
( ਡਾ. ਅਸ਼ੋਕ ਨੂੰ )
ਪੀੜ ਪ੍ਰਹੁਣੀ ਦਿਲ ਦੇ ਦੁਆਰੇ, ਨਿਤ ਹੀ ਆ ਕੇ ਬਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ, ਧੂਹ ਕਾਲ਼ਜੇ ਪੈ ਜਾਂਦੀ
ਯਾਦਾਂ ਵਾਲ਼ੇ ਪੰਛੀ ਕਿੱਧਰੇ, ਭਰਦੇ ਆ ਪਰਵਾਜ਼ ਜਦੋਂ
ਤੇਰੇ ਸ਼ਹਿਰੋਂ ਖਾਲੀ ਮੁੜ ਕੇ, ਹੁੰਦੇ ਆ ਨਾਰਾਜ਼ ਜਦੋਂ
ਨਾਲ਼ ਚਾਵਾਂ ਦੇ ਭਰੀ ਉਡਾਰੀ, ਅੱਧ ਵਿਚਾਲ਼ੇ ਰਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...
ਇਹ ਅੱਖੀਆਂ ਦੇ ਦੋਵੇਂ ਢਾਰੇ, ਆਪ ਮੁਹਾਰੇ ਚੋ ਜਾਂਦੇ
ਰਹਾਂ ਕੋਠੇ ਤੋਂ ਕਾਗ ਉਡਾਉਂਦੀ, ਰੋਜ਼ ਹਨੇਰ੍ਹੇ ਹੋ ਜਾਂਦੇ
ਟੁੱਟਦੀ ਨਾ ਇਹ ਤੰਦ ਆਸ ਦੀ, ਥੱਕ ਹਾਰ ਕੇ ਬਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...
ਕਾਹਦਾ ਆਇਆ ਸਾਉਣ ਮਹੀਨਾ, ਅਪਣਾ ਰੰਗ ਵਿਖਾ ਚੱਲਿਆ
ਵਿਚ ਸੀਨੇ ਦੇ ਧੁਖੇ ਚਿੰਗਾਰੀ, ਉਹਨੂੰ ਲਾਂਬੂ ਲਾ ਚੱਲਿਆ
ਵਗਦੀ ਠੰਢੀ ਹਵਾ ਪੁਰੇ ਦੀ, ਜਜ਼ਬਾਤਾਂ ਨਾਲ਼ ਖਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ...
ਪੈੜ ਚਾਲ ਕੋਈ ਗਲੀ਼ 'ਚ ਹੋਵੇ, ਤੇਰਾ ਭੁਲੇਖਾ ਪਾ ਜਾਂਦੀ
ਨਾਲ਼ ਹਵਾ ਦੇ ਬੂਹੇ ਖੜਕਣ,ਭੱਜ ਦਰਾਂ ਵੱਲ ਆ ਜਾਂਦੀ
ਤੇਰੀ ਇਹ ਜਸਵਿੰਦਰਾ ਦੂਰੀ, ਹੱਡਾਂ ਦੇ ਵਿੱਚ ਲਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...