਾਂ ਸੂਰਜ ਲੁਕੋਇਆ ਹੈ ਅਪਣੇ ਦਰੀਂ
ਲੱਭਦੇ ਫਿਰਦੇ ਨੇ ਇਸਨੂੰ ਉਹ ਸਾਡੇ ਘਰੀਂ
ਲਾਉਂਦੇ ਇਲਜ਼ਾਮ ਅੰਬਰ ਦੇ ਸਿਰ ਤੇ ਕਦੀ
ਪਾਣੀ ਸਾਗਰ ਦਾ ਫਿਰਦੇ ਕਦੀ ਛਾਣਦੇ

ਸਾਡੇ ਖੰਭਾਂ ਤੋਂ ਨੀਵਾਂ ਇਹ ਅਸਮਾਨ ਸੀ
ਸਾਡੀ ਪਰਵਾਜ਼ ਸਾਡੇ ‘ਤੇ ਹੈਰਾਨ ਸੀ
ਕਾਲਾ ਧੂੰਆਂ ਹੈ ਪੌਣਾਂ ਚ ਭਰਿਆ ਤੁਸੀਂ
ਦੁੱਖ ਦੱਸੀਏ ਕੀ ਖਾਬਾਂ ਦੇ ਢਹਿ ਜਾਣਦੇ

ਅੱਗ ਜੰਗਲ ਨੂੰ ਲੱਗੀ ਬੜੀ ਤੇਜ਼ ਸੀ
ਚਾਰੇ ਪਾਸੇ ਵਿਛੀ ਮੌਤ ਦੀ ਸੇਜ਼ ਸੀ
ਦਰਿਆ ਚੁੱਪਚਾਪ ਕੋਲੋਂ ਦੀ ਲੰਘਦਾ ਰਿਹਾ
ਮੌਜ਼ਾਂ ਸਾਗਰ ‘ਤੇ ਬੱਦਲ ਰਹੇ ਮਾਣਦੇ

ਕਤਲ ਕੀਤੇ ਨੇ ਫੁੱਲ ਖਾਬ ਸਾੜੇ ਤੁਸੀਂ
ਹਊਮੇ ਖਾਤਰ ਨੇ ਵਸਦੇ ਉਜਾੜੇ ਤੁਸੀਂ
ਸਾਵੇ ਰੁੱਖਾਂ ਪਰਿੰਦਿਆਂ ਤੇ ਬੋਟਾਂ ‘ਤੇ ਵੀ
ਜ਼ੁਲਮ ਕੀਤੇ ਕਈ ਅੱਗਾਂ ਬਰਸਾਣਦੇ

ਧਰਤ ਹੱਸੇ ਤੇ ਫੁੱਲ ਖਾਬ ਮਹਿਕਣ ਸਦਾ
ਵਸਣ ਨਦੀਆਂ ਪੰਿਰੰਦੇ ਵੀ ਚਹਿਕਣ ਸਦਾ
ਧੁੱਪ ਸਭ ਨੂੰ ਮਿਲੇ ਛਾਂ ਵੀ ਸਭ ਨੂੰ ਮਿਲੇ
ਐਸੇ ਸੁਪਨੇ ਨੇ ਸਭ ਸਾਡੀ ਅੱਖ ਹਾਣਦੇ


ਮੁਫ਼ਤ 'ਚ ਵੋਟ......... ਨਜ਼ਮ/ਕਵਿਤਾ / ਮਿੰਟੂ ਬਰਾੜ

ਅਜ ਆਸਟ੍ਰੇਲੀਆ ਦੀਆਂ ਵੋਟਾਂ ਯਾਰੋ,
ਸਾਡੇ ਸੀਨੇ ਕਰ ਗਈਆਂ ਚੋਟ।

ਸਾਰਾ ਦਿਨ ਅਸੀਂ ਤੱਕਦੇ ਰਹਿ ਗਏ,
ਪਰ ਨਾ ਚੱਲੇ ਇਥੇ ਦਾਰੂ ਪੋਸਤ, ਨਾ ਹੀ ਚਲੇ ਸੋਟ।

ਕਈਆਂ ਕੋਲ ਜਾਕੇ ਅਸੀਂ ਗਲੀਂ ਬਾਤੀਂ,
ਦੱਸਣੀ ਚਾਹੀ ਆਪਣੇ ਦਿਲ ਦੀ ਖੋਟ।

ਸਾਡੇ ਪਿੰਡ ਤਾਂ ਵੋਟਾਂ ਵਾਲੇ ਦਿਨ,
ਚਮਚਿਆਂ ਦੇ ਚੋਲ਼ਿਆਂ ਵਿੱਚ, ਭਰੇ ਹੁੰਦੇ ਸੀ ਨੋਟ।

ਉਡੀਕ-ਉਡੀਕ ਕੇ ਆਥਣ ਹੋ ਗਈ,
ਪਰ ਇਥੇ ਸਾਡੇ, ਨਾ ਕੋਈ ਨੇਤਾ ਆਇਆ ਲੋਟ,

ਨਾ ਕਿਸੇ ਨੇ ਵੋਟ ਪਵਾਉਣ ਲਈ ਸਵਾਰੀ ਭੇਜੀ,
ਨਹੀਂ ਭੱਲਾਂ ਇਹਨਾਂ ਕੋਲੇ, ਕਾਰਾਂ ਦੀ ਕਿ ਸੀ ਤੋਟ?

