ਮੇਰੀ ਖ਼ੁਦੀ .......... ਸੁਨੀਲ ਚੰਦਿਆਣਵੀ / ਗ਼ਜ਼ਲ

ਤੇਰੇ ਧਰਵਾਸ ਨੇ ਮੈਨੂੰ ਸਬੂਤਾ ਹੋਣ ਨਾ ਦਿੱਤਾ ।
ਰਿਹਾ ਝੁਰਦਾ ਮੈਂ ਮੰਜਿ਼ਲ ਨੂੰ, ਪਰਿੰਦਾ ਹੋਣ ਨਾ ਦਿੱਤਾ ।

ਮੇਰੀ ਹਾਊਮੈ ਨੇ ਮੈਨੂੰ ਰੋਕਿਆ ਹਰ ਮੋੜ ਤੇ ਐਨਾ,
ਸੀ ਉੱਡਣਾ ਅੰਬਰੀਂ ਮੈਨੂੰ ਫਰਿਸ਼ਤਾ ਹੋਣ ਨਾ ਦਿੱਤਾ ।

ਮੈਂ ਵਿਕ ਜਾਣਾ ਸੀ ਹੁਣ ਤੱਕ ਹੋਰ ਕਈਆਂ ਵਾਂਗਰਾਂ ਯਾਰੋ,
ਮੇਰੀ ਆਪਣੀ ਖ਼ੁਦੀ ਨੇ ਮੈਨੂੰ ਸਸਤਾ ਹੋਣ ਨਾ ਦਿੱਤਾ ।

ਬੜੀ ਕੋਸਿ਼ਸ਼ ਮੈਂ ਕੀਤੀ ਵਗਦਿਆਂ ਰਾਹਾਂ ਨੂੰ ਮੇਲਣ ਦੀ,
ਮੇਰੀ ਨਾ ਮੰਨ ਕੇ ਮੈਨੂੰ ਚੁਰਸਤਾ ਹੋਣ ਨਾ ਦਿੱਤਾ ।

ਮੇਰੀ ਮਾਸੂਮੀਅਤ ਜਿੰਦਾਦਿਲੀ ਤੇ ਬੇਨਿਆਜ਼ੀ ਨੇ,
ਸਾਧਾਰਣ ਰੱਖਿਆ ਮੈਨੂੰ ਤੇ ਪੁਖ਼ਤਾ ਹੋਣ ਨਾ ਦਿੱਤਾ ।

ਪਰਵਾਜ਼ .......... ਰਾਜਿੰਦਰਜੀਤ / ਗ਼ਜ਼ਲ

ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇ ਪਰਿਆਂ ਨੂੰ ਪਰ ਦੇਵਾਂ
ਏਸ ਬਹਾਨੇ ਅਪਣੇ-ਆਪ ਨੂੰ ਖੁੱਲ੍ਹਾ ਅੰਬਰ ਦੇਵਾਂ

ਸੁੰਨ-ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ
ਮੱਸਿਆ ਵਰਗੇ ਸਫ਼ਿਆਂ ਨੂੰ ਕੁਝ ਸੂਹੇ ਅੱਖਰ ਦੇਵਾਂ

ਹਰ ਥਾਂ ਧੂੰਆਂ, ਧੁੰਦ, ਧੁਆਂਖੀ ਧਰਤੀ, ਧੁਖਦੇ ਰਸਤੇ
ਕਿਸ ਥਾਂ ਜਾ ਕੇ ਅੱਖਾਂ ਨੂੰ ਇੱਕ ਸਾਵਾ ਮੰਜ਼ਰ ਦੇਵਾਂ

ਮੇਰੇ ਜੁੱਸੇ ਦੇ ਵਿੱਚ ਜੰਮੀ ਬਰਫ਼ ਜ਼ਰਾ ਤਾਂ ਪਿਘਲ਼ੇ
ਅਪਣੀ ਤਲ਼ੀ ਨੂੰ ਤੇਰੇ ਤਪਦੇ ਮੱਥੇ 'ਤੇ ਧਰ ਦੇਵਾਂ

ਖ਼ੁਦ ਨੂੰ ਮਿਲਣ ਤੋਂ ਪਹਿਲਾਂ ਮੇਰਾ ਤੈਨੂੰ ਮਿਲਣਾ ਔਖਾ
ਤੇਰੀਆਂ ਸਾਬਤ ਰੀਝਾਂ ਨੂੰ ਕਿੰਜ ਟੁੱਟੀ ਝਾਂਜਰ ਦੇਵਾਂ

ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ
ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ

ਮਹਿਕੀ ਰੁੱਤ ਵਿਚ ਵੀ ਜੋ ਕਲੀਆਂ ਮਹਿਕ ਨਹੀਂ ਦੇ ਸਕੀਆਂ
ਮੈਂ ਉਹਨਾਂ ਨੂੰ ਹਰ ਇੱਕ ਰੁੱਤੇ ਮਹਿਕਣ ਦਾ ਵਰ ਦੇਵਾਂ

