ਮੇਰੀ ਮਾਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)

ਮੇਰੀ ਮਾਂ
ਮੈਨੂੰ ਅਕਸਰ ਕਹਿੰਦੀ ਏਂ
‘ਇਨ੍ਹਾਂ ਪੀਰਾਂ ਦੇ ਦਰ ’ਤੇ
ਮੱਥਾ ਟੇਕਿਆ ਕਰ
ਜਗਾਇਆ ਕਰ ਦੀਵਾ
ਵੀਰਵਾਰ ਤੇ ਸ਼ਨੀਵਾਰ ਨੂੰ
ਤੈਨੂੰ ਵੱਡੀ ਸਾਰੀ
ਨੌਕਰੀ ਮਿਲ ਜਾਵੇਗੀ
ਤੂੰ
ਅਫ਼ਸਰ ਬਣ ਜਾਵੇਂਗਾ’
ਮੈਂ
ਆਪਣੀ ਭੋਲੀ ਤੇ ਅਨਪੜ੍ਹ
ਮਾਂ ਨੂੰ ਆਖਦਾਂ
‘ਮਾਂ
ਜੇ ਇਨ੍ਹਾਂ ਪੀਰਾਂ ਦੇ ਦਰ ’ਤੇ
ਮੱਥੇ ਰਗੜਨ ਤੇ ਦੀਵੇ ਜਗਾਉਣ ਨਾਲ
ਮਿਲ ਜਾਵੇ ਸਫ਼ਲਤਾ
ਫਿਰ ਕਿਉਂ ਭਾਲਾਂ
ਕਿਤਾਬਾਂ ਦੇ ਇਨ੍ਹਾਂ
ਕਾਲੇ ਹਰਫ਼ਾਂ ’ਚੋਂ
ਚਾਨਣ।’

****