ਆਪੇ ਬੁਣੀਆਂ.......... ਗ਼ਜ਼ਲ / ਖੁਸ਼ਵੰਤ ਕੰਵਲ

ਆਪੇ ਬੁਣੀਆਂ ਆਪੇ ਅਸੀਂ ਉਧੇੜ ਰਹੇ ਹਾਂ
ਆਪਣੇ ਹੀ ਜ਼ਖ਼ਮਾਂ ਨੂੰ ਛੇੜ ਉਚੇੜ ਰਹੇ ਹਾਂ

ਉਮਰਾ ਬੀਤੀ ਫੱਟੀਆਂ ਲਿਖ ਲਿਖ ਪੋਚਦਿਆਂ ਹੀ
ਹਾਲੇ ਵੀ ਕੁਝ ਫਿੱਕੇ ਹਰਫ਼ ਉਘੇੜ ਰਹੇ ਹਾਂ


ਹੋਰ ਬੜੇ ਕੰਮ ਕਰਨੇ ਹਾਲੇ ਇਸ ਕਾਰਣ ਹੀ
ਹੱਥੀਂ ਫੜਿਆ ਜਲਦੀ ਕੰਮ ਨਿਬੇੜ ਰਹੇ ਹਾਂ

ਇਕ ਅੱਧ ਖੁਸ਼ੀ ਮਿਲੀ ਵੀ ਹੈ ਤਾਂ ਕੀ ਮਿਲਿਆ ਹੈ
ਜਦ ਕਿ ਗ਼ਮ ਨਿੱਤ ਨਵਿਓਂ ਨਵੇਂ ਸਹੇੜ ਰਹੇ ਹਾਂ

ਨਿੰਦਾ ਚੁਗਲੀ ਦਾ ਚਿੱਕੜ ਹੋਰਾਂ 'ਤੇ ਸੁੱਟ ਕੇ
ਪਹਿਲਾਂ ਹੀ ਹੱਥ ਅਪਣੇ ਅਸੀਂ ਲਬੇੜ ਰਹੇ ਹਾਂ

ਮਿਲਣਾ ਸੀ ਇਕ ਦੂਜੇ ਨੂੰ ਪਰ ਕਿੱਦਾਂ ਮਿਲਦੇ
ਹਰ ਵਾਰੀ ਹੀ ਪੈਂਦੇ ਲੰਮੇ ਗੇੜ ਰਹੇ ਹਾਂ

ਹੰਸਾਂ ਨੇ ਹੁਣ ਇਕ ਕੰਮ ਕਰਨਾ ਛੱਡ ਦਿੱਤਾ ਹੈ
ਹੁਣ ਦੁਧ ਪਾਣੀ ਕਲਮਾਂ ਨਾਲ਼ ਨਿਖੇੜ ਰਹੇ ਹਾਂ