ਉਡੀਕ.......... ਜਸਵੀਰ ਫ਼ਰੀਦਕੋਟ / ਗ਼ਜ਼ਲ

ਉਡੀਕ ਰਹੇਗੀ ਬਹਾਰ ਦੀ ਇਸ ਸਾਲ,
ਮੌਸਮ ਨੇ ਤਾਂ ਬਦਲਣਾ ਹੈ ਹਰ ਹਾਲ ।
ਫ਼ੁੱਲਾਂ ਦੀ ਖੁਸ਼ਬੋ ਨੇ ਹੈ ਜੇ ਫੈਲਣਾ ਤਾਂ,
ਸਮਝੌਤਾ ਕਰਨਾ ਪੈਣਾ ਏ ਹਵਾ ਦੇ ਨਾਲ ।
ਚਾਹ ਕੇ ਵੀ ਨਾ ਨਿਕਲਿਆ ਗਿਆ ਮੇਰੇ ਤੋ,
ਖ਼ੂਬ ਬੁਣਿਆ ਉਸ ਸ਼ਬਦਾਂ ਦਾ ਜਾਲ ।
ਹੋਣੀ ਸੀ ਤਸਵੀਰ ਅਧੂਰੀ ਜਿ਼ੰਦਗੀ ਦੀ,
ਜੇ ਕੰਡਿਆਂ ਭਰੀ ਨਾਂ ਹੁੰਦੀ ਫੁੱਲਾਂ ਦੀ ਡਾਲ।
ਚਲਦੀਆਂ ਹੀ ਰਹਿਣੀਆਂ ਇਹ ਤੇਜ਼ ਹਵਾਵਾਂ,
ਤੂੰ ਰੱਖੀਂ ਬਨ੍ਹੇਰੇ ਹਰ ਸਮੇਂ ਦੀਵਾ ਬਾਲ ।
ਝੂਠ ਬਿਨ੍ਹਾਂ ਵੀ ਸੱਚ ਦੀ ਕਦਰ ਨਾਂ ਪੈਂਦੀ,
ਆ ਜਾਉ ਸਾਹਵੇਂ ਦੇਖ ਸਮੇਂ ਦੀ ਚਾਲ ।
‘ਜਸਵੀਰ’ ਹੌਂਸਲਾ ਨਾਂ ਛੱਡੀਂ ਚਲਦਾ ਚੱਲੀਂ,
ਇੱਕ ਦਿਨ ਮਿਲ ਜਾਉ ਤਾਲ ਦੇ ਨਾਲ ਤਾਲ ।

ਰੰਗਲੇ ਸੁਪਨੇ.......... ਨਜ਼ਮ/ਕਵਿਤਾ / ਰਾਕੇਸ਼ ਵਰਮਾ

ਪਤਾ ਨਹੀ ਲੋਕਾਂ ਨੂੰ ਕੀਕਣ , ਰੰਗਲੇ ਸੁਪਨੇ ਆਉਂਦੇ ਨੇ ,
ਸਾਨੂੰ ਤਾਂ ਬਈ ਜਦ ਵੀ ਆਵਣ, ਆਵਣ ਲੁੱਟਾਂ-ਖੋਹਾਂ ਦੇ ।।!

ਨੀਅਤ ਦੇ ਵਿਚ ਖੋਟ ਜਿਹਨਾਂ ਦੀ, ਸੋਚ ਫੌਹੜੀਆਂ ਲੈ ਤੁਰਦੀ ,
ਵੋਟਾਂ ਦੇ ਸਿਰ ਬਣ ਗਏ ਪਾਂਧੀ , ਪਾਂਧੀ ਪੰਜਾਂ ਕੋਹਾਂ ਦੇ ।।!

ਚਿੱਟ-ਕੱਪੜੀਏ ਨੇਤਾ ਹੋਵਣ, ਜਾ ਫਿਰ ਕਾਲੇ ਕੱਛਿਆਂ ਵਾਲੇ ,
'ਕੱਲੇ ਕਦੇ ਨਾ ਡਾਕਾ ਮਾਰਨ, ਮਾਰਨ ਵਿਚ ਗਿਰੋਹਾਂ ਦੇ ।।!

ਬੰਦ, ਹੜਤਾਲਾਂ, ਰੋਸ- ਮੁਜਾਹਰੇ, ਧਰਨੇ ਵੀ ਨਿੱਤ ਨੇਮ ਬਣੇ,
'ਟੰਕੀਆਂ' ਉੱਤੋਂ ਪਏ ਸੁਰ ਗੂੰਜਣ, ਸੁਰ ਗੂੰਜਣ ਵਿਦਰੋਹਾਂ ਦੇ ।।!

ਭ੍ਰਿਸ਼ਟਾਚਾਰ ਦੇ ਘੁਣ ਨੇ ਯਾਰੋ, ਓਹ ਥੰਮ੍ਹ ਖੋਖਲੇ ਕਰ ਦਿੱਤੇ ,
ਲੋਕਤੰਤਰ ਦੀ ਛੱਤ ਟਿਕੀ ਹੈ , ਟਿਕੀ ਹੈ ਜਿਹਨਾਂ ਚੋਹਾਂ ਤੇ ।।!

ਪਤਾ ਨਹੀ ਲੋਕਾਂ ਨੂੰ ਕੀਕਣ , ਰੰਗਲੇ ਸੁਪਨੇ ਆਉਂਦੇ ਨੇ ,
ਸਾਨੂੰ ਤਾਂ ਬਈ ਜਦ ਵੀ ਆਵਣ, ਆਵਣ ਲੁੱਟਾਂ-ਖੋਹਾਂ ਦੇ ।।!



ਰੰਗਲਾ ਪੰਜਾਬ ......... ਗੀਤ / ਜਰਨੈਲ ਘੁਮਾਣ

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ ‘ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥

ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ ‘ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਘਰ ਘਰ ਵਿੱਚ ਪੈਰ ਸਿਆਸਤ ਪਸਾਰ ਚੱਲੀ,
ਲੀਡਰਾਂ ਦੀ ਪਾਈ ਫੁੱਟ ਰਿਸ਼ਤੇ ਵਿਗਾੜ ਚੱਲੀ ,
ਜਣਾ ਖਣਾ ਏਥੇ , ਨੇਤਾ ਸਾਹਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਬੇ-ਰੁਜ਼ਗਾਰੀ ਲੱਕ ਪਾਹੜੂਆਂ ਦਾ ਤੋੜ ਦਿੱਤਾ ,
ਪੰਜਾਬ ਦੀ ਜਵਾਨੀ ਤਾਈਂ ਨਸ਼ਿਆਂ ‘ਚ ਰੋਹੜ ਦਿੱਤਾ,
ਮਹਿਕ ਵਿਹੂਣਾ , ਕਿਉਂ ਗੁਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਸ਼ਾਹਾ ਦਾ ਕਰਜ਼ ਕਿਰਸਾਨੀ ਤਾਈਂ ਖਾ ਗਿਆ ,
ਡੂੰਘੇ ਬੋਰ ਲਾਉਣ ਦਾ ਖਰਚ ਖੁੱਡੇ ਲਾ ਗਿਆ ,
ਖਾਦ , ਤੇਲ ਲੰਬਾ ਹੀ ਹਿਸਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਫੋਕੀ ਸ਼ੋਹਰਤ ਨੇ ਕੀਤੇ ਵਿਆਹਾਂ ਦੇ ਖਰਚ ਵੱਡੇ ,
ਵੱਡਿਆਂ ਘਰਾਂ ਨੂੰ ਵੇਖ਼ , ਛੋਟਿਆਂ ਨੇ ਪੈਰ ਛੱਡੇ ,
ਸਾਰਿਆਂ ਦਾ ਹਾਜ਼ਮਾਂ ,ਖਰਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਮੋਬਾਇਲ ਫੋਨ ਆਇਆ , ਨਾਲ ਇਸ਼ਕ ਕਰਾਂਤੀ ਲਿਆਇਆ
ਪਿੰਡ ਪਿੰਡ ਹੀਰਾਂ ਅਤੇ ਰਾਂਝਿਆਂ ਦਾ ਹੜ੍ਹ ਆਇਆ ,
ਇੱਜ਼ਤਾਂ ਦਾ ਘਾਣ , ਬੇ-ਹਿਸਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਵੋਟਾਂ ਵਾਲੀ ਰਾਜਨੀਤੀ ਨੇਤਾ ਸਾਡੇ ਕਰੀਂ ਜਾਂਦੇ ,
ਦੋਵੇਂ ਧਿਰਾਂ ਇੱਕੋ, ਦੋਸ਼ ਆਪਸ ‘ਚ ਮੜ੍ਹੀ ਜਾਂਦੇ ,
ਜਨਤਾ ਨਾ ਬੁੱਝੇ , ਕੀਹਨੂੰ ਲਾਭ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਲੋਕ ਹਿੱਤਾਂ ਦੇ ਹਿਤੈਸ਼ੀ ਵਿਕ ਜਾਣ ਪਲਾਂ ਵਿੱਚ,
ਭਟਕਦੇ ਛੱਡ ਜਾਣ , ਲੋਕਾਂ ਤਾਈਂ ਥਲਾਂ ਵਿੱਚ ,
ਦੂਰ ਲੋੜਾਂ ਪੂਰਦਾ, ਝਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਚਾਰੇ ਪਾਸੇ ਛਾ ਗਿਆ ਹਨ੍ਹੇਰ , ਨ੍ਹੇਰ ਘੁੱਪ ਹੁਣ ,
ਹਰ ਮੁੱਦੇ ਉੱਤੇ ਭਲੀ , ਭਲੇ ਲੋਕਾ ਚੁੱਪ ਹੁਣ ,
ਘਾਲਾ ਮਾਲਾ ਬਹੁਤ ਹੀ , ਜਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਵਿਦਵਾਨੋ , ਸਾਇੰਸਦਾਨੋ , ਜ਼ਰਾ ਨੇਤਾ ਜੀ ਵਿਚਾਰ ਕਰੋ ,
ਕੀ ਐ ਭਵਿੱਖ ਸਾਡਾ , ਸੋਚ ਲਗਾਤਾਰ ਕਰੋ ,
"ਘੁਮਾਣ" ਦੇਣਾ ਔਖਾ , ਏਹ ਜਵਾਬ ਹੋਈਂ ਜਾਂਦਾ ਏ ।

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ ‘ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥


ਥਰਕੇ ਤੇ ਥਰ ਥਰਾਵੇ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ (ਕੈਨੇਡਾ)

ਥਰਕੇ ਤੇ ਥਰ ਥਰਾਵੇ ਦਿਲ ਦਾ ਅਜੀਬ ਪਾਰਾ
ਮੇਰੀ ਇਹ ਬੇਬਸੀ ਹੈ ਲਿਖਣੇ ਖਿਆਲ ਯਾਰਾ।

ਵਹਿੰਦਾ ਹੀ ਮੈਂ ਤੇ ਜਾਵਾਂ ਛੱਲਾਂ ਦੇ ਨਾਲ ਜਾਣੋ
ਆਪੇ ਹੀ ਵਹਿ ਤੁਰੇ ਜਦ ਸੋਚਾਂ ਦੀ ਗੰਗ ਧਾਰਾ।

ਨਿਰਮਲ ਮਲੂਕ ਸੁਪਨੇ ਸ਼ਬਦਾਂ ਦੇ ਪਹਿਣ ਵਸਤਰ
ਦਿਲ ਨੂੰ ਨੇ ਆਣ ਲਾਉਂਦੇ ਕੈਸਾ ਹੁਸੀਨ ਲਾਰਾ।

ਸੁਰ ਤਾਲ ਦੀ ਸਿਆਣੀ ਗ਼ਜ਼ਲਾਂ ਦੀ ਇਹ ਸੁਆਣੀ
ਐਸਾ ਹੈ ਆਣ ਕਰਦੀ ਜਾਦੂ ਇਹ ਟੂਣੇ ਹਾਰਾ।

ਜਲਵਾ ਅਜੀਬ ਤਾਰੀ ਹੋਂਦਾ ਹੈ ਫਿਰ ਸੁਤਾ ਤੇ
ਆਪੇ ਬਣੇ ਇਹ ਕਸ਼ਤੀ ਆਪੇ ਬਣੇ ਕਿਨਾਰਾ।

ਜੀਵਨ ਦੇ ਰਸ ਮਿਲੇ ਜੋ ਅਪਣੀ ਜ਼ਬਾਨ* ਵਿੱਚੋਂ
ਤਾਂਹੀ ਉਤਾਰ ਸਕਿਆਂ ਅਪਣਾ ਮੈਂ ਕਰਜ਼ ਸਾਰਾ।

ਜੀਵਨ ਦੀ ਤਰਬ ਛੇੜੇ ਖ਼ੁਸ਼ੀਆਂ ਤੇ ਗ਼ਮ ਜੋ ਮੇਰੇ
ਆਪੇ ਫੜਾ ਨੇ ਦੇਂਦੇ ਮੈਨੂੰ ਤੇ ਕਲਮ ਯਾਰਾ।

ਛਮਛਮ ਨੇ ਆਣ ਵਰ੍ਹਦੇ ਬਰਖਾ ਦੇ ਵਾਂਗ ਯਾਰੋ
ਗ਼ਜ਼ਲਾਂ ਤੇ ਗੀਤ ਆਪੇ ਕਰਦੇ ਨੇ ਆ ਉਤਾਰਾ।

ਬਖਸ਼ੀ ਇਨ੍ਹਾਂ ਜਵਾਨੀ ਸੁਪਨੇ ਸਕਾਰ ਕੀਤੇ
ਮੁੜਕੇ ਜਵਾਨ ਹੋਇਆ ਸੰਧੂ ਜਿਵੇਂ ਦੁਬਾਰਾ।
****
*ਪੰਜਾਬੀ

