ਵਿਲਕਣ ਨਾ ਕਿਤੇ ਬਾਲ ਨਿਆਣੇ ਬਾਝੋਂ ਮਾਵਾਂ ਦੇ,
ਹੋਣ ਕਦੇ ਨਾ ਖਾਲੀ ਬਾਹਵਾਂ ਬਾਝ ਭਰਾਵਾਂ ਦੇ,
ਇੱਕ-ਗੋਦ ਵਿੱਚ ਪਲਦਿਆਂ ਦੀ ਸਹੀ ਪਵਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਸਵਰਗ ਬਣਾਉਣਾ ਐਸਾ ਮੁੜਕੇ ਦਿਸੇ ਉਦਾਸੀ ਨਾ,
ਜਲ ਦੇ ਬਾਝੋਂ ਧਰਤ ਵੀ ਕਿਤੋਂ ਰਹੇ ਪਿਆਸੀ ਨਾ,
ਏਕ ਨੂਰ ਤੋਂ ਉਪਜਿਆਂ ਦੀ ਸਮਝ ਵਧਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਅਪਰਾਧ ਕਰੇ ਨਾ ਕੋਈ ਜੇਲਾਂ ਖਾਲੀ ਕਰਨੀਆਂ ਨੇ,
ਜ਼ਾਲਮ ਦਿਲਾਂ ਦੇ ਅੰਦਰ ਰਹਿਮਾਨੀਆਂ ਭਰਨੀਆਂ ਨੇ,
ਮਾਰੂ ਹਥਿਆਰਾਂ ਦੀ ਅਜ਼ਾਇਬ ਘਰਾਂ 'ਚ ਢੇਰੀ ਲਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਕਸਰ ਕੋਈ ਨਾ ਛੱਡਣੀ ਉਹਦੋਂ ਬਾਂਕੀਆਂ ਨਾਰਾਂ ਨੇ,
ਨੱਚਣਾ, ਗਾਉਣਾ ਰਲ਼ ਕੇ ਉਸ ਦਿਨ ਸਾਰਿਆਂ ਯਾਰਾਂ ਨੇ,
ਨਿੱਕੇ-ਨਿੱਕੇ ਬੱਚਿਆਂ ਹਾਸਿਆਂ ਦੀ ਝੜੀ ਲਗਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਸ਼ਹਿਦ ਤੋਂ ਵੀ ਮਿੱਠੀਆਂ ਕਰ ਲਵੋ ਸਭ ਜੁਬਾਨਾਂ ਜੀ,
ਤਾਂ ਕਿ ਕੁੜੱਤਣਤਾ ਤੋਂ ਫਾਰਗ ਹੋ ਜਾਏ ਇਹ ਜ਼ਮਾਨਾ ਜੀ,
"ਮਲਕੀਅਤ" ਬੰਦਾ ਬੰਦੇ ਦੀ ਦਾਰੂ ਸਚਾਈ ਦੀ ਜਿੱਤ ਕਰਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
****