ਸ਼ਹੀਦ ਭਗਤ ਸਿੰਘ.......... ਨਜ਼ਮ/ਕਵਿਤਾ / ਸੁਰਜੀਤ ਪਾਤਰ

ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ

ਮੈਨੂੰ ਅੱਜ-ਕਲ੍ਹ ਨਾਜ਼ ਹੈ ਆਪਣੇ ਆਪ 'ਤੇ
ਹੁਣ ਤਾਂ ਬੜੀ ਬੇਤਾਬੀ ਨਾਲ਼
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ

ਤੇ ਆਖਰੀ ਇਮਤਿਹਾਨ ਵਿੱਚੋਂ
ਉਹ ਇਸ ਸ਼ਾਨ ਨਾਲ਼ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ 'ਤੇ

ਉਸ ਨੇ ਕਦ ਕਿਹਾ ਸੀ: ਮੈਂ ਸ਼ਹੀਦ ਹਾਂ

ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਉਸ ਨੂੰ ਕਿਹਾ ਸੀ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ

ਤੁਸੀਂ ਹੁਣ ਧਰਤੀ ਨਾਲ਼ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ਼ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ਼ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋਂ....................

ਨੌ-ਜਵਾਨ ਭਗਤ ਸਿੰਘ..........ਨਜ਼ਮ/ਕਵਿਤਾ/ ਜਸਵੰਤ ਜ਼ਫ਼ਰ

ਮੇਰੇ ਦਾਦੇ ਦੇ ਜਨਮ ਵੇਲੇ ਤੂੰ ਬਾਰਾਂ ਵਰ੍ਹਿਆਂ ਦਾ ਸੀ
ਸ਼ਹੀਦੀ ਖੂਨ ਨਾਲ਼ ਭਿੱਜੀ
ਜਲ੍ਹਿਆਂ ਵਾਲ਼ੇ ਬਾਗ਼ ਦੀ ਮਿੱਟੀ ਨਮਸਕਾਰਦਾ

ਦਾਦਾ ਬਾਰਾਂ ਵਰ੍ਹਿਆਂ ਦਾ ਹੋਇਆ

ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ
ਤੇਰਾ ਸ਼ਹੀਦੀ ਵੇਲਾ ਸੀ
ਦਾਦਾ ਗੱਭਰੂ ਹੋਇਆ ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ
ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ

ਮੈਂ 24 ਸਾਲ ਦਾ ਹੋਇਆ
ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੈਂ24,26,27.......37 ਸਾਲ ਦਾ ਹੋਇਆ
ਤੂੰ 24 ਸਾਲ ਦਾ ਭਰ ਜਵਾਨ ਗੱਭਰੂ ਹੀ ਰਿਹਾ
ਮੈਂ ਹਰ ਜਨਮ ਦਿਨ ‘ਤੇ
ਬੁਢਾਪੇ ਵਲ ਇਕ ਕਦਮ ਵਧਦਾ ਹਾਂ
ਤੂੰ ਹਰ ਸ਼ਹੀਦੀ ਦਿਨ ‘ਤੇ
24 ਸਾਲਾ ਭਰ ਜਵਾਨ ਗੱਭਰੂ ਹੁੰਦਾ ਹੈਂ

ਉਂਜ ਅਸੀਸ ਤਾਂ ਸਾਰੀਆਂ ਮਾਂਵਾਂ ਦਿੰਦੀਆਂ ਨੇ
“ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇ”
ਪਰ ਤੂੰ ਸੱਚਮੁੱਚ ਜਿਉਂਦਾ ਹੈਂ ਭਰ ਜਵਾਨ ਗੱਭਰੂ
ਸਦਾ ਜਵਾਨੀਆਂ ਮਾਣਦਾ ਹੈਂ
ਜਿਨ੍ਹਾਂ ਅਜੇ ਵੀ ਪੈਦਾ ਹੋਣਾ ਹੈ
ਉਨ੍ਹਾਂ ਗੱਭਰੂਆਂ ਦੇ ਵੀ ਹਾਣਦਾ ਹੈਂ.........

ਖ਼ਾਬ 'ਚ ਮੈਥੋਂ.......... ਗ਼ਜ਼ਲ / ਸੁਰਜੀਤ ਜੱਜ

ਖ਼ਾਬ 'ਚ ਮੈਥੋਂ ਇੱਕੋ ਹੀ ਗੱਲ ਨਿੱਤ ਪਾ ਕੇ ਵਲ-ਛਲ ਪੁੱਛਦਾ ਹੈ
ਇੱਕ ਪਰਿੰਦਾ ਰੋਜ਼ ਨਵੇਂ ਪਿੰਜਰੇ ਦਾ ਖੇਤਰਫਲ ਪੁੱਛਦਾ ਹੈ

ਤੇਰੇ ਦਿਲਕਸ਼ ਬਦਨ 'ਚੋਂ ਰਿਸਦਾ,ਕੋਹਜ ਮੈਂ ਕਿਸ ਨੂੰ ਅਰਪਾਂ ਜਾ ਕੇ
ਹਰ ਇੱਕ ਸ਼ਹਿਰ ਦੇ ਕੋਲੋਂ ਲੰਘਦਾ, ਠਹਿਰ ਕੇ ਗੰਗਾ-ਜਲ ਪੁੱਛਦਾ ਹੈ


ਉਸ ਨੇ ਸਾਡੇ ਸਫ਼ਰ ਦੀ ਗਾਥਾ,ਉਹ ਚਿਤਵੀ ਹੈ, ਜਿਸ ਵਿੱਚ ਥਾਂ ਥਾਂ
"ਕਿਸ ਬੇੜੀ ਵਿੱਚ ਛੇਕ ਨੇ ਕਿੰਨੇ ", ਦਰਿਆਵਾਂ ਨੂੰ ਥਲ ਪੁੱਛਦਾ ਹੈ

ਮੈਨੂੰ ਵੇਚਣ ਤੋਂ ਪਹਿਲਾਂ ਉਹ ਮੇਰੀ ਮਰਜ਼ੀ ਜਾਣ ਰਹੇ ਨੇ
ਅੰਤਿਮ-ਇੱਛਾ ਜਿਵੇਂ ਕਿਸੇ ਦੀ, ਖ਼ੁਦ ਉਸ ਦਾ ਕਾਤਲ ਪੁੱਛਦਾ ਹੈ

ਧੀ ਦਾ ਮੁਜਰਾ ਵੇਖਦਾ ਬਾਬਲ, ਕਿਹੜੀ ਅਕਲ ਸਹਾਰੇ ਹੱਸਦੈ
ਏਸ ਸਿਆਣੇ ਸ਼ਹਿਰ ਸਾਰੇ ਨੂੰ, ਇਕਲੌਤਾ ਪਾਗਲ ਪੁੱਛਦਾ ਹੈ

ਤੂੰ ਆਖੇਂ ਤਾਂ ਮੈਂ ਇਸ ਧੁਖਦੀ ਝੀਲ 'ਤੇ ਕਿਣਮਿਣ ਕਰ ਹੀ ਆਵਾਂ
ਪਲਕ ਮੇਰੀ 'ਤੇ ਲਰਜ਼ਦਾ ਹੰਝੂ, ਮੈਥੋਂ ਇਹ ਹਰ ਪਲ ਪੁੱਛਦਾ ਹੈ

