ਅਜ਼ਾਦੀ.......... ਨਜ਼ਮ/ਕਵਿਤਾ / ਦਵਿੰਦਰ ਸਿੰਘ ਭੰਗੂ

ਜਮਹੂਰੀਅਤ ਦੇ ਪੈਰਾਂ ਵਿੱਚ ਮਰ ਰਹੀ ਅਜ਼ਾਦੀ


ਸਾਡਾ ਫ਼ਿਕਰ ਨਾ ਕਰਨਾ

ਅਸੀਂ ਦੱਬੇ ਕੁੱਚਲੇ

ਮਜ਼ਲੂਮ

ਗਰੀਬ ਲੋਕ ਹਾਂ

ਅਸਲ ਚ ਸਾਨੂੰ ਤੇਰਾ ਮੰਤਵ ਹੀ ਨਹੀਂ ਪਤਾ

ਅਸੀਂ ਤਾਂ ਸੱਤਾਧਾਰੀ ਲੋਕਾਂ ਦੀ ਸੋਚ ਦੇ ਗੁਲਾਮ ਹਾਂ

ਚੋਣਾਂ ਦੇ ਨਾਮ ਤੇ ਨਿਸ਼ਚਿਤ ਕੀਤੀ ਜਾਂਦੀ ਹੈ

ਸਾਡੇ ਵਿਕਣ ਦੀ ਕੀਮਤ

ਜਮਹੂਰੀਅਤ ਦੇ ਪੈਰਾਂ ਵਿਚ ਰੁਲੀ ਹੋਈ ਅਜ਼ਾਦੀ

ਸਾਨੂੰ ਕਿੰਨਾ ਕੁ ਹੋ ਸਕਦਾ ਐ

ਤੇਰੇ ਦੁੱਖਾਂ ਦਾ ਇਲਮ....?


ਅਸੀਂ ਤਾਂ ਲੱਭ ਰਹੇ ਹਾਂ

ਇਨਸਾਨ ਤੇ‌ ਜਾਨਵਰਾਂ ਚ ਫ਼ਰਕ

ਅਸੀਂ ਤਾਂ ਫਸੇ ਹੋਏ ਆ ਜਾਤ ਪਾਤ ਤੇ

ਧਰਮਾਂ ਦੇ ਜੰਜਾਲ ਚ

ਸਾਨੂੰ ਤਾਂ ਅਜੇ ਗਊ ਅਤੇ ਮਾਤਾ ਚ

ਫਰਕ ਕਰਨਾ ਨੀ ਆਇਆ

ਫੇਰ ਗ਼ਦਰੀ ਬਾਬਿਆਂ ਤੇ

ਭਗਤ ਸਿੰਘ ਦੇ ਫਲਸਫੇ ਕਿੱਥੇ ਸਮਝ ਆਉਣੇ ਸੀ

ਅਸੀਂ ਤਾਂ ਉਲਝੇ ਹੋਏ ਹਾਂ

ਅਪਣੇ ਧਰਮ ਦਾ ਵਡੱਪ-ਪੁਣਾਂ ਦਿਖਾਉਣ ਚ.....