ਸ਼ਮਸ਼ੇਰ ਸਿੰਘ ਸੰਧੂ (ਰੀ. ਡਿਪਟੀ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ) ਨੇ 65 ਸਾਲ ਦੇ ਹੋਣ ਪਿਛੋਂ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਅਤੇ ਹੁਣ ਤਕ ਹੇਠ ਲਿਖੀਆਂ ਪੁਸਤਕਾਂ ਪਾਠਕਾਂ ਦੀ ਨਜ਼ਰ ਕਰ ਚੁਕਾ ਹੈ

1- ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003 ਕੈਲਗਰੀ
2- ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005 ਕੈਲਗਰੀ
3- ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) 2006 ਕੈਲਗਰੀ
4- ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007 ਕੈਲਗਰੀ
5- ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007 ਕੈਲਗਰੀ
6- ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008 ਕੈਲਗਰੀ
7- ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009 ਚੰਡੀਗੜ੍ਹ
8- ਕਲਾਮੇਂ ਸਬਾ ਕੇ ਤੀਨ ਰੰਗ–ਸਬਾ ਸ਼ੇਖ਼ ਕੀ ਉਰਦੂ ਨਜ਼ਮੇਂ 09 ਕੈਲਗਰੀ
9- ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) (ਛਪਾਈ ਅਧੀਨ)

ਸੁਪਨੇ………… ਨਜ਼ਮ/ਕਵਿਤਾ / ਸੁਮਿਤ ਟੰਡਨ

ਕੁਛ ਨਗ਼ਦ ਤੇ ਕੁਛ ਉਧਾਰੇ ਸੁਪਨੇ,
ਜਿੱਤ ਕੇ ਕਦੇ ਨਾ ਹਾਰੇ ਸੁਪਨੇ
ਪਿਓ ਦੇ ਮੋਢੇ- ਮਾਂ ਦੀ ਗੋਦੀ ਬਹਿ ਕੇ ਜਦੋਂ ਉਸਾਰੇ ਸੁਪਨੇ
ਵਗਦੀਆਂ ਨਲੀਆਂ ਗੁੱਟ ਨਾਲ ਪੂੰਝ ਕੇ ਝੱਗੇ ਦੇ ਨਾਲ ਝਾੜੇ ਸੁਪਨੇ
ਰੋ ਕੇ ਹੱਸਣਾ- ਹੱਸ ਕੇ ਰੋਣਾ, ਸੱਧਰਾਂ ਵਾਂਗ ਸੰਵਾਰੇ ਸੁਪਨੇ,
ਪਿੱਠੂ ਗਰਮ ਕਰਾਰੇ ਕਰ ਕੇ, ਲੱਗੇ ਬੜੇ ਨਿਆਰੇ ਸੁਪਨੇ
ਬਚਪਨ ਵਾਲੀ ਢਾਬ ਦੇ ਉੱਤੇ, ਗੀਟਿਆਂ ਬਦਲੇ ਹਾਰੇ ਸੁਪਨੇ
ਲੁਕਣ ਮਿਟੀ ਤੇ ਬਾਂਦਰ ਕੀਲਾ, ਕਹਿ ਕੇ ਜਦੋਂ ਪੁਕਾਰੇ ਸੁਪਨੇ
ਬਣਾ ਕੇ ਖੱਗਾ ਢੱਕਣ ਦਾ ਕਦੇ ਪੋਸ਼ਨ ਪਾ-ਪਾ ਤਾਰੇ ਸੁਪਨੇ
ਲੜ-ਲੜ ਬਹਿਣਾ ਪੀੜ੍ਹੀ ਤੇ, ਨਾ ਭੂੰਜੇ ਪੈਰ ਪਸਾਰੇ ਸੁਪਨੇ
ਗੁੱਲੀ ਡੰਡਾ ਤੇ ਬੀਚੋ ਖੇਡ ਕੇ, ਕੰਚੇ ਬਣੇ ਹਮਾਰੇ ਸੁਪਨੇ
ਤਾਰਿਆਂ ਵਾਲੀ ਰਾਤ ਨੂੰ ਇੱਕ ਦਿਨ, ਰੂਹ ਨਾਲ ਜਦੋਂ ਨਿਹਾਰੇ ਸੁਪਨੇ
ਚੰਨ ਨੂੰ ਕਹਿ ਕੇ ਚੰਦਾ ਮਾਮਾ, ਰਿਸ਼ਤਿਆਂ ਦੇ ਨਾਂ ਵਾਰੇ ਸੁਪਨੇ
ਅੱਜ ਵੀ ਆਉਂਦੇ ਯਾਦ ਬਥੇਰੇ, ਸੱਜਣ ਯਾਰ ਪਿਆਰੇ ਸੁਪਨੇ
ਰਿੱਕੀ ਬਚਪਨ ਬੜਾ ਸੁਨਿਹਰੀ, ਸੋਚ ਕੇ ਵਕਤ ਗੁਜ਼ਾਰੇ ਸੁਪਨੇ
ਸੁਪਨੇ ਤਾਂ ਫਿਰ ਸੁਪਨੇ ਰਹਿਣੇ, ਖੱਟੇ ਮਿੱਠੇ ਖਾਰੇ ਸੁਪਨੇ
ਸੁਪਨਿਆਂ ਨੂੰ ਭਰਮਾਵੇ ਕਿਹੜਾ, ਇਹ ਜੋ ਹੋਏ ਬੇ-ਚਾਰੇ ਸੁਪਨੇ
ਕੁਛ ਨਗ਼ਦ ਤੇ ਕੁਛ ਉਧਾਰੇ ਸੁਪਨੇ
ਜਿੱਤ ਕੇ ਕਦੇ ਨਾ ਹਾਰੇ ਸੁਪਨੇ॥








