Showing posts with label ਗ਼ਜ਼ਲ. Show all posts
Showing posts with label ਗ਼ਜ਼ਲ. Show all posts

ਕਾਲ਼ੇ ਸਿਆਹ ਨਾ ਹੁੰਦੇ .......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਕਾਲ਼ੇ ਸਿਆਹ ਨਾ ਹੁੰਦੇ,ਨ੍ਹੇਰੇ ਨੂੰ ਢੋਣ ਵਾਲੇ ।
ਮਨ ਦੇ ਨਾ ਮੈਲ਼ੇ ਹੁੰਦੇ,ਮੈਲ਼ੇ ਨੂੰ ਧੋਣ ਵਾਲੇ।

ਸੰਘਰਸ਼ ਜਿੰਦਗੀ ਹੈ,ਉਹ ਭੁੱਲ ਜਾਦੇ ਬਿਲਕੁਲ,
ਦਿਨ-ਰਾਤ ਹੰਝੂਆਂ ਦੀ ਮਾਲ਼ਾ ਪਰੋਣ ਵਾਲੇ।

ਬਿਰਹੋਂ ਦਾ ਰੋਗ ਚੰਨਾ,ਦਿਲ ਤਾਈਂ ਲਾ ਗਿਆ ਜੋ,
ਲੱਭਣਗੇ ਵੈਦ ਕਿੱਥੋਂ, ਨਾੜੀ ਨੂੰ ਟੋਹਣ ਵਾਲੇ?

ਦਰਦੀ ਨਾ ਕੋਈ ਮੇਰਾ.......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਦਰਦੀ  ਨਾ  ਕੋਈ  ਮੇਰਾ , ਕੋਈ  ਨਹੀਂ ਸਹਾਰਾ ।
ਲਹਿਰਾਂ ਚ’ ਫ਼ਸ ਗਈ ਹਾਂ,ਦਿਸਦਾ ਨਹੀਂ ਕਿਨਾਰਾ।

ਕੁਝ ਵੀ ਤਾਂ ਹੋ ਨਾ ਪਾਵੇ, ‘ਸੁੱਖ-ਨੀਂਦ’ ਵੀ ਨਾ ਆਵੇ,
ਕਾਮਿਲ  ਹਕੀਮ  ਬਾਝੋਂ , ਹੋਣਾ  ਨਹੀਂ  ਗੁਜ਼ਾਰਾ ।

ਪੱਤਝੜ ਨੇ ਡੇਰਾ ਲਾਇਐ,ਫੁੱਲ ਭੌਰ ਸਭ ਗੁਆਇਐ,
ਰੁੱਠੀਏ  ਬਸੰਤ ਅੜੀਏ , ਹੁਣ ਆ ਹੀ ਜਾ ਦੁਬਾਰਾ ।

ਯਾਦਾਂ ਦੀ ਵਾਛੜ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਫਿਰ ਯਾਦਾਂ ਦੀ  ਵਾਛੜ ਆਈ  ਨੈਣ ਮਿਰੇ ਨੇ  ਸਿੱਲ੍ਹੇ  ਸਿੱਲ੍ਹੇ
ਦਿਲ  ਮੇਰੇ ਦੇ   ਕੰਧਾਂ ਕੋਠੇ   ਜਾਪਣ ਥਿੜਕੇ  ਹਿੱਲ੍ਹੇ ਹਿੱਲ੍ਹੇ।

ਯਾਦ ਤਿਰੀ ਵੀ  ਤੇਰੇ ਵਰਗੀ  ਆਉਂਦੀ ਆਣ  ਰੁਲਾਵੇ ਮੈਨੂੰ
ਤੁਰਗੀ ਹੀਰ  ਸਿਆਲਾਂ ਵਾਲੀ  ਫਿਰਦਾ ਰਾਂਝਾ  ਟਿੱਲੇ ਟਿੱਲੇ।

ਰੋਕਣ ਹੋਇਆ ਮੁਸ਼ਕਲ ਮੈਨੂੰ ਕਿਸ ਬਿਧ ਰੋਕ ਵਖਾਵਾਂ ਯਾਰੋ
ਬੰਧਣ  ਮਨ ਨੂੰ  ਜੋ ਵੀ  ਪਾਵਾਂ  ਹੋ ਜਾਂਦੇ ਸਭ  ਢਿੱਲੇ ਢਿੱਲੇ।

