ਸ਼ਬਦ ਸਾਂਝ – ਮਾਂ ਬੋਲੀ ਦੀ ਸੇਵਾ ਲਈ ਨਿਗੁਣਾ ਉਪਰਾਲਾ.......... ਸੰਪਾਦਕੀ / ਸੁਨੀਲ ਚੰਦਿਆਣਵੀ (ਮੁੱਖ ਸੰਪਾਦਕ)


ਅੱਜ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਪ੍ਰਤੀ ਕਾਫੀ ਜਿ਼ਆਦਾ ਫਿ਼ਕਰਮੰਦੀ ਜ਼ਾਹਿਰ ਕੀਤੀ ਜਾ ਰਹੀ ਹੈ, ਜਿਸ ਦੀ ਜ਼ਰੂਰਤ ਵੀ ਹੈ। ਭਾਵੇਂ ਕਿ ਪੰਜਾਬੀ ਆਪਣੇ ਆਪ ਵਿਚ ਏਨੀ ਸ਼ਕਤੀਸ਼ਾਲੀ ਹੈ, ਫਿਰ ਵੀ ਇਸ ਦੀ ਸਥਿਤੀ ਪ੍ਰਤੀ ਚੇਤੰਨਤਾ ਦਾ ਹੋਣਾ ਅਤਿ ਲਾਜ਼ਮੀ ਹੈ। ਅੱਜ ਪੰਜਾਬੀ ਪਿਆਰਿਆਂ ਦੇ ਦੁਹਾਈ ਪਾਉਣ ‘ਤੇ ਪੰਜਾਬ ਸਰਕਾਰ ਨੇ ਵੀ ਪੰਜਾਬੀ ਨੂੰ ਪੰਜਾਬ ਵਿਚ ਪੂਰਨ ਤੌਰ ‘ਤੇ ਲਾਗੂ ਕਰਨ ਦਾ ਅਹਿਦ ਲਿਆ ਹੈ। ਜੋ ਸ਼ੁਭ ਸ਼ਗਨ ਹੈ। ਭਾਵੇਂ ਕਿ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਦੂਸਰੀਆਂ ਭਾਸ਼ਾਵਾਂ ਢਾਹ ਲਾ ਰਹੀਆਂ ਹਨ, ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬੀਆਂ ਨੇ ਹਿੰਦੀ, ਅੰਗ੍ਰੇਜ਼ੀ ਭਾਸ਼ਾਵਾਂ ਨੂੰ ਫੈਸ਼ਨ ਦੇ ਤੌਰ ‘ਤੇ ਜਾਂ ਸਟੇਟਸ ਸਿੰਬਲ ਬਣਾ ਲਿਆ ਹੈ। ਉਚ ਸ਼੍ਰੇਣੀ ਕਹਾਉਣ ਵਾਲ਼ੇ ਲੋਕ ਪੰਜਾਬੀ ਤੋਂ ਪ੍ਰਹੇਜ਼ ਕਰਦੇ ਹਨ ਤੇ ਅੰਗ੍ਰੇਜ਼ੀ ਨਾਲ਼ ਹੇਜ ਜਤਾਉਂਦੇ ਹਨ। ਪਰ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਪੰਜਾਬੀ ਨੇ ਸੂਬਿਆਂ ਦੀਆਂ ਹੀ ਨਹੀਂ ਦੇਸ਼ਾਂ ਦੀਆਂ ਹੱਦਾਂ ਵੀ ਪਾਰ ਕਰ ਲਈਆਂ ਹਨ। ਇਸ ਵਿਚ ਸੱਭ ਤੋਂ ਵੱਡਾ ਯੋਗਦਾਨ ਪੰਜਾਬੀ ਸਾਹਿਤ ਅਤੇ ਸੰਗੀਤ ਦਾ ਰਿਹਾ ਹੈ।

ਜਿਹੜੇ ਲੋਕ ਵਿਦੇਸ਼ਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਇਧਰਲੇ ਲੋਕਾਂ ਨਾਲ਼ੋਂ ਵੀ ਜਿ਼ਆਦਾ ਮੋਹ ਹੈ ਪੰਜਾਬੀ ਨਾਲ਼। ਵਿਦੇਸ਼ਾਂ ਵਿਚ ਉਹ ਲੋਕ ਸਾਹਿਤਕ, ਸੱਭਿਆਚਾਰਕ, ਸੰਗੀਤਕ ਮਹਿਫਿ਼ਲਾਂ ਦਾ, ਸਮਾਗਮਾਂ ਦਾ ਆਯੋਜਨ ਕਰਦੇ ਰਹਿੰਦੇ ਹਨ। ਪੰਜਾਬੀ ਬੋਲਦੇ ਹਨ ਅਤੇ ਆਪਣੇ ਬੱਚਿਆਂ ਨੂੰ ਅੰਗ੍ਰਜ਼ੀ ਵਾਤਾਵਰਣ ਵਿਚ ਰੱਖ ਕੇ ਵੀ ਪੰਜਾਬੀ ਦੀ ਗੁੜ੍ਹਤੀ ਦਿੰਦੇ ਹਨ। ਓਧਰ ਵੀ ਹੁਣ ਸਾਈਨ ਬੋਰਡ ਜਾਂ ਹੋਰਡਿੰਗ ਵਗੈਰਾ ਪੰਜਾਬੀ ਵਿਚ ਆਮ ਦੇਖਣ ਨੂੰ ਮਿਲ ਜਾਂਦੇ ਹਨ।