ਕਦੇ ਕਦਾਈਂ.......... ਗ਼ਜ਼ਲ / ਦੀਪ ਜ਼ੀਰਵੀ

ਕਦੇ ਕਦਾਈਂ ਆਵੇਂ ਤਾਂ ਦੋ ਘੜੀਆਂ ਬਹਿ ਵੀ ਜਾਇਆ ਕਰ,
ਜਾਣੈ, ਜਾਣੈ ਆਖ ਆਖ ਨਾ ਮੇਰਾ ਦਿਲ ਤੜਫਾਇਆ ਕਰ।

ਢੁੱਕ ਢੁੱਕ ਬਹਿਣੈ ਗੈਰਾਂ ਲਾਗੇ, ਜੀ ਸਦਕੇ ਬਹਿ ਜਿਉਂਦਾ ਰਹੁ,
ਕਦੇ ਕਦਾਈਂ ਲੜਨ ਲਈ ਸਹੀ, ਸਾਡੇ ਵੱਲ ਵੀ ਆਇਆ ਕਰ।

ਡਾਢਿਆ ਢੋਲਾ ਤੂੰ ਤੜਫਾਉਨੈਂ, ਮੇਰੀ ਰੂਹ ਨੂੰ ਅਸ਼ਕੇ ਬਈ,

ਲਿਖ ਲਿਖ ਥੱਕਣੈਂ ਗੈਰਾਂ ਨੂੰ, ਦੋ ਹਰਫ ਮੇਰੇ ਨਾਂ ਪਾਇਆ ਕਰ।

ਗੈਰਾਂ ਦੀ ਸੁਣਦੈਂ ਤੂੰ ਆਖਦੈਂ, ਗੈਰਾਂ ਨੂੰ ਹੀ ਦਿਲ ਦੀ ਗੱਲ,
ਕਦੇ ਤਾਂ ਆਪਣੇ ਬੋਲ ਦੀ ਮਿਸ਼ਰੀ, ਮੇਰੇ ਕੰਨੀਂ ਪਾਇਆ ਕਰ।

ਗੈਰਾਂ ਸਾਹਵੇਂ ਰੋਲਦੈਂ ਲੱਜ ਤੂੰ ਇਸ਼ਕ ਮੇਰੇ ਦੀ ਡਾਹਡਿਆ ਵੇ,
ਲੋਕ ਤਾਂ ਲੋਕ ਨੇ, ਲੋਕਾਂ ਸਾਹਵੇਂ ਨਾ ਤੂੰ ਇੰਞ ਰੁਆਇਆ ਕਰ।

ਸ਼ਰਬਤ ਜਾਣ ਕੇ ਘੁੱਟ ਘੁੱਟ ਪੀਵਾਂ ਬਿਰਹੜਾ ਵਿਹੁ ਪਿਆਲਾ ਵੇ,
ਆਪਣੇ ਆਣ ਦੀ ਆਸ ਦੀ ਏਹਦੇ ਵਿੱਚ ਇੱਕ ਬੂੰਦ ਰਲਾਇਆ ਕਰ।

ਦਿਲ ਮੇਰੇ ਦੀ ਮਮਟੀ ਸੱਖਣੀ, ਚਾਰ ਚੁਫੇਰੇ ਨੇਰ੍ਹਾ ਏ,
ਕਦੇ ਤਾਂ ਰਾਤ ਬਰਾਤੇ ਆ ਕੇ ਦਰਸ਼ ਦੇ 'ਦੀਪ' ਜਗਾਇਆ ਕਰ।


ਮਾਪਿਆਂ ਦਾ ਵਿਛੋੜਾ.......... ਨਜ਼ਮ/ਕਵਿਤਾ / ਚਰਨਜੀਤ ਕੌਰ ਧਾਲੀਵਾਲ (ਸੈਦੋਕੇ)