ਵਾਹ ਤੇਰੀ ਵਿਗਿਆਪਨਕਾਰੀ, ਤੇਰੇ ਸ਼ੀਸ਼ੇ ਦੇ ਪਾਣੀ ਤੋਂ
ਮੇਰੇ ਦਰਿਆਵਾਂ ਦਾ ਪਾਣੀ, ਕੀ ਹੁੰਦੀ , ਕਲ-ਕਲ ਪੁੱਛਦਾ ਹੈ

ਚੰਗਾ ਲੇਖਕ ਬਣਨ ਦੇ ਚਾਹਵਾਨਾਂ ਲਈ.......... ਲੇਖ / ਰਸੂਲ ਹਮਜ਼ਾਤੋਵ

ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿੱਧਾ ਉਤਾਂਹ ਵੱਲ ਨੂੰ ਛੂਟ ਵੱਟਦਾ ਹੈ। ਉਹ ਠਾਠ ਨਾਲ਼ ਉਡਦਾ, ਹੋਰ ਉਚਾ, ਹੋਰ ਉਚਾ ਹੋਈ ਜਾਂਦਾ ਹੈ। ਆਖਰ ਦਿਸਣੋ ਹਟ ਜਾਂਦਾ ਹੈ।

ਕੋਈ ਵੀ ਚੰਗੀ ਕਿਤਾਬ ਇੰਜ ਹੀ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਮੀਆਂ ਚੌੜੀਆਂ ਭੂਮਿਕਾਵਾਂ ਦੇ। ਕਈ ਵਾਰ ਅਸਾਨੀ ਨਾਲ਼ ਲਿਖੀ ਕਵਿਤਾ ਪੜ੍ਹਨੀ ਮੁਹਾਲ ਹੋ ਜਾਂਦੀ ਹੈ। ਕਈ ਵਾਰ ਬੜੇ ਔਖੇ ਹੋ ਕੇ ਲਿਖੀ ਕਵਿਤਾ ਪੜ੍ਹਨੀ ਸੌਖੀ ਹੁੰਦੀ ਹੈ। ਰੂਪ ਤੇ ਵਸਤੂ, ਕੱਪੜਿਆਂ ਤੇ ਕੱਪੜੇ ਪਾਉਣ ਵਾਲ਼ੇ ਵਾਂਗ ਹੁੰਦਾ ਹੈ। ਜੇ ਆਦਮੀ ਚੰਗਾ, ਚੁਸਤ ਤੇ ਉਚੇ ਆਚਰਣ ਵਾਲਾ਼ ਹੋਵੇ ਤਾਂ ਉਸ ਦੇ ਕੱਪੜੇ ਕਿਉਂ ਨਾ ਉਸ ਦੇ ਗੁਣਾਂ ਨਾਲ਼ ਮੇਲ ਖਾਂਦੇ ਹੋਣ। ਜੇ ਆਦਮੀ ਖ਼ੂਬਸੂਰਤ ਹੋਵੇ ਤਾਂ ਉਸ ਦੇ ਵਿਚਾਰ ਕਿਉਂ ਨਾ ਉਸੇ ਤਰ੍ਹਾਂ ਦੇ ਹੋਣ।

ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿਚ ਬੜੀ ਖ਼ੂਬਸੂਰਤ ਹੁੰਦੀ ਹੈ। ਪਰ ਅਕਲੋਂ ਖਾਲੀ। ਜੇ ਤੀਖਣ-ਬੁੱਧੀ ਵਾਲ਼ੀ ਹੁੰਦੀ ਹੈ ਤਾਂ ਦੇਖਣ ਵਿਚ ਕੁਝ ਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸ ਤਰਾਂ ਵਾਪਰ ਸਕਦਾ ਹੈ । ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿਚ ਚਮਕ ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਕਲਾ ਕੌਸ਼ਲਤਾ ਵਾਲੇ਼ ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।
ਜਗਤ ਪ੍ਰਸਿੱਧ ਰਾਵਿੰਦਰ ਨਾਥ ਟੈਗੋਰ ਦਾ ਇਕ ਭਰਾ ਸੀ ਜਿਹੜਾ ਆਪ ਵੀ ਲੇਖਕ ਸੀ। ਉਹ ਭਾਰਤੀ ਸਾਹਿਤ ਦੀ ਬੰਗਾਲੀ ਧਾਰਾ ਨਾਲ਼ ਸਬੰਧਤ ਸੀ। ਟੈਗੋਰ ਆਪਣੇ ਆਪ ਵਿਚ ਇਕ ਧਾਰਾ ਸੀ। ਆਪਣੇ ਆਪ ਵਿਚ ਇਕ ਪੂਰਾ ਰੁਝਾਨ ਸੀ। ਇਹ ਸੀ ਫਰਕ ਦੋਹਾਂ ਭਰਾਵਾਂ ਵਿਚ । ਰਾਵਿੰਦਰ ਨਾਥ ਟੈਗੋਰ ਦੀ ਰੂਹ ਵਿਚ ਆਪਣੀ ਤਰ੍ਹਾਂ ਦਾ ਇਕ ਪੰਛੀ ਰਹਿੰਦਾ ਸੀ ਜਿਹੜਾ ਦੂਜਿਆਂ ਨਾਲ਼ ਬਿਲਕੁਲ ਨਹੀਂ ਮਿਲਦਾ ਸੀ। ਉਸ ਤੋਂ ਪਹਿਲਾਂ ਕਦੇ ਇਹੋ ਜਿਹਾ ਪੰਛੀ ਨਹੀਂ ਸੀ ਹੋਇਆ। ਇਸ ਨੂੰ ਕਲਾ ਦੀ ਦੁਨੀਆਂ ਵਿਚ ਭੇਜਿਆ ਸਾਰੇ ਵੇਖ ਸਕਦੇ ਸਨ ਕਿ ਇਹ ਪੰਛੀ ਰਾਵਿੰਦਰ ਨਾਥ ਟੈਗੋਰ ਦਾ ਹੈ। ਜੇ ਕੋਈ ਕਲਾਕਾਰ ਆਪਣਾ ਪੰਛੀ ਛੱਡਦਾ ਹੈ ਤੇ ਉਹ ਜਾ ਕੇ ਬਿਲਕੁਲ ਆਪਣੇ ਵਰਗੇ ਪੰਛੀਆਂ ਵਿਚ ਮਿਲ ਜਾਂਦਾ ਹੈ, ਤਾਂ ਉਹ ਕਲਾਕਾਰ ਨਹੀਂ ਹੈ। ਇਸ ਦਾ ਮਤਲਬ ਉਸਨੇ ਜਿਹੜਾ ਪੰਛੀ ਭੇਜਿਆ ਸੀ, ਉਹ ਉਸਦਾ ਆਪਣਾ ਨਹੀਂ ਸੀ। ਅਸਾਧਾਰਨ ਜਾਂ ਅਦਭੁਤ ਨਹੀਂ, ਸਾਧਾਰਨ ਜਿਹੀ ਚਿੜੀ ਸੀ। ਉਸ ਨੂੰ ਕੋਈ ਚਿੜੀਆਂ ਦੇ ਝੁਰਮਟ 'ਚੋਂ ਨਿਖੇੜ ਨਹੀਂ ਸਕੇਗਾ।