ਯਾਰ ਯਕੀਨ ਬਨ੍ਹਾਵੇ ਜੇ ਕਰ ਮੁਸ਼ਕਲ ਫੇਰ ਝਨਾ ਕੀ ਤਰਨਾ
ਡੋਲ  ਗਿਆਂ  ਨਾ ਢਾਰਸ  ਦੇਵਣ  ਪੱਕੇ ਜਾਪਣ  ਕੱਚੇ ਪਿੱਲੇ।

ਸੋਚਦੇ ਹੀ ਰਹਿ ਗਏ .......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਸੋਚਦੇ ਹੀ ਰਹਿ ਗਏ ਤੂੰ  ਮਿਲ ਕਦੀ ਆ ਬੈਠ ਪਾਸ
ਜਿ਼ੰਦਗੀ ਨੂੰ  ਬਾਝ ਤੇਰੇ  ਮਿਲ ਸਕੇਗਾ  ਨਾ ਨਿਘਾਸ।

ਚੀਰਕੇ  ਪੱਥਰ  ਜਹੇ  ਟੀਂਡੇ  ਹੈ ਖਿੜਦੀ  ਜਾਂ ਕਪਾਸ
ਵੇਲਣੇ ਤੇ  ਚਰਖ਼ ਚੜ੍ਹਨਾ ਫਿਰ ਨ ਹੋਣਾ ਪਰ ਉਦਾਸ।

ਵੇਲ   ਵੇਲਣ  ਤੁੰਬ  ਤੂੰਬੇ   ਤੱਕਲੇ  ਤੇ  ਫਿਰ  ਚੜ੍ਹੇ
ਰਾਂਗਲੀ  ਚਰਖੀ  ਤੇ ਨੱਚੇ  ਤੰਦ  ਤਾਣੀ  ਦੇ ਲਿਬਾਸ।

ਚਰਖਿਆਂ ਦੀ  ਘੂਕ ਉੱਤੇ  ਗੀਤ  ਗਾਵੇ  ਜਦ  ਕੁੜੀ
ਯਾਦ ਮਾਹੀ  ਦੀ ਸਤਾਵੇ  ਕਰ ਗਿਆ ਹੈ  ਜੋ ਅਵਾਸ।

ਲਿਖੀਆਂ ਅਨੇਕ ਗ਼ਜ਼ਲਾਂ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਲਿਖੀਆਂ ਅਨੇਕ ਗ਼ਜ਼ਲਾਂ ਦਮ ਨਾ ਕਿਸੇ ਦੇ ਅੰਦਰ
ਗਿਣਤੀ ਦਾ ਮੈਂ ਤੇ ਐਂਵੇਂ ਬੈਠਾ ਹਾਂ ਬਣ ਸਕੰਦਰ।

ਬਾਹਰ ਲਿਆ ਤੂੰ ਨਗ਼ਮੇਂ  ਦਿਲ ਦੀ ਆਵਾਜ਼ ਵਿੱਚੋਂ
ਮੁਸ਼ਕਲ ਸਮੇਂਵੀ ਸਾਥੀ ਰਹਿੰਦਾ ਜੋ ਦਿਲਦੇ ਅੰਦਰ

ਗ਼ਜ਼ਲਾਂ ਤੇ  ਗੀਤ  ਮੇਰੇ  ਹੌਕੇ  ਨੇ  ਮੇਰੇ  ਦਿਲ ਦੇ
ਗਿਣਤੀ ਗਣਾ  ਗਣਾਂ ਦੀ  ਐਂਵੇਂ ਨਾ ਬਣ ਪਤੰਦਰ।

ਜੋਗੀ  ਤਿਆਗ  ਕਰਦੇ  ਦੁਨੀਆਂ, ਹਰੇਕ  ਸ਼ੈ  ਦਾ
ਮਨ ਤੇ ਰਹੇ  ਨਾ ਕਾਬੂ  ਕਾਹਦਾ ਤੂੰ  ਹੈਂ ਮਛੰਦਰ।