ਜਦੋ ਪੰਜਾਬ ਤੋ ਆਇਆ ਸੀ,
ਆਪਣੇ ਮਾਪਿਆ ਨੂੰ ਛੱਡ ਕੇ
ਏਹੀ ਕਹਿ ਕੇ ਆਇਆ ਸੀ,
ਉਹਨਾਂ ਦੇ ਗਲ ਲੱਗ ਕੇ
"ਮਾਂ ਤੂੰ ਫਿ਼ਕਰ ਨਾ ਕਰ,
ਮੈ ਛੇਤੀ ਵਾਪਸ ਆਵਾਂਗਾ,
ਕਰਜ਼ੇ ਦੀ ਪੰਡ ਲਾਹ ਕੇ,
ਬਾਪੂ ਦਾ ਬੋਝ ਘਟਾਵਾਂਗਾ
ਗਹਿਣੇ ਪਈ ਛੁਡਾ ਕੇ ਵੀ,
ਲਾਹ ਦਿਊਂ ਗਲੋਂ ਗਰੀਬੀ ਨੂੰ
ਕਿਰਸਾਨਾ ਦੇ ਬਾਦ ਪਈ ਜੋ,
ਬਦਲ ਦਿਊਂ ਬਦਨਸੀਬੀ ਨੂੰ!"
ਦੇਖੋ, ਵਿਚ ਪ੍ਰਦੇਸਾਂ ਪਹੁੰਚ ਗਿਆ,
ਏਥੇ ਆ ਕੇ ਕੀ ਮੈਨੂੰ ਹੋ ਗਿਆ ਏ?
ਇਸ ਮਤਲਬਖ਼ੋਰੀ ਦੁਨੀਆਂ ਵਿਚ,
ਮੇਰਾ ਆਪਣਾਪਣ ਵੀ ਖੋ ਗਿਆ ਏ!
ਘਰ ਛੱਡ ਕੇ 'ਕੱਲੇ ਮਾਪਿਆਂ ਨੂੰ,
(ਪਰ) ਦਿਲੋਂ ਕਦੇ ਨਹੀ ਭੁੱਲਿਆ ਮੈਂ!
ਦਰ-ਦਰ 'ਤੇ ਧੱਕੇ ਖਾਂਦਾ ਰਿਹਾ,
ਲੋਕਾਂ ਦੇ ਪੈਰੀਂ ਰੁਲਿ਼ਆ ਮੈਂ
ਨਾ ਰੋਜ਼ੀ-ਰੋਟੀ ਭਲੀ ਮਿਲੀ,
ਨਾ ਲੱਭਿਆ ਕੋਈ ਟਿਕਾਣਾ ਹੈ,
ਆਪੇ ਨੂੰ ਖ਼ੁਦ ਦੀ ਸੋਚ ਨਹੀਂ,
ਮਾਪੇ ਨੂੰ ਕੀ ਸਮਝਾਣਾ ਹੈ?
ਸੇਵਾ ਲਈ ਦਿਲ ਤਾਂਘ ਵਿਚ ਰਹਿੰਦਾ
ਬੇਬੇ ਬਾਪੂ ਦਾ ਚਾਅ ਹੁੰਦਾ,
ਕਰਜ਼ਾ ਵੀ ਅੱਧਿਓਂ ਡੂੜ੍ਹ ਹੋਇਆ
ਰਾਹ ਪਿੰਡ ਦਾ ਹੁਣ ਨਹੀਂ ਡਾਹ ਦਿੰਦਾ
ਅੱਜ ਸਹੀ, ਬੱਸ ਕੱਲ੍ਹ ਸਹੀ...
ਲੰਘ ਗਏ ਨੇ ਕਿੰਨੇ ਸਾਲ ਦੇਖਲੈ
ਮਾੜੇ ਕਰਮਾਂ ਨੂੰ, ਬਾਪੂ ਗੁਜਰ ਗਿਆ,
ਮਾਂ ਹੋ ਗਈ ਹਾਲੋਂ-ਬੇਹਾਲ ਦੇਖਲੈ
ਦੋ ਅੱਖਰ ਪਾਉਣ ਨਾ ਜਾਣੇਂ ਮਾਂ,
ਦੱਸ ਕੀਹਨੂੰ ਹਾਲ ਸੁਣਾਵੇ ਉਹ?
ਤੋਰ ਪੁੱਤ ਨੂੰ ਵਿਚ ਪ੍ਰਦੇਸਾਂ ਦੇ,
ਹੁਣ 'ਕੱਲੀ ਬਹਿ ਪਛਤਾਵੇ ਉਹ
ਔਸੀਆਂ ਪਾ ਕੇ ਮੰਜੇ ਬੈਠ ਗਈ,
ਦਿਲ ਦਾ ਦੁਖੜਾ ਕੀਹਨੂੰ ਦੱਸੇ ਮਾਂ?
ਘਰ ਨੂੰਹ ਦਾ ਡੋਲਾ ਆਉਣਾ ਸੀ,
ਕਦੇ ਵਿਚ ਖਿ਼ਆਲਾਂ ਹੱਸੇ ਮਾਂ!
ਰਹੀ ਰਾਹ ਤੱਕਦੀ ਅੰਤ ਸਾਸ ਤੀਕਰ,
ਨਾ ਮਾਂ ਦੇ ਦਰਸ਼ਣ ਕਰ ਸਕਿਆ,
ਜਦੋ ਦੋਸਤਾਂ ਆ ਕੇ ਦੱਸਿਆ ਸੀ,
ਨਹੀਂ ਮਾਂ ਦੀ ਬ੍ਰਿਹਾ ਜਰ ਸਕਿਆ
ਮੇਰੇ ਹੋਸ਼-ਹਵਾਸ ਸੀ ਗੁੰਮ ਹੋਏ
ਯਾਰਾਂ ਮਿੱਤਰਾਂ ਨੇ ਸਾਂਭ ਲਿਆ,
ਪੱਥਰ ਦਾ ਦਿਲ ਕਰ ਫਿਰਦਾ ਰਿਹਾ
ਹਾਉਕਾ ਲੈ-ਲੈ ਕੇ ਡਾਂਗ ਜਿਹਾ
ਮਾਂ ਦੇ ਸਿ਼ਕਵੇ ਗਲ਼-ਗਲ਼ ਮੇਰੇ
ਮੇਰੇ ਦਿਲ 'ਤੇ ਗੋਲ਼ਾ ਬੱਝ ਗਿਆ
'ਸਰਵਣ' ਬਣ ਕੇ ਸੇਵਾ ਕਰਦਾ,
ਮੈਂ ਇੱਥੇ ਕੀ ਲੱਭ ਲਿਆ?
"ਧਾਲੀਵਾਲ" ਮੈਥੋ ਭੁੱਲ ਨਹੀ ਹੋਣੇ
ਉਹ ਅੰਮੜੀ ਦੇ ਬੋਲ ਕਹੇ
"ਸੈਦੋਕੇ" ਮਾਂ ਕਰੂ ਉਡੀਕਾਂ,
ਭਾਵੇ ਪੁੱਤਰ ਕਿਤੇ ਰਹੇ!

ਰੱਬ ਜੀ.......... ਸ਼ਮੀ ਜਲੰਧਰੀ

ਰੱਬ ਜੀਮੇਰੇ ਗੀਤਾਂ ਨੂੰ ਅਲਫਾਜ਼ ਦੇ ਦਿਓ ,
ਸੱਚ ਨੂੰ ਬੁਲੰਦ ਕਰਨ ਦੀ ਆਵਾਜ਼ ਦੇ ਦਿਓ,

ਹਰ ਪਾਸੇ ਅੱਜ ਬਰੂਦ ਦਾ ਸ਼ੋਰ ਹੋ ਰਿਹਾ
ਸੁਲਾਹ ਤੇ ਅਮਨੋ ਚੈਨ ਦੇ ਸਾਜ਼ ਦੇ ਦਿਓ

ਅਪਣੀ ਹੀ ਸੋਚ ਵਿੱਚ ਮੈਂ ਕੈਦ ਹੋਇਆ ਹਾਂ ,
ਨਿਕਲਾਂ ਮੈਂ ਅਪਣੇ ਆਪ ਚੋ ਪਰਵਾਜ਼ ਦੇ ਦਿਓ
,
ਇਹ ਭੱਟਕਣਾ ਮਨ ਮੇਰੇ ਦੀ ਮੁੱਕਦੀ ਹੀ ਨਹੀ
ਸਬਰ ਦੇ ਨਾਲ਼ ਜੀਣ ਦਾ ਅੰਦਾਜ਼ ਦੇ ਦਿਓ