ਨਾ ਕਿਸੇ ਨੇ ਮੁਫ਼ਤ ਚ ਲੰਗਰ ਚਲਾਇਆ,
ਦੇਖ ਲੋ ਯਾਰੋ ਅਜ ਵੀ ਅਸੀਂ ਘਰੇ ਹੀ ਪਾੜੇ ਰੋਟ।

ਜੁਰਮਾਨਾ ਹਣੋਂ ਤੋਂ ਡਰਦੇ ਯਾਰੋ,
ਪਾਉਣੀ ਪੈ ਗਈ ਬਰਾੜ ਨੂੰ, ਮੁਫ਼ਤੋ-ਮੁਫ਼ਤੀ ਵੋਟ।







ਮੈਂ ਇੱਕ ਪੰਜਾਬੀ ਗੀਤਕਾਰ ਹਾਂ .........ਗੀਤ / ਜਰਨੈਲ ਘੁਮਾਣ

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ ਵਿੱਚ , ਭਰਦੀ ਰਹਿੰਦੀ ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ , ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ , ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ , ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ ’ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ , ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ , ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ ‘ਘੁਮਾਣ’ , ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥


ਦੁੱਖਾਂ ਦਾ ਆਲਣਾ........ ਨਜ਼ਮ/ਕਵਿਤਾ / ਸ਼ੈਲੀ ਅਰੋੜਾ

ਚਿੜੀਆਂ ਵਾਂਗ
ਚਾਹਿਆ ਕਿ ਮੈਂ ਵੀ
ਆਪਣਾ
ਇੱਕ ਆਲਣਾ ਬਣਾਵਾਂ,
ਜਿਸ ਦਾ ਹਰ ਤੀਲਾ
ਰਿਸ਼ਤਿਆਂ ਤੇ
ਪਿਆਰ ਦੇ ਅਹਿਸਾਸ
ਨਾਲ
ਭਰਪੂਰ ਹੋਵੇ,
ਇੱਕ ਲੰਮੀ ਉਡਾਰੀ
ਲਾਉਂਦੀ
ਤੇ ਇੱਕ ਤੀਲਾ
ਲੱਭ ਲਿਆਉਂਦੀ,
ਪਰ ਆਹ ਕੀ ਹਰ ਵਾਰ
ਲੱਭੇ ਤੀਲੇ ਨੇ
ਮੈਨੂੰ ਨਵੀਂ ਹੀ ਚੁਭਨ
ਦਿੱਤੀ,
ਚਾਹਿਆ ਕਿ
ਤੋੜਦੀ ਜਾਵਾਂ,
ਇਹਨਾਂ ਸਹਾਰਿਆਂ ਨੂੰ
ਪਰ ਨਾਲ ਹੀ
ਇੱਕ ਸੱਚਾਈ ਸਾਹਵੇਂ
ਪੈਂਦੀ ਕਿ
ਇਹਨਾ ਕਰਕੇ ਹੀ ਤਾਂ
ਮੇਰੇ ਘਰ ਦਾ
ਵਜੂਦ ਏ, ਮੇਰਾ ਵਜੂਦ ਏ,
ਜੇ ਇਹ ਟੁੱਟ,
ਬਿਖਰ ਗਏ,
ਤਾਂ ਮੇਰੇ ਸਪਨੇ ਵੀ
ਚੂਰ-ਚੂਰ
ਹੋ ਜਾਣਗੇ,
ਹਿੰਮਤ ਕੀਤੀ, ਦੁੱਖ ਸਹੇ,
ਤੇ ਕੋਸ਼ਿਸ਼ ਨਾਲ
ਲੱਗੀ ਰਹੀ।।
ਇਹਨਾਂ ਨਾਕਾਮ ਸਹਾਰਿਆਂ
ਨੂੰ ਖੜਾ ਕਰਨ 'ਚ
ਤੇ ਉਹ ਦਿਨ ਵੀ
ਆਇਆ
ਜਿਸ ਦਿਨ ਪੂਰਾ ਹੋ ਗਿਆ
ਮੇਰਾ
ਦੁੱਖਾਂ ਦਾ ਆਲਣਾ,
ਭਰ ਆਏ
ਅੱਖਾ 'ਚ ਹੰਝੂ,
ਜਿਸਮ ਤੇ ਜ਼ਖਮ
ਤੇ ਦਿਲ 'ਚ ਅਹਿਸਾਸ
ਕਿ ਬਣ ਗਿਆ
ਮੇਰਾ ਘਰ,
ਜੋ ਬਣਿਆ ਤਾਂ ਬਹੁਤ
ਦੁੱਖਾਂ ਦੇ
ਬਾਦ ਸੀ ਪਰ ਹੁਣ
ਸਕੂਨ ਲੈਣ ਦੀ
ਵਾਰੀ ਮੇਰੀ ਸੀ।।
ਤੇ ਮੈਂ ਅੱਖਾ ਮੁੰਦ ਕੇ
ਬੜੇ ਹੀ ਪਿਆਰ ਤੇ
ਸ਼ਾਤੀ ਨਾਲ ਸੌਂ
ਗਈ
ਆਪਣੇ ਦੁੱਖਾਂ
ਦੇ ਆਲਣੇ 'ਚ।।।।।

