ਪਤਨੀ : ਤੰਦੂਰੀ ਤਾਈ ਹੋਈ ਆ।
ਅਸਾਂ ਰੋਟੀ ਨਹੀਂ ਲਾਹੁਣੀ,
ਤੇਰੀ ਬੇਬੇ ਆਈ ਹੋਈ ਆ।
ਪਤੀ : ਰੋਟੀ ਹੋਟਲੋਂ ਮੰਗਾ ਦਊਂਗਾ।
ਬੇਬੇ ਕੋਲ਼ ਗੱਲ ਨਾ ਕਰੀਂ,
ਨਹੀਂ ਤਾਂ ਆਪੇ ਮੈਂ ਪਕਾ ਦਊਂਗਾ।
ਪਤਨੀ : ਮੇਰੇ ਭਾਗ ਹੀ ਖੋਟੇ ਨੇ।
ਜੂਠੇ ਭਾਂਡੇ ਰੋਣ ਜਾਨ ਨੂੰ,
ਨਾ ਹੀ ਕੱਪੜੇ ਹੀ ਧੋਤੇ ਨੇ।
ਪਤੀ : ਸੂਟ ਕੱਲ੍ਹ ਵਾਲ਼ਾ ਪਾ ਜਾਊਂਗਾ।
ਤੇਰੀ ਮੈਂ ਗੁਲਾਬੀ ਸਾੜ੍ਹੀ ਨੂੰ,
ਮੰਗੇ ਧੋਬੀ ਤੋਂ ਧੁਆ ਲਿਆਊਂਗਾ।
ਪਤਨੀ : ਤੁਸੀਂ ਸਮਝ ਤਾਂ ਪਾਉਂਦੇ ਨਹੀਂ।
ਬੇਬੇ ਨਾਲ਼ ਗੱਲ਼ਾਂ ਮਾਰਦੇ,
ਛੋਟੇ ਮੁੰਡੇ ਨੂੰ ਪੜ੍ਹਾਉਂਦੇ ਨਹੀਂ।
ਪਤੀ : ਇਹ ਵੀ ਝਗੜਾ ਮੁਕਾ ਦਊਂਗਾ।
ਤੇਰਾ ਰਹੇ ਦਿਲ ਰਾਜ਼ੀ,
ਉਹਦੀ ਟਿਊਸ਼ਨ ਰਖਾ ਦਊਂਗਾ।
ਪਤਨੀ : ਜੀ ਉਹ ਮੇਰੇ ਨਾਲ਼ ਲੜਦੀ ਏ।
ਰਾਤੀਂ ਸਾਨੂੰ ਨੀਂਦ ਨਾ ਪਵੇ,
ਜਦੋਂ ਖਊਂ-ਖਊਂ ਕਰਦੀ ਏ।
ਪਤੀ : ਮਾਂ ਨੂੰ ਮੈਂ ਸਮਝਾ ਦਊਂਗਾ।
ਤੈਨੂੰ ਉਹਦੀ ਖੰਘ ਨਾ ਸੁਣੇ,
ਮੰਜੀ ਕੋਠੇ 'ਤੇ ਚੜ੍ਹਾ ਦਊਂਗਾ।