ਅਪਮਾਨ ਸ਼ਹੀਦਾਂ ਦਾ .......... ਗ਼ਜ਼ਲ / ਸ਼ਮੀ ਜਲੰਧਰੀ

ਕੀ ਮਿਲਿਆ ਏ ਦੱਸ ਤੈਨੂੰ ਦਿਲਾਂ ਵਿੱਚ ਜ਼ਹਿਰ ਘੋਲ ਕੇ
ਲਾਜਪਤ ਰਾਏ ਦੀ ਲਾਜ ਨੂੰ ਮਿੱਟੀ ਵਿੱਚ ਰੋਲ ਕੇ

ਜਿਹਦੀ ਪੱਤ ਨੂੰ ਤੂੰ ਉਛਾਲਿਆ ਸ਼ਰੇਆਮ ਵਿੱਚ ਬਜਾਰ
ਤੇਰੇ ਲਈ ਸੀ ਸ਼ਹੀਦ ਹੋਇਆ ਆਪਣਾ ਖੂਨ ਡੋਲ ਕੇ

ਭਗਤ ਸਿੰਘ ਵੀ ਕਰਦਾ ਸੀ ਸਿਜਦਾ ਉਸ ਸਕਸ਼ ਨੂੰ
ਤੂੰ ਕੀਤਾ ਅਪਮਾਨ ਉਸ ਸਿਜਦੇ ਦਾ ਮੰਦੇ ਬੋਲ ਬੋਲ ਕੇ

ਮਾਂ ਬੋਲੀ ਪੰਜਾਬੀ ਦਾ ਤੂੰ ਬਣ ਕੇ ਪਿਹਰੇਦਾਰ
ਕਰ ਦਿੱਤਾ ਮਾਂ ਨੂੰ ਮੈਲਾ ਗੰਦੇ ਲਫ਼ਜ਼ ਘਚੋਲ ਕੇ

ਸ਼ੋਹਰਤ ਆਪਣੀ ਦਾ ਤੂੰ ਇੰਨਾ ਗਰੂਰ ਨਾਂ ਕਰਿਆ ਕਰ
ਕਹਾਂਵੇਂਗਾ ਗੱਦਾਰ ਸ਼ਹੀਦਾਂ ਦੇ ਅਸਥ ਫਰੋਲ ਕੇ

‘ਸ਼ਮੀ “ ਹਿੰਦੂ ਸਿੱਖ ਦਾ ਫਿਰ ਵਿਵਾਦ ਨਾ ਕਰ ਖੜਾ
ਸ਼ਹੀਦਾਂ ਨੂੰ ਨਾ ਵੇਖ ਮਾਨਾਂ ਮੱਹਜਬਾਂ ਵਿੱਚ ਤੋਲ ਕੇ


ਸ਼ਹੀਦ ਲਾਲਾ ਲਾਜਪਤ ਰਾਏ……… ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)


ਕਲਮ ਸੇ ਨਿਕਲਾ ਸ਼ਬਦ ਹਰ, ਗਵਾਹੀ ਭਰਤਾ ਹੈ
ਲਾਲਾ ਜੀ ਜੈਸਾ ਹੌਂਸਲਾ, ਸਿਪਾਹੀ ਕਰਤਾ ਹੈ
ਗਿਰਤੇ ਹੈ ਖਾ ਕਰ ਲਾਠੀ ਜੋ, ਮੁਲਕ-ਏ ਵਤਨ ਕੀ ਆਨ ਮੇਂ
ਆਂਧੀ ਸੇ ਟਕਰਾਨੇ ਕਾ ਦਮ, ਤੂਫ਼ਾਨ ਭਰਤਾ ਹੈ।
ਕਲਮ ਸੇ ਨਿਕਲਾ ਸ਼ਬਦ ਹਰ ਗਵਾਹੀ ਭਰਤਾ ਹੈ॥