ਜਮੂਹਰੀਅਤ ਦੇ ਪੈਰਾਂ ਵਿੱਚ ਦਮ ਤੋੜ ਰਹੀ ਅਜ਼ਾਦੀ

ਸਾਡਾ ਫ਼ਿਕਰ ਨਾ ਕਰਨਾ

ਅਸੀਂ ਖ਼ੁਦ ਅਪਣੇ ਦੇਸ਼ ਦੀ ਵਾਗਡੋਰ

ਅਨਪੜ੍ਹ ਤੇ ਧਰਮ ਦੇ ਠੇਕੇਦਾਰਾਂ ਨੂੰ ਸੰਭਾਲੀ ਹੋਈ ਏ

ਸੰਵਿਧਾਨ ਦੀ ਆੜ ਵਿੱਚ

ਸੱਤਾਧਾਰੀ ਹਕੂਮਤਾਂ ਨੇ

ਸੱਚ ਨੂੰ ਰਖੇਲ ਬਣਾ ਲਿਆ

ਇੱਥੇ ਕਾਨੂੰਨ ਦੀ ਹੀ ਅਦਾਲਤਾਂ ਚ

ਸ਼ਰੇਆਮ ਨੁਮਾਇਸ਼ ਲੱਗਦੀ ਏ

ਜੱਜਾਂ ਦੇ ਜ਼ਮੀਰ ਰਾਜ ਸਭਾ ਦੀਆਂ

ਕੁਰਸੀਆਂ ਨਾਲ ਖਰੀਦੇ ਜਾਂਦੇ ਨੇ

ਅਯੁੱਧਿਆ ਦੇ ਫੈਸਲੇ ਨਾਲ ਰਾਮ ਸੱਚ

ਤੇ ਅੱਲ੍ਹਾ ਨੂੰ ਝੂਠ ਸਾਬਤ ਕਰਨ ਦੇ

ਪ੍ਰਚੰਡ ਰਚੇ ਜਾਂਦੇ ਨੇ....


ਜਮਹੂਰੀਅਤ ਦੇ ਪੈਰਾਂ ਵਿੱਚ ਮਰ ਰਹੀ ਅਜ਼ਾਦੀ

ਸਾਡਾ ਫ਼ਿਕਰ ਨਾ ਕਰਨਾ

ਅਸੀਂ 73 ਸਾਲ ਦੇ ਲੰਮੇ ਅਰਸੇ ਵਿਚ

ਲੀਡਰਾਂ ਦਾ ਝੂਠ ਤੇ ਗੁਲਾਮੀ ਹੀ ਖੱਟੀ ਹੈ

ਸਾਨੂੰ ਤਿਰੰਗੇ ਪਿੱਛੇ ਹੋਏ ਕਤਲੇਆਮ,

ਉਜੜੇ ਪਰਿਵਾਰ ਨਹੀਂ ਦਿਸਦੇ

ਸਾਨੂੰ ਜਨ ਗਨ ਮਨ ਦੀ ਧੁਨ ਵਿਚ

ਮਾਸੂਮ ਬਾਲੜੀਆਂ ਦੀਆਂ ਚੀਕਾਂ ਨਹੀਂ ਸੁਣਦੀਆ

ਫਿਰ ਵੀ ਅਸੀਂ ਮਗਨ ਹਾਂ ਤੇਰੇ ਝੂਠੇ ਜਸ਼ਨਾਂ ਚ...


ਜਮਹੂਰੀਅਤ ਦੇ ਪੈਰਾਂ ਵਿੱਚ ਰੁਲ ਰਹੀ ਅਜ਼ਾਦੀ

ਸਾਡਾ ਫ਼ਿਕਰ ਨਾ ਕਰਨਾ

ਅਸੀਂ ਤੇਰੇ ਆਸ਼ਿਕ ਨਹੀਂ ਹਾਂ

ਸਾਡੀ ਸੋਚ ਨੂੰ ਤਾਂ ਪਖੰਡਵਾਦ ਤੇ ਧਰਮ ਨੇ

ਜ਼ੰਜੀਰਾਂ ਚ ਬੰਨ ਲਿਆ

ਸਾਡੀ ਅਜ਼ਾਦੀ ਤਾਂ ਨਿੱਤ ਦੇ ਫਿਕਰਾਂ

ਤੇ ਭੀੜ ਚ ਗੁਆਚ ਗਈ ਏ

ਅਸੀਂ ਤਾਂ ਖੱਪ ਗਏ ਹਾਂ

ਧੂੜ ਵਿੱਚ ਲੱਥ_ਪੱਥ ਤ੍ਰਿਕਾਲਾਂ ਦੇ ਢਿੱਡ ਅੰਦਰ

ਅਸੀਂ ਤਾਂ ਛਿਪ ਗਏ ਹਾਂ....