ਕਦੇ ਪਰਖੇ ਮੇਰਾ ਰੁਤਬਾ, ਕਦੇ ਇਹ ਜ਼ਾਤ ਪੁੱਛਦੀ ਹੈ
ਅਜਬ ਬਰਸਾਤ ਹੈ ਜੋ ਪਿਆਸ ਦੀ ਔਕਾਤ ਪੁੱਛਦੀ ਹੈ
ਜੇ ਏਹੀ ਰੌਸ਼ਨੀ ਹੈ ਤਾਂ ਮੈਂ ਏਡੀ ਵੀ ਕੀ ਮਾੜੀ ਹਾਂ
ਮੁਖ਼ਾਤਬ ਹੋ ਕੇ ਦਿਨ ਨੂੰ ਮੈਥੋਂ ਕਾਲੀ਼ ਰਾਤ ਪੁੱਛਦੀ ਹੈ
ਮਸੀਹੇ ਸ਼ਹਿਰ ਦੇ ਖ਼ਾਮੋਸ਼ ਨੇ, ਸਭ ਰਹਿਨੁਮਾ ਚੁੱਪ ਨੇ
ਪਿਆਲੀ ਜ਼ਹਿਰ ਦੀ ਫਿਰ ਕੌਣ ਹੈ ਸੁਕਰਾਤ ਪੁੱਛਦੀ ਹੈ
ਰਟਣ ਦੀ ਥਾਂ ਤੂੰ ਇਸ ਬਿਰਤਾਂਤ ਦਾ ਨਾਇਕ ਕਦੋਂ ਬਣਨੈ
ਕਥਾ-ਵਾਚਕ ਤੋਂ ਰਾਜੇ ਰਾਣੀਆਂ ਦੀ ਬਾਤ ਪੁੱਛਦੀ ਹੈ
ਤੂੰ ਇਸ ਦੀਵੇ ਦੀ ਲੋਅ ਕਿਸ ਰਾਤ ਦੀ ਭੇਟਾ ਚੜ੍ਹਾ ਆਇਐਂ
ਮੇਰੇ ਮੱਥੇ ਨੂੰ ਚੁੰਮ ਕੇ ਸੰਦਲੀ ਪ੍ਰਭਾਤ ਪੁੱਛਦੀ ਹੈ
ਬਹਾਨੇ ਨਾਲ਼ ਪੁੱਛ ਲੈਂਦੀ ਹੈ ਮੇਰੀ ਛਾਂ ਦੀ ਬਾਬਤ ਵੀ
ਹਵਾਵਾਂ ਤੋਂ ਜਦੋਂ ਉਹ ਔੜ ਦੇ ਹਾਲਾਤ ਪੁੱਛਦੀ ਹੈ