****

ਅਰਦਾਸ........ ਗ਼ਜ਼ਲ / ਪ੍ਰਮਿੰਦਰ ਸਿੰਘ ਅਜ਼ੀਜ਼


ਕਰਮਾਂ ਦੇ ਵਿਚ ਪੁੰਨ ਦੇ ਜਾਂ ਪਾਪ ਦੇ
ਨਾਮ ਤੇਰਾ ਮੇਰੇ ਦਿਲ ’ਤੇ ਛਾਪ ਦੇ

ਮੈਂ ਕਿਸੇ ਇਨਸਾਨ ਕੋਲੋਂ ਮੰਗਾਂ ਕਿਉਂ
ਦੇਣਾ ਹੈ ਤੂੰ ਜੋ ਵੀ ਮੈਨੂੰ ਆਪ ਦੇ

ਤੇਰਾ ਸੱਚਾ ਰੂਪ ਦਿਸਦੈ ਇਹਨਾਂ ਵਿਚ
ਬੇਸਹਾਰਾ ਬੱਚਿਆਂ ਨੂੰ ਮਾਂ-ਬਾਪ ਦੇ

ਜਾਨਲੇਵਾ ਰੋਗਾਂ ਨੂੰ ਤੂੰ ਦੂਰ ਕਰ
ਬੇਸ਼ੱਕ ਭਾਵੇਂ ਨਿੱਕੇ-ਮੋਟੇ ਤਾਪ ਦੇ

ਪੂਰਾ ਕਰ ਜ਼ਰੂਰਤਾਂ ਨੂੰ ਤੇ ਸਭ ਦੀ
ਚਾਦਰ ਨੂੰ ਤੂੰ ਪੈਰਾਂ ਜਿੰਨਾ ਨਾਪ ਦੇ

ਬਾਕੀ ਸਾਰਾ ਕੁਝ ਦੇ ਦੇ ਸਭ ਦੇ ਸਾਵ੍ਹੇਂ
ਮਿਹਰ ਤੇਰੀ ਤੂੰ ਮੈਨੂੰ ਚੁਪਚਾਪ ਦੇ

ਸੁਬਹਾ ਤੋਂ ’ਅਜ਼ੀਜ਼’ ਨੂੰ ਤੂੰ ਸ਼ਾਮ ਤਕ
ਨਾਂ ਤੇਰੇ ਦਾ ਹਰ ਇਕ ਸਾਹ ਤੇ ਜਾਪ ਦੇ

ਵਿਸਥਾਰ......... ਗ਼ਜ਼ਲ / ਧਰਮਿੰਦਰ ਭੰਗੂ ਕਾਲੇਮਾਜਰਾ

ਆਪਣੇ ਆਪ ਨੂੰ ਸੀਮਤ ਨਾ ਕਰ, ਆਪਣਾ ਕੁਝ ਵਿਸਥਾਰ ਵੀ ਕਰ ।
ਚਰਚਾ -ਚਿੰਤਨ ਠੀਕ ਨੇ ਤੇਰੇ, ਵਕਤ ਮਿਲੇ ਤਾਂ ਪਿਆਰ ਵੀ ਕਰ ।

ਜਿ਼ੰਦਗੀ ਦੀ ਰਫ਼ਤਾਰ ਤੇਜ਼ ਹੈ, ਰੁੱਝਿਆ ਹੋਇਆ ਹੈ ਹਰ ਬੰਦਾ,
ਕਦੇ ਕਦਾਂਈਂ ਆਉਂਦੇ ਜਾਂਦੇ, ਲਿਆ ਸੱਜਣਾਂ ਦੀ ਸਾਰ ਵੀ ਕਰ ।

ਅਕਲ ਬੜੀ ਹੈ, ਦਾਨਿਸ਼ਵਰ ਹੈਂ ; ਘਰ ਅੰਦਰ ਨਾ ਦੀਵੇ ਬਾਲ਼,
ਚਾਨਣ ਲੈ ਕੇ ਬਾਹਰ ਨਿਕਲ਼, ਦੁਨੀਆਂ ਨੂੰ ਸ਼ਰਸ਼ਾਰ ਵੀ ਕਰ ।

ਜਿੱਤਣ ਦਾ ਤੂੰ ਆਦੀ ਬੇਸ਼ੱਕ, ਇਸ਼ਕ 'ਚ ਐਪਰ ਚੱਲਣਾ ਨਾ ਇਹ,
ਇਸ਼ਕ 'ਚ ਜੇਕਰ ਜਿੱਤਣਾ ਚਾਹੇਂ, ਯਾਰ ਤੋਂ ਜਾਇਆ ਹਾਰ ਵੀ ਕਰ ।

ਤੂੰ ਹੈਂ ਭੋਲ਼ਾ, ਭੋਲ਼ੇਪਣ ਵਿੱਚ ਹੋਣਾ ਹੋਰ ਗੁਜ਼ਾਰਾ ਨਹੀਂ ਹੁਣ,
ਦੁਨੀਆਂ ਦੀ ਹਰ ਚਾਲ ਸਮਝਲੈ, ਖੁਦ ਨੂੰ ਕੁਝ ਹੁਸਿ਼ਆਰ ਵੀ ਕਰ ।

****

ਜੁੱਤੀਆਂ.......... ਕਾਵਿ ਵਿਅੰਗ / ਇੰਦਰਜੀਤ ਪੁਰੇਵਾਲ (ਨਿਊਯਾਰਕ)

ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ।
ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।

ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ,
ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।

ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ,
ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।

ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ,
ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।

ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ,
ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।

ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ,
ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।

ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ,
ਲੰਮਾ ਸਮਾਂ ਹੰਢਦੀਆਂ ਘੋੜ-ਸਵਾਰ ਦੀਆਂ ਜੁੱਤੀਆਂ।

ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ,
ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।

ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ,
ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।

ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆੳਂਦੀਆਂ,
ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।

‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ.
ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।

ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ,
ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।

ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ,
ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ।

****

ਆਜ਼ਾਦੀ………ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)