ਬੰਦੇ ਦਾ ਆਪਣਾ ਚੁੱਲ੍ਹਾ ਚੌਂਕਾ ਹੋਣਾ ਚਾਹੀਦਾ ਹੈ। ਜਿਥੇ ਉਹ ਅੱਗ ਬਾਲ਼ ਸਕੇ। ਜਿਹੜਾ ਕੋਈ ਐਸੇ ਘੋੜੇ 'ਤੇ ਚੜ੍ਹ ਬੈਠਦਾ ਹੈ, ਜਿਹੜਾ ਉਸਦਾ ਆਪਣਾ ਨਹੀਂ, ਉਹ ਜਲਦੀ ਜਾਂ ਸਮਾਂ ਪਾ ਕੇ ਉਸ ਤੋਂ ਉਤਰ ਜਾਏਗਾ ਜਾਂ ਮਾਲਕ ਨੂੰ ਵਾਪਸ ਕਰ ਦੇਵੇਗਾ। ਦੂਜਿਆਂ ਦੇ ਵਿਚਾਰਾਂ ਉਪਰ ਕਾਠੀ ਨਾ ਪਾਓ, ਆਪਣੇ ਵਿਚਾਰਾਂ ਨੂੰ ਕਾਬੂ ਵਿਚ ਲਿਆਓ।

ਕੁਝ ਲੋਕੀ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿਚ ਵਿਚਾਰਾਂ ਦੀ ਭੀੜ ਉਹਨ'ਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੈ ਸਗੋਂ ਇਸ ਲਈ ਕਿ ਉਹਨਾਂ ਦੀਆਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ। ਕੁਝ ਹੋਰ ਨੇ ਜਿਹੜੇ ਕਵਿਤਾ ਲਿਖਦੇ ਨੇ, ਇਸ ਲਈ ਨਹੀਂ ਕਿ ਉਨ੍ਹਾਂ ਦੇ ਦਿਲਾਂ ਵਿਚ ਡੂੰਘੇ ਜਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ.......।

ਖੈਰ, ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਿਉਂ ਅਚਾਨਕ ਕਵਿਤਾ ਲਿਖਣ ਲੱਗ ਪੈਂਦੇ ਹਨ। ਉਨ੍ਹਾਂ ਦੀਆਂ ਤੁਕਾਂ ਸੁੱਕੇ ਅਖਰੋਟਾਂ ਵਾਂਗ ਹੁੰਦੀਆਂ ਹਨ। ਇਹ ਲੋਕ ਆਪਣੇ ਆਸ ਪਾਸ ਨਜ਼ਰ ਮਾਰਨ ਤੋਂ ਪਹਿਲਾਂ ਇਹ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਕੀ ਵਾਪਰ ਰਿਹਾ ਹੈ। ਉਹ ਸੁਣਨਾ ਤੇ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਕਿਹੜੀਆਂ ਮਿਠੀਆਂ ਆਵਾਜਾਂ, ਗੀਤਾਂ ਤੇ ਧੁਨਾਂ ਨਾਲ਼ ਭਰੀ ਪਈ ਹੈ।