ਸਿਆਣਾ.......... ਗ਼ਜ਼ਲ / ਕਰਨ ਭੀਖੀ

ਖ਼ੁਦ ਨੂੰ ਸਿਆਣਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ
ਪਤ ਖਿੰਡੀ ਜਦ, ਖ਼ਲਕਤ ’ਚ ਨੀਵਾਂ ਹੋ ਬਹਿੰਦਾ ਰਿਹਾ

ਉਮਰ ਭਰ, ਉਤਰਿਆ ਨਾ ਕਰਜ਼ਾ ਸਾਹੂਕਾਰਾਂ ਤੋਂ ਲਿਆ
ਮੋੜਿਆ ਤਾਂ ਬਹੁਤ, ਪਰ ਵਿਆਜ਼ ਹੀ ਲਹਿੰਦਾ ਰਿਹਾ

ਵਰਜ਼ਦਾ ਸੀ ਆਪਣੇ ਜਨਮਿਆਂ ਨੂੰ ਭੈੜੀਆਂ ਆਦਤਾਂ ਤੋਂ
ਨਾ ਮੰਨੀਆਂ ਕਿਸੇ ਨੇ,ਆਪੇ ਹੀ ਦੁੱਖੜੇ ਸਹਿੰਦਾ ਰਿਹਾ

ਮੌਤ ਵੀ ਨਸੀਬ ਨਹੀਂ ਹੁੰਦੀ ਅੰਤ ਉਨ੍ਹਾਂ ਨੂੰ ਮੰਗਿਆਂ ਤੋਂ
ਸਾਰੀ ਜ਼ਿੰਦਗੀ ਜੋ ਬੇਵਜ਼੍ਹਾਂ ਲੋਕਾਂ ਨਾਲ ਖਹਿੰਦਾ ਰਿਹਾ

ਗਰਜ਼ਦੇ ਬੱਦਲ .......... ਗ਼ਜ਼ਲ / ਕਰਨ ਭੀਖੀ

ਗਰਜ਼ਦੇ ਜੋ ਬੱਦਲ ਕਦੀ ਵਰ੍ਹਿਆ ਨਹੀਂ ਕਰਦੇ
ਦੇਸ ਭਗਤ, ਕਦੇ ਵੀ ਮੌਤੋਂ ਡਰਿਆ ਨਹੀਂ ਕਰਦੇ

ਪੱਥਰ ’ਤੇ ਲਕੀਰ ਹੋਵੇ ਸਦਾ ਗੱਲ ਸੱਚੇ ਬੰਦਿਆਂ ਦੀ
ਝੂਠੀ ਤੌਹਮਤ ਨੂੰ ਉਹ ਕਦੀ ਜ਼ਰਿਆ ਨਹੀਂ ਕਰਦੇ

ਭਾਵੇਂ ਲੱਖ ਵਾਰ ਅਜ਼ਮਾ  ਕੇ ਵੇਖ ਲਈਏ ਸੱਜਣਾ ਨੂੰ
ਤੁਰ ਗਿਆਂ ਦੇ ਪਿੱਛੇ , ਕੋਈ ਮਰਿਆ ਨਹੀਂ ਕਰਦੇ

ਹਮਸਫ਼ਰ ਉਹੀ ਅੰਗੁਸ਼ਤ ਫੜ੍ਹ ਨਾਲ ਤੁਰੇ ਜੇਹੜਾ
ਦੋ ਬੇੜੀਆਂ ਵਿਚਕਾਰ ਜੋ, ਤਰਿਆ ਨਹੀਂ ਕਰਦੇ

ਕਿਹਾ ਤਾਂ ਕੁਝ ਨਾ ਸੀ .......... ਗ਼ਜ਼ਲ / ਕਰਨ ਭੀਖੀ

ਕਿਹਾ ਤਾਂ ਕੁਝ ਨਾ ਸੀ, ਪਤਾ ਨਹੀਂ ਕੀ ਗਿਲਾ ਹੋ ਗਿਆ
ਗੈਰਾਂ ਵਾਂਗ ਛੱਡ ਦਿੱਤਾ ਸਾਨੂੰ ਉਨ੍ਹਾਂ ਦਾ ਭਲਾ ਹੋ ਗਿਆ