ਆਜ਼ਾਦੀ ਨੂੰ ਮਨਾਉਣਾ ਸਾਡਾ ਸੱਭ ਦਾ ਫਰਜ਼ ਹੈ
ਰਹੇ ਹਾਂ ਗੁਲਾਮ ਗੱਲ ਕਹਿਣ ‘ਚ ਕੀ ਹਰਜ ਹੈ
ਕੱਟੀਆਂ ਨੇ ਉਮਰਾਂ ਜੋ ਜੇਲ੍ਹਾਂ ਦੀਆਂ ਸੀਖਾਂ ਪਿੱਛੇ
ਭੁਲਾਉ ਕੌਣ ਸਮਾਂ ਜਿਹੜਾ ਪੰਨਿਆਂ ‘ਤੇ ਦਰਜ ਹੈ
ਆਜ਼ਾਦੀ ਨੂੰ ਮਨਾਉਣਾ ਹਰ ਭਾਰਤੀ ਦਾ ਫਰਜ਼ ਹੈ।
ਆਏ ਸੀ ਫਿਰੰਗੀ ਬਾਜ ਕੀਤਾ ਦੋ ਸੌ ਸਾਲ ਰਾਜ
ਜਾਣ ਲੱਗੇ ਦੇ ਗਏ ਤੌਹਫ਼ਾ “ਹਿੰਦੁਸਤਾਨੀ ਦਗ਼ਾਬਾਜ਼”
ਪਤਾ ਨੀ ਸਿਆਸਤਾਂ ਨੂੰ ਕਿੱਦਾਂ ਦੀ ਮਰਜ਼ ਹੈ
ਆਜ਼ਾਦੀ ਨੂੰ ਬਚਾਉਣਾ ਸਾਡਾ ਸੱਭ ਦਾ ਫਰਜ਼ ਹੈ।
ਜੰਮੇ ਹਾਂ ਵਤਨ ਲਈ ਤੇ ਮਿਟਾਂ ਗੇ ਵੀ ਦੇਸ਼ ਲਈ
ਤਿਰੰਗੇ ਦੀ ਬੁਲੰਦੀ ਸਾਡੇ ਸਿਰਾਂ ‘ਤੇ ਕਰਜ਼ ਹੈ
ਆਜ਼ਾਦੀ ਨੂੰ ਮਨਾਉਣਾ ‘ਹਰ- ਇੱਕ’ ਦਾ ਫਰਜ਼ ਹੈ।
ਦਿੱਤੀਆਂ ਸ਼ਹਾਦਤਾਂ ਜੋ ਦੇਸ਼ ਲਈ ਬਾਬਿਆਂ ਨੇ
ਤੁਰਾਂ ਗੇ ਉਸ ਰਾਹ ਸਾਡੇ ਖ਼ੂਨ ਵਿੱਚ ਗਰਜ਼ ਹੈ।
ਆਜ਼ਾਦੀ ਨੂੰ ਮਨਾਉਣਾ ਸਾਡਾ ਸੱਭ ਦਾ ਫਰਜ਼ ਹੈ।
ਹਿੰਦੁਸਤਾਨ ਇੱਕ, ਹਿੰਦੁਸਤਾਨੀ ਸਾਰੇ ਇੱਕ ਨੇ
ਵੰਡਿਆ ਜੋ ਏਕਾ ‘ਗੋਰੀ ਸੋਚ’ ਦੀ ਤਰਜ਼ ਹੈ।
“ਤਿਰੰਗੇ” ਨੂੰ ਸਲਾਮੀ ਸਾਡਾ ਸੱਭ ਦਾ ਫਰਜ਼ ਹੈ।

ਦਰਦ ਦਿਲ ਦਾ.......... ਗ਼ਜ਼ਲ / ਜਸਵੀਰ ਫ਼ਰੀਦਕੋਟ

ਦਰਦ ਦਿਲ ਦਾ ਨਾਂ ਹੋਇਆ ਘੱਟ ਹਾਲੇ,
ਜ਼ਖ਼ਮ ਭਰਿਆ ਹੈ, ਭੁੱਲੀ ਨਾਂ ਸੱਟ ਹਾਲੇ।
ਲੋਕ ਧਰਤ ਤੋਂ ਚੰਨ ਤੀਕ ਜਾ ਆਏ ਨੇ,
ਏ ਅਜੇ ਵੀ ਲਾਉਂਦੇ ਤੋਤੇ ਵਾਂਗੂੰ ਰੱਟ ਹਾਲੇ।
ਚਲਦਾ ਚਲੀਂ ਜੇ ਮੰਜਿ਼ਲ ਸਰ ਕਰਨੀ,
ਬੜੀ ਦੂਰ ਵਾਟ ਮਾਝੀਆ ਤੱਟ ਹਾਲੇ।
ਅਜੇ ਤਾਂ ਤੂਫਾਨਾਂ ਦੀ ਸ਼ੁਰੂਆਤ ਹੀ ਹੈ,
ਮੁਸੀਬਤਾਂ ਆਉਣੀਆਂ ਹੋਰ ਵੀ ਡੱਟ ਹਾਲੇ।
ਪੈਰਾਂ ਦੀ ਬੇੜੀ ਨੂੰ ਵੀ ਕੱਟਾਂਗੇ ਇੱਕ ਦਿਨ,
ਪਹਿਲਾਂ ਜ਼ਹਿਨ ‘ਚ ਬੁਣਿਆ ਜਾਲ ਕੱਟ ਹਾਲੇ।
ਸੋਹਣੀ ਵਾਂਗ ਜੇ ਆਵੇਂ ਚੀਰ ਦਰਿਆਵਾਂ ਨੂੰ,
ਹੈ ਜਿਗਰਾ ਚੀਰ ਖਵਾਂਵਾਂਗਾ ਪੱਟ ਹਾਲੇ।
ਸਮਾਂ ਆਉਣ ਤੇ ਕਰਾਂਗੇ ਜਿ਼ਕਰ“ਜਸਵੀਰ’,
ਸਾਂਭ ਰੱਖ ਸੀਨੇ ਵਿੱਚ ਦੜ੍ਹ ਵੱਟ ਹਾਲੇ।

ਦੋ ਮੂੰਹੇਂ.......... ਨਜ਼ਮ/ਕਵਿਤਾ / ਮਿੰਟੂ ਬਰਾੜ

ਬਚ-ਬਚ ਕੇ ਕਈ ਬਾਰੀ ਮੈਂ ਡੂੰਘੇ ਪਾਣੀਓਂ ਲੰਘਿਆ,
ਪਰ ਜਦ ਵੀ ਮੈਨੂੰ ਡੰਗਿਆ, ਦੋ ਮੁੰਹੇ ਡੰਗਿਆ।

ਰਾਹ ਜਾਂਦੇ ਹਰ ਰਾਹੀ ਦੇ, ਜਜ਼ਬਾਤਾਂ ਨਾਲ ਜੁੜ ਜਾਣਾ,
ਭੋਲੇ ਭਾਲੇ ਮੂੰਹਾਂ ਦੀਆਂ ਤਦਬੀਰਾਂ ਵਿੱਚ ਰੁੜ੍ਹ ਜਾਣਾ।