ਇਹ ਪੁੱਛਿਆ ਜਾ ਸਕਦਾ ਹੈ ਕਿ ਆਦਮੀ ਨੂੰ ਅੱਖਾਂ ਕੰਨ ਤੇ ਜ਼ੁਬਾਨ ਕਿਉਂ ਦਿੱਤੀ ਗਈ ਹੈ? ਕਾਰਨ ਜ਼ਰੂਰ ਇਹ ਹੋਏਗਾ ਕਿ ਇਸ ਤੋਂ ਪਹਿਲਾਂ ਕਿ ਜ਼ੁਬਾਨ ਤੋਂ ਨਿਕਲ ਕੇ ਇਕ ਵੀ ਲਫਜ਼ ਦੁਨੀਆਂ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਅਤੇ ਦੋ ਕੰਨਾਂ ਨੂੰ ਜ਼ਰੂਰ ਕੁਝ ਸੁਣਨ ਦਾ ਕੰਮ ਕਰਨਾ ਚਾਹੀਦਾ ਹੈ। ਨਿਰੋਲ ਸ਼ਬਦ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਇਹ ਲਾਹਨਤ, ਵਧਾਈ, ਸੁੰਦਰਤਾ, ਦਰਦ, ਚਿੱਕੜ, ਫੁੱਲ, ਝੂਠ, ਸੱਚ, ਚਾਨਣ, ਹਨ੍ਹੇਰਾ ਭਾਵ ਕੁਝ ਵੀ ਸਕਦਾ ਹੈ।
ਤੁਸੀਂ ਬੇਸ਼ੱਕ ਕਿਸੇ ਦੂਜੀ ਬੋਲੀ ਵਿੱਚ ਲਿਖੋ, ਜੇ ਤੁਸੀਂ ਉਸਨੂੰ ਆਪਣੀ ਮਾਂ ਬੋਲੀ ਨਾਲੋਂ ਜਿ਼ਆਦਾ ਚੰਗੀ ਤਰਾਂ ਜਾਣਦੇ ਹੋ। ਜਾਂ ਫਿਰ ਆਪਣੀ ਮਾਂ ਬੋਲੀ ਵਿਚ ਜੇ ਤੁਸੀਂ ਕੋਈ ਦੂਜੀ ਬੋਲੀ ਠੀਕ ਤਰ੍ਹਾਂ ਨਹੀਂ ਜਾਣਦੇ। ਵਿਸ਼ਾ ਸਮਾਨ ਦੇ ਭਰੇ ਸੰਦੂਕ ਵਾਂਗ ਹੈ। ਸ਼ਬਦ ਇਸ ਸੰਦੂਕ ਦੀ ਕੁੰਜੀ ਹਨ, ਪਰ ਅੰਦਰਲਾ ਸਮਾਨ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ, ਬੇਗਾਨਾ ਨਹੀਂ। ਕੁਝ ਲੇਖਕ ਇਕ ਵਿਸ਼ੇ ਤੋਂ ਦੂਜੇ ਵਿਸ਼ੇ ਵੱਲ ਭੱਜੇ ਫਿਰਦੇ ਹਨ ਤੇ ਇਕ ਵਿਚ ਵੀ ਸਿਰੇ ਤੱਕ ਨਹੀਂ ਪੁੱਜਦੇ। ਉਹ ਸੰਦੂਕ ਦਾ ਢੱਕਣ ਚੁੱਕ ਲੈਂਦੇ ਹਨ। ਉਪਰਲੀਆਂ ਚੀਜ਼ਾਂ ਡੇਗ ਦਿੰਦੇ ਤੇ ਭੱਜ ਜਾਂਦੇ ਹਨ। ਸੰਦੂਕ ਦੇ ਹਕੀਕੀ ਮਾਲਕ ਨੂੰ ਪਤਾ ਹੋਏਗਾ ਕਿ ਜੇ ਵਿਚਲੀਆਂ ਚੀਜ਼ਾਂ ਨੂੰ ਧਿਆਨ ਨਾਲ਼ ਇਕ ਇਕ ਕਰਕੇ ਬਾਹਰ ਕੱਢਿਆ ਜਾਵੇ ਤਾਂ ਹੇਠਾਂ ਹੀਰਿਆਂ ਦੀ ਭਰੀ ਪਟਾਰੀ ਨਜ਼ਰ ਆਵੇਗੀ। ਜਿਹੜੇ ਲੋਕ ਇਕ ਤੋਂ ਦੂਜੇ ਵਿਸ਼ੇ ਵੱਲ ਭੱਜਦੇ ਹਨ, ਉਹ ਉਸ ਬਦਨਾਮ ਵਿਆਕਤੀ ਵਾਂਗ ਹਨ ਜਿਹੜਾ ਬਹੁਤੇ ਵਿਆਹ ਕਰਵਾਉਣ ਕਰਕੇ ਬਦਨਾਮ ਸੀ। ਉਸ ਨੇ ਅਠਾਈ ਵਿਆਹ ਕਰਵਾਏ ਪ੍ਰੰਤੂ ਅਖੀਰ ਉਸ ਕੋਲ਼ ਇਕ ਵੀ ਤੀਵੀਂ ਨਹੀਂ ਸੀ।
ਵਿਸ਼ੇ ਦੀ ਤੁਲਨਾ ਕਿਸੇ ਇਕੋ ਇਕ ਤੇ ਕਾਨੂੰਨੀ ਪਤਨੀ, ਜਾਂ ਇਕੋ ਇਕ ਮਾਂ ਜਾਂ ਇਕਲੌਤੇ ਬੱਚੇ ਨਾਲ਼ ਨਹੀਂ ਕੀਤੀ ਜਾ ਸਕਦੀ। ਇਹ ਇਸ ਲਈ ਕਿ ਬੰਦੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਮੇਰਾ ਵਿਸ਼ਾ ਹੈ, ਹੋਰ ਕੋਈ ਇਸ ਨੂੰ ਛੂਹਣ ਦੀ ਹਿੰਮਤ ਨਹੀਂ ਕਰ ਸਕਦਾ। ਅਜਿਹਾ ਨਹੀਂ ਹੈ। ਇਕ ਵਾਰ ਇਕ ਲੇਖਕ, ਦੂਜੇ ਲੇਖਕ ਨੂੰ ਗਾਲ੍ਹਾਂ ਕੱਢ ਰਿਹਾ ਸੀ ਕਿ ਉਸਨੇ ਉਸ ਦਾ ਵਿਸ਼ਾ ਚੁਰਾ ਲਿਆ ਹੈ। ਇਹ ਲੇਖਕ ਇੰਜ ਲੋਹਾ ਲਾਖਾ ਹੋ ਰਿਹਾ ਸੀ ਜਿਵੇਂ ਕੋਈ ਉਹ ਕੋਈ ਕੁੜੀ ਉਧਾਲ ਕੇ ਲੈ ਗਿਆ ਹੋਵੇ ਜਿਸਨੂੰ ਉਹ ਇਸ਼ਕ ਕਰਦਾ ਹੋਵੇ। ਦੂਜੇ ਲੇਖਕ ਦਾ ਜਵਾਬ ਸੀ ਇਮਾਮ ਉਹ ਬਣ ਸਕਦਾ ਹੈ ਜਿਸ ਦੀ ਤਲਵਾਰ ਵਧੇਰੇ ਤੇਜ਼ ਤੇ ਗਜ਼ਬ ਦੀ ਹੋਵੇ। ਵਹੁਟੀ ਉਸਦੀ ਨਹੀਂ ਹੁੰਦੀ ਜਿਸਨੂੰ ਵਿਚੋਲਾ ਭੇਜਦਾ ਹੈ,ਸਗੋਂ ਉਸਦੀ ਹੁੰਦੀ ਹੈ ਜਿਹੜਾ ਉਸਨੂੰ ਵਿਆਹ ਲੈਂਦਾ ਹੈ। ਸਚਮੁਚ ਇਕੋ ਵਿਸ਼ੇ ਉਤੇ, ਇਕ ਦੂਜੇ ਤੋਂ ਆਜ਼ਾਦ ਕਈ ਲੇਖਕ ਕੰਮ ਕਰ ਸਕਦੇ ਹਨ। ਸਾਹਿਤ ਦੇ ਖੇਤਰ ਵਿਚ ਸਾਂਝੇ ਫਾਰਮ ਨਹੀਂ ਹੋ ਸਕਦੇ। ਹਰ ਲੇਖਕ ਦਾ ਆਪਣਾ ਖੇਤ ਹੁੰਦਾ ਹੈ ਤੇ ਆਪਣਾ ਹੀ ਸਿਆੜ ਭਾਵੇਂ ਉਹ ਕਿੰਨਾ ਵੀ ਤੰਗ ਕਿਉਂ ਨਾ ਹੋਵੇ।

