ਸਾਜਨ……… ਨਜ਼ਮ/ਕਵਿਤਾ / ਕੁਲਦੀਪ ਸਿੰਘ ਸਿਰਸਾ

(ਬਰਾਤ ਦੇ ਸਵਾਗਤ ਸਮੇਂ ਗਾਇਆ ਜਾਂਦਾ)

ਹਮ ਘਰ ਸਾਜਨ ਆਏ
ਹਮ ਘਰ ਸਾਜਨ ਆਏ
ਗਿਰਝਾਂ ਵਾਲੀਆਂ ਅੱਖਾਂ
ਬੇਸ਼ਰਮੀ ਦੇ ਜਾਏ

ਰਿਬਨ ਕੱਟਣ ਦੀ ਰਸਮ ਹੋਈ
ਮੂੰਹ ਵਿੱਚ ਆਈਆਂ ਲ਼ਾਲ਼ਾਂ
ਠਰਕ ਹਿੜਕ ਦੇ ਭੁੱਖੇ
ਜਾਂਦੇ ਨਹੀਂ ਰਜਾਏ


ਕੁੜੀਆਂ-ਚਿੜੀਆਂ ਧੀਆਂ-ਭੈਣਾਂ
ਸਮਝਣ ਬਸ ਮਸ਼ੂਕਾਂ
ਧਰਮੀ ਬਾਬਲ ਲਿਲਕਦਾ ਫਿਰਦਾ
ਕੈਸੇ ਕਾਜ ਰਚਾਏ

ਆਰਕੈਸਟਰਾ ਨੱਚਦੀ ਫਿਰਦੀ
ਜਿਵੇਂ ਗਰੀਬੀ ਨਚਾਵੇ
ਮਾਸ ਖਾਣ ਨੂੰ ਪੈਂਦੇ ਸਾਰੇ
ਫੁਫੜ ਮਾਮੇ ਤਾਏ

ਖਾਕੇ ਪੀਕੇ ਵਿੱਚੇ ਗਲ਼ਸ਼ਦੇ
ਕਰਤੇ ਮੰਜੇ ਸਲ੍ਹਾਬੇ
ਵੇਖੋ ਮੇਹਰਾਂ ਦਾਤੇ ਦੀਆਂ
ਸੱਚੇ ਮੇਲ ਮਿਲਾਏ

ਖੂਨ-ਪਸੀਨਾ ਬਾਬਲ ਦਾ ਅੱਜ
ਡੀਜ਼ੇ ਉਤੇ ਉਡਣਾਂ
ਦਾਜ ਦੈਂਤ ਨੇ ਕੱਢ ਲੈਣੇ
ਜੋ ਖੀਸੇ ਵਿੱਚ ਲੁਕਾਏ

ਜਾਇਦਾਦ ਸਾਰੀ ਪੁੱਤਰ ਹਿੱਸੇ
ਧੀ ਨੂੰ ਦਿੱਤੀ ਫੁਲ਼ਕਾਰੀ
ਫੁਲ਼ਕਾਰੀ ਹੀ ਪੂੰਜੀ ਧੀ ਦੀ
ਘੁੱਟ ਘੁੱਟ ਸੀਨੇ ਲਾਏ

ਮਾਨਵਤਾ ਦੇ ਕਪੜੇ ਪਾਈ
ਫਿਰਦੇ ਵਹਿਸ਼ੀ ਦਰਿੰਦੇ
ਇੰਕਲਾਬ ਦੇ ਬਾਝੋਂ ਇਹ
ਜਾਣੇਂ ਨਹੀਂ ਮੁਕਾਏ

****