ਸੋ ਸ਼ਬਦ ਸਾਂਝ ਵੀ ਪੰਜਾਬੀ ਦੇ ਹੱਕ ਵਿਚ ਖੜ੍ਹਨ ਦਾ ਇਕ ਛੋਟਾ ਜਿਹਾ ਤੇ ਨਿਗੂਣਾ ਜਿਹਾ ਉਪਰਾਲਾ ਹੈ ਤੇ ਜੁਗਨੂੰ ਵਾਂਗਰ ਹਨੇਰ੍ਹਿਆਂ ਨੂੰ ਰੌਸ਼ਨ ਕਰਨ ਦ ਯਤਨ ਕਰ ਰਿਹਾ ਹੈ। ਇਸ ਮੈਗਜ਼ੀਨ ਨੇ ਆਪਣੀ ਇਕ ਸਾਲ ਦੀ ਛੋਟੀ ਜਿਹੀ ਉਮਰ ਵਿਚ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਅਣਗਿਣਤ ਪੰਜਾਬੀਆਂ ਨੂੰ ਉਨ੍ਹਾਂ ਦੀ ਰੂਹ ਦੀ ਖੁਰਾਕ ਪ੍ਰਦਾਨ ਕਰਨ ਵਿਚ ਬਣਦੀ ਭੂਮਿਕਾ ਨਿਭਾਉਣ ਦੀ ਕੋਸਿ਼ਸ਼ ਕੀਤੀ ਹੈ। ਆਪਣੀ ਧਰਤੀ ਤੋਂ ਦੂਰ ਬੈਠੇ ਪੰਜਾਬੀ ਦੇ ਪੁੱਤਰਾਂ ਦੀ ਸਾਹਿਤਕ ਭੁੱਖ ਨੂੰ ਮਿਟਾਉਣ ਦਾ ਯਤਨ ਕਾਫੀ ਹੱਦ ਤੱਕ ਸਾਰਥਕ ਸਿੱਧ ਹੁੰਦਾ ਜਾਪਿਆ ਹੈ, ਕਿਉਂਕਿ ਉਨ੍ਹਾਂ ਦੀਆਂ ਮਿਲਦੀਆਂ ਲਗਾਤਾਰ ਟਿੱਪਣੀਆਂ ਅਤੇ ਮੰਗ ਨੇ ਸਾਡੇ ਅੰਦਰ ਅਕਿਹ ਸਕੂਨ ਦਿੱਤਾ ਹੈ। ਸ਼ਬਦ ਸਾਂਝ ਦੇ ਨਵੇਂ ਅੰਕ ਦੀ ਉਹਨਾਂ ਨੂੰ ਰਹਿੰਦੀ ਤਾਂਘ ਸਾਡੇ ਅੰਦਰ ਇਕ ਅਕਿਹ ਸੰਤੁਸ਼ਟੀ ਅਤੇ ਕੁਝ ਹੋਰ ਨਿਵੇਕਲ਼ਾ ਕਰਨ ਦੀ ਸ਼ਕਤੀ ਭਰਦੀ ਹੈ।

ਦਸੰਬਰ 2008 ਵਿਚ ਮੈਂ ਤੇ ਮੇਰੇ ਮਿੱਤਰ ਆਸਟ੍ਰੇਲੀਆ ਵਾਸੀ ਰਿਸ਼ੀ ਗੁਲਾਟੀ ਨੇ ਬੈਠੇ ਬੈਠਿਆਂ ਸ਼ਬਦ ਸਾਂਝ ਦੀ ਉਤਪਤੀ ਦੀ ਯੋਜਨਾ ਉਲੀਕੀ ਤੇ ਇਹ ਮੈਗਜ਼ੀਨ ਹੋਂਦ ਵਿਚ ਆ ਗਿਆ।

ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ ਫ਼ਰੀਦਕੋਟ ਤੋਂ ਜਨਮ ਲੈ ਕੇ ਇਸ ਮੈਗਜ਼ੀਨ ਨੇ ਧਰਤੀ ਦੇ ਹਰ ਕੋਨੇ ‘ਤੇ ਆਪਣੇ ਚਾਹੁਣ ਵਾਲ਼ੇ ਲੱਭ ਲਏ ਹਨ। ਭਾਵੇਂ ਕਿ ਮੇਰਾ ਸਾਥੀ ਰਿਸ਼ੀ ਫ਼ਰੀਦਕੋਟ ਛੱਡ ਕੇ ਆਸਟ੍ਰੇਲੀਆ ਜਾ ਵਸਿਐ ਪਰ ਸਾਡਾ ਰਾਬਤਾ ਲਗਾਤਾਰ ਕਾਇਮ ਹੈ ਜਿਸ ਦਾ ਜ਼ਰੀਆ ਸ਼ਬਦ ਸਾਂਝ ਹੀ ਹੈ। ਇਸ ਮੈਗਜ਼ੀਨ ਨੇ ਦੇਸੋ਼ਂ ਵਿਦੇਸ਼ੋਂ ਅਨੇਕਾਂ ਲਿਖਾਰੀਆਂ ਨਾਲ਼ ਸਾਂਝ ਪੁਆਈ ਹੈ ।

ਇਹ ਕੋਈ ਦਾਅਵਾ ਨਹੀਂ ਕਿ ਅਸੀਂ ਪੰਜਾਬੀ ਮਾਂ ਬੋਲੀ ਲਈ ਬੜਾ ਕੁਝ ਕਰ ਰਹੇ ਹਾਂ, ਸਗੋਂ ਪੰਜਾਬੀ ਮਾਂ ਬੋਲੀ ਦਾ ਹੀ ਸਾਡੇ ‘ਤੇ ਬਹੁਤ ਵੱਡਾ ਅਹਿਸਾਨ ਹੈ ਕਿ ਇਸ ਜ਼ਰੀਏ ਹੀ ਸਾਡਾ ਗਿਆਨ ਖ਼ਜ਼ਾਨਾ ਹੋਰ ਅਮੀਰ ਹੋ ਰਿਹਾ ਹੈ ਅਤੇ ਸਾਡਾ ਇਹ ਸੌ਼ਕ ਸਾਨੂੰ ਜਿ਼ੰਦਗੀ ਦੀ ਖ਼ੂਬਸੂਰਤੀ ਪ੍ਰਦਾਨ ਕਰ ਰਿਹਾ ਹੈ। ਸੋ ਦੋਸਤੋ ਵਾਹ ਲੱਗਦੀ ਅਸੀਂ ਆਪ ਸੱਭ ਦੇ ਸਹਿਯੋਗ, ਸੂਝ ਨਾਲ਼ ਸ਼ਬਦ ਸਾਂਝ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਬੁੱਕਲ਼ ਦਾ ਨਿੱਘ ਮਾਣਦੇ ਰਹਾਂਗੇ ਅਤੇ ਇਸਦੀ ਮਹਿਕ ਨੂੰ ਧਰਤੀ ਦੀ ਹਰ ਨੁੱਕਰ ਤੱਕ ਖਿਲਾਰਨ ਦਾ ਯਤਨ ਕਰਦੇ ਰਹਾਂਗੇ।