ਰੀਤਾਂ ਤੇ ਰਸਮਾਂ ਵਿੱਚ ਦੁਨੀਆਂ ਟੋਟੇ ਹੋ ਗਈ,
ਇੱਕ ਹੋਣ ਸਾਰੇ ਕੋਈ ਨਵਾਂ ਰਿਵਾਜ਼ ਦੇ ਦਿਓ,

ਕਿਸ ਦੇ ਅੱਗੇ ਖੋਲਾਂ ਮੈ ਦਿਲਾਂ ਦੇ ਭੇਦ ਨੂੰ,
ਜੋ ਸੱਮਝ ਸਕੇ 'ਸ਼ਮੀ' ਨੂੰ ਹਮਰਾਜ਼ ਦੇ ਦਿਓ


ਤੇਰੇ ਬਿਨਾ.......... ਗ਼ਜ਼ਲ / ਪ੍ਰਿੰਸ ਧੁੰਨਾ

ਬੇਰੰਗ ਹਾਂ ਬੇਨੂਰ ਹਾਂ ਤੇਰੇ ਬਿਨਾ
ਮੈ ਆਪਣੇ ਤੋ ਦੂਰ ਹਾਂ ਤੇਰੇ ਬਿਨਾ।।

ਤੇਰੀਆ ਬੁੱਲੀਆ ਤੇ ਮੇਰਾ ਨਾਮ ਨਹੀ।।।
ਤਾਂ ਕਾਹਦਾ ਮਸ਼ਹੂਰ ਹਾਂ ਤੇਰੇ ਬਿਨਾ।।

ਏ ਛੱਡ ਜਾਵਣ ਵਾਲਿਆ ਵੇਖੀ ਕਦੇ
ਮੈ ਕਿੰਝ ਗਮਾ ਸੰਗ ਚੂਰ ਹਾਂ ਤੇਰੇ ਬਿਨਾ।।।

ਤੂੰ ਕੇਹੇ ਚੰਦਰੇ ਜਖਮ ਦੇ ਕੇ ਤੁਰ ਗਈ
ਮੈ ਬਣ ਗਿਆ ਨਾਸ਼ੂਰ ਹਾਂ ਤੇਰੇ ਬਿਨਾ।।।

ਇਕ ਆਸ ਸੀ ਖਾਬਾ ਚ ਆਵੇਗਾ ਕਦੀ
ਪਰ ਨੀਦਰਾਂ ਤੋ ਦੂਰ ਹਾਂ ਤੇਰੇ ਬਿਨਾ।।

ਰਾਜਨੀਤੀ………… ਗ਼ਜ਼ਲ / ਦਾਦਰ ਪੰਡੋਰਵੀ

ਫ਼ਿਜਾਵਾਂ ਨੂੰ ਸੁਰਾਂ ਦੀ ਤਾਨ ਤੋਂ ਮਹਿਰੂਮ ਰੱਖਣਾ-
ਜੋ ਵੱਜੂ ਤਾਨ ਵਿਚ ਉਹ ਸਾਜ਼ ਹੀ ਤੁੜਵਾ ਦਿਆਂਗੇ!
ਜਦੋਂ ਮੌਲਣਗੇ ਰੁਖ,ਮਹਿਕਣਗੇ ਫੁਲ ਉਸ ਵਕਤ ਆਕੇ-
“ਕਿ ਹੁਣ ਪਤਝੜ੍ਹ ਦੀ ਵਾਰੀ ਹੈ” ਇਹ ਹੋਕਾ ਲਾ ਦਿਆਂਗੇ!

ਪਰਿੰਦੇ ਪਿੰਜ਼ਰੀਂ ਪਾਉਣੇ ਨੇ,ਪਰ ਵੀ ਕੁਤਰਨੇ ਹਨ-
ਉਡਾਨਾਂ ਦੀ ਹਰਿਕ ਸੰਭਾਵਨਾ ਹੈ ਖਤਮ ਕਰਨੀ,
ਜ਼ਰੂਰਤ ਪੈ ਗਈ ਤਾਂ ਬੋਟ ਵੀ ਅਗਵਾ ਕਰਾਂਗੇ-
‘ਤੇ ਲਾਹ ਕੇ ਪਿੰਜ਼ਰਿਆਂ ਵਿਚ ਆਲ੍ਹਣੇ ਟੰਗਵਾ ਦਿਆਂਗੇ!

ਐ ਨਾਰੀ ਵਿਸ਼ਵ-ਮੰਡੀ ਦੀ ਤੈਂਨੂੰ ਸ਼ੋਭਾ ਬਣਾਉਣਾ-
ਗਲੋਬਲ-ਪਿੰਡ ਦੇ ਰੱਥ ਦੀ ਕਰਾਉਣੀ ਹੈ ਸਵਾਰੀ,
ਕਰਾਂਗੇ ਤਾਜ਼ ਵੀ ਸਿਰ ‘ਤੇ ਸੁਸ਼ੋਭਿਤ ਮਗਰੋਂ,ਪਹਿਲਾਂ-
ਬਦਨ ਤੇਰੇ ਤੇ ਬਸਤਰ ਸ਼ੀਸ਼ਿਆਂ ਦੇ ਪਾ ਦਿਆਂਗੇ!

ਅਸੀਂ ਹਿਟਲਰ,ਅਸੀਂ ਔਰੰਗਜੇਬਾਂ ਦੀ ਨਸਲ ਚੋਂ-
ਬੜਾ ਖ਼ਤਰਾ ਹੈ ਸਾਨੂੰ ਬੁੱਧ,ਨਾਨਕ,ਰਾਮ ਕੋਲੋਂ,
ਪਤਾ ਲੱਗੇ ਕੋਈ ਈਸਾ ਜਾਂ ਮੀਰਾਂ ਹੈ,ਉਸੇ ਪਲ-
ਪਿਆਲੇ ਜ਼ਹਿਰ ਦੇ ਤੇ ਸੂਲੀਆਂ ਭਿਜਵਾ ਦਿਆਂਗੇ!