ਬੂੜ੍ਹੇ ਕੇ ਕੰਧੋਂ ਪਰ ਟਿਕਾ ਥਾ, ਦੇਸ਼ ਕਾ ਸੰਮਾਨ
ਜਿਸ ਕੀ ਫ਼ਿਜ਼ਾ ਮੇਂ ਆਜ ਭਾਰਤ, ਆਹੇਂ ਭਰਤਾ ਹੈ
ਕਲਮ ਸੇ ਨਿਕਲਾ ਸ਼ਬਦ ਹਰ ਗਵਾਹੀ ਭਰਤਾ ਹੈ ।
ਵੋਹ ਲਾਜ ਥੇ, ਸੰਮਾਨ ਥੇ, ਪੂਜਨੀਯ ਲੋਕ ਥੇ
ਕਹ ਕਰ ਸ਼ਹੀਦ ਮੁਲਕ ਜਿਨ੍ਹੇ, ਆਦਾਬ ਕਰ ਕਰਤਾ ਹੈ
ਕਲਮ ਸੇ ਨਿਕਲਾ ਸ਼ਬਦ ਹਰ ਗਵਾਹੀ ਭਰਤਾ ਹੈ॥

ਕਰਤੇਂ ਹੈ ਦਗ਼ਾ ਆਜ ਜੋ, ਸ਼ਹੀਦੋਂ ਕੇ ਨਾਮ ਸੇ
ਵੋਹ ਆਨੇ ਵਾਲੀ ਨਸਲੋਂ ਮੇਂ, ਤਬਾਹੀ ਭਰਤਾ ਹੈ।
ਯਹ ਭਾਰਤ ਮੇਰਾ ਭਾਰਤ, ਮੈਂ ਭਰਤ ਇਸੀ ਕਾ ਹੂੰ
ਲੀਏ ਹਾਥ ਮੇਂ ਤਿਰੰਗਾ, ਲਾਜਪਤ ਮਰਤਾ ਹੈ
ਕਲਮ ਸੇ ਨਿਕਲਾ ਸ਼ਬਦ ਹਰ ਗਵਾਹੀ ਭਰਤਾ ਹੈ॥

ਹਸਰਤਾਂ.......... ਗ਼ਜ਼ਲ / ਬਲਜੀਤ ਪਾਲ ਸਿੰਘ

ਕੀਤੀਆਂ ਜਿਹਨਾਂ ਕਦੇ ਮੁਹੱਬਤਾਂ
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ।

ਬੋਲਦੇ ਖੰਡਰ ਪੁਰਾਣੇ ਦੋਸਤੋ
ਖੂਬਸੂਰਤ ਸਨ ਕਦੇ ਇਮਾਰਤਾਂ।

ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂ
ਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ।

ਉਮਰ ਭਰ ਕਰਦੇ ਰਹੇ ਲੱਖ ਕੋਸ਼ਿਸ਼ਾਂ
ਪੂਰੀਆਂ ਨਾ ਹੋਈਆਂ ਫਿਰ ਵੀ ਹਸਰਤਾਂ।

ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹ
ਹਾਏ ਬਚਪਨ ਹਾਏ ਉਹ ਸ਼ਰਾਰਤਾਂ।

ਕਰ ਲਈ ਵਿਗਿਆਨ ਨੇ ਉਨਤੀ ਬੜੀ
ਬਾਕੀ ਬੜੀਆਂ ਹਨ ਅਜੇ ਬੁਝਾਰਤਾਂ।

ਜਿੱਥੇ ਬੇਇਤਫਾਕੀਆਂ ਦੇ ਸਿਲਸਿਲੇ
ਖੇੜੇ ਖੁਸ਼ੀਆਂ ਕਰਨ ਓਥੋਂ ਹਿਜਰਤਾਂ।

ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ
ਜਿਸ ਲਈ ਨਿੱਤ ਕੀਤੀਆਂ ਇਬਾਦਤਾਂ।