ਦੋਸਤੋ ਸ਼ਬਦ ਸਾਂਝ ਨੇ ਸਾਹਿਤ ਦੀ ਹਰ ਵਿਧਾ ਨੂੰ ਤੁਹਾਡੇ ਨਾਲ਼ ਸਾਂਝਾ ਕਰਨ ਦਾ ਵਾਅਦਾ ਲਿਆ ਹੈ। ਇਸ ਅਧੀਨ ਗ਼ਜ਼ਲ , ਕਵਿਤਾ, ਗੀਤ, ਕਹਾਣੀ, ਵਿਅੰਗ, ਲੇਖ ਆਦਿ ਪਾਠਕਾਂ ਦੀ ਨਜ਼ਰ ਹੋਏ ਹਨ। ਹੁਣ ਇਸ ਸਾਲ ਤੋਂ ਨਵੇਂ ਕਾਲਮ ‘ਸਰਗਰਮੀਆਂ ਤੇ ‘ਨਵਾਂ ਸਾਹਿਤ ਨਵੀਆਂ ਪੁਸਤਕਾਂ’ ਵੀ ਸ਼ਾਮਿਲ ਕਰ ਰਹੇ ਹਾਂ। ਸਰਗਰਮੀਆਂ ਅਧੀਨ ਪੰਜਾਬੀ ਦੀਆਂ ਸਾਹਿਤਕ ਗਤੀਵਿਧੀਆਂ ਦਾ ਵਿਸ਼ਲੇਸ਼ਣ ਹੋਵੇਗਾ ਅਤੇ ਨਵਾਂ ਸਾਹਿਤ ਨਵੀਆਂ ਪੁਸਤਕਾਂ ਅਧੀਨ ਆ ਰਹੀਆਂ ਨਵੀਆਂ ਪੁਸਤਕਾਂ, ਉਨ੍ਹਾਂ ਦੇ ਲੇਖਕ, ਪ੍ਰਕਾਸ਼ਨ ਅਤੇ ਮੁੱਲ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਸੋ ਦੋਸਤੋ ਸ਼ਬਦ ਸਾਂਝ ਦੀ ਸਾਲਗਿਰਾਹ ਦੇ ਮੌਕੇ ਤੇ ਆਪ ਸੱਭ ਦੇ ਵਡਮੁੱਲੇ ਸਹਿਯੋਗ ਲਈ ਬਹੁਤ ਬਹੁਤ ਸ਼ੁਕਰੀਆ ਤੇ ਭਵਿੱਖ ਵਿਚ ਵੀ ਤੁਹਾਡੇ ਤੋਂ ਇਸ ਤੋਂ ਵੀ ਵਡੇਰੇ ਪਿਆਰ ਦੀ ਉਮੀਦ ਰੱਖਾਂਗੇ।

ਤੱਤ ਲੀਲਾ..........ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)


ਜਗਿਆਸਾ

ਰੰਗ ਬਿਰੰਗੀਆਂ ਤਿਤਲੀਆਂ ਦੀ
ਕਬਰ ਹੈ ਮੇਰੇ ਅੰਦਰ
ਸੱਜਰੇ ਫੁੱਲ
ਕੰਬ ਰਹੇ ਮੇਰੇ ਹੱਥਾਂ ਵਿਚ

ਕਿਵੇਂ ਝੱਲਾਂ
ਸਿਜਦੇ ਵਿਚ ਝੁਕਣ ਦਾ ਦਰਦ

ਹਾਸ਼ੀਏ ਦੇ ਕੈਦ ਅੰਦਰ
ਭਾਵਨਾਵਾਂ ਦਾ ਦਮ ਘੁਟਦਾ ਹੈ
ਹਾਸੀ਼ਏ ਦੇ ਬਾਹਰ ਵੀ
ਸੰਸਿਆਂ ਦੀ ਵਲਗਣ ਹੈ

ਝਾਂਜਰ ਦੇ ਬੋਰ ਛਣਕਦੇ ਨਹੀਂ
ਬਸ ਰੜਕਦੇ ਨੇ
ਅੱਖ ਦਾ ਸੁਰਮਾਂ ਫੈਲ ਜਾਂਦਾ
ਖ਼ਾਬਾਂ ‘ਚ ਕਾਲ਼ਖ ਬਣ ਕੇ

ਪਲਕਾਂ ਭਰਦੀ ਹਾਂ
ਤਾਂ ਮਜ਼ਾਕ ਕਰਦੀਆਂ ਨੇ ਹਵਾਵਾਂ
ਖਿੜ ਖਿੜ ਹੱਸਦੀ ਹਾਂ
ਤਾਂ ਇਤਰਾਜ਼ ਕਰਦੀਆਂ ਨੇ ਦਰਗਾਹਾਂ

ਅੰਦਰਲੇ ਨੰਗੇ ਸੱਚ ਨੂੰ
ਕਿਵੇਂ ਪਹਿਨਾਵਾਂ ਹਰਫ਼ਾਂ ਦਾ ਜਾਮਾ
ਬਾਹਰਲੇ ਕੱਜੇ ਕੂੜ ਨੂੰ
ਕਿਵੇਂ ਕਰਾਂ ਤਾਰ ਤਾਰ

ਅੱਗ 'ਤੇ ਤੁਰਦੀ ਹਾਂ
ਬਰਫ਼ ਦਾ ਦੀਵਾ ਲੈ ਕੇ
ਇਹ ਲੱਭਣ
ਕਿ ਮੇਰਾ ਕੀ ਗੁਆਚਾ ਹੈ

ਤੂੰ ਬਾਹਵਾਂ ਤਾਂ ਖੋਲ੍ਹ ਗੁਰੂਦੇਵ!
ਮੈਂ ਆਪਣਾ ਆਕਾਸ਼ ਢੂੰਡਣਾ ਹੈ
ਤੇਰੇ ਪਾਸਾਰ ਵਿਚੋਂ........