ਚੰਨ ਅਸਮਾਨ 'ਚ ਕੰਬਦਾ.......... ਗ਼ਜ਼ਲ / ਜਸਵਿੰਦਰ

ਚੰਨ ਅਸਮਾਨ 'ਚ ਕੰਬਦਾ ਵੇਖ ਗ਼ਜ਼ਬ ਦਾ ਖੇਲ
ਜਗਦੇ ਦੀਵੇ ਪੀ ਰਹੇ ਇਕ ਦੂਜੇ ਦਾ ਤੇਲ

ਰਿਸ਼ਤੇ, ਰੀਝਾਂ, ਅੱਥਰੂ ਮਿਲਣ ਬਾਜ਼ਾਰੋਂ ਆਮ
ਕੀ ਹੁਣ ਦਰਦ ਵਿਯੋਗ ਦਾ ਕੀ ਰੂਹਾਂ ਦਾ ਮੇਲ


ਥਾਏਂ ਖੜ੍ਹੀ ਉਡੀਕਦੀ ਯਾਤਰੀਆਂ ਦੀ ਭੀੜ
ਲੀਹਾਂ ਛੱਡ ਅਸਮਾਨ 'ਤੇ ਦੌੜ ਰਹੀ ਹੈ ਰੇਲ

ਧੁੱਪ ਵਿਚ ਰੰਗ ਨਾ ਰੌਸ਼ਨੀ ਪੀਲੀ ਜ਼ਰਦ ਸਵੇਰ
ਪਾਣੀ ਪਾਣੀ ਹੋ ਗਈ ਫੁੱਲ 'ਤੇ ਪਈ ਤਰੇਲ

ਦਿਲ ਦੇ ਆਖੇ ਲੱਗ ਕੇ ਭੁੱਲ ਕੇ ਘਰ ਦੀ ਰੀਤ
ਸਾਵੇ ਰੁੱਖ 'ਤੇ ਚੜ੍ਹ ਗਈ ਗਮਲੇ ਦੀ ਇੱਕ ਵੇਲ

ਸੁਪਨੇ ਵਿੱਚ ਮੰਡਰਾ ਰਿਹਾ ਇੱਕ ਪੰਛੀ ਬੇਚੈਨ
ਜਿਸ ਦੇ ਨੈਣੀਂ ਗਰਦਿਸ਼ਾਂ ਖੰਭਾਂ ਹੇਠ ਦੁਮੇਲ

ਮੈਂ ਸੋਚਾਂ ਇਹ ਡਾਲ ਹੈ ਠੀਕ ਆਲ੍ਹਣੇ ਯੋਗ
ਤੂੰ ਸੋਚੇਂ ਇਸ ਡਾਲ ਦੀ ਬਣਨੀ ਖੂਬ ਗੁਲੇਲ

ਦੇਸਾਂ ਵਿਚ ਪਰਦੇਸ.......... ਨਜ਼ਮ/ਕਵਿਤਾ / ਤਾਰਿਕ ਗੁੱਜਰ

ਸਾਡਾ ਖਵਰੇ ਕਿਆ ਬਣੇਗਾ
ਅਸੀਂ ਵੇਲੇ ਦੀ ਨਿਗਾਹ ਵਿਚ
ਜ਼ੁਰਮ ਹਾਂ
ਸਮੇਂ ਦਾ ਚੱਕੀਰਾਹਾ
ਖਵਰੇ ਕਦ ਤਾਈਂ

ਚੁੰਝਾਂ ਮਾਰ ਮਾਰ
ਸਾਡੇ ਵਜੂਦ ਤੇ
ਸਾਡੇ ਨਾ ਕੀਤੇ ਗੁਨਾਹਾਂ ਦਾ
ਹਿਸਾਬ ਲਿਖੀ ਜਾਏਗਾ
ਅਸੀਂ ਖਿੜਨ ਤੋਂ ਪਹਿਲਾਂ
ਸੂਲਾਂ ਪਰੁੱਤੇ ਫੁੱਲ
ਖਵਰੇ ਕਦ ਤਾਂਈਂ
ਬਹਾਰ ਤੇ ਖਿਜ਼ਾਂ
ਏਕਾ ਕੀਤੀ ਜਾਣਗੇ
ਸਾਡੀਆਂ ਸੱਧਰਾਂ ਦਾ
ਲਹੂ ਪੀਤੀ ਜਾਣਗੇ
ਅਸੀਂ ਦੇਸਾਂ ਵਿਚ ਪਰਦੇਸ
ਅਸੀਂ ਘਰਾਂ ਵਿਚ ਪ੍ਰਾਹੁਣੇ
ਖੌਰੇ ਕਦ ਤਾਈਂ
ਸਾਡੀ ਮਿੱਟੀ
ਸਾਨੂੰ ਪਛਾਣਨ ਤੋਂ
ਇਨਕਾਰੀ ਰਹੇਗੀ

ਕੁੜੀਆਂ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ

ਜਦੋਂ ਮੈਂ
ਨਿੱਕਾ ਜਿੰਨਾ ਹੁੰਦਾ ਸਾਂ
ਸੋਲ਼ਾਂ ਸਾਲਾਂ ਦੀਆਂ ਕੁੜੀਆਂ
ਮੈਨੂੰ "ਮਾਵਾਂ" ਲਗਦੀਆਂ ਸਨ


ਵੱਡਾ ਹੋਇਆ
ਇਹ ਕੁੜੀਆਂ
"ਮਹਿਬੂਬ" ਬਣ ਗਈਆਂ

ਹੁਣ
ਮੇਰੀਆਂ ਬੁੱਢੀਆਂ ਅੱਖਾਂ ਲਈ
ਇਹ ਕੁੜੀਆਂ
"ਧੀਆਂ" ਬਣ ਗਈਆਂ ਨੇ

****

ਮੈਂ ਤੇ ਚੌਂਕੀਦਾਰ

ਚੌਂਕੀਦਾਰ
ਮੇਰੇ ਘਰ ਦੇ ਅੱਗੇ
ਸੀਟੀ ਨਹੀਂ ਵਜਾਉਂਦਾ

ਜਾਗਦੇ ਰਹੋ
ਦੀ ਆਵਾਜ਼ ਨਹੀਂ ਲਾਉਂਦਾ
ਇਲਮ ਹੈ ਉਸਨੂੰ
ਕਿ ਜਾਗਦਾ ਹਾਂ ਮੈਂ

ਪਤਾ ਹੈ ਉਸਨੂੰ
ਚੰਗਾ ਨਹੀਂ ਹੁੰਦਾ
ਬਸ ਸੌਂ ਜਾਣਾ

ਜਾਗ ਰਹੇ ਹਾਂ
ਮੈਂ ਅਤੇ ਚੌਂਕੀਦਾਰ
ਇਕ ਪੇਟ-ਭੁੱਖ ਲਈ
ਇਕ ਮਨ-ਤ੍ਰਿਪਤੀ ਲਈ

ਸ਼ਹਿਰ ਬੇਖ਼ਬਰ ਸੌਂ ਰਿਹਾ ਹੈ ।

ਹੱਸ ਕੇ ਵੀ ਮਿਲਣਗੇ.......... ਗ਼ਜ਼ਲ / ਜਸਪਾਲ ਘਈ

ਹੱਸ ਕੇ ਵੀ ਮਿਲਣਗੇ, ਗਲਵਕੜੀ ਵੀ ਪਾਣਗੇ
ਲੋਕ ਪਰ ਖਬਰੇ ਕਦੋਂ ਖੰਜਰ ਦੇ ਵਿਚ ਢਲ਼ ਜਾਣਗੇ

ਜ਼ਹਿਰ ਦੇ ਪਿਆਲੇ ਤੇ ਲਿਖਿਆ ਹੋਏਗਾ ਆਬੇ-ਹਯਾਤ
ਮਰਨਗੇ ਲੋਕੀ ਮਗਰ ਸੁਕਰਾਤ ਨਹੀਂ ਅਖਵਾਉਣਗੇ


ਰਾਮ ਮੰਦਰ ਨੂੰ, ਖ਼ੁਦਾ ਮਸਜਿਦ ਨੂੰ ਖਾਲੀ ਕਰ ਗਿਆ
ਰੱਬ ਅਣਕੀਤੇ ਗੁਨਾਹ ਕਦ ਤੱਕ ਉਠਾਈ ਜਾਣਗੇ

ਜਿੱਤ ਲਈ ਸਿਆਸਤ ਵੀ ਖੇਡੀ ਜਾਏਗੀ, ਸ਼ਤਰੰਜ ਵੀ
ਬਸ ਕਿਤੇ ਬੰਦੇ ਕਿਤੇ ਬੰਦੇ ਕਿਤੇ ਮੋਹਰੇ ਲੜਾਏ ਜਾਣਗੇ