ਬਹੁਤੇ ਫਿਰਦੇ ਨੇ ਖਜ਼ਾਨੇ ਖੋਜਦੇ
ਕੁਝ ਕੁ ਫਿਰਦੇ ਭਾਲਦੇ ਨੇ ਸ਼ੁਹਰਤਾਂ।

ਮੇਰਾ ਚੰਬਾ.......... ਗੀਤ / ਦੀਪ ਜੀਰਵੀ

ਰੱਬਾ ਵੇ ਮੇਰਾ ਚੰਬਾ ਮੈਨੂੰ ਮੋੜ
ਮੇਰੇ ਲੂੰ ਲੂੰ ਐਪਰ ਹੈ ਨਾ ਮੇਰੇ ਕੋਲ
ਰੱਬਾ ਵੇ....

ਇਸ ਚੰਬੇ ਨੂੰ ਸਧਰਾਂ ਵਿਹੜੇ ਸਧਰਾਂ ਨਾਲ ਸੀ ਲਾਇਆ
ਵਕਤ ਨੇ ਸੂਤੀ ਸੰਘੀ ਐਸੀ ਇਸ਼ਕ ਗਿਆ ਨਾ ਗਾਇਆ

ਮੇਰਾ ਸੁਫਨਾ ਮੇਰੇ ਨੇਣੀ ਰੜਕੇ ਜੀਕਣ ਰੋੜ
ਰੱਬਾ ਵੇ....

ਇਸ ਚੰਬੇ ਨੇ ਜਾ ਕੇ ਖਵਰੇ ਕੌਣ।।।ਆਂਗਨ ਮਹਿਕਾਇਆ
ਇਸ ਚੰਬੇ ਦੇ ਜੜੀਂ ਅਸੀਂ ਸੀ ਆਪਣਾ ਸਬ ਕੁਝ ਪਾਇਆ
ਜਦ ਚੰਬਾ ਮੁਸਕਾਵਣ ਲੱਗਿਆ ਲੈ ਤੁਰਿਆ ਕੋਈ ਹੋਰ
ਰੱਬਾ ਵੇ....

ਮੈਂ ਗੌਤਮ ਸਿਧਾਰਥ ਬਣਿਆਂ ਬੁਧ ਨਾ ਮੈਂ ਹੋ ਪਾਇਆ
ਆਪਣਾ ਰਾਹੁਲ ਆਪਣੇ ਪਿਛੇ ਸੁੱਤਾ ਮੈਂ ਛੱਡ ਆਇਆ
ਅੱਗੇ ਗਇਆ ਨਾ ਲਭੀ ਮੈਨੂੰ ਨਾ ਕੋਈ ਪਿਛਲਾ ਮੋੜ
ਰੱਬਾ ਵੇ....

ਮੈ ਵਨਵਾਸੀ ਰਾਮ ਦੇ ਅੰਗ ਸੰਗ ਵਿੱਚ ਬਣਾਂ ਦੇ ਭੰਵਿਆਂ
ਮੈਂ ਸੀਤਾ ਦੀ ਵਿਥਿਆ ਦੇ ਵਿੱਚ ਕਣ ਕਣ , ਮਨ ਮਨ ਰਮਿਆ
ਦੀਪ ਜਗਾਈ ਬੈਠਾ ਮੈਂ ਤਾਂ ਉੱਡਨ ਨੂੰ ਹੈ ਭੌਰ
ਰੱਬਾ ਵੇ....

ਕੰਧਾਂ.......... ਗ਼ਜ਼ਲ / ਦਾਦਰ ਪੰਡੋਰਵੀ

ਨਹੀਂ ਪੱਥਰ ਦੀਆਂ ਹੋ ਕੇ ਵੀ ਇਹ ਪੱਥਰ ਦੀਆਂ ਕੰਧਾਂ,
ਖੁਸ਼ੀ ਵਿਚ ਹਸਦੀਆਂ,ਦੁੱਖਾਂ ‘ਚ ਹਉਕੇ ਭਰਦੀਆਂ ਕੰਧਾਂ!