.....ਗੁਰੂਦੇਵ.....

ਇਕ ਅੱਗ ਹੈ
ਜੋ ਨਿਰੰਤਰ ਸੁਲਘਦੀ
ਸੁਫ਼ਨਿਆਂ 'ਚ...ਸਾਹਾਂ 'ਚ
ਹੰਝੂਆਂ 'ਚ ਹਾਸਿਆਂ 'ਚ
ਰੁਦਨ 'ਚ...ਰੰਗ ਤਮਾਸਿ਼ਆਂ 'ਚ

ਇਕ ਪੌਣ ਹੈ
ਜੋ ਨਿਰੰਤਰ ਵਗਦੀ
ਜਿਸਮਾਂ 'ਚ...ਰੂਹ ਦੇ ਖਲਾਵਾਂ 'ਚ
ਸੂਖ਼ਮ ਤੇ ਸਥੂਲ ਭਾਵਨਾਵਾਂ 'ਚ
ਅੰਤਰ ਮਨ ਦੀਆਂ ਕਿਰਿਆਵਾਂ 'ਚ

ਇਕ ਨੀਰ ਹੈ
ਜੋ ਨਿਰੰਤਰ ਵਹਿੰਦਾ
ਮਨੁੱਖ ਦੀਆਂ ਉਮੰਗਾਂ 'ਚ
ਕੁਦਰਤ ਦੇ ਰੰਗਾਂ 'ਚ
ਪੰਛੀਆਂ ਪਤੰਗਾਂ 'ਚ

ਇਕ ਮਿੱਟੀ ਹੈ
ਜੋ ਨਿਰੰਤਰ ਉੱਡਦੀ
ਮੁਹੱਬਤ 'ਚ...ਮਾਇਆ 'ਚ
ਫੈਲਦੀ ਸਿਮਟਦੀ ਛਾਇਆ 'ਚ
ਹਰ ਸਾਹ ਲੈਂਦੀ ਕਾਇਆ 'ਚ

ਇਕ ਆਕਾਸ਼ ਹੈ
ਜੋ ਨਿਰੰਤਰ ਵਸਦਾ
ਕਲਬੂਤਾਂ 'ਚ ...ਰੂਹਾਂ 'ਚ
ਅਨੰਤਾਂ 'ਚ ... ਜੂਹਾਂ 'ਚ
ਗੁੰਬਦਾਂ 'ਚ... ਖੂਹਾਂ 'ਚ

ਅਨੰਤ ਕਾਲ ਤੋਂ ਜਾਰੀ ਹੈ ਇਹ ਲੀਲਾ
ਅਸੀਂ ਮਿੱਟੀ ਦੇ ਬਾਵੇ
ਖੇਡਦੇ ਖੇਡਦੇ ਸੌਂ ਜਾਈਏ ਏਸੇ ਮਿੱਟੀ ਅੰਦਰ

ਫੁੱਲ ਤੇਰੇ ਲਈ ਖਿੜਦੇ
ਪੰਛੀ ਤੇਰੇ ਲਈ ਗਾਉਂਦੇ
ਕੁਦਰਤ ਤੇਰੇ ਲਈ ਮੌਲ਼ਦੀ
ਮੈਂ ਵੀ ਹਾਜ਼ਰ ਹਾਂ
ਕੋਰੀ ਕੈਨਵਸ ਲਈ ਸਾਰੇ ਰੰਗ ਲੈ ਕੇ......




ਸੱਜਣਾ ਰਾਂਗਲਿਆ........... ਗੀਤ / ਸੁਨੀਲ ਚੰਦਿਆਣਵੀ


(ਡਾ. ਅਸ਼ੋਕ ਨੂੰ....)

ਇਕ ਭਟਕਣ ਸਾਡੇ ਪੱਲੇ, ਵੇ ਸੱਜਣਾ ਰਾਂਗਲਿਆ
ਬਸ ਦੀਦ ਤੇਰੀ ਲਈ ਝੱਲੇ, ਵੇ ਸੱਜਣਾ ਰਾਂਗਲਿਆ

ਸਮਝਾਇਆਂ ਨਾ ਸਮਝਣ ਅੱਖੀਆਂ
ਤੇਰੇ ਰਾਹੀਂ ਵਿਛ ਵਿਛ ਥੱਕੀਆਂ

ਲੱਖ ਸੁਨੇਹੇ ਘੱਲੇ, ਵੇ ਸੱਜਣਾ ਰਾਂਗਲਿਆ...

ਹੂਕ ਦਿਲੇ ਦੀ ਦਿੰਦੀ ਤਾਹਨੇ
ਜਾਨ ਨਿਕਲ਼ਦੀ ਜਾਪੇ ਜਾਨੇ
ਲੋਕਾਂ ਵਿਚ ਵੀ ਕੱਲੇ, ਵੇ ਸੱਜਣਾ ਰਾਂਗਲਿਆ…

ਘਰ ਵਿਚ ਹੀ ਪ੍ਰਦੇਸੀ ਹੋਏ
ਰੱਤ ਸੁਕਾਉਂਦੇ ਸੁਪਨੇ ਮੋਏ
ਸਾਥੀ ਦਰਦ ਅਵੱਲੇ, ਵੇ ਸੱਜਣਾ ਰਾਂਗਲਿਆ...