ਬੰਦਿਆਂ ਦੇ ਦਿਲ 'ਚ ਬਹਿ ਕੇ ਦੇਖ ਮਹਿਫਿਲ ਐ ਦਿਲਾ
ਹੋਣਗੇ ਹਾਸੇ ਕਿਤੇ, ਅਥਰੂ ਕਿਤੇ ਮੁਸਕਾਉਣਗੇ।

ਰੁਕਿਆ ਹੋਇਆ ਸਾਹ.......... ਰੁਬਾਈ / ਬਿਸਮਿਲ ਫ਼ਰੀਦਕੋਟੀ

ਰੁਕਿਆ ਹੋਇਆ ਸਾਹ ਹੋ ਕੇ ਰਵਾਂ ਮਚਲੇਗਾ।
ਗਾਏਗੀ ਹਵਾ ਮਸਤ ਸਮਾਂ ਮਚਲੇਗਾ।
ਠਿੱਲਣਗੀਆਂ ਕਈ ਸੋਹਣੀਆਂ ਕੱਚਿਆਂ ਉੱਤੇ,
ਜਦ ਇਸ਼ਕ ਦੇ ਨੈਣਾਂ 'ਚੋਂ ਝਨਾਂ ਮਚਲੇਗਾ।

****

ਹਮਦਰਦ ਵਿਚਾਰੇ ਵੀ ਸਰਕ ਜਾਂਦੇ ਨੇ।
ਹਿੰਮਤ ਦੇ ਹੁੰਗਾਰੇ ਵੀ ਸਰਕ ਜਾਂਦੇ ਨੇ।
ਪੈ ਜੇ ਤਰਕਾਲ਼ ਗ਼ਮਾਂ ਦੀ ਡੂੰਘੀ,
ਆਕਾਸ਼ 'ਚੋਂ ਤਾਰੇ ਵੀ ਸਰਕ ਜਾਂਦੇ ਨੇ।

****

ਸ਼ਰਮਾ ਕੇ ਅਤੇ ਨੀਵੀਆਂ ਪਾ ਕੇ ਨਾ ਚਲਾ।
ਹਾੜ੍ਹਾ ਈ ਕਿ ਨਜ਼ਰਾਂ ਨੂੰ ਝੁਕਾ ਕੇ ਨਾ ਚਲਾ।
ਨਜ਼ਦੀਕ ਹੀ ਬੈਠੇ ਹਾਂ ਕੋਈ ਦੂਰ ਨਹੀਂ,
ਤੀਰ ਏਦਾਂ ਕਮਾਨਾਂ ਨੂੰ ਲਿਫਾ ਕੇ ਨਾ ਚਲਾ।

ਹਮਸਫਰਾਂ ਦੇ ਹੋਠਾਂ ਉੱਤੇ.......... ਗ਼ਜ਼ਲ / ਬਰਜਿੰਦਰ ਚੌਹਾਨ

ਹਮਸਫਰਾਂ ਦੇ ਹੋਠਾਂ ਉੱਤੇ ਖ਼ਾਮੋਸ਼ੀ ਦੇ ਤਾਲੇ ਸੀ
ਕੌਣ ਕਿਸੇ ਦਾ ਦੁਖ ਵੰਡਾਉਂਦਾ, ਸਭ ਦੇ ਪੈਰੀਂ ਛਾਲੇ ਸੀ

ਕੋਲ ਗਏ ਤਾਂ ਜ਼ਹਿਰੀ ਧੂੰਆਂ, ਕਹਿਰੀ ਅੱਗ ਨਜ਼ਰ ਆਈ
ਬਾਂਸਾਂ ਦੇ ਜੰਗਲ ਵਿਚ ਦੂਰੋਂ ਦਿਸਦੇ ਬਹੁਤ ਉਜਾਲੇ ਸੀ


ਅੰਨ੍ਹੇ ਦੇ ਹੱਥਾਂ ਵਿਚ ਸ਼ੀਸ਼ਾ, ਬੋਲੇ਼ ਦੇ ਹੱਥਾਂ ਵਿਚ ਸਾਜ਼
ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ

ਆਖ਼ਰ ਤੀਕ ਮਿਲਣ ਨਾ ਦਿੱਤਾ ਜਿਸ ਨੇ ਮੈਨੂੰ ਮੇਰੇ ਨਾਲ਼
ਉਮਰ ਗੁਆ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ਼ ਸੀ

ਮੇਰੇ ਦਿਲ ਦਾ ਹਾਲ ਮੁਸਾਫਿਰਖਾਨੇ ਵਾਲਾ ਹੋਇਆ ਹੈ
ਏਥੇ ਜੋ ਵੀ ਆਏ ਇਕ ਦੋ ਘੜੀਆਂ ਠਹਿਰਨ ਵਾਲੇ਼ ਸੀ

ਮੈਂ ਹੀ ਦਰਿਆ.......... ਗ਼ਜ਼ਲ / ਸੁਸ਼ੀਲ ਦੁਸਾਂਝ

ਮੈਂ ਹੀ ਦਰਿਆ, ਮੈਂ ਹੀ ਕਿਸ਼ਤੀ, ਮੇਰੇ ਵਿਚ ਪਤਵਾਰ ਰਵ੍ਹੇ
ਪਾਣੀ ਵਿਚ ਰਹਿ ਕੇ ਵੀ ਮੇਰਾ ਪਾਣੀਆਂ ਸੰਗ ਤਕਰਾਰ ਰਵ੍ਹੇ

ਜਿੱਥੇ ਮੋਹ ਦੀਆਂ ਤੰਦਾਂ ਹੋਵਣ ਉਸ ਘਰ ਵਿਚ ਪਰਵਾਰ ਰਵ੍ਹੇ
ਉੱਥੇ ਰਹਿਣ ਵਿਕਾਉ ਰਿਸ਼ਤੇ, ਜਿਸ ਘਰ ਵਿਚ ਬਾਜ਼ਾਰ ਰਵ੍ਹੇ


ਦੁਬਿਧਾ ਦੇ ਜੰਗਲ 'ਚੋਂ ਨਿਕਲ, ਰੁੱਤ ਬਦਲਣ ਵਿਚ ਰੱਖ ਯਕੀਨ
ਪੱਤਝੜ ਵਿੱਚ ਵੀ ਰੁੱਖਾਂ ਦੀਆਂ ਅੱਖਾਂ ਵਿਚ ਬਹਾਰ ਰਵ੍ਹੇ

ਹਾੜ੍ਹੀ-ਸਾਉਣੀ ਹੀ ਨਹੀਂ ਹੁਣ ਤਾਂ ਹਰ ਪਲ ਮਿਹਨਤ ਲੁੱਟ ਹੁੰਦੀ
ਖੇਤਾਂ ਨੂੰ ਹੁਣ ਹਰ ਪਲ ਆਫਤ ਹਰ ਮੌਸਮ ਦੀ ਮਾਰ ਰਵ੍ਹੇ

ਭੁੱਖ ਕੀ ਹੁੰਦੀ ਉਹ ਕੀ ਜਾਣਨ, ਸੰਗਤ ਰੁਲ਼ਦੀ ਦਰਬਾਰੀਂ
ਫਰਕ ਕੀ ਪੈਂਦੈ ਖਾਨ ਹੈ ਰਾਜਾ ਜਾਂ ਕੋਈ ਸਰਦਾਰ ਰਵ੍ਹੇ

ਸੁੱਚੇ ਹੋਠਾਂ ਦੀ ਮਹਿਕ.......... ਨਜ਼ਮ/ਕਵਿਤਾ / ਸਾਧੂ ਸਿੰਘ (ਪ੍ਰੋ:)