ਵਗਦੇ ਦਰਿਆਵਾਂ ਦਾ ਕਈ ਬਾਰੀ ਮੁੱਖ ਮੋੜ ਦਿੰਦਾ,
ਪਰ ਇਕ ਅੱਖ ਦਾ ਅੱਥਰੂ ਹੀ ਮੈਨੂੰ ਯਾਰੋ ਡੋਬ ਦਿੰਦਾ।

ਹਰ ਰੋਜ ਲੈਂਦੇ ਰਹੇ ਲੋਕੀ ਇਮਤਿਹਾਂ ਮੇਰੀ ਮੁਰੱਵਤ ਦਾ,
ਲੈ ਗਏ ਕਈ ਲਾਹਾ, ਮੇਰੀ ਪਾਕ ਮੁਹੱਬਤ ਦਾ।

ਮੈਨੂੰ ਹਰਾ ਭਰਾ ਰੱਖਣ ਦੀ ਸਦਾ ਜੋ ਹਾਮੀ ਭਰਦੇ ਰਹੇ,
ਅਸਲੋਂ ਉਹੀ ਲੋਕ ਮੇਰੀ ਜੜ੍ਹ ਨੂੰ ਵੱਢਦੇ ਰਹੇ।

ਲੋਕਾਚਾਰੀ ’ਚ ਸਦਾ ਹੀ ਜਿਉਣਾ ਲੋਚਦਾ ਹਾਂ,
ਜਿਉਣ ਨਾ ਦੇਣ ਇਹ ਦੋ ਮੂੰਹੇਂ, ਆਪਾ ਬੋਚਦਾ ਹਾਂ।

ਇਕ ਮੂੰਹੋਂ, ਜੋ ਮੂੰਹ ਤੇ ਕਹਿੰਦੇ ਸਰਫਰਾਜ ਏ ਮਿੰਟੂ ਨੂੰ,
ਦੂਜੇ ਮੂੰਹੋਂ, ਪਿੱਠ ਤੇ ਖ਼ਬਤੀ ਕਹਿਕੇ ਜਾਣ ਨਿਵਾਜ ਏ ਮਿੰਟੂ ਨੂੰ।

ਬਿਨਾਂ ਉਜ਼ਰ ਦੇ ਕਦੇ ਨਾ ਯਾਰੋ, ਇਕ ਮੂੰਹੇ ਡੰਗਿਆ
ਪਰ ਦੋ ਮੂੰਹਾਂ ਕਦੇ ਨਾ ਪਿੱਠ ਪਿੱਛੇ ਬਾਰ ਕਰਨੋ ਸੰਗਿਆ
ਸੋ ਜਦ ਵੀ ਮੈਨੂੰ ਡੰਗਿਆ, ਦੋ ਮੁੰਹੇ ਡੰਗਿਆ।



1. ਤਦਬੀਰਾਂ/ਚਾਲਾਂ, 2. ਮੁਰੱਵਤ/ਭਲਮਾਣਸੀ, 3. ਸਰਫਰਾਜ/ਸਰਬੋਤਮ, 4. ਖ਼ਬਤੀ/ਕਮਲਾ, 5. ਉਜ਼ਰ/ਕਾਰਣ


ਯਾਦ......... ਗ਼ਜ਼ਲ / ਦਲਵੀਰ ਹਲਵਾਰਵੀ, ਬ੍ਰਿਸਬੇਨ (ਆਸਟ੍ਰੇਲੀਆ)