ਸ਼ੁਕਰ ਉਹਨਾਂ ਦਾ, ਜਿਨ੍ਹਾਂ ਗਲ਼ ਨਾਲ ਲਗਾਇਆ ਸਾਨੂੰ
ਸਾਥੋਂ ਤਾਂ ਹਨੇਰਿਆਂ ’ਚ ਛੱਪਾਂ ਨੂੰ ਦੁੱਧ ਪਿਲਾ ਹੋ ਗਿਆ

ਸ਼ਕਲ ਤੋਂ ਪਤਾ ਨਾ ਲੱਗਦਾ, ਸ਼ਖਸ ਕਿਹੋ-ਜਿਹਾ ਹੋਣੈ?
ਵਕਤ ਕੱਢ ਲਿਆ ਉਨ੍ਹਾਂ ਹੁਣ ਬੁਜ਼ਦਿਲਾ ਹੋ ਗਿਆ

ਅੰਬਰ ਨੂੰ ਤਾਕੀਆਂ ਲਾਉਣ ਦੀ ਗੱਲ ਕਰਦੈ ਹਰ ਕੋਈ
ਸਲਾਸਤ ਨਾ ਸਮਝੀਂ ਕਿਸੇ ਦੀ ਹਰੇਕ ਮਨਚਲਾ ਹੋ ਗਿਆ

ਮੰਜ਼ਿਲ.......... ਗ਼ਜ਼ਲ / ਕਰਨ ਭੀਖੀ

ਮੰਜ਼ਿਲ ਮਿਲ ਜਾਂਦੀ ਹੈ, ਜੇ ਮੁਸ਼ਾਫਿਰ ਤੁਰਦਾ ਰਹੇ
ਮਿਟ ਜਾਣਾ ਆਖ਼ਿਰ ਇਕ ਦਿਨ, ਜੇ ਪਰਬਤ ਖ਼ੁਰਦਾ ਰਹੇ

ਸਾਨੂੰ ਨਹੀਂ ਮਿਲਣੇ ਸਾਡੇ ਹੱਕ ਕਦੀ ਵੀ
ਜੇ ਲੋਕੀਂ ਸੰਘਰਸ਼ ਨਾ ਕੀਤਾ, ਐਵੇਂ ਹੀ ਮੁਰਦਾ ਰਹੇ

ਲੁਕੋ ਨਾ ਸਕੇਗੀ ਗਰਦਿਸ਼, ਬੇਈਮਾਨੀ ਦੀ ਕਦਾਚਿਤ
ਅਵਾਮ ਲਈ ਜੇਕਰ ਆਦਮੀ ਝੁਰਦਾ ਰਹੇ

ਲਿਖਦਾ ਰਹੇਗਾ ਕਵੀ, ਰਚਨਾਕਾਰ ਆਪਣੀ ਰਚਨਾ ਨੂੰ
ਚੁੱਕ ਕਲਮ ਜਦ ਤਕ ਮਨ ਵਿੱਚ ਫੁਰਨਾ ਫੁਰਦਾ ਰਹੇ

ਸੂਲੀ ਚੜ੍ਹ ਮਨਸੂਰ ਪੁਕਾਰੇ.......... ਗ਼ਜ਼ਲ / ਗਿਆਨੀ ਸੋਹਣ ਸਿੰਘ ਸੀਤਲ

ਸੂਲੀ ਚੜ੍ਹ ਮਨਸੂਰ ਪੁਕਾਰੇ ਇਓਂ ਦਿਲਦਾਰ ਮਨਾਈਦਾ
ਖੱਲ ਲੁਹਾ ਤਬਰੇਜ਼ ਕਹੇ ਇਓਂ ਗਲੀ ਸਜਣ ਦੀ ਜਾਈਦਾ।

ਆਰੇ ਦੇ ਨਾਲ ਚੀਰ ਜ਼ਕਰੀਆ ਜਦ ਦੋ-ਫਾੜੇ ਕੀਤੋ ਨੇ
ਹਰ ਹਿੱਸੇ ਚੋਂ ਇਹ ਸਦ ਆਵੇ ਮਰਕੇ ਪਿਆਰਾ ਪਾਈਦਾ।

ਕੰਨ ਪੜਵਾਏ ਮੁੰਦਰਾਂ ਪਾਈਆਂ ਛੱਡਕੇ ਤਖਤ ਹਜਾਰੇ ਨੂੰ
ਯਾਰ ਪਿਛੇ ਦੁਸ਼ਮਣ ਦੇ ਬੂਹੇ ਮੁੜ ਮੁੜ ਅਲਖ ਜਗਾਈਦਾ।