ਜਾਣ ਅਸ਼ੋਕ ਦਿਲੇ ਦੀ ਪੀੜਾ
ਡਾਹ ਕੇ ਬੈਠੀ ਰੰਗਲਾ ਪ੍ਹੀੜਾ
ਸਾਰੇ ਰੰਗ ਉਡ ਚੱਲੇ, ਵੇ ਸੱਜਣਾ ਰਾਂਗਲਿਆ...

ਮੈਂ ਤਾਂ ਇਕ ਆਵਾਜ਼.........ਗ਼ਜ਼ਲ / ਵਿਜੈ ਵਿਵੇਕ


ਮੇਰੀ ਮੈਂ ਨੇ ਮੈਥੋਂ ਏਥੋਂ ਤੀਕਰ ਵੀ ਕਰਵਾਇਆ
ਚੋਚਲਿਆਂ ਦੇ ਮੂੰਹ 'ਚੋਂ ਖੋਹ ਕੇ ਮੈਂ ਗਿਰਝਾਂ ਨੂੰ ਪਾਇਆ

ਕੰਡੇ, ਕਿਰਚਾਂ, ਨਸ਼ਤਰ, ਖ਼ੰਜਰ, ਹੋਰ ਬਹੁਤ ਸਰਮਾਇਆ
ਇਹ ਕਿਸਦੀ ਅਣਹੋਂਦ ਕਿ ਜਿਸ ਨੇ ਰਾਤ ਦਿਨੇ ਤੜਪਾਇਆ

ਤੂੰ ਸਰਵਰ ਤੂੰ ਪਾਕ ਪਵਿੱਤਰ, ਮੈਂ ਪੱਥਰ ਮੈਂ ਪਾਪੀ

ਕਿਸ ਰਾਤੇ ਮੈਂ ਤੇਰਾ ਸੁੱਤਾ ਪਾਣੀ ਨਹੀਂ ਜਗਾਇਆ

ਹਾਲੇ ਤੀਕਰ ਤਾਂ ਚੇਤੇ ਨੇ ਸਭ ਯਾਰਾਂ ਦੇ ਚਿਹਰੇ
ਇਹ ਚਿਹਰੇ ਵੀ ਭੁੱਲ ਜਾਵਣ ਤੂੰ ਇੰਜ ਨਾ ਕਰੀਂ ਖ਼ੁਦਾਇਆ

ਯਾਦ ਆਏਗੀ ਟੁੱਟੀ ਕਿਸ਼ਤੀ ਤੇ ਖ਼ਸਤਾ ਜਿਹੇ ਚੱਪੂ
ਇਕ ਸੁੱਕਾ ਦਰਿਆ ਜਦ ਤੇਰੇ ਗਲ਼ ਤੀਕਰ ਚੜ੍ਹ ਆਇਆ

ਮੈਂ ਤਾਂ ਇਕ ਆਵਾਜ਼ ਸੁਣੀ ਸੀ ਮੇਰਾ ਨਾਂ ਲੈਂਦੀ ਸੀ
ਮੈਂ ਕੀ ਜਾਣਾਂ ਮੈਨੂੰ ਕਿਸ ਨੇ ਕਿਹੜੀ ਜਗ੍ਹਾ ਬੁਲਾਇਆ


ਰਹੇ ਜਦ ਨਾ ਹਾਣੀ..........ਗ਼ਜ਼ਲ / ਰਾਜਿੰਦਰਜੀਤ (ਯੂ.ਕੇ)


ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ

ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ ਵਿਚ ਉਗਾ ਲਾਂਗੇ ਦੀਵੇ

ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ

ਬੱਸ ਏਦਾਂ ਅਸੀਂ ਵੀ ਕਹਾ ਲਾਂਗੇ ਦੀਵੇ

ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ

ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ


ਆਖਦੈ ਮੈਨੂੰ ਸਮੁੰਦਰ.......... ਗ਼ਜ਼ਲ / ਸੁਰਜੀਤ ਜੱਜ (ਪ੍ਰੋ.)


ਮੇਰੀਆਂ ਤਲ਼ੀਆਂ 'ਤੇ ਦੀਵਾ, ਰੋਜ਼ ਇਕ ਧਰਦਾ ਏ ਉਹ
ਮੀਟ ਕੇ ਅੱਖਾਂ ਤੁਰਾਂ, ਇਹ ਆਸ ਵੀ ਕਰਦਾ ਏ ਉਹ

ਆਖਦੈ ਮੈਨੂੰ ਸਮੁੰਦਰ ਵਾਂਗ ਤੂੰ ਹੋ ਜਾ ਅਥਾਹ,
ਆਪ ਇਕ ਵੀ ਬੂੰਦ ਨੂੰ, ਕਰਨੋਂ ਫਨਾਹ ਡਰਦਾ ਏ ਉਹ

ਪਿੱਠ ਵਿਚ ਖੰਜ਼ਰ ਖੁਭੋ ਕੇ, ਉਸ ਨੇ ਹੌਕਾ ਭਰ ਲਿਆ

ਇਸ ਤਰ੍ਹਾਂ ਵੀ ਦਰਦ, ਮੇਰੇ ਹੋਣ ਦਾ ਜਰਦਾ ਏ ਉਹ

ਇਕ ਨਦੀ ਉਸ ਦੇ ਵੀ ਥਲ ਵਿੱਚੋਂ ਦੀ ਗੁਜ਼ਰੀ ਹੋਏਗੀ
ਬੈਠ ਕੇ ਰੇਤਾ 'ਤੇ, ਚਸ਼ਮੇ ਲਈ ਦੁਆ ਕਰਦਾ ਏ ਉਹ

