ਤੜਪਦੀ ਤਰਬ ਮੇਰੀ.......... ਗ਼ਜ਼ਲ / ਸੁਨੀਲ ਚੰਦਿਆਣਵੀ

ਤੜਪਦੀ ਤਰਬ ਮੇਰੀ ਸੁਰ ਲਈ ਫ਼ਨਕਾਰ ਤੋਂ ਪਿੱਛੋਂ
ਕਿਵੇਂ ਬੈਠਾਂ ਮੈਂ ਚੁੱਪ ਦੀ ਗੋਦ ਵਿੱਚ ਟੁਣਕਾਰ ਤੋਂ ਪਿੱਛੋਂ


ਕਿਹਾ ਮੈਂ ਵੀ ਮੁਬਾਰਕ ਉਸਨੂੰ ਆਪਣੀ ਹਾਰ ਤੋਂ ਪਿੱਛੋਂ
ਮੇਰੇ ਰਾਹੀਂ ਉਹ ਫੁੱਲ ਬਣਿਆ ਨਿਕੰਮਾਂ ਖ਼ਾਰ ਤੋਂ ਪਿੱਛੋਂ

ਉਹ ਫੁੱਲ ਬਣਿਆ, ਮਹਿਕ ਬਣਿਆ ਤੇ ਛਾਂ ਬਣ ਝੂਮਿਆ ਸਿਰ ਤੇ
ਮੇਰਾ ਆਪਾ ਭੁਲਾ ਦਿੱਤਾ ਮੇਰੇ ਇਜ਼ਹਾਰ ਤੋਂ ਪਿੱਛੋਂ

ਉਹ ਅਕਸਰ ਆਖਦਾ ਮੈਨੂੰ ਕਿ ਹੋ ਸੌੜਾ ਨਾ ਵਗਿਆ ਕਰ
ਗਿਆ ਪੁੱਟਿਆ ਜੜ੍ਹੋਂ ਹੀ ਉਹ ਮੇਰੇ ਵਿਸਥਾਰ ਤੋਂ ਪਿੱਛੋਂ

ਮੈਂ ਪਰਬਤ ਸਿਰ ਤੇ ਚੁੱਕੀ ਫਿਰ ਰਿਹਾ ਸਾਂ ਆਸ ਤੇਰੀ ਦਾ
ਤੇ ਹੌਲਾ ਫੁੱਲ ਹੋਇਆ ਹਾਂ ਤੇਰੇ ਇਨਕਾਰ ਤੋਂ ਪਿੱਛੋਂ

ਚੁਫ਼ੇਰੇ ਸ਼ੋਰ ਤੋਂ ਡਰ ਕੇ ਸਾਂ ਭੱਜਿਆ ਸ਼ਾਂਤ ਹੋਵਣ ਨੂੰ
ਮੈਂ ਮੁੜ ਆਇਆਂ ਤੇਰੀ ਝਾਂਜਰ ਦੀ ਇੱਕ ਛਣਕਾਰ ਤੋਂ ਪਿੱਛੋਂ

ਮੈਂ ਰੁੱਖ ਹਾਂ ਬਾਂਸ ਦਾ ਇਤਰਾਜ਼ ਨਾ ਕੋਈ ਝੁਕਣ ਵਿੱਚ ਮੈਨੂੰ
ਮੈਂ ਫਿਰ ਤੋਂ ਉੱਠ ਜਾਂਦਾ ਹਾਂ ਹਵਾ ਦੇ ਵਾਰ ਤੋਂ ਪਿੱਛੋਂ