ਤੁਹਾਡੀ ਕੁੰਭਕਰਨੀ ਨੀਂਦ ਅੱਖ ਪੁੱਟੇ ਕਦੀ,ਜਾਂ-
ਕਿਸੇ ਬੱਚੇ ਦੇ ਵਾਂਗੂੰ ਉਠਦਿਆਂ ਹੀਂ ਮੰਗ ਰੱਖੇ,
ਕਿਸੇ ਰਾਜੇ ਤੇ ਰਾਣੀ ਦੀ ਕੋਈ ਝੂਠੀ ਕਹਾਣੀ-
ਸੁਣਾਕੇ ਇਸਨੂੰ ਆਹਰੇ ਨੀਂਦ ਦੇ ਫਿਰ ਲਾ ਦਿਆਂਗੇ!

ਨਸ਼ੇ,ਹਥਿਆਰ,ਫ਼ਿਲਮਾਂ,ਗੇਂਦਾਂ-ਬੱਲੇ ਵੇਚਣੇ ਹਨ-
ਸਕੂਲਾਂ ਤੋਂ ਹੈ ਕੋਹਾਂ ਦੂਰ ਰੱਖਣਾ ਬੱਚਿਆ ਨੂੰ,
ਪੜਾਉਣਾਂ ਚਾਹੁਣ ਵੀ ਜੇਕਰ ਪੜ੍ਹਾ ਨਾ ਸਕਣ ਮਾਪੇ-
ਸਿਰਾਂ ਤੇ ਬੋਝ ਫੀਸਾਂ ਦਾ ਹੀ ਐਨਾ ਪਾ ਦਿਆਂਗੇ!

ਇਹ ਮਤ ਸੋਚੋ ਬਣਾਵਾਂਗੇ ਅਸੀਂ ਕੋਈ ਰਾਮ-ਮੰਦਰ,
ਲਟਕਦੇ ਮਸਲਿਆਂ ਦਾ ਹੈ ਬੜਾ ਹੀ ਲਾਭ ਸਾਨੂੰ-
ਸਿਆਸਤ ਵਾਸਤੇ ਤੋੜੀ ਸੀ ਮਸਜਿਦ ਬਾਬਰੀ,ਕੱਲ੍ਹ
ਪਈ ਜੇ ਲੋੜ ਅਜ ਮੰਦਰ,ਗੁਰੂਘਰ ਢਾਅ ਦਿਆਂਗੇ!





ਭੋਰਾ ਅਕਲ ਕਰੋ.......... ਨਜ਼ਮ / ਕਵਿਤਾ / ਸੁਮਿਤ ਟੰਡਨ

ਬੇ-ਸ਼ੁਕਰਿਓ ਭੋਰਾ ਅਕਲ ਕਰੋ, ਕਦੇ ਚੰਗਿਆਂ ਦੀ ਵੀ ਨਕਲ ਕਰੋ
ਕਿਊਂ ਗਿਣਦੇ ਟਿੱਚ ਹੋ ਦੂਜਿਆਂ ਨੂੰ, ਕਦੀ ਸ਼ੀਸ਼ੇ ਮੂਹਰੇ ਸ਼ਕਲ ਕਰੋ!
ਜ਼ਰਾ ਅਕਲ ਕਰੋ, ਜ਼ਰਾ ਨਕਲ ਕਰੋ...
ਕੰਮ ਚੰਗਾਂ ਕੋਈ ਜੇ ਕਰ ਲੈਂਦਾ, ਤੁਸੀਂ ਉਸਨੂੰ ਰੱਜ ਦੁਰਕਾਰਦੇ ਓਂ

ਆਪ ਡੱਕਾ ਤੋੜਨ ਜੋਗੇ ਨਹੀਂ, ਬੱਸ ਖਾਲੀ ਝੱਗੇ ਝਾੜਦੇ ਓਂ!
ਕਦੇ ਛੱਡ ਕੇ ਖਹਿੜਾ ਨਿੰਦਣ ਦਾ, ਤੁਸੀਂ ਹੋਰਾਂ ‘ਤੇ ਵੀ ਫ਼ਖ਼ਰ ਕਰੋ
ਜ਼ਰਾ ਅਕਲ ਕਰੋ, ਜ਼ਰਾ ਅਕਲ ਕਰੋ....
ਜੋ ਚੰਗਾ ਕਰੇ ਉਹਨੂੰ ਮਾਣ ਦਿਓ, ਜੋ ਮਾੜਾ ਕਰੇ ਉਹਨੂੰ ਜਾਣ ਦਿਓ
ਨਾ ਚੁਗਲੀ ਕਦੇ ਵਿਰੋਧ ਕਰੋ, ਬੱਸ ਬੋਲ-ਬਾਣੀ ਵਿੱਚ ਸੋਧ ਕਰੋ!
ਕਦੇ ਛੱਡ ਕੇ ਆਪਣੀ ਤੂਤੀ ਨੂੰ, ਜ਼ਰਾਂ ਹੋਰਾਂ ‘ਤੇ ਵੀ ਨਦਿਰ ਕਰੋ
ਅਕਲ ਕਰੋ, ਜ਼ਰਾ ਅਕਲ ਕਰੋ...
ਜਦੋਂ ਮਾੜੇ ਨਾਵਾਂ ਖੱਟ ਜਾਂਦੇ, ਉਦੋਂ ਚੰਗੇ ਪਾਸਾ ਵੱਟ ਜਾਂਦੇ
ਫਿਰ ਘੁਲਦੇ ਨੇ ਕਈ ਕਿਸਮਤ ਨਾਲ, ‘ਰਿੱਕੀ’ ਜਹੇ ਮੌਜਾਂ ਚੱਟ ਜਾਂਦੇ
ਜੇ ਚਾਹੁੰਦੇ ਭਲਾ ਲੋਕਾਈ ਦਾ, ਨਾ ਸੱਚ ਨੂੰ ਝੂਠ ਦੇ ਹੱਥ ਧਰੋ!
ਜ਼ਰਾ ਅਕਲ ਕਰੋ -ਜ਼ਰਾ ਨਕਲ ਕਰੋ, ਕਦੇ ਹੋਰਾਂ ‘ਤੇ ਵੀ ਫ਼ਖ਼ਰ ਕਰੋ ॥
****