ਮੈਂ ਦੀਵਾ ਤੇਰੀਆਂ ਸੱਧਰਾਂ ਦਾ, ਤੂੰ ਚਾਵਾਂ ਭਰੀ ਦੀਵਾਲੀ ਏ
ਮੈਂ ਰੌਣਕ ਤੇਰੇ ਵਿਹੜਿਆਂ ਦੀ, ਤੂੰ ਰੌਸ਼ਨੀ ਭਾਗਾਂ ਵਾਲੀ ਏ
ਇਹ ਬੱਤੀ ਜੋ ਉਮੰਗਾਂ ਦੀ, ਖੁਸ਼ੀਆਂ ਦੇ ਤੇਲ ‘ਚ ਬਾਲੀ ਏ
ਇਹ ਰੌਸ਼ਨੀ ਮੇਲ ਮਿਲਾਪਾਂ ਦੀ, ਇਹ ਰੌਸ਼ਨੀ ਮਿਹਰਾਂ ਵਾਲੀ ਏ
ਇਹ ਚਾਵਾਂ ਭਰੀ ਦੀਵਾਲੀ ਏ... !
ਇਹ ਮਿੱਠੀ ਯਾਦ ਹੈ ਹਾਸੇ ਦੀ, ਲੈ ਚੂਰੀ ਵੰਡ ਪਤਾਸੇ ਦੀ
ਇਹ ਪੂਜਾ ਤੇ ਸਤਿਕਾਰ ਵੀ ਏ, ਇਹ ਦਾਤਾਂ ਵੰਡਣ ਵਾਲੀ ਏ
ਇਹ ਸਾਦਗ਼ੀ ਭਰੀ ਦੀਵਾਲੀ ਏ... !
ਕੁਛ ਵੰਡਦੇ ਅੱਜ ਸੌਗਾਤਾਂ ਨੇ, ਕੁਛ ਮੰਗਦੇ ਪਏ ਖ਼ੈਰਾਤਾਂ ਨੇ
ਇਸ ਜੱਗ ਦੀ ਲੋੜ ਨਿਰਾਲੀ ਏ ਪਰ ਰਾਤ ਰਹਿਮਤਾਂ ਵਾਲੀ ਏ
ਇਹ ਚਾਵਾਂ ਭਰੀ ਦੀਵਾਲੀ ਏ....!
ਇਹ ਰਾਤ ਹੈ ਰੌਣਕ ਮੇਲਿਆਂ ਦੀ, ਸੱਭ ਗੁਰੂਆਂ ਦੀ ਸੱਭ ਚੇਲਿਆਂ ਦੀ
ਇਸ ਰਾਤ ਦੀ ਗੱਲ ਮਤਵਾਲੀ ਏ, ਇਹ ਮੁਹੱਬਤਾਂ ਭਰੀ ਦੀਵਾਲੀ ਏ
ਇਹ ਯਾਦਾਂ ਭਰੀ ਦੀਵਾਲੀ ਏ…॥