ਸਾਡੇ ਅੰਬਰਾਂ ਤੇ ਰਾਤ ਰਹੇ
ਸੀਨੇ ਵਿੱਚ ਭੱਠ ਤਪਦੇ,
ਅੱਖਾਂ ਵਿੱਚ ਬਰਸਾਤ ਰਹੇ।

ਕਿਵੇਂ ਸੌਂ ਗਈਆਂ ਅੱਖੀਆਂ ਵੇ

ਵਰ੍ਹਿਆਂ ਨਾ ਜਿ਼ਦ ਜਿ਼ਦ ਕੇ
ਰਾਤਾਂ ਜਿਨ੍ਹਾਂ ਵਿਚ ਲੱਥੀਆਂ ਵੇ।

ਤੇਰੇ ਮਹਿਲਾਂ ਨੂੰ ਰਾਹ ਕੋਈ ਨਾ
ਤੇਰੇ ਲਈ ਹੋਠ ਸੁੱਚੇ
ਪਰ ਜਗ ਦਾ ਵਿਸਾਹ ਕੋਈ ਨਾ।

ਕਦੇ ਅੱਖੀਆਂ ਨਾ ਭਰੀਆਂ ਵੇ
ਸੁੱਕੇ ਹੋਏ ਸਾਗਰਾਂ ਲਈ
ਦੋ ਬੂੰਦਾਂ ਨਾ ਸਰੀਆਂ ਵੇ।

ਤੈਨੂੰ ਮਨ 'ਚ ਵਸਾਇਆ ਵੇ
ਸਾਹਾਂ ਦਾ ਧੁਖਣ ਧੁਖੇ
ਤਨ ਬਾਲਣ ਡਾਹਿਆ ਵੇ।

ਤੇਰਾ ਤਾਜ ਨਾ ਲਹਿ ਜਾਣਾ
ਸਾਡੇ ਕੋਲ ਸੁਪਨੇ ਬਚੇ
ਸਾਡਾ ਸੁਪਨਾ ਹੀ ਲੈ ਜਾਣਾ।

ਨਾ ਰੋ ਤਕਦੀਰਾਂ ਨੂੰ
ਮਰਜ਼ਾਂ ਨੂੰ ਮਹਿਕ ਬਣਾ
ਛੱਡ 'ਸਾਧੂ ' ਫ਼ਕੀਰਾਂ ਨੂੰ।

ਤੁਹਾਡੇ ਕੋਲ ਜੇਕਰ.......... ਗ਼ਜ਼ਲ / ਸਤੀਸ਼ ਗੁਲਾਟੀ

ਤੁਹਾਡੇ ਕੋਲ ਜੇਕਰ ਅਣਕਹੇ ਸ਼ਬਦਾਂ ਦੀ ਸੋਹਬਤ ਹੈ
ਮੈਂ ਦਾਅਵੇ ਨਾਲ਼ ਕਹਿ ਸਕਦਾਂ ਤੁਹਾਨੂੰ ਵੀ ਮੁਹੱਬਤ ਹੈ

ਇਹ ਕੈਸਾ ਸ਼ਖ਼ਸ ਹੈ ਜਿਸ ਵਿੱਚ ਸਿ਼ਕਾਇਤ ਨਾ ਬਗਾਵਤ ਹੈ
ਇਸ ਕੇਹੀ ਭਟਕਣਾ ਜਿਸ ਦੀ ਨਾ ਸੂਰਤ ਹੈ ਨਾ ਸੀਰਤ ਹੈ


ਮੈਂ ਮਨ ਦੀ ਕੈਦ ਵਿੱਚ ਵੀ ਹਾਂ ਤੇ ਮਨ ਨੂੰ ਕੈਦ ਵੀ ਰੱਖਦਾਂ
ਤੇ ਮੇਰੇ ਕੋਲ ਜੋ ਕੁਝ ਵੀ ਹੈ ਉਹ ਮਨ ਦੀ ਬਦੌਲਤ ਹੈ

ਮੇਰਾ ਵਿਸ਼ਵਾਸ ਹੈ ਬੱਚਿਓ, ਤੁਹਾਡੇ ਕੰਮ ਆਵੇਗੀ
ਅਸਾਡੇ ਕੋਲ ਜੋ ਥੋੜ੍ਹੀ ਜਿਹੀ ਸ਼ਬਦਾਂ ਦੀ ਦੌਲਤ ਹੈ

ਇਹ ਸਲੀਕਾ ਵੀ.......... ਗ਼ਜ਼ਲ / ਜਗਵਿੰਦਰ ਜੋਧਾ

ਇਹ ਸਲੀਕਾ ਵੀ ਅਸਾਨੂੰ ਜੀਣ ਲਈ ਸਿਖਣਾ ਪਿਆ
ਰੋਜ਼ ਮੁਰਦਾ ਕੁਰਸੀਆਂ ਦੇ ਸਾਹਮਣੇ ਝੁਕਣਾ ਪਿਆ

ਜਿਸ ਤਰ੍ਹਾਂ ਦਾ ਤਖਤ ਤੇ ਤਲਵਾਰ ਨੂੰ ਮਨਜੂ਼ਰ ਸੀ
ਹਰ ਕਲਮ ਨੂੰ ਉਸ ਤਰ੍ਹਾਂ ਦਾ ਤਬਸਰਾ ਲਿਖਣਾ ਪਿਆ


ਦੁਸ਼ਮਣਾਂ ਦੀ ਭੀੜ ਵਿਚ ਯਾਰਾਂ ਦੇ ਕੁਝ ਚਿਹਰੇ ਮਿਲੇ
ਬੇਵਸੀ ਵਿਚ ਸਾਰਿਆਂ ਨੂੰ ਹੀ ਗਲ਼ੇ ਮਿਲਣਾ ਪਿਆ

ਭੁੱਖ ਨੇ ਕੁਝ ਇਸ ਤਰ੍ਹਾਂ ਲਾਚਾਰ ਕੀਤੀ ਜਿ਼ੰਦਗੀ
ਆਬਰੂ ਨੂੰ ਖ਼ੁਦ ਬ ਖ਼ੁਦ ਬਾਜ਼ਾਰ ਵਿਚ ਵਿਕਣਾ ਪਿਆ

ਤੋੜ ਕੇ ਟਾਹਣੀ ਤੋਂ ਪੱਤੇ ਨੂੰ ਅਵਾਰਾ ਕਰ ਗਈ
ਪੌਣ ਦੀ ਮਰਜ਼ੀ ਮੁਤਾਬਕ ਥਾਂ ਕੁ ਥਾਂ ਉੱਡਣਾ ਪਿਆ

ਮੁਹੱਬਤ.......... ਨਜ਼ਮ/ਕਵਿਤਾ / ਸੁਸ਼ੀਲ ਰਹੇਜਾ

ਜੋ ਮੁਹੱਬਤ ਕਰ ਸਕਦਾ
ਉਹ ਹੀ ਬਗ਼ਾਵਤ ਕਰ ਸਕਦਾ

ਜੋ ਬਗ਼ਾਵਤ ਕਰ ਸਕਦਾ
ਉਹ ਹੀ ਮਰ ਸਕਦਾ


ਜੋ ਮਰ ਸਕਦਾ
ਉਹ ਹੀ ਮੁਹੱਬਤ ਕਰ ਸਕਦਾ ।

ਮੈਂ ਐਸੇ ਰਾਹ ਤਲਾਸ਼ੇ ਨੇ..........ਗ਼ਜ਼ਲ / ਰਾਜਿੰਦਰਜੀਤ

ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠ ਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ

ਬਿਗਾਨੇ ਸ਼ਹਿਰ ਵਿਚ ਖੁਸ਼ ਰਹਿਣ ਦਾ ਸਾਮਾਨ ਹੈ ਸਾਰਾ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ


ਲਿਹਾਜ਼ੀ ਆਖਦੇ ਮੈਨੂੰ ਕਿ ਅਪਣੇ ਘਰ ਦੇ ਬੂਹੇ ‘ਤੇ
ਮੈਂ ਤਖਤੀ ਤਾਂ ਲੁਆਈ ਹੈ ਪਰ ਉਸ ‘ਤੇ ਨਾਂ ਨਹੀਂ ਕੋਈ

ਸੁਰਾਹੀ ਸਮਝ ਕੇ ਖ਼ੁਦ ਨੂੰ ਨਦੀ, ਛੋਟਾ ਕਹੇ ਘਰ ਨੂੰ
ਤੇ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ

ਮੁਸਾਫਿ਼ਰ ਮੰਜਿ਼ਲਾਂ ਦੀ ਥਾਂ ਕਿਵੇਂ ਨਾ ਜਾਣ ਮਕ਼ਤਲ ਨੂੰ
ਮਨਾਂ ਵਿਚ ਧੁੱਪ ਹੈ ਪੱਸਰੀ, ਸਿਰਾਂ ‘ਤੇ ਛਾਂ ਨਹੀਂ ਕੋਈ

ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ

ਸੁਲਗਦੀਆ ਗੁੱਡੀਆਂ ਪਟੋਲੇ..........ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ.)

ਵਿਕਟੋਰੀਆ (ਆਸਟ੍ਰੇਲੀਆ) ਦੇ ਨਗਰਾਂ ਦੇ ਨਾਂ

ਉਹ ਜਦ ਰਾਤ ਆਪਣੇ ਘਰੀਂ ਸੁੱਤੇ
ਹਿੱਕ ਚ ਕਈ ਆਸਾਂ ਸੁੱਤੀਆਂ ਸਨ ਨਾਲ -

ਦੈਂਤ ਵਾਂਗ ਪਹਿਲਾਂ ਇੱਕ
ਨੱਚਦੀ ਡੈਣ ਅੰਗਿਆਰ ਬੋਝੇ ਚ ਪਾ ਕੇ ਆਈ

ਜਿਹਨੂੰ ਕਈ ਅਗਨ ਦੇਵਤਾ ਕਹਿੰਦੇ ਹਨ-
ਬੇਸ਼ਰਮ ਜੇਹੀ ਕੁੜੀ ਵਾਂਗ
ਘਰਾਂ ਦੇ ਘਰ ਰਾਖ ਕਰ ਟੁਰ ਗਈ-

ਪਤਾ ਨਹੀਂ ਇਹ ਕਿਉਂ ਨਰਾਜ਼ ਸੀ ਕੁੜੀ-

ਇਹਦੇ ਦਰ ਕਿਸੇ ਨੇ ਖਬਰੇ
ਨਹੀਂ ਸੀ ਚੜ੍ਹਾਇਆ ਅਰਗ
ਨਾ ਪੂਜਾ ਦਾ ਦੀਪ ਬਾਲਿਆ-

ਨੇੜੇ ਖੜਾ ਇਕ ਹੋਰ ਪਵਨ ਦੇਵਤਾ
ਵੀ ਨਾਲ ਹੋ ਤੁਰਿਆ-
ਹਵਾ ਨੇ ਅੱਗ ਨਾਲ ਰਲ ਕੇ
ਤਨ ਮਨ ਸੁਆਹ ਕਰ ਖਿੰਡਾ ਦਿਤੇ-

ਹਵਾਵਾਂ ਚੋਂ ਰਾਗਨੀਆਂ ਮਰ ਗਈਆਂ ਸਨ ਓਦਣ
ਪੰਛੀ ਮਰਸੀਏ ਗਾ ਰਹੇ ਸਨ-
ਕਬਰਾਂ ਦੇ ਰਾਹਾਂ ਚ ਭਟਕ ਗਏ ਬੁੱਢੇ ਵਕਤ-
ਵੰਝਲੀਆਂ ਨੇ ਨਾਗਣੀਆਂ ਬਣ ਆ ਡੰਗਿਆ-

ਨਾ ਥ੍ਰੀ ਜ਼ੀਰੋ ਸੀ
ਨਾ ਕੋਈ ਹੀਰੋ ਸੀ-

ਸੁਨਾਮੀ ਵੇਲੇ ਜਲ ਦੇਵਤਾ ਕਹਿਰਵਾਨ ਹੋਇਆ ਸੀ-
ਸ਼ਹਿਰਾਂ ਦੇ ਸ਼ਹਿਰ ਨਿਗਲ ਗਿਆ-
ਤੇ ਹੁਣ ਅਗਨ ਤੇ ਪਵਨ ਦੇਵਤੇ
ਵਿਕਟੋਰੀਆ ਦਾ ਨਗਰ 2 ਖਾ ਗਏ ਰਲਮਿਲ-

ਤੇ ਉਹ ਜਦ ਘਰਾਂ ਨੂੰ ਪਰਤੇ
ਨਾ ਘਰ ਸਨ ਨਾ ਰੁੱਖ
ਬਸ ਸਿਰਫ਼ ਬਚੇ ਸਨ ਰਾਹਾਂ ਦੇ ਨਿਸ਼ਾਨ
ਜਾਂ ਇੱਟਾ, ਪੱਥਰ ਤੇ ਖੰਡਰ
ਜਾਂ ਸੁਲਗਦੀਆ ਗੁੱਡੀਆਂ ਪਟੋਲੇ
ਘਰਾਂ ਦੇ ਨਾਂ ਨਿਸ਼ਾਨ ਤਾਂ ਖਾ ਗਏ ਦੇਵਤੇ

ਕੀ ਦੇਵਤੇ ਇੰਜ਼ ਸੋਚਦੇ ਹਨ ?
ਜਾਂ ਸਾਡੀ ਹੀ ਸੋਚ ਤੇ ਪਰਦਾ ਪੈ ਗਿਆ ਹੈ-

ਰਾਖ਼ਸ਼ ਕਹੋ ਇਹੋ ਜੇ ਦੇਵਤਿਆਂ ਨੂੰ-

ਕੀ ਕਦੇ ਇੰਜ਼ ਵੀ ਰੀਝਾਂ ਬਲਦੀਆਂ
ਦੇਖੀਆਂ ਜਾਂਦੀਆਂ ਹਨ ਸਾਹਮਣੇ
ਕੀ ਕਦੇ ਯਾਦਾਂ ਦੀਆਂ ਦੁਪਹਿਰਾਂ ਵੀ
ਧੁਖਦੀਆਂ ਦੇਖ ਸਕਦਾ ਹੈ ਕੋਈ?