ਸੰਜੀਵਨੀ.......... ਗ਼ਜ਼ਲ / ਚਰਨਜੀਤ ਸਿੰਘ ਪੰਨੂ

ਕੌਣ ਡੱਬੀ ਮਲ੍ਹਮ ਲਗਾਏਗਾ, ਹੁਣ ਪਾਣੀ ਕੌਣ ਪਿਲਾਏ ਗਾ,
ਮਸ਼ਕ ਜਗ੍ਹਾ ਘਨੱਈਏ ਮੋਢੇ, ਪਾਈ ਫਿਰਦੇ ਹਥਿਆਰਾਂ ਨੂੰ।

ਧਰਮ ਦੀ ਰਾਖੀ  ਲੱਗ ਗੀ ਫੋਰਸ, ਛਾਉਣੀ ਖਾਲਮ ਖ਼ਾਲੀ,
ਨਿਹੱਥੀ ਪਬਲਿਕ ਬੇਵੱਸ ਹੋਈ, ਰੋਕੂ ਕੌਣ ਬਘਿਆੜਾਂ ਨੂੰ।

ਪਲਾਇਨ ਕਰਕੇ ਜੰਗਲ ਵਿਚੋਂ, ਕਿੱਥੇ ਹੁਣ ਸਿਰ ਲੁਕਾਉਗੇ,
ਦਹਿਸ਼ਤਗਰਦੀ ਹਰ ਥਾਂ ਰਾਣੀ, ਚੰਬੜੀ ਪਈ ਉਜਾੜਾਂ ਨੂੰ।

ਮ੍ਰਿਗ-ਛਲਾਵਾ ਪਾਣੀ ਨਹੀਂ ਔਹ, ਚਮਕ ਰਿਹਾ ਜੋ ਅੱਗੇ,
ਅਗਿਆਨੀ ਅੰਨ੍ਹੇ ਦੌੜੀ ਜਾਂਦੇ, ਦੱਸੋ ਪਿਆਸੀਆਂ ਧਾੜਾਂ ਨੂੰ।

ਅੱਜ ਦੀ ਗੱਲ........... ਗ਼ਜ਼ਲ / ਤਰਲੋਚਨ ਸਿੰਘ ‘ਦੁਪਾਲ ਪੁਰ’

ਵੋਟ ਰਾਜ ਨਹੀਂ ਆਖੋ ਪੈਰਾਂ ਹੇਠ ਬਟੇਰਾ ਜਿਹਦੇ ਆ ਜਾਂਦਾ
ਅੱਖਾਂ ਮੀਟ ਕੇ ਪੰਜ ਸਾਲ ਫਿਰ ਲੋਕੋ ਉਸ ਦਾ ਹੁਕਮ ਬਜਾਉ ।

ਪੁਤਰ, ਸਾਲੇ, ਜੀਜੇ, ਸਾਂਢੂ, ਭੂਆ-ਮਾਮਿਉਂ ਬਣੇ ਮਨਿਸਟਰ
ਐਰਾ ਗੈਰਾ ਘੁਟ ਘੁਟ ਲਾ ਕੇ ਏਸ ਖੁਸ਼ੀ ਵਿੱਚ  ਜਸ਼ਨ ਮਨਾਉ ।

ਕੌਮ ਵੇਚ ਕੇ ਨਾਲ  ਮੱਕਾਰੀ  ਰਾਜ  ਘਰਾਣਾ  ਪੱਕਾ  ਕਰਿਆ
‘ਕੂੜ ਨਿਖੱਟੂ’ ਕਦੋਂ  ਨਾਨਕਾ ! ਕਦ ਹੋਵੇ ਗਾ ‘ਸੱਚਾ ਨਿਆਂੳਂ’ ?

ਉਮਰ ਤਕਾਜ਼ਾ ਭੁੱਲ ਕੇ ਰਾਜਾ ਕਰਦਾ ਰਹਿੰਦਾ ਮਸ਼ਕਰੀਆਂ
ਐਨਿਆਂ ਵਿੱਚੋਂ ਕੋਈ ਤਾਂ ਯਾਰੋ ਧੌਲੇ ਉਸਨੂੰ  ਯਾਦ ਕਰਾਉ !