ਝੁੱਲੀਆਂ ਭਾਵੇਂ ਲੱਖ ਹਨ੍ਹੇਰੀਆਂ ਕਹਿਰ ਦੀਆਂ,
ਫਿਰ ਵੀ ਯਾਦਾਂ ਸਾਂਭੀਆਂ ਤੇਰੇ ਸ਼ਹਿਰ ਦੀਆਂ।

ਸੁੱਕੇਂ ਪੱਤਿਆਂ ਵਾਂਗ ਕਦੋਂ ਤੱਕ ਭਟਕਾਂਗੇ ,
ਲੱਭ ਲੱਭ ਥੱਕੇ ਪੈੜਾਂ ਤੇਰੇ ਪੈਰ ਦੀਆਂ।

ਰਿਸਤਿਆਂ ਦੀ ਕਿੰਝੁ ਲਾਜ ਨਿਭਾਵਾਂ ਦਸ ਮੈਂਨੂੰ,
ਕਿਹੜੇ ਪੀਰ ਤੋਂ ਮਿਲਣ ਮੁਰਾਦਾਂ ਖੈਰ ਦੀਆਂ।

ਪਹੁੰਚ ਨਾ ਸਕਣ ਸ਼ਹਿਰ ਤੇਰੇ ਦੀ ਜੂਹ ਅੰਦਰ,
ਨਿੱਤ ਨਜ਼ਰਾਂ ਸੋਚਾਂ ਦੇ ਜੰਗਲ ਤੈਰਦੀਆਂ।

ਉਸਦੀ ਖੁਸ਼ਬੂ ਇੰਝ ਰਚ ਗਈ ਵਿੱਚ ਸਾਹਵਾ ਦੇ,
ਬੇਅਸਰ ਸਭ ਹੋਈਆਂ ਪੁੜੀਆਂ ਜ਼ਹਿਰ ਦੀਆਂ।

ਸਾਡੇ ਬਾਗ ‘ਚ ਪੱਤਝੜ ਵੇਖ ਹੈਰਾਨ ਨਾ ਹੋ,
ਮਹਿਕਾਂ ਕਦੇ ਨਾ ਇਕ ਥਾਂ ਉ¥ਤੇ ਠਹਿਰਦੀਆਂ।

ਐਵੇਂ ਜਿੱਦ ਨਾ ਕਰ ਮੇਰੇ ਸੰਗ ਤੁਰਨੇ ਦੀ,
ਵਿੰਨ੍ਹ ਦੇਣਗੀਆਂ ਸੂਲਾਂ, ਤਲੀਆਂ ਪੈਰ ਦੀਆਂ।

ਰਾਹਾਂ ਦੇ ਵਿਚ ਫੁੱਲ ਕਲੀਆਂ ਹੀ ਰਹਿਣ ਵਿਛੇ,
ਲਗ ਜਾਵਣ ਨਾ ਨਜ਼ਰਾਂ ਉਸ ਨੂੰ ਗੈਰ ਦੀਆਂ।

ਚਿਹਰਿਆਂ ਦੇ ਸ਼ਹਿਰ……… ਗ਼ਜ਼ਲ / ਦਾਦਰ ਪੰਡੋਰਵੀ

ਚਿਹਰਿਆਂ ਦੇ ਸ਼ਹਿਰ ਜਦ ਤਕ, ਇੱਕ ਵੀ ਸ਼ੀਸ਼ਾ ਨਾ ਸੀ,
ਚਮਕਦੇ ਸੀ ਸਾਰਿਆਂ ਦੇ ਨਕਸ਼, ਦਿਲ ਮੈਲਾ ਨਾ ਸੀ !

ਇਕ ਨਦੀ ਨੂੰ ਸਾਰੀ ਦੀ ਸਾਰੀ ਹੀ ਪਿਆਸੀ ਵੇਖਿਆ,
ਥਲ ਵੀ ਪਿਆਸਾ ਸੀ ਮਗਰ,ਪਿਆਸਾ ਨਦੀ ਜਿੰਨਾ ਨਾ ਸੀ !

ਵੇਖਿਆ ਹੀ ਨਾ ਕਿਸੇ ਨੇ ਤਹਿ ਮੇਰੀ ਨੂੰ ਫੋਲ ਕੇ,
ਸੀ ਮੇਰੇ ਹੇਠਾਂ ਵੀ ਪਾਣੀ , ਮੈਂ ਨਿਰਾ ਰੇਤਾ ਨਾ ਸੀ !

ਰਾਜ਼ - ਗੱਦੀ ਤੋਂ ਮਿਲੇ ਨੇ ਬਾਗ਼ਬਾਨਾਂ ਨੂੰ ਇਨਾਮ,
ਪਰ ਸਿਤਮ,ਹੈ ਬਾਗ਼ ਵਿਚ ਫੁਲ ਕੋਈ ਵੀ ਖਿੜਿਆ ਨਾ ਸੀ !

ਬੰਸਰੀ ਦੀ ਤਾਨ ਦੀ ਸੀ ਖ਼ਬਰ ਸਾਰੇ ਸ਼ਹਿਰ ਵਿਚ,
ਬਾਂਸ ਦੇ ਸੀਨੇ ਚੋਂ ਨਿਕਲੀ ਚੀਕ ਦਾ ਚਰਚਾ ਨਾ ਸੀ !

ਉਮਰ ਭਰ ਫਿਰ ਤਾਂ ਉਡੀਕਾਂ ਦਾ ਸਫ਼ਰ ਚਲਦਾ ਰਿਹਾ,
ਡਾਕ ਨਿੱਤ ਆਉਂਦੀ ਸੀ,ਲੇਕਿਨ ਖ਼ਤ ਕੋਈ ਮੇਰਾ ਨਾ ਸੀ !

ਰੌਸ਼ਨੀ ਦਾ ਸ਼ਹਿਰ ਵੀ ਨੇਰ੍ਹੇ ‘ਚ ਡੁੱਬਾ ਜਾਪਿਆ ,
ਆਪਣੇ ਜਦ ਘਰ‘ਚ ਬਲਦਾ, ਇੱਕ ਵੀ ਦੀਵਾ ਨਾ ਸੀ !

ਕੀ ਪਤਾ, ਕੀ ਹੋ ਗਿਆ ਹੈ ਸ਼ਹਿਰ ਦੇ ਮਾਹੌਲ ਨੂੰ,
ਨੀਂਦ ਵਿਚ ਵੀ ਇਸ ਤਰ੍ਹਾਂ ਇਹ ਸ਼ਹਿਰ ਤਾਂ ਸੌਂਦਾ ਨਾ ਸੀ!

ਆ ਗਏ ਚਿਹਰੇ ਤੋਂ ਆਖ਼ਿਰ, ਹਾਦਸੇ ਕਿੱਦਾਂ ਨਜ਼ਰ,
ਇੱਕ ਵੀ ਤਾਂ ਸ਼ਬਦ ਮੂੰਹੋਂ ਦਰਦ ਦਾ ਕਿਰਿਆ ਨਾ ਸੀ !

ਬੰਦਾ.......... ਗ਼ਜ਼ਲ / ਗੁਰਬਚਨ ਬਰਾੜ ਕੈਲਗਰੀ(ਕੈਨੇਡਾ)

