1... ਗ਼ਜ਼ਲ
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ
ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ
ਕ਼ਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ
ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ
ਹੈ ਦਿਲ 'ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ
ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ
ਕਿ ਪਰਤ ਆਉਂਣ ਦੀ ਮੇਰੀ ਦੁਆ ਕਬੂਲ ਕਰੋ
ਕਿਸੇ ਮੁਕਾਮ 'ਤੇ ਰੁੱਤਾਂ 'ਤੇ ਵੱਸ ਨਹੀਂ ਚਲਦਾ
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ
ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ
2... ਗ਼ਜ਼ਲ
ਨਾ ਕੁਝ ਵੀ ਦੇਹ ਤੂੰ ਸਵੇਰ ਵਰਗਾ,
ਨਾ ਭਾਵੇਂ ਚਾਨਣ ਦੇ ਨਾਮ ਵਰਗਾ
ਲੈ ਤੇਰੇ ਪੂਰਬ 'ਚ ਆਣ ਬੈਠਾ ਹਾਂ
ਲੈਕੇ ਚਿਹਰਾ ਮੈਂ ਸ਼ਾਮ ਵਰਗਾ
ਮੈਂ ਅਪਣੇ ਮਨ ਦੀ ਹੀ ਸਲਤਨਤ ਵਿੱਚ
ਅਜੇਹੇ ਕੌਤਕ ਵੀ ਵੇਖਦਾ ਹਾਂ
ਕਿ ਤਖ਼ਤ ਫ਼ੰਧੇ ਦੇ ਵਾਂਗ ਜਾਪੇ
ਤੇ ਫ਼ੰਧਾ ਜਾਪੇ ਇਨਾਮ ਵਰਗਾ
ਅਮੁੱਕ ਪੈਂਡਾ, ਅਰੋਕ ਰਸਤਾ
ਅਤੋਲ ਮਿੱਟੀ, ਅਬੋਲ ਰਾਹੀ
ਮੈਂ ਸ਼ਬਦਕੋਸ਼ਾਂ 'ਚੋਂ ਕੱਢ ਦਿੱਤਾ ਹੈ
ਸ਼ਬਦ ਮੰਜ਼ਿਲ- ਮਕਾਮ ਵਰਗਾ
ਬਹਾਰ ਚੁਪਚਾਪ ਮੁੜ ਗਈ ਹੈ
ਤਾਂ ਇਸ 'ਚ ਹੈਰਾਨਗੀ ਵੀ ਕਾਹਦੀ
ਜੇ ਸੁੱਕੇ ਪੱਤਿਆਂ ਦੇ ਮੂੰਹੋਂ ਸਰਿਆ
ਨਾ ਸ਼ਬਦ ਇੱਕ ਵੀ ਸਲਾਮ ਵਰਗਾ