ਸ਼ਾਇਰ.......... ਗ਼ਜ਼ਲ / ਸੁਹਿੰਦਰ ਬੀਰ

ਹਵਾਵਾਂ ਵਿਚ ਮੁਹੱਬਤ ਦਾ ਸੁਨੇਹਾ ਭਰ ਦਵੀਂ ਸ਼ਾਇਰ!
ਦਿਲਾਂ ਨੂੰ ਮੋਕ੍ਹਲਾ ਤੇ ਜੀਣ ਜੋਗਾ ਕਰ ਦਵੀਂ ਸ਼ਾਇਰ!

ਹੱਦਾਂ ਤੇ ਹਾਂ ਵਿਛਾ ਬੈਠੇ, ਅਸੀਂ ਜੋ ਅਗਨ ਇਹ ਤਾਰਾਂ
ਇਨ੍ਹਾਂ ਨੂੰ ਸੀਤ ਕਰਕੇ ਮਹਿਕ ਦੇ ਫੁੱਲ ਧਰ ਦਵੀਂ ਸ਼ਾਇਰ!

ਬਿਗਾਨੀ ਆਸ ਤੇ ਬੈਠੇ ਫੈਲਾ ਕੇ ਝੋਲ ਜੋ ਅਪਣੀ
ਇਨ੍ਹਾਂ ਦੀ ਝੋਲ ਵਿਚ ਵੀ ਰਿਜ਼ਕ ਰਜਵਾਂ ਭਰ ਦਵੀਂ ਸ਼ਾਇਰ!

ਬਹੁਤ ਖ਼ੁਦਗ਼ਰਜ਼ ਹੋਏ ਨੇ, ਅਹਿਲਕਾਰ ਹੁਣ ਜ਼ਮਾਨੇ ਦੇ
ਇਨ੍ਹਾਂ ਦੀ ਅਕਲ ਤੋਂ ਪਰਦੇ, ਉਲਾਂਭੇ ਕਰ ਦਵੀਂ ਸ਼ਾਇਰ!

ਤੇਰੇ ਸ਼ਹਿਰ ਦੀ ਰਿਵਾਇਤ.......... ਗ਼ਜ਼ਲ / ਕਾਕਾ ਗਿੱਲ

ਅੱਜ ਦੇਖ ਲਈ ਤੇਰੇ ਸ਼ਹਿਰ ਦੀ ਰਿਵਾਇਤ ਯਾਰਾ।
ਮੈਨੂੰ ਤੇਰੇ ਉੱਤੇ ਨਹੀਂ ਜਿੰਦਗੀ ਉੱਤੇ ਸ਼ਿਕਾਇਤ ਯਾਰਾ।

ਪੱਥਰ ਬਥੇਰੇ ਖਾ ਲਏ ਲਹੂ ਬਥੇਰਾ ਵਹਿ ਚੁੱਕਿਆ
ਬਚ ਗਿਆ ਸਦਕਾ ਤੇਰੇ ਪਿਆਰ ਦੀ ਹਿਮਾਇਤ ਯਾਰਾ।

ਜੁਲਮ ਰੱਜਕੇ ਇਹ ਸਮਾਜ ਆਸ਼ਿਕਾਂ ਤੇ ਢਾਉਂਦਾ ਹੈ
ਪਰਖੇ ਪਿਆਰ ਪੱਥਰਾਂ ਨਾਲ ਕਰੇ ਨਾ ਰਿਆਇਤ ਯਾਰਾ।

ਮੈਨੂੰ ਵਿਸ਼ਵਾਸ਼ ਹੈ ਤੇਰੀ ਮੁਹੱਬਤ ਦੀ ਵਫ਼ਾ ਤੇ
ਵਫ਼ਾ ਲਈ ਜਿੰਦਗੀ ਦੇਣੀ ਜਰੂਰੀ ਹੈ ਨਿਹਾਇਤ ਯਾਰਾ।