ਮੇਰੇ ਖਾਬਾਂ ‘ਚ ਇਕ ਬੂਹਾ,ਚਿਰਾਂ ਤੋਂ ਦਸਤਕਾਂ ਮੰਗਦੈ,
ਤੇ ਅੰਦਰ ਆਉਣ ਨੂੰ ਜਾਪਣ ਇਸ਼ਾਰੇ ਕਰਦੀਆਂ ਕੰਧਾਂ!


ਖਲਾਅ ਅੰਦਰਲਾ ਭਰ ਹੁੰਦਾ ਨਹੀਂ ਕਿਧਰੇ ਮੁਸਾਫਿਰ ਤੋਂ,
ਕਿਤੇ ਤਕ-ਤਕ ਕੇ ਖਾਲੀ ਕਮਰਿਆਂ ਨੂੰ ਡਰਦੀਆਂ ਕੰਧਾਂ!

ਇਨ੍ਹਾਂ ਕਰਕੇ ਹੀ ਤਾਂ ਹੁਣ ਤਕ ਘਰਾਂ ਦੀ ਹੋਂਦ ਬਾਕੀ ਹੈ,
ਨਿਆਂਈ ਮਾਪਿਆਂ ਦੀ ਭਾਰ ਸਿਰ ਤੇ ਜਰਦੀਆਂ ਕੰਧਾਂ!

ਤਰੱਕੀ ਦੇ ਸਫ਼ਰ ‘ਤੇ ਉਫ਼ ਅਸੀਂ ਰਿਸ਼ਤੇ ਗੁਆ ਦਿੱਤੇ,
ਖ਼ੁਦਾ ਦਾ ਸ਼ੁਕਰ ਫਿਰ ਵੀ ਸਾਂਝੀਆਂ ਨੇ ਘਰ ਦੀਆਂ ਕੰਧਾਂ!

ਇਹ ਸੋਚਾਂ,ਰਿਸ਼ਤਿਆਂ,ਰਸਮਾਂ ‘ਚ ਸੌ-ਸੌ ਵੰਡੀਆਂ ਪਾਵਣ,
ਦਿਲਾਂ ਦੀ ਚਾਰ-ਦੀਵਾਰੀ ‘ਚ ਜਦ ਉਸਰਦੀਆਂ ਕੰਧਾਂ!

ਮੁਸਾਫ਼ਿਰ ਬਣਨ ਤੋਂ ਪਹਿਲਾਂ ਹੈ ਇਹ ਗੱਲ ਜਾਨਣੀ ਔਖੀ,
ਜਦੋਂ ਪਰਤੋ ਘਰਾਂ ਨੂੰ,ਕਿੰਝ ਕਲਾਵੇ ਭਰਦੀਆਂ ਕੰਧਾਂ!

ਅਸੀਂ ਖੁਦ ਨੂੰ ਵੀ ਕਿੰਨੀਆਂ ਵਲਗਣਾ ਵਿਚ ਕੈਦ ਰਖਦੇ ਹਾਂ,
ਮਗਰ ਇਲਜ਼ਾਮ ਵਟਵਾਰੇ ਦੇ ਕੱਲੀਆਂ ਜਰਦੀਆਂ ਕੰਧਾਂ!

ਜਿਨ੍ਹਾਂ ਜਿਸਮਾਂ ਨੂੰ ‘ਦਾਦਰ’ ਬਿਸਤਰੇ ਵਿਚ ਨਿੱਘ ਆਉਂਦਾ ਹੈ,
ਉਨ੍ਹਾਂ ਨੂੰ ਕੀ ਪਤੈ, ਕਿੰਝ ਬਾਹਰ ਪਾਲੇ ਠਰਦੀਆਂ ਕੰਧਾਂ!