ਕੰਧਾਂ.......... ਗ਼ਜ਼ਲ / ਦਾਦਰ ਪੰਡੋਰਵੀ

ਨਹੀਂ ਪੱਥਰ ਦੀਆਂ ਹੋ ਕੇ ਵੀ ਇਹ ਪੱਥਰ ਦੀਆਂ ਕੰਧਾਂ,
ਖੁਸ਼ੀ ਵਿਚ ਹਸਦੀਆਂ,ਦੁੱਖਾਂ ‘ਚ ਹਉਕੇ ਭਰਦੀਆਂ ਕੰਧਾਂ!

ਮੇਰੇ ਖਾਬਾਂ ‘ਚ ਇਕ ਬੂਹਾ,ਚਿਰਾਂ ਤੋਂ ਦਸਤਕਾਂ ਮੰਗਦੈ,
ਤੇ ਅੰਦਰ ਆਉਣ ਨੂੰ ਜਾਪਣ ਇਸ਼ਾਰੇ ਕਰਦੀਆਂ ਕੰਧਾਂ!


ਖਲਾਅ ਅੰਦਰਲਾ ਭਰ ਹੁੰਦਾ ਨਹੀਂ ਕਿਧਰੇ ਮੁਸਾਫਿਰ ਤੋਂ,
ਕਿਤੇ ਤਕ-ਤਕ ਕੇ ਖਾਲੀ ਕਮਰਿਆਂ ਨੂੰ ਡਰਦੀਆਂ ਕੰਧਾਂ!

ਇਨ੍ਹਾਂ ਕਰਕੇ ਹੀ ਤਾਂ ਹੁਣ ਤਕ ਘਰਾਂ ਦੀ ਹੋਂਦ ਬਾਕੀ ਹੈ,
ਨਿਆਂਈ ਮਾਪਿਆਂ ਦੀ ਭਾਰ ਸਿਰ ਤੇ ਜਰਦੀਆਂ ਕੰਧਾਂ!

ਤਰੱਕੀ ਦੇ ਸਫ਼ਰ ‘ਤੇ ਉਫ਼ ਅਸੀਂ ਰਿਸ਼ਤੇ ਗੁਆ ਦਿੱਤੇ,
ਖ਼ੁਦਾ ਦਾ ਸ਼ੁਕਰ ਫਿਰ ਵੀ ਸਾਂਝੀਆਂ ਨੇ ਘਰ ਦੀਆਂ ਕੰਧਾਂ!

ਇਹ ਸੋਚਾਂ,ਰਿਸ਼ਤਿਆਂ,ਰਸਮਾਂ ‘ਚ ਸੌ-ਸੌ ਵੰਡੀਆਂ ਪਾਵਣ,
ਦਿਲਾਂ ਦੀ ਚਾਰ-ਦੀਵਾਰੀ ‘ਚ ਜਦ ਉਸਰਦੀਆਂ ਕੰਧਾਂ!

ਮੁਸਾਫ਼ਿਰ ਬਣਨ ਤੋਂ ਪਹਿਲਾਂ ਹੈ ਇਹ ਗੱਲ ਜਾਨਣੀ ਔਖੀ,
ਜਦੋਂ ਪਰਤੋ ਘਰਾਂ ਨੂੰ,ਕਿੰਝ ਕਲਾਵੇ ਭਰਦੀਆਂ ਕੰਧਾਂ!

ਅਸੀਂ ਖੁਦ ਨੂੰ ਵੀ ਕਿੰਨੀਆਂ ਵਲਗਣਾ ਵਿਚ ਕੈਦ ਰਖਦੇ ਹਾਂ,
ਮਗਰ ਇਲਜ਼ਾਮ ਵਟਵਾਰੇ ਦੇ ਕੱਲੀਆਂ ਜਰਦੀਆਂ ਕੰਧਾਂ!

ਜਿਨ੍ਹਾਂ ਜਿਸਮਾਂ ਨੂੰ ‘ਦਾਦਰ’ ਬਿਸਤਰੇ ਵਿਚ ਨਿੱਘ ਆਉਂਦਾ ਹੈ,
ਉਨ੍ਹਾਂ ਨੂੰ ਕੀ ਪਤੈ, ਕਿੰਝ ਬਾਹਰ ਪਾਲੇ ਠਰਦੀਆਂ ਕੰਧਾਂ!