ਨਾ ਦੇਖ.......... ਗ਼ਜ਼ਲ / ਕਾਕਾ ਗਿੱਲ

ਨਫਰਤ ਦੀ ਧੂਣੀ ਧੁਖਾਕੇ ਨਾ ਦੇਖ।
ਮੁਹੱਬਤ ਦੀ ਚਿਤਾ ਜਲਾਕੇ ਨਾ ਦੇਖ।

ਰਸ ਚੂਸਦੇ ਭੰਵਰੇ ਨਾਜ਼ੁਕ ਕਲੀਆਂ ਦਾ
ਭੰਵਰਿਆਂ ਦੇ ਨੇੜੇ ਜਾਕੇ ਨਾ ਦੇਖ।

ਭਾਂਬੜ ਬਣਕੇ ਮੱਚ ਜਾਣਗੇ ਅਰਮਾਨ ਤੇਰੇ
ਫ਼ਰੇਬ ਦੀ ਖੇਢ ਰਚਾਕੇ ਨਾ ਦੇਖ।

ਸ਼ੀਸ਼ੇ ਦਾ ਖਿਡਾਉਣਾ ਹੁੰਦਾ ਏ ਦਿਲ
ਬੇਵਫਾਈ ਦਾ ਪੱਥਰ ਚਲਾਕੇ ਨਾ ਦੇਖ।

ਲੋਕ.......... ਗ਼ਜ਼ਲ / ਕੁਲਦੀਪ ਸਿਰਸਾ


ਬੜੇ ਮਸ਼ਹੂਰ ਨੇ ਲੋਕ ਮੇਰੇ ਸ਼ਹਿਰ ਦੇ
ਰੁੱਖ ਲਾ ਦਿੰਦੇ ਨੇ ਖਿਲਾਫ ਦੁਪਹਿਰ ਦੇ।

ਜਦੋਂ ਵੀ ਨੇ ਮਿਲਦੇ ਰਾਹਾਂ ਵਿੱਚ ਮਿਲਦੇ
ਮੁੱਢ ਤੋਂ ਆਸ਼ਕ ਵਗਦੀ ਹੋਈ ਨਹਿਰ ਦੇ।

ਹਾਕਮਾਂ ਦੀ ਅੱਖ ’ਚ ਰਹਿੰਦੇ ਨੇ ਰੜਕਦੇ
ਸਾਥੀ ਬਣ ਜਾਂਦੇ ਉੱਠੀ ਹੋਈ ਲਹਿਰ ਦੇ।

ਹਵਾ ਨੂੰ ਵੀ ਰੱਖ ਕਿ ਤਲੀ ਉੱਤੇ ਚੱਖਦੇ
ਵੇਖਦੇ ਨੇ ਸਾਹ ਕਿਵੇਂ ਚੱਲਦੇ ਜਾਂ ਠਹਿਰਦੇ।

ਕੱਚ.......... ਗ਼ਜ਼ਲ / ਕੁਲਦੀਪ ਸਿਰਸਾ


ਅੱਖਾਂ ਬੰਦ ਕਰਕੇ ਕਰਦੇ ਨੇ ਬੰਦਗੀ
ਸਿਰਜੇ ਹੋਏ ਭਰਮ ਨੂੰ ਸੱਚ ਸਮਝਦੇ ਨੇ।

ਤਾਰਿਆਂ ਨੂੰ ਰਹਿੰਦੇ ਸਲਾਮਾਂ ਕਰਦੇ
ਧਰਤੀ ਦੀ ਕੁੱਖ ਨੂੰ ਕੱਖ ਸਮਝਦੇ ਨੇ।

ਚਮਕਦੇ ਕੱਚ ਲਈ ਲੜਦੇ-ਮਰਦੇ
ਗਿਆਨ ਦੇ ਹੀਰੇ ਨੂੰ ਕੱਚ ਸਮਝਦੇ ਨੇ।

ਤਰਾਸ਼ੇ ਪੱਥਰਾਂ ਦੀਆਂ ਕਰਦੇ ਮਿੰਨਤਾਂ
ਤਰਕ ਦੀ ਗੱਲ ਨੂੰ ਰੱਟ ਸਮਝਦੇ ਨੇ।

ਉਹ.......... ਗ਼ਜ਼ਲ਼ / ਮਨਜੀਤ ਪੁਰੀ

ਬਣਾ ਕੇ ਫੁੱਲ ਕਾਗਜ਼ ਦੇ ਮਹਿਕ ਦੀ ਆਸ ਕਰਦਾ ਹੈ।
ਉਹ ਮੁਰਦਾ ਹੋ ਕੇ ਐਵੇਂ ਜੀਣ ਦਾ ਅਭਿਆਸ ਕਰਦਾ ਹੈ।