ਸੋਚ ਉਸ ਦਾ ਡੁਬਣਾ ਕਿੰਨਾ ਵਚਿੱਤਰ ਹੋਏਗਾ
ਖ਼ਾਬ ਦੀ ਕਿਸ਼ਤੀ ਚਿ, ਸਾਗਰ ਅੱਖ ਦਾ ਤਰਦਾ ਏ ਉਹ

ਬਰਫ਼ ਜਦ ਹੁੰਦਾ ਹਾਂ ਮੈਂ, ਉਹ ਪਹਿਨਦੈ ਅੱਗ ਦਾ ਲਿਬਾਸ
ਜਿਸ ਘੜੀ ਮੈਂ ਪਿਘਲਦਾ ਹਾਂ, ਉਸ ਘੜੀ ਠਰਦਾ ਏ ਉਹ

ਸੋਚਦੈ, ਤੋੜੇਗਾ ਮੇਰੀ ਤਪਸ਼ ਦਾ ਆਖਿਰ ਗ਼ਰੂਰ
ਇਸ ਭੁਲੇਖੇ ਵਿਚ ਹਮੇਸ਼ਾ, ਥਾਂ-ਕੁ-ਥਾਂ ਵਰ੍ਹਦਾ ਏ ਉਹ


ਖ਼ੰਜਰ ਦੇ ਜ਼ਖ਼ਮ ਨਾਲ਼..........ਗ਼ਜ਼ਲ / ਜਸਪਾਲ ਘਈ (ਪ੍ਰੋ.)

ਅਪਣੇ ਬਦਨ ਤੋਂ ਹਰ ਕੁਈ ਪੱਤਾ ਬਦਲ ਲਿਆ
ਮੌਸਮ ਦੇ ਨਾਲ਼ ਰੁੱਖ ਨੇ ਵੀ ਚਿਹਰਾ ਬਦਲ ਲਿਆ

ਕੁਝ ਇਸ ਤਰ੍ਹਾਂ ਸਫ਼ਰ ਦਾ ਹੈ ਜ਼ਾਇਕਾ ਬਦਲ ਲਿਆ
ਮੰਜ਼ਲ ਕਰੀਬ ਆਈ, ਤਾਂ ਰਸਤਾ ਬਦਲ ਲਿਆ

ਤਬਦੀਲੀਆਂ ਨੂੰ ਕਰ ਲਿਆ ਤਬਦੀਲ ਇਸ ਕਦਰ

ਦਿਲ ਨੂੰ ਬਦਲ ਨਾ ਪਾਏ, ਤਾਂ ਚਿਹਰਾ ਬਦਲ ਲਿਆ

ਸਾਡੇ ਗੁਨਾਹ ਦੇ ਕਿੱਸੇ ਤਾਂ ਪੜ੍ਹਦਾ ਸੈਂ ਸੌ਼ਕ ਨਾਲ਼
ਅਪਣਾ ਜਾਂ ਜਿ਼ਕਰ ਆਇਆ ਤਾਂ ਵਰਕਾ ਬਦਲ ਲਿਆ

ਚਲਦਾ ਰਿਹਾ ਜਨੂੰਨ ਮੁਸਲਸਲ ਸਕੂਨ ਨਾਲ਼
ਪੱਥਰ ਬਦਲ ਲਿਆ, ਕਦੇ ਸ਼ੀਸ਼ਾ ਬਦਲ ਲਿਆ

ਹੁਣ ਤਾਂ ਇਹ ਨੋਕ ਖੋਭ ਕੇ ਦੁਖ ਸੁਖ ਫਰੋਲਦੈ
ਖੰਜਰ ਦੇ ਜ਼ਖ਼ਮ ਨਾਲ਼ ਹੈ ਰਿਸ਼ਤਾ ਬਦਲ ਲਿਆ


ਦਰਦ ਦੀ ਗੰਗਾ ਵਗੇ.......... ਗ਼ਜ਼ਲ / ਜਸਵਿੰਦਰ


ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼

ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼

ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ

ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼

ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼

ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼

ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇੱਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼

ਇਹ ਕਦੋਂ ਚੱਲੇਗਾ ਬਣਕੇ ਜਿ਼ੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼

ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼

ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼


ਆਜ਼ਾਦੀ.......... ਨਜ਼ਮਾਂ / ਤਾਰਿਕ ਗੁੱਜਰ ( ਪਾਕਿਸਤਾਨ )

ਵਿਹੜਿਆਂ ਦੇ ਵਿਚ ਸਾਰੇ ਬਾਲਕ
ਫਿਰਦੇ ਨੰਗ ਧੜੰਗੇ...
ਕੋਠੀਆਂ ਉਤੇ ਪਏ ਝੂਲਦੇ
ਦਸ ਦਸ ਗ਼ਜ਼ ਦੇ ਝੰਡੇ...

-----

1947

ਸਦੀਆਂ ਲੰਮੇ ਪੈਂਡੇ ਸਨ
ਸੂਲ਼ਾਂ ਭਰੀਆਂ ਰਾਹਵਾਂ ਸਨ
ਥੱਕੇ ਹਾਰੇ ਪ੍ਰਦੇਸੀ
ਹੱਥ ਵਿਚ ਆਸ ਦੇ ਦੀਵੇ ਲੈ ਕੇ
ਉਮਰਾਂ ਤੀਕਰ ਚੱਲਦੇ ਰਹੇ
ਅੰਨੀਆਂ ਕਾਲ਼ੀਆਂ ਰਾਤਾਂ ਦੇ ਵਿਚ
ਇਕ ਦੂਜੇ ਨੂੰ ਲੱਭਦੇ ਰਹੇ
ਜਿੰਦੜੀ ਅੱਖ ਦਾ ਅੱਥਰੂ ਬਣ ਗਈ
ਝੱਲੇ ਫਿਰ ਵੀ ਹੱਸਦੇ ਰਹੇ........;


