ਧੀ ਦਾ ਤਰਲਾ.......... ਗੀਤ / ਕਰਮਜੀਤ ਸਿੰਘ ‘ਜੱਗੀ’ ਭੋਤਨਾ

ਉਂਡ ਲੈਣ ਦੇ ਹਾੜਾਂ ਮੈਨੂੰ, ਨਾ ਪਰਾਂ ਨੂੰ ਕੱਟ ਨੀ ਮਾਏ।
ਮੇਰੇ ਬਾਰੇ ਸੁਣ ਕੇ ਪਾਇਆ, ਕਿਉਂ ਮੱਥੇ ‘ਤੇ ਵੱਟ ਨੀ ਮਾਏ।
ਨਿੱਕੀ ਜਿੰਨੀ ਹਾਲੇ ਤਾਂ ਉਡਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਤੈਨੂੰ ਵੀ ਤਾਂ ਜੰਮਿਆ ਸੀ, ਮੇਰੇ ਨਾਨੀ ਨਾਨੇ ਨੇ।
ਮਾਰ ਮੁਕਾਈਆਂ ਧੀਆਂ, ਚੰਦਰੇ ਜ਼ਮਾਨੇ ਨੇ।
ਧੀਆਂ ਨਾਲ ਵਸੇ ਸੰਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਭੈਣਾਂ ਬਾਝੋਂ ਵੀਰਾਂ ਦੀਆਂ ਗਾਊ ਕੌਣ ਘੋੜੀਆਂ ?
ਧੀਆਂ ਦੀਆਂ ਕਾਹਤੋਂ ਨਹੀਂ ਮਨਾਉਂਦੇ ਲੋਕੀਂ ਲੋਹੜੀਆਂ।
ਧੀ ਹੋ ਕੇ ਧੀ ਨਾਲ ਖਾਵੇਂ,ਖਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਜੀਅ ਲੈਣ ਦੇ ਤੂੰ ਮੈਨੂੰ, ਕਰਾਂ ਫ਼ਰਿਆਦ ਮੈਂ।
ਪੜ੍ਹ-ਲਿਖ ਅੰਬਰਾਂ ‘ਤੇ ਚਾੜੂੰਗੀ ਜਹਾਜ਼ ਮੈਂ।
ਤੇਰੇ ਉਂਤੇ ਬਣੂੰਗੀ ਨਾ, ਭਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਮੋਢੇ ਨਾਲ ਲਾਕੇ ਮੋਢਾ, ਦੁੱਖੜੇ ਵੰਡਾਵਾਂਗੀ।
ਪੁੱਤਾਂ ਵਾਂਗੂੰ ਮਾਏ ਤੇਰਾ,ਘਰ ਨਾ ਵੰਡਾਵਾਂਗੀ।
ਪੁੱਤ ਬੁੱਢੇ ਬਾਰੇ ਲੈਂਦੇ, ਨਹੀਂਓ ਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਕੁੱਖਾਂ ਵਿਚਲੀਆਂ ਧੀਆਂ, ਪਾਉਂਦੀਆਂ ਦੁਹਾਈ ਨੀ।
ਪੈਸੇ ਪਿੱਛੇ ਡਾਕਦਾਰ, ਬਣ ਗਏ ਕਸਾਈ ਨੀ।
ਹੱਥਾਂ ਵਿੱਚ ਫੜੇ ਹਥਿਆਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।