ਕਰੋ ਕਤਲ ਨਾ ਮੇਰੀ ਹੀਰ ਦਾ ਪਾਵੇ ਤਰਲੇ ਵਾਰਿਸ ਸ਼ਾਹ ਆਪ ਮੀਆਂ
ਵਾਰਿਸ ਬਣ ਕੇ ਮੇਰੀ ਹੀਰ ਦੇ ਮੇਰੀ ਅਲਖ਼ ਨੂੰ ਕਰੋ ਨਾ ਖਾਕ ਮੀਆਂ
ਜੇ ਅੰਦਰੋ ਹੀ ਮਨ ਸੂਫੀ ਹੋਵੇ ਕੀ ਲੋੜ ਹੈ ਭੇਸ ਵੱਟਾਵਣ ਦੀ
ਜੋ ਰਾਹ ਚਲਦੇ ਨੇ ਸੂਫੀਆਂ ਨਾ ਰੱਖਣ ਪੈਸੇ ਦੀ ਝਾਕ ਮੀਆਂ
ਖੋਹ ਕੇ ਮੇਰੇ ਅਲਫਾਜ਼ ਓਹਨਾ ਹਰ ਲਫ਼ਜ਼ ਨੂੰ ਖ਼ੰਜਰ ਮਾਰਿਆ ਏ
ਖੂਨੀ ਲਫਜ਼ਾਂ ਦੇ ਨਾਲ ਪਾਉਦੇ ਨੇ ਮਹਿਫਲ ਦੇ ਵਿੱਚ ਬਾਤ ਮੀਆਂ
ਨਾ ਸਮਝ ਜਿਹੇ ਕੁਝ ਲੋਕ ਨੇ ਮੇਰੀ ਮੌਤ ਤੇ ਤਾੜੀਆਂ ਮਾਰਦੇ ਨੇ
ਮੇਰੇ ਕਾਤਿਲ ਨੂੰ ਮੇਰਾ ਨਾਂਅ ਲੈ ਲੈ ਕੇ ਮਾਰ ਰਹੇ ਨੇ ਹਾਕ ਮੀਆਂ
ਨਾ ਕਰੋ ਬੇਅਦਬੀ ਅਦਬ ਦੀ ਅਦਬ ਦੇ ਪਹਰੇਦਾਰ ਬਣ ਕੇ
ਤੜਫ ਰਹੀ ਮੇਰੀ ਰੂਹ ਉਤੇ ਵਾਰੋ ਵਾਰੀ ਕਰੋ ਨਾ ਘਾਤ ਮੀਆਂ
ਲੱਖ ਵਾਰ ਕਰੇ ਸਲਾਮ ਦੁਨੀਆਂ ਇਹ ਨਕਲੀ ਕੱਚੇ ਰੰਗਾਂ ਨੂੰ
ਦੇ ਨਾ ਸਕਦੀ ਨਕਲ ਕਦੇ ਵੀ ਅਸਲੋਂ ਅਸਲ ਨੂੰ ਮਾਤ ਮੀਆਂ
'ਸ਼ਮੀ' ਮੰਗ ਕੇ ਲੋਅ ਚਿਰਾਗਾਂ ਤੋ ਆਪਣੀ ਸਮਝ ਨੂੰ ਤੂੰ ਵੀ ਰੋਸ਼ਨ ਕਰ
ਕਰੇ ਅੱਲ੍ਹਾ ਅਕਲ ਦਾ ਨੂਰ ਐਸਾ , ਮੁੱਕੇ ਬੇਅਕਲੀ ਦੀ ਰਾਤ ਮੀਆਂ