ਹਰ ਇਕ ਵਾਰ ਨੂੰ ਪਹਿਲਾਂ ਬੰਦਾ ਜ਼ਰਦਾ ਹੈ।
ਆਖਰ ਨੂੰ ਹੀ ਸੀਸ ਤਲੀ ਤੇ ਧਰਦਾ ਹੈ।
ਪਾ ਲੈਂਦਾ ਹੈ ਮੰਜ਼ਿਲ ਜੋ ਵੀ ਤੁਰ ਪੈਂਦਾ,
ਰਸਤੇ ਦੇ ਨੇਰ੍ਹੇ ਤੋਂ ਜੋ ਨਾਂ ਡਰਦਾ ਹੈ।
ਬੀਤੇ ਜ਼ਖ਼ਮ ਕੁਰੀਦੀ ਜਾਂਦੇ ਭੈੜੇ ਲੋਕ,
ਚੰਗਾ ਬੰਦਾ ਮਲ੍ਹਮ ਉਨ੍ਹਾਂ ਤੇ ਧਰਦਾ ਹੈ।
ਮਨ ਦੀ ਮੰਨੇ ਜੱਗ ਦੀ ਮੰਨੇ ਸੋਚ ਰਿਹਾ,
ਦੋ ਚਿੱਤੀਆਂ ਵਿੱਚ ਬੰਦਾ ਜਿਉਂਦਾ ਮਰਦਾ ਹੈ।
ਸਾਊ ਬੰਦਾ ਲੋਕਾਂ ਕੋਲੋਂ ਡਰਦੈ ਫ਼ਿਰ,
ਪਹਿਲਾਂ ਆਪਣੇ ਆਪੇ ਕੋਲੋਂ ਡਰਦਾ ਹੈ।
ਜੱਗ ਦੇ ਸਾਹਵੇਂ ਕਰਦਾ ਹੈ ਜੱਗਭਾਉਂਦੀ ਹੀ,
ਉਂਝ ਬਥੇਰੀਆਂ ਮਨ ਆਈਆਂ ਹੀ ਕਰਦਾ ਹੈ।
ਭਗਵਾਂ ਬਾਣਾ ਪਾ ਕੇ ਲੁੱਟਦੇ ਲੋਕਾਂ ਨੂੰ,
ਹ੍ਹਾਕਮ ਵੀ ਚੋਰਾਂ ਦੀ ਹਾਮੀ ਭਰਦਾ ਹੈ।
ਹੌਲੀ ਹੌਲੀ ਪਲਕਾਂ ਚੁੱਕਦੈ ਚੰਦ ਮੇਰਾ,
ਸ਼ਾਇਦ ਸਬਰ ਅਜਮਾਵਣ ਖ਼ਾਤਰ ਕਰਦਾ ਹੈ।
ਬੁੱਢੇ ਰੁੱਖਾਂ ਨੇ ਕਦ ਸੁੱਕ ਕੇ ਝੜ ਜਾਣਾ,
ਛਾਂ ਉਹਨਾਂ ਦੀ ਮਾਨਣ ਨੂੰ ਜੀ ਕਰਦਾ ਹੈ।

ਸੌਦਾ ........ ਨਜ਼ਮ/ਕਵਿਤਾ / ਤਾਰਿਕ ਗੁੱਜਰ

ਆਓ ਅੱਜ ਇੱਕ ਸੌਦਾ ਕਰੀਏ
ਤੁਸੀਂ
ਅਪਣੇ ਗ਼ਜ਼ਨਵੀ ਲੈ ਲਓ
ਨਾਦਰ ਲੈ ਲਓ
ਕਾਸਮ ਲੈ ਲਓ
ਬਾਬਰ ਲੈ ਲਓ

ਸਾਨੂੰ
ਸਾਡੇ ਮਿਰਜ਼ੇ ਦੇ ਦਿਓ
ਦੁੱਲੇ ਦੇ ਦਿਓ
ਵਾਰਿਸ ਸ਼ਾਹ
ਤੇ
ਬੁੱਲ੍ਹੇ ਦੇ ਦਿਓ....

ਬਨਵਾਸ........ ਨਜ਼ਮ/ਕਵਿਤਾ / ਸੰਤੋਖ ਮਿਨਿਹਾਸ

ਨਾ ਸਾਡੀ ਮਾਂ ਮਤਰੇਈ ਸੀ
ਨਾ ਹੀ ਸਾਡੇ ਬਾਪ ਨੂੰ
ਸਰਾਪ ਮਿਲਿਆ ਸੀ

ਇਹ ਤਾਂ ਸਾਡੇ ਚੁੱਲ੍ਹੇ ਦਾ
ਮੱਠਾ ਸੇਕ ਸੀ
ਅਸੀਂ ਅੱਗ ਭਾਲਣ ਤੁਰੇ
ਬਨਵਾਸ ਦੀ ਜੂਨ
ਸਾਡੇ ਹਿੱਸੇ ਆਈ
ਜੀਹਦੀ ਸੁ਼ਰੂਆਤ ਤਾਂ ਸੀ
ਜੀਹਦਾ ਕੋਈ ਅੰਤ ਨਾ ਸੀ

ਰਾਮ ਦੇ ਬਨਵਾਸ ਦੀ
ਤਾਂ ਕੋਈ ਸੀਮਾ ਸੀ
ਉਹਨੂੰ ਤਾਂ ਪਤਾ ਸੀ
ਜਦ ਮੈਂ ਵਾਪਿਸ ਪਰਤਾਂਗਾ
ਅਯੁਧਿਆ ਦੀ ਕੁਰਸੀ
ਉਸਨੂੰ ਸਲਾਮ ਆਖੇਗੀ

ਸਾਨੂੰ ਤਾਂ
ਇਹ ਵੀ ਪਤਾ ਨਹੀਂ
ਵਾਪਿਸ ਪਰਤਾਂਗੇ ਜਾਂ ਨਹੀਂ
ਜਾਂ ਵਾਪਿਸ ਪਰਤਣ ਦੀ ਰੀਝ
ਇਸ ਪਰਤਾਈ ਧਰਤ ‘ਚ
ਦਫ਼ਨ ਹੋ ਜਾਣੀ ਹੈ......