ਖ਼ਤਾ ਕੀਤੀ ਮੈਂ........... ਗ਼ਜ਼ਲ / ਸ਼ਮਸ਼ੇਰ ਮੋਹੀ


ਖ਼ਤਾ ਕੀਤੀ ਮੈਂ ਘਰ ਦੇ ਬਿਰਖ ਤੋਂ ਪੰਛੀ ਉਡਾ ਕੇ
ਉਦਾਸੀ ਬਹਿ ਗਈ ਘਰ ਦੀ ਹਰਿਕ ਨੁੱਕਰ ’ਚ ਆ ਕੇ

ਕਦੇ ਮੈਨੂੰ ਉਹ ਅਪਣਾ ਜਾਣ ਜੇ ਦੱਖ ਫੋਲ ਲੈਂਦਾ
ਮੈ ਪੀ ਲੈਂਦਾ ਉਦ੍ਹੇ ਦਰਦਾਂ ਦਾ ਦਰਿਆ ਡੀਕ ਲਾ ਕੇ

ਤੁਹਾਡੀ ਮੰਜ਼ਿਲਾਂ ਦੀ ਤਾਂਘ ’ਤੇ ਫਿਰ ਦਾਦ ਦੇਂਦੇ

ਦਿਲਾਂ ਵਿਚ ਰਸਤਿਆਂ ਦਾ ਮੋਹ ਵੀ ਜੇ ਰਖਦੇ ਬਚਾ ਕੇ

ਕਦੇ ਦਿਲ ਮਖ਼ਮਲੀ ਰਾਹਾਂ ’ਤੇ ਵੀ ਮਾਯੂਸ ਰਹਿੰਦੈ
ਕਦੇ ਮਾਰੂਥਲਾਂ ਨੂੰ ਨਿਕਲ਼ ਪੈਂਦੈ ਮੁਸਕਰਾ ਕੇ

ਉਹ ਸੋਚਾਂ ਮੇਰੀਆਂ ਵਿਚ ਹੋ ਗਿਐ ਧੁਰ ਤੀਕ ਸ਼ਾਮਿਲ
ਮੈਂ ਜਿਸ ਤੋਂ ਰੱਖਦਾ ਫਿਰਦਾਂ ਬੜੀ ਦੂਰੀ ਬਣਾ ਕੇ

ਉਹ ਮੈਨੂੰ ਮੌਲਦਾ ਤੱਕ ਕੇ ਬੜਾ ਹੀ ਤਿਲਮਿਲਾਏ
ਮਨਾਇਆ ਜਸ਼ਨ ਸੀ ਜਿਹਨਾਂ ਜੜ੍ਹਾਂ ਵਿਚ ਤੇਲ ਪਾ ਕੇ


ਵਖ਼ਤਾਂ ਨੂੰ ਫੜੇ ਹੋਣਾ.......... ਗ਼ਜ਼ਲ / ਹਰੀ ਸਿੰਘ ਮੋਹੀ


ਮੈਂ ਜਦ ਵੀ ਗੁਜ਼ਰਨਾ, ਉਸ ਬੂਹੇ 'ਚ ਖੜ੍ਹੇ ਹੋਣਾ
ਰੁਕ ਹੋਣਾ ਨਾ ਤੁਰ ਹੋਣਾ, ਵਖਤਾਂ ਨੂੰ ਫੜੇ ਹੋਣਾ

ਖਾਮੋਸ਼ ਬਣੇ ਰਹਿਣਾ, ਪਰ ਨਾਲ਼ ਨਾਲ਼ ਟੁਰਨਾ
ਭਰਨੇ ਦਿਲਾਂ ਕਲ਼ਾਵੇ, ਅੱਖੀਆਂ ਨੇ ਲੜੇ ਹੋਣਾ

ਇਕ ਰਾਹ ਗੁ਼ਜ਼ਰ 'ਤੇ ਚੱਲਣਾ, ਇਕ ਰੁੱਖ ਦੀ ਛਾਂਵੇਂ ਬਹਿਣਾ

ਕਹਿਆ ਨਾ ਜਾਣਾ ਕੁਝ ਵੀ, ਅਰਮਾਨ ਬੜੇ ਹੋਣਾ

ਜਦ ਝਾਕਣਾ ਅੰਦਰ ਤਾਂ, ਅੰਦਰ ਵੀ ਓਸ ਦਿਸਣਾ
ਮੁੰਦਰੀ 'ਚ ਜਿਵੇਂ ਮਨ ਦੀ, ਹੀਰੇ ਦਾ ਜੜੇ ਹੋਣਾ

ਮੋਹੀਆਂ ਤੇ ਤੇਹੀਆਂ ਦੇ, ਹਾਲਾਤ ਰਹੇ ਆਕੀ
ਸਾਹਾਂ 'ਚ ਅਗਨ ਬਲਣੀ, ਰਾਹਾਂ 'ਚ ਗੜੇ ਹੋਣਾ

ਜਦ ਤੁਰ ਗਈਆਂ ਬਹਾਰਾਂ, ਤਦ ਵਸਲ ਦਾ ਹਾਸਲ ਕੀ
ਮਹਿਕਾਂ ਨੇ ਬਿਖਰ ਜਾਣਾ, ਫੁੱਲਾਂ ਨੇ ਝੜੇ ਹੋਣਾ

ਹਿੰਮਤ ਨਾ ਏਸ ਵਿਚ ਤਾਂ, ਅਗਲੇ ਜਨਮ ਹੀ ਮਿਲਣਾ,
ਮੋਹੀ ਮੁਹੱਬਤਾਂ ਦੇ, ਰਾਹਾਂ 'ਚ ਖੜ੍ਹੇ ਹੋਣਾ

ਧੁਰ ਅੰਦਰ.......... ਨਜ਼ਮ/ਕਵਿਤਾ / ਰਤਨ ਰਾਈਕਾ


ਧੁਰ ਅੰਦਰ
ਜਜ਼ਬਾਤ ਸੁਲਘਦੇ
ਬਾਹਰ ਕਇਆ ਨੂੰ
ਤਾਪ ਚੜ੍ਹੇ

ਜੰਗਲ ਜੋ ਤਬਦੀਲ ਹੋ ਗਿਆ
ਕੁਰਸੀਆਂ ‘ਚ

ਪਾਗਲ ਪੌਣਾਂ ਦੇ ਸੰਗ ਯਾਰੋ
ਕਿਹੜਾ ਬਿਰਖ ਲੜੇ...