ਤੁਸੀਂ ਹੋ ਮਖ਼ਮਲੀ ਚੋਲੇ ‘ਚੋਂ ਜਿਸਨੂੰ ਲੱਭਦੇ ਫਿਰਦੇ
ਉਹ ਤਾਂ ਝੁੱਗੀਆਂ ਦੇ ਮੈਲੇ ਵਸਤਰਾਂ ਵਿੱਚ ਵਾਸ ਕਰਦਾ ਹੈ।

ਉਹ ਹੈ ਮਨਸੂਰ ਨਕਲੀ ਤੇ ਉਹਦੀ ਸੂਲੀ ਵੀ ਨਕਲੀ ਹੈ
ਤੇ ਸਾਡੇ ਸਾਹਵੇਂ ਨਕਲੀ ਮਰਨ ਦੀ ਉਹ ਰਾਸ ਕਰਦਾ ਹੈ।

ਹੈ ਅਜੀਬ ਉਹ ਕਿ ਉੱਡਦਿਆਂ ਦੇ ਖੰਭ ਕੱਟ ਦੇਵੇ
ਤੇ ਜੰਮਦੇ ਬੋਟਾਂ ਦੀ ਪਰਵਾਜ਼ ਲਈ ਅਰਦਾਸ ਕਰਦਾ ਹੈ।

ਜੇ.......... ਗ਼ਜ਼ਲ / ਰਣਜੀਤ ਸਿੰਘ

ਮਿਲ਼ਦੇ ਦਿਲਾਂ ਦੇ ਮਹਿਰਮ ਮੌਸਮ  ਹਸੀਨ ਹੁੰਦਾ
ਪਤਝੜ  ਬਹਾਰ ਹੁੰਦੀ  ਹਰ ਦਿਨ  ਰੰਗੀਨ ਹੁੰਦਾ

ਸਾਨੂੰ  ਵਿਸਰਦਾ ਨਾ  ਕੋਈ  ਸੁਹਜ  ਤੇ  ਸਲੀਕਾ
ਜਿ਼ੰਦਗੀ ‘ਚੋਂ ਸਾਡੀ ਗ਼ਾਇਬ ਜੇ ਨਾ ਸ਼ੁਕੀਨ ਹੁੰਦਾ

ਅੱਲ੍ਹਾ ਜੇ  ਹੋਵੇ  ਸੱਜਣ  ਸੱਜਣ  ਜੇ  ਹੋਵੇ  ਅੱਲ੍ਹਾ
ਬੰਦਗੀ ਤੇ ਇਸ਼ਕ ਦੇ  ਵਿੱਚ ਅੰਤਰ ਮਹੀਨ ਹੁੰਦਾ

ਨਹੀਂ ਪਤਾ.......... ਗਜ਼ਲ / ਹਰਵਿੰਦਰ ਧਾਲੀਵਾਲ


ਮੈਨੂੰ ਨਹੀਂ ਪਤਾ ਕਿ ਕਿੱਥੇ ਹੋਈ ਹੈ ਗੜਬੜ
ਕਿ ਮੇਰੇ ਸਾਹੀਂ ਕਿਓਂ ਵਸ ਗਈ ਹੈ ਪੱਤਝੜ

ਰੁੱਤਾਂ  ਨੂੰ  ਦੋਸ਼  ਦੇਈਏ  ਕਿ ਰੁੱਖਾਂ ਨੂੰ  ਯਾਰਾ
ਜਿਸਨੂੰ ਵੀ ਕਹਿਏ ਉਹੀ ਜਾਂਦਾ ਹੈ ਬਲ ਸੜ

ਮੇਰੇ ਜਿਹਨ ਵਿੱਚ ਹੁਣ ਹੋਰ ਕੁਝ ਨਹੀਂ ਉੱਗਦਾ
ਬਸ ਹਵਾਵਾਂ ਦਾ ਸ਼ੋਰ ਹੈ ਤੇ ਪੱਤਿਆਂ ਦੀ ਖੜ ਖੜ