ਸੁਲਗਣ........ ਗ਼ਜ਼ਲ / ਸਮਸ਼ੇਰ ਮੋਹੀ

ਤੇਰਿਆਂ ਕਦਮਾਂ 'ਚ ਨੇ ਜੇ ਸੁਲਗਦੇ ਥਲ ਬੇਹਿਸਾਬ
ਮੇਰੀਆਂ ਪਲਕਾਂ 'ਚ ਛਲਕਣ ਨਾ ਕਿਵੇਂ ਰਾਵੀ, ਚਨਾਬ

ਉਮਰ ਦੇ ਸਭ ਪੰਨਿਆਂ 'ਤੇ ਹਿਜਰ ਹੀ ਜੇ ਦਰਜ ਹੈ
ਮਾਇਨੇ ਕੀ ਵਸਲ ਦੇ ਦੱਸੇਗੀ ਫਿਰ ਕੋਈ ਕਿਤਾਬ

ਕੰਡਿਆਂ 'ਤੇ ਤੁਰਦਿਆਂ ਹੀ ਹੈ ਗ਼ੁਜ਼ਾਰੀ ਉਮਰ ਮੈਂ
ਕੀ ਪਤਾ ਕਿਸ ਨੂੰ ਤੁਸੀਂ ਹੋ ਆਖਦੇ ਸੂਹਾ ਗੁਲਾਬ

ਆਪਣੇ ਆਪੇ ਨੂੰ ਮਿਲਿਆਂ ਯੁੱਗ ਹੈ ਇਕ ਬੀਤਿਆ
ਓਸਦੇ ਪਲ ਪਲ ਦਾ ਹੀ ਰਖਦਾ ਰਿਹਾ ਮੈਂ ਤਾਂ ਹਿਸਾਬ

ਇਸ ਤਰ੍ਹਾਂ ਦੀ ਨੀਂਦ ਦੇ ਮੇਰੇ ਲਈ ਲਈ ਕੀ ਅਰਥ ਨੇ
ਜਿਸ 'ਚ ਉਸਦੀ ਮਹਿਕ ਰੰਗੇ ਹੋਣ ਨਾ ਅਣਗਿਣਤ ਖ਼ਾਬ

ਦੂਰ ਏਥੋਂ ਬਰਸਦੇ ਬੱਦਲ ਨੂੰ ਏਨਾ ਤਾਂ ਕਹੀਂ
ਯਾਦ ਕਰਦਾ ਹੈ ਬੜਾ ਤੈਨੂੰ ਕਿਤੇ ਸੁਕਦਾ ਤਲਾਬ

ਰੋਟੀ……… ਨਜ਼ਮ/ਕਵਿਤਾ / ਸੁਮਿਤ ਟੰਡਨ




ਭੁੱਖੇ ਢਿੱਡ ਨਾ ਘਰ ਤੋਂ ਤੁਰੀਏ, ਚਾਹੇ ਲੱਖ ਮਜਬੂਰੀ
ਰਿਜਕ ਲਈ ਤੂੰ ਫਿਰਨਾ ਮਿੱਤਰਾ, ਰੋਟੀ ਬਹੁਤ ਜ਼ਰੂਰੀ।
ਸਬਰ ਪਿਆਲਾ ਮਹਿੰਗਾ ਭਰਦਾ, ਸਸਤੀ ਮਿਲੇ ਗ਼ਰੂਰੀ,
ਰੁੱਖੀ ਸੁੱਕੀ ਹੱਸ ਕੇ ਖਾ ਲੈ, ਨਹੀਂ ਮਿਲਦੀ ਜੇ ਚੂਰੀ।
ਟੁੱਕੜਾਂ ਖ਼ਾਤਰ ਕੂਕਰ ਫਿਰਦੇ, ਟੁੱਕੜਾਂ ਲਈ ਫਕੀਰ,
ਜਿੱਥੇ ਮੋਹਰ ਹੈ ਦਾਣੇ ਦੀ, ਉੱਥੇ ਲੈ ਜਾਵੇ ਤਕਦੀਰ।
ਚੋਗ ਖਿਲਾਰੀ ਦਾਤੇ ਨੇ ਉਹਨੂੰ ਚੁਗਦੀ ਪਈ ਅਹੀਰ,
ਢਿੱਡ ਦੀ ਖ਼ਾਤਰ ਮਾਸ ਨੂੰ ਵੇਚਾਂ, ਹੌਅਕਾ ਦਏ ਜ਼ਮੀਰ।
ਭੁੱਖਿਆਂ ਨੂੰ ਨਾ ਬੁਰਕੀ ਕਿਧਰੇ, ਰੱਜਿਆਂ ਦੇ ਘਰ ਦਾਣੇ
ਖੀਸਾ ਜਿਸਦਾ ਪੈਸਿਆਂ ਦਾ, ਉਹਦੇ ਕਮਲੇ ਦਿਸਣ ਸਿਆਣੇ।
ਰੋਟੀ ਦੀ ਲਾਚਾਰੀ ਦੇ ਵਿੱਚ ਉਲਝੇ ਤਾਣੇ ਬਾਣੇ
ਜਦੋਂ ਬੁਰਕੀ ਡਿੱਗ ਪਈ ਦਾਤੇ ਦੀ, ਫ਼ਿਰ ਮੌਲਾ ਕੌਣ ਪਛਾਣੇ ?
ਕਈ ਰੋਟੀ ਖ਼ਾਤਰ ਪੈੱਨ ਫੜਦੇ, ਕਈ ਰੋਟੀ ਖ਼ਾਤਰ ਤੀਰ
ਨਿੱਕੇ ਹੱਥ ਜਦੋਂ ਰੋੜੀ ਕੁੱਟਦੇ, ਦੇਖ ਕੇ ਵਗਦਾ ਨੀਰ।
ਨਾ ਤੂੰ ਰੱਜਿਆ ਨਾ ਮੈਂ ਰੱਜਿਆ, ਨਾ ਰੱਜੇ ਸਾਡੇ ਪੀਰ
ਭੁੱਖ ਮੇਰੇ ਲਈ ‘ਰਾਂਝਾ’ ਬਣ ਗਈ, ਰੋਟੀ ਬਣ ਗਈ ‘ਹੀਰ’।