ਧੀ ਤੇ ਫ਼ਸਲ ਦੀ
ਇਕ ਪ੍ਰੀਭਾਸ਼ਾ
ਜੋ ਸਮਿਆਂ ਦੇ ਰੂਬਰੂ ਹੈ
ਇਕ ਗਰਭ ਦੀ ਜੂਨੇ ਮਰਦੀ
ਦੂਜੀ ਪੱਕੇ ਪੈਣ ਗੜੇ...

ਕਾਲ਼ੇ ਸਮਿਆਂ
ਅੰਗ ਅੰਗ ਕੋਹਿਆ
ਪੀ ਸਪਰੇਆਂ
ਪੁੱਤ ਮਰੇ
ਸਰਹੱਦਾਂ ਤੇ ਜੇਤੂ ਹੋ ਕੇ
ਘਰ ਦੀ ਦੇਹਲ਼ੀ
ਆਣ ਹਰੇ...


ਉਮਰ ਜੇ ਹੁੰਗਾਰਾ........... ਨਜ਼ਮ / ਕੰਵਲਜੀਤ ਭੁੱਲਰ

ਭੈੜੀਏ !
ਉਮਰ ਜੇ ਹੁੰਗਾਰਾ ਦੇਣਾ ਹੀ ਸੀ
ਤਾਂ ਕਦੀ ਦਸਤਕ ਵੀ ਆ ਬਣਦੀਓਂ...।
ਕੋਹਾਂ ਜਿੰਨਾ ਪਿਆਰ ਕਰਨ ਵਾਲੀ਼ਏ
ਮੇਰੇ ਜ਼ਖ਼ਮਾਂ ਦੀ ਮੱਲ੍ਹਮ ਤਾਂ ਬਣ....
ਬੜੇ ਚਿਰਾਂ ਤੋਂ ਰੁੱਤਾਂ ਦੇ ਇਹ ਪਿਆਸੇ ਨੇ...।।

ਹਮ ਉਮਰ ਦਾ ਦਾਅਵਾ ਕਰਨ ਵਾਲੀ਼ਏ
ਇਕ ਮੌਤ ਤਾਂ ਜੀਣ ਲਈ ਦੇ
ਚਿਰ ਹੀ ਹੋ ਗਿਆ...
ਜੀਅ ਜੀਅ ਮਰਦਿਆਂ...।

ਵਾਅਦਾ ਕਰ
ਤੂੰ ਮੈਥੋਂ ਅਗੇਰੀ ਕਬਰ ਨਹੀਂ ਹੋਵੇਂਗੀ
ਮੇਰੀ ਤਾਂ ਚਲੋ ਤਮਾਮ ਉਮਰ ਕਫ਼ਨ ਏ...।
ਚੰਗੀਏ ਕੁੜੀਏ
ਉਦਾਸੀਆਂ ਉੱਪਰ ਏਨਾ ਹੱਕ ਨਾ ਰੱਖ
ਇਹ ਹੱਕ.. ਮੇਰੇ ਰਾਖਵੇਂ ਨੇ...
ਤੇ
ਮੇਰੀ ਮੌਤ ਉਪਰ ਤੂੰ ਅੱਖਾਂ ਗਿੱਲੀਆਂ ਨਾ ਕਰੀਂ
ਮੈਥੋਂ ਸਲ੍ਹਾਬੇ ਕੋਲੋਂ ਸੜ ਨਹੀਂ ਹੋਣਾ...
ਵੇਖ ਮੈਨੂੰ ਜੀਣ ਦੀ ਜਾਂਚ ਨਾ ਸਿਖਾ
ਬੜਾ ਚਿਰ ਇਸ ਜੂਏ 'ਚ ਮੈਂ ਹਾਰਿਆ ਹਾਂ
ਕਈ ਮੌਤ ਵਰਗੇ ਪੱਤੇ ਵੰਡ
ਸ਼ਾਇਦ ਜਿੱਤ ਉਡੀਕ 'ਚ ਹੋਵੇ...


ਖ਼ਾਬ ਸੁਹਾਨੇ ਆਏ..........ਗ਼ਜ਼ਲ (ਉਰਦੂ) / ਕ੍ਰਿਸ਼ਨ ਅਦੀਬ

ਲੌਟ ਕਰ ਫਿਰ ਨਾ ਮੁਹੱਬਤ ਕੇ ਜ਼ਮਾਨੇ ਆਏ
ਯਾਦ ਭੀ ਆਏ ਤੋ ਜ਼ਖ਼ਮ ਪੁਰਾਨੇ ਆਏ

ਔਰ ਫਿਰ ਯੂੰ ਭੀ ਹੂਆ ਹੈ ਕਿ ਬਿਛੜ ਕਰ ਤੁਝ ਸੇ
ਨੀਂਦ ਆਈ ਨ ਕਭੀ, ਖ਼ਾਬ ਸੁਹਾਨੇ ਆਏ

ਜਿ਼ੰਦਗੀ ਤੂਨੇ ਹਮੇਂ ਛੋੜ ਦੀਆ ਹੈ ਫਿਰ ਭੀ

ਜਿ਼ੰਦਾ ਰਹਿਨੇ ਕੇ ਬਹੁਤ ਹਮ ਕੋ ਬਹਾਨੇ ਆਏ

ਚਾਹਤਾ ਹੂੰ ਕਿ ਰਹੇ ਏਕ ਤਆਲੁਕ ਕਾਇਮ
ਵੋ ਸਿਤਮਗਰ ਹੈ ਤੋ ਫਿਰ ਮੁਝ ਕੋ ਸਤਾਨੇ ਆਏ

ਅਬ ਖ਼ਰਾਬਾ ਹੈ ਦਿਲੇ-ਜ਼ਾਰ ਜਹਾਂ ਸ਼ਾਮ ਢਲੇ
ਸਰਫਿਰੀ ਯਾਦ ਤੇਰੀ ਖ਼ਾਕ ਉੜਾਨੇ ਆਏ